ਸ਼੍ਰੀ ਦਸਮ ਗ੍ਰੰਥ

ਅੰਗ - 63


ਵਹੈ ਕਾਲ ਘਾਯੰ ॥੩੩॥

ਉਸ ਨੂੰ ਵੀ ਕਾਲ ਨੇ ਮਾਰ ਦਿੱਤਾ ॥੩੩॥

ਰਣੰ ਤਿਆਗਿ ਭਾਗੇ ॥

(ਫਲਸਰੂਪ ਰਾਜੇ) ਯੁੱਧ-ਭੂਮੀ ਨੂੰ ਛਡ ਕੇ ਭਜ ਗਏ,

ਸਬੈ ਤ੍ਰਾਸ ਪਾਗੇ ॥

ਸਾਰੇ ਅਤਿਅੰਤ ਭੈਭੀਤ ਸਨ।

ਭਈ ਜੀਤ ਮੇਰੀ ॥

ਮੇਰੀ ਜਿਤ ਹੋ ਗਈ।

ਕ੍ਰਿਪਾ ਕਾਲ ਕੇਰੀ ॥੩੪॥

(ਸਭ ਕੁਝ) ਕਾਲ ਦੀ ਕ੍ਰਿਪਾ ਕਰਕੇ (ਹੋਇਆ) ॥੩੪॥

ਰਣੰ ਜੀਤਿ ਆਏ ॥

ਯੁੱਧ ਨੂੰ ਜਿਤ ਕੇ (ਅਸੀਂ ਵਾਪਸ) ਪਰਤੇ

ਜਯੰ ਗੀਤ ਗਾਏ ॥

ਅਤੇ ਜਿਤ ਦੇ ਗੀਤ ਗਾਏ।

ਧਨੰਧਾਰ ਬਰਖੇ ॥

ਧਨ ਦਾ ਮੀਂਹ ਵਸਾ ਦਿੱਤਾ,

ਸਬੈ ਸੂਰ ਹਰਖੇ ॥੩੫॥

(ਜਿਸ ਕਰਕੇ) ਸਾਰੇ ਸੂਰਮੇ ਪ੍ਰਸੰਨ ਹੋ ਗਏ ॥੩੫॥

ਦੋਹਰਾ ॥

ਦੋਹਰਾ:

ਜੁਧ ਜੀਤ ਆਏ ਜਬੈ ਟਿਕੈ ਨ ਤਿਨ ਪੁਰ ਪਾਵ ॥

ਜਦ (ਮੇਰੇ ਸੈਨਿਕ) ਯੁੱਧ ਜਿਤ ਕੇ ਆਏ (ਤਾਂ) ਉਨ੍ਹਾਂ ਦੇ ਨਗਰ (ਪੁਰ) ਵਿਚ ਪੈਰ ਨਾ ਟਿਕੇ।

ਕਾਹਲੂਰ ਮੈ ਬਾਧਿਯੋ ਆਨਿ ਅਨੰਦਪੁਰ ਗਾਵ ॥੩੬॥

ਕਹਿਲੂਰ (ਦੀ ਰਿਆਸਤ ਵਿਚ) ਆ ਕੇ ਆਨੰਦਪੁਰ ਪਿੰਡ ਨੂੰ ਆਬਾਦ ਕੀਤਾ ॥੩੬॥

ਜੇ ਜੇ ਨਰ ਤਹ ਨ ਭਿਰੇ ਦੀਨੇ ਨਗਰ ਨਿਕਾਰ ॥

ਜਿਹੜੇ ਜਿਹੜੇ ਆਦਮੀ ਉਥੇ (ਭੰਗਾਣੀ ਵਿਚ) ਨਹੀਂ ਲੜੇ ਸਨ, ਉਨ੍ਹਾਂ ਨੂੰ ਨਗਰ ਤੋਂ ਕੱਢ ਦਿੱਤਾ।

ਜੇ ਤਿਹ ਠਉਰ ਭਲੇ ਭਿਰੇ ਤਿਨੈ ਕਰੀ ਪ੍ਰਤਿਪਾਰ ॥੩੭॥

ਜਿਹੜੇ ਉਸ ਥਾਂ ਚੰਗੀ ਤਰ੍ਹਾਂ ਲੜੇ ਸਨ, ਉਨ੍ਹਾਂ ਦੀ (ਚੰਗੀ) ਪ੍ਰਤਿਪਾਲਣਾ ਕੀਤੀ ॥੩੭॥

ਚੌਪਈ ॥

ਚੌਪਈ:

