ਸ਼੍ਰੀ ਦਸਮ ਗ੍ਰੰਥ

ਅੰਗ - 1104


ਚਾਤੁਰਤਾ ਬਹੁ ਭਾਤਿ ਸਿਖਾਵਤ ਇਹ ਭਈ ॥

ਬਹੁਤ ਤਰ੍ਹਾਂ ਦੀਆਂ ਚਾਲਾਕੀਆਂ ਉਸ ਨੂੰ ਸਿਖਾ ਦਿੱਤੀਆਂ।

ਬਸਤ੍ਰ ਮਲੀਨ ਉਤਾਰਿ ਭਲੇ ਪਹਿਰਾਇ ਕੈ ॥

(ਉਸ ਦੇ) ਮੈਲੇ ਕਪੜੇ ਉਤਾਰ ਕੇ ਚੰਗੇ ਪਵਾ ਦਿੱਤੇ।

ਹੋ ਤਹ ਲ੍ਯਾਵਤ ਤਿਹ ਭਈ ਸੁ ਭੇਸ ਬਨਾਇ ਕੈ ॥੨੬॥

ਉਸ ਦਾ ਸੁੰਦਰ ਰੂਪ ਬਣਾ ਕੇ ਉਥੇ ਲੈ ਆਈ ॥੨੬॥

ਮਨ ਭਾਵਤ ਜਬ ਮੀਤ ਤਰੁਨਿ ਤਿਨ ਪਾਇਯੋ ॥

ਜਦ ਮਨ ਭਾਉਂਦਾ ਮਿਤਰ ਉਸ ਇਸਤਰੀ ਨੂੰ ਪ੍ਰਾਪਤ ਹੋ ਗਿਆ।

ਭਾਤਿ ਭਾਤਿ ਤਾ ਕੌ ਗਹਿ ਗਰੇ ਲਗਾਇਯੋ ॥

ਉਸ ਨੂੰ ਕਈ ਤਰ੍ਹਾਂ ਨਾਲ ਪਕੜ ਕੇ ਗਲੇ ਨਾਲ ਲਗਾਇਆ।

ਆਸਨ ਚੁੰਬਨ ਕਰੇ ਹਰਖ ਉਪਜਾਇ ਕੈ ॥

ਪ੍ਰਸੰਨਤਾ ਪੂਰਵਕ ਉਸ ਨਾਲ ਆਸਣ ਅਤੇ ਚੁੰਬਨ ਕੀਤੇ।

ਹੋ ਤਵਨ ਸਖੀ ਕੋ ਦਾਰਿਦ ਸਕਲ ਮਿਟਾਇ ਕੈ ॥੨੭॥

(ਰਾਣੀ ਨੇ) ਉਸ ਸਖੀ ਦੀ ਸਾਰੀ ਗ਼ਰੀਬੀ ਖ਼ਤਮ ਕਰ ਦਿੱਤੀ ॥੨੭॥

ਦਿਜਿਕ ਦ੍ਰੁਗਾ ਕੀ ਪੂਜਾ ਕਰੀ ਰਿਝਾਇਯੋ ॥

ਇਕ ਬ੍ਰਾਹਮਣ ਨੇ ਦੇਵੀ ਦੁਰਗਾ ਦੀ ਪੂਜਾ ਕਰ ਕੇ ਉਸ ਨੂੰ ਪ੍ਰਸੰਨ ਕਰ ਲਿਆ।

ਤਾ ਕੈ ਕਰ ਤੇ ਏਕ ਅਮਰ ਫਲ ਪਾਇਯੋ ॥

ਉਸ ਦੇ ਹੱਥ ਤੋਂ ਇਕ ਅਮਰ ਫਲ ਪ੍ਰਾਪਤ ਕੀਤਾ।

ਤਿਨਿ ਲੈ ਕੈ ਭਰਥਰਿ ਰਾਜਾ ਜੂ ਕੋ ਦਿਯੋ ॥

ਉਹ ਫਲ ਲੈ ਕੇ (ਉਸ ਨੇ) ਰਾਜਾ ਭਰਥਰੀ ਨੂੰ ਦਿੱਤਾ।

ਹੋ ਜਬ ਲੌ ਪ੍ਰਿਥੀ ਅਕਾਸ ਨ੍ਰਿਪਤ ਤਬ ਲੌ ਜਿਯੋ ॥੨੮॥

