ਸ਼੍ਰੀ ਦਸਮ ਗ੍ਰੰਥ

ਅੰਗ - 1019


ਹੋ ਦੇਵ ਅਦੇਵਨ ਦੇਵ ਰਹੇ ਉਰਝਾਇ ਕੈ ॥੬੬॥

(ਯੁੱਧ ਨੂੰ ਵੇਖ ਕੇ) ਦੇਵਤੇ ਅਤੇ ਦੈਂਤ ਉਲਝ ਕੇ ਰਹਿ ਗਏ ॥੬੬॥

ਰੁਦ੍ਰ ਕ੍ਰੁਧ ਅਤਿ ਭਯੋ ਤਪਤ ਤਪ ਛੋਰਿਯੋ ॥

ਰੁਦ੍ਰ ਨੇ ਅਤਿ ਕ੍ਰੋਧਿਤ ਹੋ ਕੇ ਤਪਦੇ ਤਾਪ ਨੂੰ ਛਡਿਆ।

ਸੀਤ ਤਾਪ ਤਜਿ ਕ੍ਰਿਸਨ ਬਕਤ੍ਰ ਤਿਹ ਮੋਰਿਯੋ ॥

ਕ੍ਰਿਸ਼ਨ ਨੇ ਠੰਡੇ ਤਾਪ ਨੂੰ ਛਡ ਕੇ ਉਸ ਦਾ ਮੂੰਹ ਮੋੜ ਦਿੱਤਾ।

ਐਸ ਗੌਰਿ ਸੌ ਗਾਹ ਗਗਨ ਸਰ ਲਾਇ ਕੈ ॥

ਇਸ ਤਰ੍ਹਾਂ ਸਾਵਧਾਨੀ ਨਾਲ ਸ਼ਿਵ ਨਾਲ ਆਕਾਸ਼ ਵਿਚ ਬਾਣ ਯੁੱਧ ਕੀਤਾ

ਹੋ ਤੁਮਲ ਜੁਧ ਕਰਿ ਲੀਨੋ ਖੇਤ ਛਿਨਾਇ ਕੈ ॥੬੭॥

ਅਤੇ ਘਮਸਾਨ ਯੁੱਧ ਕਰ ਕੇ ਮੈਦਾਨ ਜਿਤ ਲਿਆ ॥੬੭॥

ਦੋਹਰਾ ॥

ਦੋਹਰਾ:

ਜੀਤਿ ਸਤ੍ਰੁ ਨਿਜੁ ਪੌਤ੍ਰ ਕੀ ਕੀਨੀ ਬੰਦਿ ਖਲਾਸ ॥

ਵੈਰੀ ਨੂੰ ਜਿਤ ਕੇ ਆਪਣੇ ਪੋਤਰੇ ਦੀ ਬੰਦ ਖ਼ਲਾਸ ਕੀਤੀ।

ਭਾਤਿ ਭਾਤਿ ਬਾਜਨ ਬਜੇ ਹਰਖੇ ਸੁਨਿ ਸੁਰਿ ਬ੍ਯਾਸ ॥੬੮॥

ਭਾਂਤ ਭਾਂਤ ਦੇ ਵਾਜੇ ਵਜੇ ਜਿਨ੍ਹਾਂ ਨੂੰ ਸੁਣ ਕੇ ਦੇਵਤੇ ਅਤੇ ਵਿਆਸ (ਵਰਗੇ ਰਿਸ਼ੀ) ਪ੍ਰਸੰਨ ਹੋਏ ॥੬੮॥

ਅੜਿਲ ॥

ਅੜਿਲ:

ਆਨਰੁਧ ਕੌ ਊਖਾ ਦਈ ਬਿਵਾਹਿ ਕੈ ॥

ਅਨਰੁੱਧ ਦਾ ਊਖਾ ਨਾਲ ਵਿਆਹ ਕਰ ਦਿੱਤਾ।

ਗਾੜੇ ਗੜਵਾਰਨ ਗੜ ਗਜਿਯਨ ਗਾਹਿ ਕੈ ॥

ਮਜ਼ਬੂਤ ਕਿਲ੍ਹਿਆਂ ਵਾਲਿਆਂ (ਸੂਰਮਿਆਂ) ਅਤੇ ਹਾਥੀਆਂ ਨੂੰ ਚੰਗੀ ਤਰ੍ਹਾਂ ਲਿਤਾੜਕੇ (ਇਹ ਸਭ ਕੁਝ ਸੰਭਵ ਹੋਇਆ)।