ਬਹਤ ਦਿਵਸ ਇਹ ਭਾਤਿ ਬਿਤਾਏ ॥

ਇਸ ਤਰ੍ਹਾਂ ਬਹੁਤ ਦਿਨ ਬਤੀਤ ਹੋ ਗਏ।

ਸੰਤ ਉਬਾਰਿ ਦੁਸਟ ਸਭ ਘਾਏ ॥

ਸੰਤਾਂ ਨੂੰ ਉਚਿਆ ਕੇ ਸਾਰੇ ਦੁਸ਼ਟ ਮਾਰ ਦਿੱਤੇ।

ਟਾਗ ਟਾਗ ਕਰਿ ਹਨੇ ਨਿਦਾਨਾ ॥

ਉਨ੍ਹਾਂ ਮੂਰਖਾਂ ਨੂੰ ਟੰਗ ਟੰਗ ਕੇ ਮਾਰ ਦਿੱਤਾ,

ਕੂਕਰ ਜਿਮਿ ਤਿਨ ਤਜੇ ਪ੍ਰਾਨਾ ॥੩੮॥

ਉਨ੍ਹਾਂ ਨੇ ਕੁਤਿਆਂ ਵਾਂਗ ਪ੍ਰਾਣ ਛੱਡੇ ॥੩੮॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਜ ਸਾਜ ਕਥਨੰ ਭੰਗਾਣੀ ਜੁਧ ਬਰਨਨੰ ਨਾਮ ਅਸਟਮੋ ਧਿਆਇ ਸਮਾਪਤੰ ਸਤੁ ਸੁਭਮ ਸਤੁ ॥੮॥੩੨੦॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਰਾਜ-ਸਾਜ ਕਥਨ' ਅਤੇ 'ਭੰਗਾਣੀ ਜੁਧ ਬਰਨਨੰ' ਨਾਂ ਦਾ ਅੱਠਵਾਂ ਅਧਿਆਇ ਸਮਾਪਤ ਹੁੰਦਾ ਹੈ, ਸਭ ਸ਼ੁਭ ਹੈ ॥੮॥੩੨੦॥

ਅਥ ਨਉਦਨ ਕਾ ਜੁਧ ਬਰਨਨੰ ॥

ਹੁਣ ਨਣੌਣ ਦੇ ਯੁੱਧ ਦਾ ਕਥਨ

ਚੌਪਈ ॥

ਚੌਪਈ:

ਬਹੁਤ ਕਾਲ ਇਹ ਭਾਤਿ ਬਿਤਾਯੋ ॥

ਇਸ ਤਰ੍ਹਾਂ ਬਹੁਤ ਸਮਾਂ ਬਤੀਤ ਹੋਇਆ।

ਮੀਆ ਖਾਨ ਜੰਮੂ ਕਹ ਆਯੋ ॥

(ਦਿੱਲੀ ਤੋਂ) ਮੀਆਂ ਖ਼ਾਨ (ਮਾਲੀਆ ਵਸੂਲਣ ਲਈ) ਜੰਮੂ ਵਲ ਆਇਆ।

ਅਲਿਫ ਖਾਨ ਨਾਦੌਣ ਪਠਾਵਾ ॥

(ਉਸ ਨੇ) ਅਲਫ਼ ਖ਼ਾਨ ਨੂੰ ਨਾਦੌਣ ਭੇਜਿਆ,

ਭੀਮਚੰਦ ਤਨ ਬੈਰ ਬਢਾਵਾ ॥੧॥

(ਉਸ ਨੇ ਕਹਿਲੂਰ ਦੇ ਰਾਜੇ) ਭੀਮ ਚੰਦ ਨਾਲ ਵੈਰ ਵਧਾ ਲਿਆ ॥੧॥

ਜੁਧ ਕਾਜ ਨ੍ਰਿਪ ਹਮੈ ਬੁਲਾਯੋ ॥

(ਅਲਫ਼ ਖ਼ਾਨ ਨਾਲ) ਜੂਝਣ ਲਈ ਰਾਜੇ ਨੇ ਸਾਨੂੰ ਬੁਲਾਇਆ

ਆਪਿ ਤਵਨ ਕੀ ਓਰ ਸਿਧਾਯੋ ॥

ਅਤੇ ਆਪ ਉਸ ਵਲ ਅਗੇ ਵਧਿਆ।

ਤਿਨ ਕਠਗੜ ਨਵਰਸ ਪਰ ਬਾਧੋ ॥

ਅਲਫ਼ ਖ਼ਾਨ ਨੇ ਨਵਰਸ (ਨਾਂ ਵਾਲੇ ਟਿੱਲੇ) ਉਤੇ ਕਾਠ ਦਾ ਕਿਲ੍ਹਾ (ਮੋਰਚਾ) ਬਣਾ ਲਿਆ।

ਤੀਰ ਤੁਫੰਗ ਨਰੇਸਨ ਸਾਧੋ ॥੨॥

(ਇਧਰ ਭੀਮ ਚੰਦ ਦੇ ਮੱਦਦਗਾਰ) ਰਾਜਿਆਂ ਨੇ ਵੀ ਤੀਰਾਂ ਅਤੇ ਬੰਦੂਕਾਂ ਦੀਆਂ ਸ਼ਿਸ਼ਤਾਂ ਬੰਨ੍ਹ ਲਈਆ ॥੨॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਤਹਾ ਰਾਜ ਸਿੰਘ ਬਲੀ ਭੀਮ ਚੰਦੰ ॥