(ਤਾਂ ਜੋ) ਜਦ ਤਕ ਪ੍ਰਿਥਵੀ ਅਤੇ ਆਕਾਸ਼ ਕਾਇਮ ਹਨ, ਉਦੋਂ ਤਕ ਰਾਜਾ ਜੀਉਂਦਾ ਰਹੇ ॥੨੮॥

ਦੁਰਗ ਦਤ ਫਲ ਅਮਰ ਜਬੈ ਨ੍ਰਿਪ ਕਰ ਪਰਿਯੋ ॥

ਜਦੋਂ ਦੁਰਗਾ ਦਾ ਦਿੱਤਾ ਹੋਇਆ ਫਲ ਰਾਜੇ ਦੇ ਹੱਥ ਪਿਆ

ਭਾਨ ਮਤੀ ਕੋ ਦੇਉ ਇਹੈ ਚਿਤ ਮੈ ਕਰਿਯੋ ॥

ਤਾਂ ਮਨ ਵਿਚ ਇਹ ਸੋਚ ਕੇ (ਉਹ ਫਲ) ਭਾਨ ਮਤੀ ਨੂੰ ਦੇ ਦਿੱਤਾ (ਕਿ ਇਹ ਚਿਰ ਤਕ ਜੀਵਿਤ ਰਹਿ ਕੇ ਸੇਵਾ ਕਰੇਗੀ)।

ਤ੍ਰਿਯ ਕਿਯ ਮਨਹਿ ਬਿਚਾਰ ਕਿ ਮਿਤ੍ਰਹਿ ਦੀਜੀਯੈ ॥

ਇਸਤਰੀ ਨੇ ਮਨ ਵਿਚ ਵਿਚਾਰ ਕੀਤਾ (ਕਿ ਇਹ ਫਲ) ਮਿਤਰ ਨੂੰ ਦਿੱਤਾ ਜਾਵੇ,

ਹੋ ਸਦਾ ਤਰੁਨ ਸੋ ਰਹੈ ਕੇਲ ਅਤਿ ਕੀਜੀਯੈ ॥੨੯॥

ਜੋ ਸਦਾ ਜਵਾਨ ਰਹੇ ਅਤੇ (ਉਸ ਨਾਲ) ਬਹੁਤ ਕੇਲ-ਕ੍ਰੀੜਾ ਕਰਦਾ ਰਹੇ ॥੨੯॥

ਮਨ ਭਾਵੰਤ ਮੀਤ ਜਦਿਨ ਸਖਿ ਪਾਈਯੈ ॥

ਹੇ ਸਖੀ! ਜਿਸ ਦਿਨ ਮਨ ਭਾਉਂਦਾ ਮਿਤਰ ਪ੍ਰਾਪਤ ਕਰ ਲਈਏ

ਤਨ ਮਨ ਧਨ ਸਭ ਵਾਰਿ ਬਹੁਰੁ ਬਲਿ ਜਾਈਯੈ ॥

ਤਾਂ ਉਸ ਤੋਂ ਤਨ, ਮਨ ਅਤੇ ਧਨ ਸਭ ਕੁਝ ਵਾਰ ਕੇ ਫਿਰ ਬਲਿਹਾਰ ਜਾਣਾ ਚਾਹੀਦਾ ਹੈ।

ਮੋ ਮਨ ਲਯੋ ਚੁਰਾਇ ਪ੍ਰੀਤਮਹਿ ਆਜੁ ਸਭ ॥

(ਮੇਰੇ) ਪ੍ਰੀਤਮ ਨੇ ਅਜ ਮੇਰਾ ਮਨ ਸਭ ਤਰ੍ਹਾਂ ਨਾਲ ਚੁਰਾ ਲਿਆ ਹੈ।

ਹੋ ਰਹੈ ਤਰੁਨ ਚਿਰੁ ਜਿਯੈ ਦਿਯੌ ਫਲ ਤਾਹਿ ਲਭ ॥੩੦॥

ਇਹ ਜਵਾਨ ਰਹੇ ਅਤੇ ਚਿਰ ਤਕ ਜੀਉਂਦਾ ਰਹੇ। (ਇਸ ਲਈ) ਫਲ ਲਭ ਕੇ (ਭਾਵ ਪ੍ਰਾਪਤ ਕਰ ਕੇ) ਉਸ ਨੂੰ ਦੇ ਦਿੱਤਾ ॥੩੦॥