ਹਠੇ ਹਠੀਲਨ ਜੀਤਿ ਚਲੇ ਸੁਖ ਪਾਇ ਕੈ ॥

ਹਠੀਲੇ ਸੂਰਮੇ ਹਠੀਆਂ ਨੂੰ ਜਿਤ ਕੇ ਸੁਖ ਪੂਰਵਕ ਚਲ ਪਏ।

ਹੋ ਦੰਤ ਬਕਤ੍ਰ ਕੇ ਸੰਗ ਬਨ੍ਯੋ ਰਨ ਆਇ ਕੈ ॥੬੯॥

ਅਤੇ ਫਿਰ ਦੰਤ ਬਕਤ੍ਰ ਨਾਲ ਯੁੱਧ ਸ਼ੁਰੂ ਹੋ ਗਿਆ ॥੬੯॥

ਭੁਜੰਗ ਛੰਦ ॥

ਭੁਜੰਗ ਛੰਦ:

ਉਤੈ ਦੰਤ ਬਕਤ੍ਰਾ ਇਤੇ ਕ੍ਰਿਸਨ ਸੂਰੋ ॥

ਉਧਰ ਦੰਤ ਬਕਤ੍ਰ ਹੈ ਅਤੇ ਇਧਰ ਕ੍ਰਿਸ਼ਨ ਸੂਰਮਾ ਹੈ।

ਹਟੈ ਨ ਹਠੀਲੋ ਮਹਾ ਜੁਧ ਪੂਰੋ ॥

ਹਠੀਲੇ ਹਟਦੇ ਨਹੀਂ ਹਨ, ਯੁੱਧ ਕਰਨ ਵਿਚ (ਦੋਵੇਂ) ਪ੍ਰਬੀਨ ਹਨ।

ਲਏ ਸੂਲ ਸੈਥੀ ਮਹਾਬੀਰ ਰਾਜੈ ॥

(ਹੱਥਾਂ ਵਿਚ) ਸ਼ੂਲ ਅਤੇ ਸੈਹਥੀਆਂ ਲੈ ਕੇ ਮਹਾਬੀਰ ਸ਼ੋਭ ਰਹੇ ਹਨ।

ਲਖੇ ਦਿਤ੍ਰਯ ਅਦਿਤ੍ਰਯ ਕੋ ਦ੍ਰਪੁ ਭਾਜੈ ॥੭੦॥

ਉਨ੍ਹਾਂ ਨੂੰ ਵੇਖ ਕੇ ਦੇਵਤਿਆਂ (ਅਦਿਤ੍ਯ) ਅਤੇ ਦੈਂਤਾਂ (ਦਿਤ੍ਯ) ਦਾ ਹੰਕਾਰ ਦੂਰ ਹੁੰਦਾ ਹੈ ॥੭੦॥

ਤਬੈ ਛਾਡਿ ਕੈ ਚਕ੍ਰ ਦੀਨੋ ਕਨ੍ਰਹਾਈ ॥

ਤਦੇ ਸ੍ਰੀ ਕ੍ਰਿਸ਼ਨ ਨੇ ਚਕ੍ਰ ਛਡ ਦਿੱਤਾ।

ਬਹੀ ਦੈਤ ਕੀ ਨਾਰਿ ਮੈ ਧਾਰਿ ਜਾਈ ॥

ਉਸ ਦੀ ਧਾਰ ਦੈਂਤ ਦੀ ਗਰਦਨ ਉਤੇ ਵਜੀ।

ਗਿਰਿਯੋ ਝੂਮਿ ਕੈ ਭੂਮਿ ਮੈ ਕੋਪਿ ਕੂਟਿਯੋ ॥

ਕ੍ਰੋਧ ਦਾ ਮਾਰਿਆ ਹੋਇਆ ਧਰਤੀ ਉਤੇ ਭਵਾਟਣੀ ਖਾ ਕੇ ਡਿਗ ਪਿਆ।

ਮਨੋ ਮੇਰੁ ਕੋ ਸਾਤਵੋ ਸ੍ਰਿੰਗ ਟੂਟਿਯੋ ॥੭੧॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸੁਮੇਰ ਪਰਬਤ ਦੀ ਸੱਤਵੀਂ ਚੋਟੀ ਡਿਗ ਪਈ ਹੋਵੇ ॥੭੧॥

ਚੌਪਈ ॥

ਚੌਪਈ:

ਹਨਿ ਅਰਿ ਦ੍ਵਾਰਾਵਤੀ ਸਿਧਾਰੇ ॥

(ਸ੍ਰੀ ਕ੍ਰਿਸ਼ਨ) ਵੈਰੀ ਨੂੰ ਮਾਰ ਕੇ ਦ੍ਵਾਰਿਕਾ ਚਲੇ ਗਏ।

ਭਾਤਿ ਭਾਤਿ ਕੇ ਬਜੇ ਨਗਾਰੇ ॥

ਭਾਂਤ ਭਾਂਤ ਦੇ ਨਗਾਰੇ ਵਜੇ।

ਪਠੇ ਤਰੁਨਿ ਪਖਰਿਯਾ ਹਰਖੇ ॥

ਅਪੱਛਰਾਵਾਂ ('ਤਰੁਨਿ') ਨੇ ਖ਼ੁਸ਼ੀ ਨਾਲ ਉਨ੍ਹਾਂ ਲਈ (ਸੁਵਰਗ ਵਿਚ ਆਣ ਵਾਸਤੇ) ਘੋੜੇ ਭੇਜੇ

ਸੁਰ ਸਭ ਪੁਹਪ ਗਗਨ ਤੇ ਬਰਖੇ ॥੭੨॥

ਅਤੇ ਸਾਰਿਆਂ ਦੇਵਤਿਆਂ ਨੇ ਆਕਾਸ਼ ਤੋਂ ਫੁਲਾਂ ਦੀ ਬਰਖ ਕੀਤੀ ॥੭੨॥

ਦੋਹਰਾ ॥

ਦੋਹਰਾ:

ਬਾਹੂ ਛੈ ਬਾਨਾਸ੍ਰ ਕਰਿ ਦੰਤ ਬਕਤ੍ਰਹਿ ਘਾਇ ॥

ਬਾਣਾਸੁਰ ਦੀਆਂ ਬਾਂਹਵਾਂ ਕਟਣ ਅਤੇ ਦੰਤ ਬਕਤ੍ਰ ਨੂੰ ਮਾਰਨ, ਪਤਲੇ ਲਕ ਵਾਲੀ

ਹਰੀ ਕ੍ਰਿਸੋਦਰਿ ਜੀਤਿ ਸਿਵ ਧੰਨ੍ਯ ਧੰਨ੍ਯ ਜਦੁਰਾਇ ॥੭੩॥

(ਊਖਾ ਨੂੰ) ਹਰਨ ਅਤੇ ਸ਼ਿਵ ਨੂੰ ਜਿਤਣ ਵਾਲੇ ਸ੍ਰੀ ਕ੍ਰਿਸ਼ਨ ਧੰਨ ਹਨ ॥੭੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਿਆਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੨॥੨੮੭੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੨॥੨੮੭੨॥ ਚਲਦਾ॥

ਦੋਹਰਾ ॥

ਦੋਹਰਾ:

ਰਾਜ ਮਤੀ ਰਾਨੀ ਰਹੈ ਉਤਰ ਦੇਸ ਅਪਾਰ ॥

ਉੱਤਰ ਦੇਸ਼ ਵਿਚ ਅਪਾਰ (ਸੁੰਦਰਤਾ ਵਾਲੀ) ਇਕ ਰਾਜ ਮਤੀ ਰਾਣੀ ਰਹਿੰਦੀ ਸੀ।

ਗੜਿ ਬਿਧਨੈ ਤਾ ਸੀ ਬਧੂ ਔਰ ਨ ਸਕਿਯੋ ਸਵਾਰਿ ॥੧॥

ਵਿਧਾਤਾ ਉਸ ਨੂੰ ਬਣਾ ਕੇ ਫਿਰ ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਬਣਾ ਸਕਿਆ ॥੧॥

ਬਿਭ੍ਰਮ ਦੇਵ ਬਡੋ ਬਲੀ ਤਾ ਕੋ ਰਹੈ ਨਰੇਸ ॥

ਉਸ ਦੇਸ਼ ਦਾ ਰਾਜਾ ਬਿਭ੍ਰਮ ਦੇਵ ਸੀ ਜੋ ਬਹੁਤ ਬਲਵਾਨ ਸੀ।

ਤਾ ਕੋ ਤ੍ਰਾਸ ਸਮੁੰਦ੍ਰ ਲਗ ਮਨਿਯਤ ਚਾਰੋ ਦੇਸ ॥੨॥

ਉਸ ਦੇ ਤ੍ਰਾਸ ਨੂੰ ਸਮੁੰਦਰ ਤਕ ਚੌਹਾਂ ਪਾਸੇ ਮੰਨਿਆ ਜਾਂਦਾ ਸੀ (ਅਰਥਾਤ ਉਸ ਦੀ ਧਾਕ ਬੈਠੀ ਹੋਈ ਸੀ) ॥੨॥

