ਸ਼੍ਰੀ ਦਸਮ ਗ੍ਰੰਥ

ਅੰਗ - 1195


ਤਾ ਨਰ ਕਹ ਬਹੁ ਭਾਤਿ ਬਡਾਈ ਦੇਵਹੀ ॥

ਉਸ ਵਿਅਕਤੀ ਨੂੰ ਬਹੁਤ ਢੰਗਾਂ ਨਾਲ ਵਡਿਆਈ ਦਿੰਦੇ ਹਨ।

ਮਿਥਯਾ ਉਪਮਾ ਬਕਿ ਕਰਿ ਤਹਿ ਪ੍ਰਸੰਨ ਕਰੈ ॥

ਝੂਠੀ ਉਪਮਾ ਕਰ ਕੇ ਉਸ ਨੂੰ ਪ੍ਰਸੰਨ ਕਰਦੇ ਹਨ।

ਹੋ ਘੋਰ ਨਰਕ ਕੇ ਬੀਚ ਅੰਤ ਦੋਊ ਪਰੈ ॥੪੬॥

ਪਰ ਅੰਤ ਵਿਚ ਦੋਵੇਂ ਘੋਰ ਨਰਕ ਵਿਚ ਪੈਂਦੇ ਹਨ ॥੪੬॥

ਚੌਪਈ ॥

ਚੌਪਈ:

ਧਨ ਕੇ ਕਾਜ ਕਰਤ ਸਭ ਕਾਜਾ ॥

ਧਨ (ਦੀ ਪ੍ਰਾਪਤੀ) ਲਈ ਸਭ

ਊਚ ਨੀਚ ਰਾਨਾ ਅਰੁ ਰਾਜਾ ॥

ਉੱਚੇ ਨੀਵੇਂ, ਰਾਣਾ ਅਤੇ ਰਾਜਾ ਕੰਮ ਕਰਦੇ ਹਨ।

ਖ੍ਯਾਲ ਕਾਲ ਕੋ ਕਿਨੂੰ ਨ ਪਾਯੋ ॥

ਕਿਸੇ ਨੇ ਵੀ ਕਾਲ (ਪ੍ਰਭੂ) ਦਾ ਧਿਆਨ ਨਹੀਂ ਕੀਤਾ,

ਜਿਨ ਇਹ ਚੌਦਹ ਲੋਕ ਬਨਾਯੋ ॥੪੭॥

ਜਿਸ ਨੇ ਇਨ੍ਹਾਂ ਚੌਦਾਂ ਲੋਕਾਂ ਦੀ ਸਿਰਜਨਾ ਕੀਤੀ ਹੈ ॥੪੭॥

ਅੜਿਲ ॥

ਅੜਿਲ:

ਇਹੀ ਦਰਬ ਕੇ ਲੋਭ ਬੇਦ ਬ੍ਯਾਕਰਨ ਪੜਤ ਨਰ ॥

ਇਸੇ ਧਨ ਦੇ ਲੋਭ ਕਰ ਕੇ ਲੋਕੀਂ ਵੇਦ ਅਤੇ ਵਿਆਕਰਨ ਪੜ੍ਹਦੇ ਹਨ।

ਇਹੀ ਦਰਬ ਕੇ ਲੋਭ ਮੰਤ੍ਰ ਜੰਤ੍ਰਨ ਉਪਦਿਸ ਕਰ ॥

ਇਸੇ ਧਨ ਦੇ ਲੋਭ ਕਰ ਕੇ ਮੰਤ੍ਰ ਅਤੇ ਜੰਤ੍ਰ ਉਪਦੇਸੇ ਜਾਂਦੇ ਹਨ।

ਇਹੀ ਦਰਬ ਕੇ ਲੋਭ ਦੇਸ ਪਰਦੇਸ ਸਿਧਾਏ ॥

ਇਸੇ ਧਨ ਦੇ ਲਾਲਚ ਕਰ ਕੇ ਦੇਸ ਪਰਦੇਸ ਵਿਚ ਜਾਂਦੇ ਹਨ

ਹੋ ਪਰੇ ਦੂਰਿ ਕਹ ਜਾਇ ਬਹੁਰਿ ਨਿਜੁ ਦੇਸਨ ਆਏ ॥੪੮॥

ਅਤੇ ਦੂਰ ਦੂਰ ਤਕ ਜਾ ਕੇ ਫਿਰ ਦੇਸ ਪਰਤ ਆਉਂਦੇ ਹਨ ॥੪੮॥

ਕਬਿਤੁ ॥

ਕਬਿੱਤ:

ਏਹੀ ਧਨ ਲੋਭ ਤੇ ਪੜਤ ਬ੍ਯਾਕਰਨ ਸਭੈ ਏਹੀ ਧਨ ਲੋਭ ਤੇ ਪੁਰਾਨ ਹਾਥ ਧਰੇ ਹੈਂ ॥

ਇਸੇ ਧਨ ਦੇ ਲੋਭ ਕਰ ਕੇ ਸਾਰੇ ਵਿਆਕਰਣ ਪੜ੍ਹਦੇ ਹਨ ਅਤੇ ਇਸੇ ਧਨ ਦੇ ਲਾਲਚ ਕਰ ਕੇ ਪੁਰਾਣਾਂ ਨੂੰ ਹੱਥ ਵਿਚ ਲੈਂਦੇ ਹਨ।

ਧਨ ਹੀ ਕੇ ਲੋਭ ਦੇਸ ਛਾਡਿ ਪਰਦੇਸ ਬਸੇ ਤਾਤ ਅਰੁ ਮਾਤ ਕੇ ਦਰਸ ਹੂ ਨ ਕਰੇ ਹੈਂ ॥

ਧਨ ਦੇ ਲਾਲਚ ਕਰ ਕੇ ਦੇਸ਼ ਛਡ ਕੇ ਪਰਦੇਸ ਵਸਦੇ ਹਨ ਅਤੇ ਮਾਤਾ ਪਿਤਾ ਦੇ ਦਰਸ਼ਨ ਤਕ ਨਹੀਂ ਕਰਦੇ।

ਊਚੇ ਦ੍ਰੁਮ ਸਾਲ ਤਹਾ ਲਾਬੇ ਬਟ ਤਾਲ ਜਹਾ ਤਿਨ ਮੈ ਸਿਧਾਤ ਹੈ ਨ ਜੀ ਮੈ ਨੈਕੁ ਡਰੇ ਹੈਂ ॥

ਜਿਥੇ ਉੱਚੇ ਉੱਚੇ ਸਾਲ ਅਤੇ ਲੰਬੇ ਲੰਬੇ ਬੋਹੜ ਅਤੇ ਤਾੜ ਦੇ ਬ੍ਰਿਛ ਹਨ, ਉਨ੍ਹਾਂ ਵਿਚ ਜਾਂਦੇ ਹਨ ਅਤੇ ਹਿਰਦੇ ਵਿਚ ਬਿਲਕੁਲ ਨਹੀਂ ਡਰਦੇ।

ਧਨ ਕੈ ਨੁਰਾਗੀ ਹੈਂ ਕਹਾਵਤ ਤਿਆਗੀ ਆਪੁ ਕਾਸੀ ਬੀਚ ਜਏ ਤੇ ਕਮਾਊ ਜਾਇ ਮਰੇ ਹੈਂ ॥੪੯॥

(ਸਭ) ਧਨ ਨੂੰ ਪਿਆਰ ਕਰਦੇ ਹਨ, ਪਰ ਆਪਣੇ ਆਪ ਨੂੰ ਅਖਵਾਉਂਦੇ ਤਿਆਗੀ ਹਨ। (ਉਹ) ਕਾਸ਼ੀ ਵਿਚ ਜੰਮਦੇ ਹਨ ਅਤੇ ਕਮਾਊਂ ਵਿਚ ਜਾ ਮਰਦੇ ਹਨ ॥੪੯॥

ਬਿਜੈ ਛੰਦ ॥

ਬਿਜੈ ਛੰਦ:

ਲਾਲਚ ਏਕ ਲਗੈ ਧਨ ਕੇ ਸਿਰ ਮਧਿ ਜਟਾਨ ਕੇ ਜੂਟ ਸਵਾਰੈਂ ॥

ਧਨ ਦੇ ਲਾਲਚ ਵਿਚ ਲਗੇ ਹੋਏ ਕਈ ਸਿਰ ਉਤੇ ਜਟਾਵਾਂ ਦੇ ਜੂੜੇ ਸੰਵਾਰਦੇ ਹਨ।

ਕਾਠ ਕੀ ਕੰਠਿਨ ਕੌ ਧਰਿ ਕੈ ਇਕ ਕਾਨਨ ਮੈ ਬਿਨੁ ਕਾਨਿ ਪਧਾਰੈਂ ॥

ਲਕੜੀ ਦੀ ਮਾਲਾ (ਕੰਠੀ) ਧਾਰਨ ਕਰ ਕੇ ਕਈ ਜੰਗਲਾਂ ਵਿਚ ਬਿਨਾ ਗ਼ੈਰਤ ਦੇ ਚਲੇ ਜਾਂਦੇ ਹਨ।

ਮੋਚਨ ਕੌ ਗਹਿ ਕੈ ਇਕ ਹਾਥਨ ਸੀਸ ਹੂ ਕੇ ਸਭ ਕੇਸ ਉਪਾਰੈਂ ॥

ਕਈ ਹੱਥ ਵਿਚ ਮੋਚਨਾ ਪਕੜ ਕੇ ਸਿਰ ਦੇ ਸਾਰੇ ਵਾਲ ਪੁਟ ਸੁਟਦੇ ਹਨ।

ਡਿੰਭੁ ਕਰੈ ਜਗ ਡੰਡਨ ਕੌ ਇਹ ਲੋਕ ਗਯੋ ਪਰਲੋਕ ਬਿਗਾਰੈਂ ॥੫੦॥

ਜਗਤ ਨੂੰ ਦੰਡ ਦੇਣ ਲਈ ਪਾਖੰਡ ਕਰਦੇ ਹਨ। (ਉਨ੍ਹਾਂ ਦਾ) ਇਹ ਲੋਕ ਤਾਂ ਚਲਾ ਗਿਆ ਹੈ, ਪਰਲੋਕ ਵੀ ਨਸ਼ਟ ਕਰ ਲੈਂਦੇ ਹਨ ॥੫੦॥

ਮਾਟੀ ਕੇ ਲਿੰਗ ਬਨਾਇ ਕੈ ਪੂਜਤ ਤਾ ਮੈ ਕਹੋ ਇਨ ਕਾ ਸਿਧਿ ਪਾਈ ॥

ਮਿੱਟੀ ਦੇ ਲਿੰਗ ਬਣਾ ਕੇ ਪੂਜਦੇ ਹਨ। ਦਸੋ, ਉਨ੍ਹਾਂ ਵਿਚ ਇਨ੍ਹਾਂ ਨੇ ਕੀ ਸਿੱਧੀ ਪ੍ਰਾਪਤ ਕੀਤੀ ਹੈ।