ਚੌਪਈ ॥

ਚੌਪਈ:

ਨ੍ਰਿਪ ਕੋ ਚਿਤ ਰਾਨੀ ਹਰ ਲਯੋ ॥

ਰਾਜੇ ਦਾ ਚਿਤ ਰਾਣੀ ਨੇ ਹਰ ਲਿਆ।

ਅਬਲਾ ਮਨੁ ਤਾ ਕੈ ਕਰ ਦਯੋ ॥

ਇਸਤਰੀ (ਰਾਣੀ) ਨੇ ਆਪਣਾ ਮਨ ਉਸ (ਚੰਡਾਲ) ਨੂੰ ਦੇ ਦਿੱਤਾ।

ਵਹੁ ਅਟਕਤ ਬੇਸ੍ਵਾ ਪਰ ਭਯੋ ॥

ਉਹ ਅਗੋਂ ਇਕ ਵੇਸਵਾ ਉਤੇ ਅਟਕਿਆ ਹੋਇਆ ਸੀ।

ਫਲ ਲੈ ਕੈ ਤਾ ਕੇ ਕਰ ਦਯੋ ॥੩੧॥

(ਉਸ ਨੇ ਉਹ) ਫਲ ਲੈ ਕੇ ਵੇਸਵਾ ਨੂੰ ਦੇ ਦਿੱਤਾ ॥੩੧॥

ਅੜਿਲ ॥

ਅੜਿਲ:

ਰਹੀ ਤਰੁਨਿ ਸੋ ਰੀਝਿ ਅੰਗ ਨ੍ਰਿਪ ਕੇ ਨਿਰਖਿ ॥

ਉਹ ਇਸਤਰੀ (ਵੇਸਵਾ) ਰਾਜੇ ਦੇ ਸ਼ਰੀਰ (ਦੀ ਸੁੰਦਰਤਾ) ਨੂੰ ਵੇਖ ਕੇ (ਉਸ ਉਤੇ) ਰੀਝੀ ਹੋਈ ਸੀ।

ਚਾਰੁ ਕੀਏ ਚਖ ਰਹੈ ਸਰੂਪ ਅਮੋਲ ਲਖਿ ॥

ਉਸ ਦੇ ਸੁੰਦਰ ਨੈਣ ਉਸ ਦੇ ਅਮੋਲਕ ਰੂਪ ਨੂੰ ਵੇਖਿਆ ਕਰਦੇ ਸਨ।

ਫਲ ਸੋਈ ਲੈ ਹਾਥ ਰੁਚਿਤ ਰੁਚਿ ਸੌ ਦਿਯੋ ॥

ਉਹੀ ਫਲ ਹੱਥ ਵਿਚ ਲੈ ਕੇ ਰੁਚੀ ਪੂਰਵਕ (ਰਾਜੇ ਨੂੰ) ਦੇ ਦਿੱਤਾ

ਹੋ ਜਬ ਲੌ ਪ੍ਰਿਥੀ ਅਕਾਸ ਨ੍ਰਿਪਤਿ ਤਬ ਲੌ ਜਿਯੋ ॥੩੨॥

ਕਿ ਜਦ ਤਕ ਪ੍ਰਿਥਵੀ ਅਤੇ ਆਕਾਸ਼ ਹਨ, ਰਾਜਾ ਉਦੋਂ ਤਕ ਜੀਵੇ ॥੩੨॥

ਲੈ ਬੇਸ੍ਵਾ ਫਲ ਦਿਯੋ ਨ੍ਰਿਪਤਿ ਕੌ ਆਨਿ ਕੈ ॥

ਵੇਸਵਾ ਨੇ ਆ ਕੇ ਫਲ ਰਾਜੇ ਨੂੰ ਦੇ ਦਿੱਤਾ।

ਰੂਪ ਹੇਰਿ ਬਸਿ ਭਈ ਪ੍ਰੀਤਿ ਅਤਿ ਠਾਨਿ ਕੈ ॥

(ਰਾਜੇ ਦਾ) ਰੂਪ ਵੇਖ ਕੇ ਅਤਿ ਅਧਿਕ ਪ੍ਰੀਤ ਕਾਰਨ ਉਸ ਦੇ ਵਸ ਵਿਚ ਹੋ ਗਈ।

ਲੈ ਰਾਜੈ ਤਿਹ ਹਾਥ ਚਿੰਤ ਚਿਤ ਮੈ ਕਿਯੋ ॥

ਰਾਜੇ ਨੇ (ਫਲ) ਹੱਥ ਵਿਚ ਲੈ ਕੇ ਮਨ ਵਿਚ ਸੋਚ ਕੀਤੀ

ਹੋ ਯਹ ਸੋਈ ਦ੍ਰੁਮ ਜਾਹਿ ਜੁ ਮੈ ਤ੍ਰਿਯ ਕੌ ਦਿਯੋ ॥੩੩॥

ਕਿ ਇਹ ਉਹੀ ਫਲ ('ਦ੍ਰੂਮ') ਹੈ ਜੋ ਮੈਂ ਇਸਤਰੀ (ਰਾਣੀ) ਨੂੰ ਦਿੱਤਾ ਸੀ ॥੩੩॥

ਭਾਤਿ ਭਾਤਿ ਤਿਹ ਲੀਨੋ ਸੋਧ ਬਨਾਇ ਕੈ ॥

ਉਸ ਨੇ ਕਈ ਢੰਗਾਂ ਨਾਲ ਇਸ ਦੀ ਪੜਤਾਲ ਕੀਤੀ।

ਤਿਹ ਬੇਸ੍ਵਾ ਕੋ ਪੂਛ੍ਯੋ ਨਿਕਟਿ ਬੁਲਾਇ ਕੈ ॥

ਉਸ ਵੇਸਵਾ ਨੂੰ ਕੋਲ ਬੁਲਾ ਕੇ ਪੁਛਿਆ,

ਸਾਚ ਕਹੋ ਮੁਹਿ ਯਹ ਫਲ ਤੈ ਕਹ ਤੇ ਲਹਿਯੋ ॥

ਮੈਨੂੰ ਸਚ ਦਸ, ਤੂੰ ਇਹ ਫਲ ਕਿਸ ਤੋਂ ਲਿਆ ਹੈ।

ਹੋ ਹਾਥ ਜੋਰਿ ਤਿਨ ਬਚਨ ਨ੍ਰਿਪਤਿ ਸੌ ਯੌ ਕਹਿਯੋ ॥੩੪॥