ਕ੍ਰਿਪਾ ਨਾਥ ਜੋਗੀ ਤਹਾ ਜਾ ਸਮ ਰੂਪ ਨ ਔਰ ॥

ਉਥੇ ਇਕ ਕ੍ਰਿਪਾ ਨਾਥ ਯੋਗੀ ਰਹਿੰਦਾ ਸੀ ਜਿਸ ਵਰਗਾ ਕਿਸੇ ਹੋਰ ਦਾ ਰੂਪ ਨਹੀਂ ਸੀ।

ਲਖਿ ਅਬਲਾ ਭੂ ਪਰ ਗਿਰੈ ਭਈ ਮੂਰਛਨਾ ਠੌਰ ॥੩॥

ਉਸ ਨੂੰ ਵੇਖ ਕੇ ਰਾਣੀ ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਈ ॥੩॥

ਚੌਪਈ ॥

ਚੌਪਈ:

ਬੋਲਿ ਲਯੋ ਰਾਨੀ ਜੋਗਿਸ ਬਰ ॥

ਰਾਣੀ ਨੇ (ਆਪਣੇ ਕੋਲ) ਜੋਗੀ ਨੂੰ ਬੁਲਾ ਲਿਆ।

ਕਾਮਕੇਲ ਤਾ ਸੋ ਬਹੁ ਬਿਧਿ ਕਰਿ ॥

ਉਸ ਨਾਲ ਬਹੁਤ ਢੰਗਾਂ ਨਾਲ ਕਾਮ-ਕ੍ਰੀੜਾ ਕੀਤੀ।

ਪੁਨਿ ਤਾਹੀ ਆਸਨ ਪਹੁਚਾਯੋ ॥

ਫਿਰ ਉਸ ਨੂੰ (ਆਪਣੇ) ਥਾਨ ਉਤੇ ਭੇਜ ਦਿੱਤਾ।

ਰੈਨਿ ਭਈ ਤਬ ਬਹੁਰਿ ਮੰਗਾਯੋ ॥੪॥

ਰਾਤ ਪੈਣ ਤੇ ਫਿਰ ਬੁਲਾ ਲਿਆ ॥੪॥

ਦੋਹਰਾ ॥

ਦੋਹਰਾ:

ਭੂਧਰ ਸਿੰਘ ਤਹਾ ਹੁਤੋ ਅਤਿ ਸੁੰਦਰਿ ਇਕ ਰਾਜ ॥

ਉਥੇ ਭੂਧਰ ਸਿੰਘ ਨਾਂ ਦਾ ਇਕ ਸੁੰਦਰ ਰਾਜਾ ਸੀ

ਸਾਜ ਬਾਜ ਭੀਤਰ ਕਿਧੌ ਬਿਸਕਰਮਾ ਤੇ ਬਾਜ ॥੫॥

ਜੋ ਸਜ ਧਜ ਵਿਚ ਵਿਸ਼੍ਵਕਰਮਾ ਤੋਂ ਵੀ ਵੱਧ ਸੀ ॥੫॥

ਰਾਜ ਨਿਰਖਿ ਸੁੰਦਰ ਘਨੋ ਰਾਨੀ ਲਿਯੋ ਬੁਲਾਇ ॥

ਉਸ ਅਤਿ ਸੁੰਦਰ ਰਾਜੇ ਨੂੰ ਵੇਖ ਕੇ ਰਾਣੀ ਨੇ ਬੁਲਾ ਲਿਆ।

ਪ੍ਰਥਮ ਭੋਗ ਤਾ ਸੌ ਕਰਿਯੋ ਪੁਨਿ ਯੌ ਕਹਿਯੋ ਬਨਾਇ ॥੬॥

ਪਹਿਲਾਂ ਉਸ ਨਾਲ ਭੋਗ ਕੀਤਾ ਅਤੇ ਫਿਰ ਇਸ ਤਰ੍ਹਾਂ ਕਿਹਾ ॥੬॥


Flag Counter