ਜੋ ਨਿਰਜੋਤਿ ਭਯੋ ਜਗ ਜਾਨਤ ਤਾਹਿ ਕੇ ਆਗੇ ਲੈ ਜੋਤਿ ਜਗਾਈ ॥

ਜਗਤ ਜਾਣਦਾ ਹੈ ਕਿ ਜੋ (ਮੂਰਤੀਆਂ) ਨਿਰਜੋਤਿ ਹਨ, ਉਨ੍ਹਾਂ ਦੇ ਅਗੇ ਜੋਤਿ ਜਗਾਉਂਦੇ ਹਨ।

ਪਾਇ ਪਰੇ ਪਰਮੇਸ੍ਵਰ ਜਾਨਿ ਅਜਾਨ ਬਡੈ ਕਰਿ ਕੈ ਹਠਤਾਈ ॥

(ਉਹ ਪੱਥਰ ਨੂੰ) ਪਰਮੇਸਰ ਸਮਝ ਕੇ ਉਸ ਦੇ ਪੈਰੀਂ ਪੈਂਦੇ ਹਨ ਅਤੇ ਹਠ ਕਰ ਕੇ ਅਜਾਣ ਬਣਦੇ ਹਨ।

ਚੇਤ ਅਚੇਤ ਸੁਚੇਤਨ ਕੋ ਚਿਤ ਕੀ ਤਜਿ ਕੈ ਚਟ ਦੈ ਦੁਚਿਤਾਈ ॥੫੧॥

ਹੇ ਮੂਰਖੋ! ਜ਼ਰਾ ਸਮਝੋ, ਸੁਚੇਤ ਹੋਵੋ ਅਤੇ ਤੁਰਤ ਚਿਤ ਦੀ ਦੁਬਿਧਾ ਨੂੰ ਛਡ ਦਿਓ ॥੫੧॥

ਕਾਸੀ ਕੇ ਬੀਚ ਪੜੈ ਬਹੁ ਕਾਲ ਭੁਟੰਤ ਮੈ ਅੰਤ ਮਰੈ ਪੁਨਿ ਜਾਈ ॥

ਕਾਸ਼ੀ ਵਿਚ ਬਹੁਤ ਸਮੇਂ ਤਕ ਪੜ੍ਹਦੇ ਹਨ ਅਤੇ ਫਿਰ ਅੰਤ ਵਿਚ ਭੂਟਾਨ ('ਭੁਟੰਤ') ਵਿਚ ਜਾ ਮਰਦੇ ਹਨ।

ਤਾਤ ਰਹਾ ਅਰੁ ਮਾਤ ਕਹੂੰ ਬਨਿਤਾ ਸੁਤ ਪੁਤ੍ਰ ਕਲਤ੍ਰਨ ਭਾਈ ॥

ਪਿਤਾ ਕਿਥੇ ਰਿਹਾ ਹੈ ਅਤੇ ਮਾਤ ਕਿਤੇ ਹੈ, ਇਸਤਰੀ, ਪੁੱਤਰ, ਪੁੱਤਰ ਦੀ ਇਸਤਰੀ ਅਤੇ ਭਰਾ (ਸਭ ਹੋਰਾਂ ਥਾਂਵਾਂ ਤੇ ਹਨ)।

ਦੇਸ ਬਿਦੇਸ ਫਿਰੈ ਤਜਿ ਕੈ ਘਰ ਥੋਰੀ ਸੀ ਸੀਖਿ ਕੈ ਚਾਤੁਰਤਾਈ ॥

ਥੋੜੀ ਜਿਨੀ ਚਾਲਾਕੀ ਸਿਖ ਕੇ, ਘਰ ਨੂੰ ਛਡ ਕੇ ਦੇਸ਼ ਵਿਦੇਸ਼ ਫਿਰਦੇ ਹਨ।

ਲੋਭ ਕੀ ਲੀਕ ਨ ਲਾਘੀ ਕਿਸੂ ਨਰ ਲੋਭ ਰਹਾ ਸਭ ਲੋਗ ਲੁਭਾਈ ॥੫੨॥

ਕਿਸੇ ਵਿਅਕਤੀ ਨੇ ਵੀ ਲੋਭ ਦੀ ਲਕੀਰ ਨਹੀਂ ਲੰਘੀ, ਲੋਭ ਸਾਰਿਆਂ ਲੋਕਾਂ ਨੂੰ ਲੁਭਾ ਰਿਹਾ ਹੈ ॥੫੨॥

ਕਬਿਤੁ ॥

ਕਬਿੱਤ:

ਏਕਨ ਕੋ ਮੂੰਡਿ ਮਾਡਿ ਏਕਨ ਸੌ ਲੇਹਿ ਡਾਡ ਏਕਨ ਕੈ ਕੰਠੀ ਕਾਠ ਕੰਠ ਮੈ ਡਰਤ ਹੈਂ ॥

ਇਕਨਾਂ ਦੇ ਸਿਰ ਮੁੰਨ ਲੈਂਦੇ ਹਨ (ਭਾਵ ਲੁਟ ਪੁਟ ਲੈਂਦੇ ਹਨ) ਇਕਨਾਂ ਤੋਂ ਦੰਡ ਲੈਂਦੇ ਹਨ ਅਤੇ ਇਕਨਾਂ ਦੇ ਗਲੇ ਵਿਚ ਕਾਠ ਦੀ ਮਾਲਾ ਪਾ ਦਿੰਦੇ ਹਨ।

ਏਕਨ ਦ੍ਰਿੜਾਵੈ ਮੰਤ੍ਰ ਏਕਨ ਲਿਖਾਵੈ ਜੰਤ੍ਰ ਏਕਨ ਕੌ ਤੰਤ੍ਰਨ ਪ੍ਰਬੋਧ੍ਰਯੋ ਈ ਕਰਤ ਹੈਂ ॥

ਇਕਨਾਂ ਨੂੰ ਮੰਤ੍ਰ ਦ੍ਰਿੜ੍ਹ ਕਰਦੇ ਹਨ, ਇਕਨਾਂ ਨੂੰ ਜੰਤ੍ਰ ਲਿਖਵਾਉਂਦੇ ਹਨ ਅਤੇ ਇਕਨਾਂ ਨੂੰ ਤੰਤ੍ਰ ਦੀ ਸਿਖਿਆ ਦਿੰਦੇ ਹਨ।