ਉਸ ਨੇ ਹਥ ਜੋੜ ਕੇ ਰਾਜੇ ਨੂੰ ਇਸ ਤਰ੍ਹਾਂ ਕਿਹਾ ॥੩੪॥

ਤੁਮ ਅਪਨੇ ਚਿਤ ਜਿਹ ਰਾਨੀ ਕੇ ਕਰ ਦਿਯੋ ॥

(ਹੇ ਰਾਜਨ!) ਤੁਸੀਂ (ਜੋ ਫਲ) ਆਪਣੇ ਚਿਤ ਤੋਂ ਜਿਸ ਰਾਣੀ ਦੇ ਹੱਥ ਵਿਚ ਦਿੱਤਾ ਸੀ,

ਤਾ ਕੌ ਏਕ ਚੰਡਾਰ ਮੋਹਿ ਕਰਿ ਮਨੁ ਲਿਯੋ ॥

ਉਸ ਰਾਣੀ ਦਾ ਮਨ ਇਕ ਚੰਡਾਲ ਨੇ ਮੋਹ ਲਿਆ ਸੀ।

ਤਵਨ ਨੀਚ ਮੁਹਿ ਊਪਰ ਰਹਿਯੋ ਬਿਕਾਇ ਕੈ ॥

ਉਹ ਨੀਚ (ਚੰਡਾਲ) ਮੇਰੇ ਉਪਰ ਵੀ ਵਿਕਿਆ ਹੋਇਆ ਸੀ।

ਤਵ ਤ੍ਰਿਯ ਤਿਹ ਦਿਯ ਤਿਨ ਮੁਹਿ ਦਯੋ ਬਨਾਇ ਕੈ ॥੩੫॥

ਤੁਹਾਡੀ ਇਸਤਰੀ ਨੇ ਉਸ ਨੂੰ ਦੇ ਦਿੱਤਾ ਅਤੇ ਉਸ ਨੇ ਫਿਰ ਮੈਨੂੰ ਦੇ ਦਿੱਤਾ ॥੩੫॥

ਮੈ ਲਖਿ ਤੁਮਰੌ ਰੂਪ ਰਹੀ ਉਰਝਾਇ ਕੈ ॥

ਮੈਂ ਤੁਹਾਡਾ ਰੂਪ ਵੇਖ ਕੇ ਅਟਕੀ ਹੋਈ ਹਾਂ।

ਹਰਅਰਿ ਸਰ ਤਨ ਬਧੀ ਸੁ ਗਈ ਬਿਕਾਇ ਕੈ ॥

ਸ਼ਿਵ ਦੇ ਵੈਰੀ ਕਾਮ ਦੇਵ ਦੇ ਬਾਣਾਂ ਨਾਲ ਵਿੰਨ੍ਹੀ ਹੋਈ (ਤੁਹਾਡੇ ਉਤੇ) ਵਿਕੀ ਹੋਈ ਹਾਂ।

ਸਦਾ ਤਰਨਿ ਤਾ ਕੋ ਫਲੁ ਹਮ ਤੇ ਲੀਜਿਯੈ ॥

ਸਦਾ ਜਵਾਨ ਰਖਣ ਵਾਲਾ ਇਹ ਫਲ ਮੇਰੇ ਤੋਂ ਲੈ ਲਵੋ

ਹੋ ਕਾਮ ਕੇਲ ਮੁਹਿ ਸਾਥ ਹਰਖ ਸੋ ਕੀਜਿਯੈ ॥੩੬॥

ਅਤੇ ਮੇਰੇ ਨਾਲ ਪ੍ਰਸੰਨਤਾ ਪੂਰਵਕ ਕਾਮ-ਕ੍ਰੀੜਾ ਕਰੋ ॥੩੬॥

ਤੁਮ ਤਿਹ ਤ੍ਰਿਯ ਜੋ ਦਯੋ ਫਲ ਅਤਿ ਰੁਚਿ ਮਾਨਿ ਕੈ ॥

ਤੁਸੀਂ ਜੋ ਇਹ ਫਲ ਉਸ ਇਸਤਰੀ (ਰਾਣੀ) ਨੂੰ ਬਹੁਤ ਪ੍ਰਸੰਨ ਹੋ ਕੇ ਦਿੱਤਾ ਸੀ।

ਤਿਨ ਲੈ ਦਿਯੋ ਚੰਡਾਰਹਿ ਅਤਿ ਹਿਤੁ ਠਾਨਿ ਕੈ ॥

ਉਸ ਨੇ ਚੰਡਾਲ ਨਾਲ ਪ੍ਰੀਤ ਪਾ ਕੇ (ਉਸ ਨੂੰ) ਦੇ ਦਿੱਤਾ।

ਉਨ ਮੁਹਿ ਮੈ ਤੁਹਿ ਦਿਯੋ ਸੁ ਬਿਰਹਾ ਕੀ ਦਹੀ ॥

ਉਸ (ਚੰਡਾਲ ਨੇ ਫਲ) ਮੈਨੂੰ (ਦੇ ਦਿੱਤਾ) ਅਤੇ ਮੈਂ ਵਿਯੋਗ ਦੀ ਸੜੀ ਹੋਈ ਨੇ ਤੁਹਾਨੂੰ ਦੇ ਦਿੱਤਾ।