ਏਕਨ ਕੌ ਬਿਦ੍ਯਾ ਕੋ ਬਿਵਾਦਨ ਬਤਾਵੈ ਡਿੰਭ ਜਗ ਕੋ ਦਿਖਾਇ ਜ੍ਯੋਂ ਕ੍ਯੋਨ ਮਾਤ੍ਰਾ ਕੌ ਹਰਤ ਹੈ ॥

ਇਕਨਾਂ ਨੂੰ ਵਿਦਿਆ ਦਾ ਵਿਵਾਦ ਦਸਦੇ ਹਨ ਅਤੇ ਜਗਤ ਨੂੰ ਪਾਖੰਡ ਵਿਖਾ ਕੇ ਜਿਵੇਂ ਕਿਵੇਂ ਧਨ ਨੂੰ ਹਰ ਲੈਂਦੇ ਹਨ।

ਮੈਯਾ ਕੌ ਨ ਮਾਨੈ ਮਹਾ ਕਾਲੈ ਨ ਮਨਾਵੈ ਮੂੜ ਮਾਟੀ ਕੌ ਮਾਨਤ ਤਾ ਤੇ ਮਾਗਤ ਮਰਤ ਹੈ ॥੫੩॥

ਮਾਤਾ (ਦੇਵੀ) ਨੂੰ ਨਹੀਂ ਮੰਨਦੇ ਅਤੇ ਨਾ ਮਹਾ ਕਾਲ ਨੂੰ ਮੰਨਦੇ ਹਨ (ਬਸ) ਮੂਰਖ ਮਿੱਟੀ ਦੀ ਪੂਜਾ ਕਰਦੇ ਹਨ ਅਤੇ ਉਸ ਤੋਂ ਮੰਗਦੇ ਮੰਗਦੇ ਮਰੀ ਜਾ ਰਹੇ ਹਨ ॥੫੩॥

ਸਵੈਯਾ ॥

ਸਵੈਯਾ:

ਚੇਤ ਅਚੇਤੁ ਕੀਏ ਜਿਨ ਚੇਤਨ ਤਾਹਿ ਅਚੇਤ ਨ ਕੋ ਠਹਰਾਵੈਂ ॥

ਜਿਸ ਚੇਤਨ ਸੱਤਾ ਨੇ ਚੇਤ ਅਤੇ ਅਚੇਤ (ਜੜ-ਚੇਤਨ) ਨੂੰ ਸਿਰਜਿਆ ਹੈ, ਉਸ ਨੂੰ ਮੂਰਖ ਕੁਝ ਨਹੀਂ ਪਛਾਣਦਾ।

ਤਾਹਿ ਕਹੈ ਪਰਮੇਸ੍ਵਰ ਕੈ ਮਨ ਮਾਹਿ ਕਹੇ ਘਟਿ ਮੋਲ ਬਿਕਾਵੈਂ ॥

ਉਸ ਨੂੰ ਮਨ ਵਿਚ ਪਰਮੇਸ਼੍ਵਰ ਕਹਿੰਦੇ ਹਨ ਜੋ ਬਹੁਤ ਘਟ ਮੁੱਲ ਤੇ ਵਿਕਦਾ ਹੈ।

ਜਾਨਤ ਹੈ ਨ ਅਜਾਨ ਬਡੈ ਸੁ ਇਤੇ ਪਰ ਪੰਡਿਤ ਆਪੁ ਕਹਾਵੈਂ ॥

ਇਹ ਵੱਡੇ ਅਜਾਣ ਹਨ, ਕੁਝ ਵੀ ਨਹੀਂ ਜਾਣਦੇ, ਪਰ (ਤਾਂ ਵੀ) ਆਪਣੇ ਆਪ ਨੂੰ ਪੰਡਿਤ ਅਖਵਾਉਂਦੇ ਹਨ।

ਲਾਜ ਕੇ ਮਾਰੇ ਮਰੈ ਨ ਮਹਾ ਲਟ ਐਂਠਹਿ ਐਂਠ ਅਮੈਠਿ ਗਵਾਵੈਂ ॥੫੪॥

ਸ਼ਰਮ ਦੇ ਮਾਰੇ ਇਹ ਢੀਠ ਮਰਦੇ ਨਹੀਂ ਹਨ ਅਤੇ ਅਭਿਮਾਨ ਵਿਚ ਹੀ ਆਕੜ ਕੇ (ਜੀਵਨ) ਨਸ਼ਟ ਕਰ ਲੈਂਦੇ ਹਨ ॥੫੪॥

ਬਿਜੈ ਛੰਦ ॥

ਬਿਜੈ ਛੰਦ:

ਗਤਮਾਨ ਕਹਾਵਤ ਗਾਤ ਸਭੈ ਕਛੂ ਜਾਨੈ ਨ ਬਾਤ ਗਤਾਗਤ ਹੈ ॥

ਸਾਰੇ ਮਨੁੱਖ ਆਪਣੇ ਆਪ ਨੂੰ ਮੁਕਤ ਸਮਝਦੇ ਹਨ, ਪਰ ਉਹ ਆਵਾਗਵਣ ('ਗਤਾਗਤ') ਦੀ ਕੁਝ ਵੀ ਗੱਲ ਨਹੀਂ ਸਮਝਦੇ।

ਦੁਤਿਮਾਨ ਘਨੇ ਬਲਵਾਨ ਬਡੇ ਹਮ ਜਾਨਤ ਜੋਗ ਮਧੇ ਜਤ ਹੈ ॥

ਅਸੀਂ ਜਾਣਦੇ ਹਾਂ ਕਿ ਬਹੁਤ ਤੇਜਸਵੀ ਅਤੇ ਬਲਵਾਨ ਜੋਗ ਵਿਚ ਜਕੜੇ ਹੋਏ ਹਨ।

ਪਾਹਨ ਕੈ ਕਹੈ ਬੀਚ ਸਹੀ ਸਿਵ ਜਾਨੈ ਨ ਮੂੜ ਮਹਾ ਮਤ ਹੈ ॥

ਉਹ ਪੱਥਰ ਵਿਚ ਹੀ ਸਹੀ ਸ਼ਿਵ ਨੂੰ ਮੰਨਦੇ ਹਨ ਪਰ (ਸਹੀ ਸ਼ਿਵ ਨੂੰ ਉਹ) ਮੂਰਖ ਸਮਝਦੇ ਨਹੀਂ ਹਨ।

ਤੁਮਹੂੰ ਨ ਬਿਚਾਰਿ ਸੁ ਜਾਨ ਕਹੋ ਇਨ ਮੈ ਕਹਾ ਪਾਰਬਤੀ ਪਤਿ ਹੈ ॥੫੫॥

ਤੁਸੀਂ ਹੀ ਵਿਚਾਰ ਕੇ ਕਿਉਂ ਨਹੀਂ ਕਹਿੰਦੇ ਕਿ ਇਨ੍ਹਾਂ ਪੱਥਰਾਂ ਵਿਚ ਕੀ ਪਾਰਬਤੀ ਦੇ ਪਤੀ ਸ਼ਿਵ ਮੌਜੂਦ ਹਨ? ॥੫੫॥

ਮਾਟੀ ਕੌ ਸੀਸ ਨਿਵਾਵਤ ਹੈ ਜੜ ਯਾ ਤੇ ਕਹੋ ਤੁਹਿ ਕਾ ਸਿਧਿ ਐ ਹੈ ॥

ਮੂਰਖ (ਲੋਕ) ਮਿੱਟੀ ਅਗੇ ਸਿਰ ਨਿਵਾਉਂਦੇ ਹਨ। ਭਲਾ ਦਸੋ ਇਸ ਤੋਂ ਤੁਸੀਂ ਕੀ ਸਿੱਧੀ ਹਾਸਲ ਕਰੋਗੇ।

ਜੌਨ ਰਿਝਾਇ ਲਯੋ ਜਗ ਕੌ ਤਵ ਚਾਵਰ ਡਾਰਤ ਰੀਝਿ ਨ ਜੈ ਹੈ ॥

ਜਿਸ (ਪਰਮ ਸੱਤਾ) ਨੇ ਸਾਰੇ ਸੰਸਾਰ ਨੂੰ ਪ੍ਰਸੰਨ ਕਰ ਰਖਿਆ ਹੈ (ਰਿਝਾਇਆ ਹੋਇਆ ਹੈ) (ਉਹ) ਤੁਹਾਡੇ ਚਾਵਲ ਭੇਂਟ ਕਰਨ ਨਾਲ ਪ੍ਰਸੰਨ ਨਹੀਂ ਹੋ ਜਾਵੇਗਾ।