ਉਥੇ ਭੀਮ ਚੰਦ ਨਾਲ ਬਲਵਾਨ ਰਾਜਾ ਰਾਜ ਸਿੰਘ

ਚੜਿਓ ਰਾਮ ਸਿੰਘ ਮਹਾ ਤੇਜਵੰਦੰ ॥

ਅਤੇ ਮਹਾ ਤੇਜਵੰਤ ਰਾਮ ਸਿੰਘ ਨੇ ਚੜ੍ਹਾਈ ਕੀਤੀ।

ਸੁਖੰਦੇਵ ਗਾਜੀ ਜਸਰੋਟ ਰਾਜੰ ॥

ਜਸਰੋਟ ਦਾ ਪ੍ਰਤਾਪੀ ਰਾਜਾ ਸੁਖਦੇਵ ਵੀ

ਚੜੇ ਕ੍ਰੁਧ ਕੀਨੇ ਕਰੇ ਸਰਬ ਕਾਜੰ ॥੩॥

ਕ੍ਰੋਧਵਾਨ ਹੋ ਕੇ ਚੜ੍ਹਿਆ (ਅਤੇ ਯੁੱਧ ਦੀ) ਸਾਰੀ ਤਿਆਰੀ ਕਰ ਲਈ ॥੩॥

ਪ੍ਰਿਥੀਚੰਦ ਚਢਿਓ ਡਢੇ ਡਢਵਾਰੰ ॥

ਢਾਢਾ ਬਲਵਾਨ ਪ੍ਰਿਥੀਚੰਦ ਡਢਵਾਲੀਆ ਚੜ੍ਹਿਆ।

ਚਲੇ ਸਿਧ ਹੁਐ ਕਾਰ ਰਾਜੰ ਸੁਧਾਰੰ ॥

(ਇਹ ਸਾਰੇ) ਤਿਆਰ ਹੋ ਕੇ ਰਾਜੇ ਦਾ ਕੰਮ ਸੰਵਾਰਨ ਲਈ ਚੜ੍ਹੇ।

ਕਰੀ ਢੂਕ ਢੋਅੰ ਕਿਰਪਾਲ ਚੰਦੰ ॥

ਕ੍ਰਿਪਾਲ ਚੰਦ ਨੇ ਨੇੜੇ ਢੁਕ ਕੇ ਹਮਲਾ ਕੀਤਾ

ਹਟਾਏ ਸਬੇ ਮਾਰਿ ਕੈ ਬੀਰ ਬ੍ਰਿੰਦੰ ॥੪॥

ਅਤੇ ਸੂਰਮਿਆਂ ਦੇ ਜੁੱਟਾਂ ਨੂੰ ਮਾਰ ਕੇ ਪਿਛੇ ਕੀਤਾ ॥੪॥

ਦੁਤੀਯ ਢੋਅ ਢੂਕੇ ਵਹੈ ਮਾਰਿ ਉਤਾਰੀ ॥

ਦੂਜੀ ਵਾਰ ਮੁਕਾਬਲੇ ਲਈ ਢੁਕੇ, (ਉਨ੍ਹਾਂ ਨੂੰ) ਮਾਰ ਕੇ ਹੇਠਾਂ ਉਤਾਰ ਦਿੱਤਾ।

ਖਰੇ ਦਾਤ ਪੀਸੇ ਛੁਭੈ ਛਤ੍ਰਧਾਰੀ ॥

(ਹੇਠਾਂ) ਪਹਾੜੀ ਰਾਜੇ ਕ੍ਰੋਧ ਨਾਲ ਦੰਦ ਪੀਹ ਰਹੇ ਸਨ।

ਉਤੈ ਵੈ ਖਰੇ ਬੀਰ ਬੰਬੈ ਬਜਾਵੈ ॥

ਉਧਰ ਉਹ ਯੋਧੇ ਧੌਂਸੇ ਵਜਾ ਰਹੇ ਸਨ।

ਤਰੇ ਭੂਪ ਠਾਢੇ ਬਡੋ ਸੋਕੁ ਪਾਵੈ ॥੫॥

ਹੇਠਾਂ ਰਾਜੇ ਖੜੋ ਕੇ ਸੋਗ ਪਾਲ ਰਹੇ ਸਨ (ਅਰਥਾਤ ਦੁਖੀ ਹੋ ਕੇ ਕ੍ਰੋਧ ਕਰ ਰਹੇ ਸਨ) ॥੫॥

ਤਬੈ ਭੀਮਚੰਦੰ ਕੀਯੋ ਕੋਪ ਆਪੰ ॥

ਤਦੋਂ ਭੀਮ ਚੰਦ ਨੇ ਆਪ ਕ੍ਰੋਧ ਕੀਤਾ

ਹਨੂਮਾਨ ਕੈ ਮੰਤ੍ਰ ਕੋ ਮੁਖਿ ਜਾਪੰ ॥

ਅਤੇ ਮੂੰਹ ਨਾਲ ਹਨੂਮਾਨ ਦੇ ਮੰਤ੍ਰ ਦਾ ਜਾਪ ਕੀਤਾ।

ਸਬੈ ਬੀਰ ਬੋਲੈ ਹਮੈ ਭੀ ਬੁਲਾਯੰ ॥

ਸਾਰਿਆਂ ਸੂਰਮਿਆਂ ਨੂੰ ਸਦ ਲਿਆ ਅਤੇ ਸਾਨੂੰ ਵੀ ਬੁਲਾਇਆ।

ਤਬੈ ਢੋਅ ਕੈ ਕੈ ਸੁ ਨੀਕੈ ਸਿਧਾਯੰ ॥੬॥

ਤਦੋਂ (ਸਭ) ਇਕੱਠ ਹੋ ਕੇ ਚੰਗੀ ਤਰ੍ਹਾਂ (ਯੁੱਧ ਲਈ) ਅਗੇ ਵਧੇ ॥੬॥

ਸਬੈ ਕੋਪ ਕੈ ਕੈ ਮਹਾ ਬੀਰ ਢੂਕੈ ॥

ਸਾਰੇ ਮਹਾਨ ਯੋਧੇ ਕ੍ਰੋਧ ਕਰ ਕੇ ਅਗੇ ਢੁਕੇ

ਚਲੈ ਬਾਰਿਬੈ ਬਾਰ ਕੋ ਜਿਉ ਭਭੂਕੈ ॥

ਜਿਵੇਂ ਵਾੜ ਨੂੰ ਸਾੜਨ ਲਈ ਅੱਗ ਦੇ ਅਲੰਬੇ ਚਲੇ ਹਨ।

ਤਹਾ ਬਿਝੁੜਿਆਲੰ ਹਠਿਯੋ ਬੀਰ ਦਿਆਲੰ ॥

ਉਥੇ ਬਿੱਝੜ ਵਾਲੀਆ ਵੀਰ ਦਿਆਲ ਚੰਦ

ਉਠਿਯੋ ਸੈਨ ਲੈ ਸੰਗਿ ਸਾਰੀ ਕ੍ਰਿਪਾਲੰ ॥੭॥

ਅਤੇ (ਕਾਂਗੜੇ ਦਾ) ਕ੍ਰਿਪਾਲ ਚੰਦ ਸਾਰੀ ਫੌਜ ਨੂੰ ਨਾਲ ਲੈ ਕੇ ਚੜ੍ਹ ਆਏ ॥੭॥

ਮਧੁਭਾਰ ਛੰਦ ॥

ਮਧੁਭਾਰ ਛੰਦ:

ਕੁਪਿਓ ਕ੍ਰਿਪਾਲ ॥

ਕ੍ਰਿਪਾਲ ਚੰਦ ਕ੍ਰੋਧਵਾਨ ਹੋਇਆ।

ਨਚੇ ਮਰਾਲ ॥

(ਉਸ ਨੇ) ਘੋੜੇ ਨੂੰ ਨਚਾਇਆ।

ਬਜੇ ਬਜੰਤ ॥

ਯੁੱਧ ਦੇ ਵਾਜੇ ਵਜਣ ਲਗੇ

ਕਰੂਰੰ ਅਨੰਤ ॥੮॥

(ਅਤੇ ਸਾਰਾ ਵਾਤਾਵਰਣ) ਭਿਆਨਕ ਬਣ ਗਿਆ ॥੮॥

ਜੁਝੰਤ ਜੁਆਣ ॥

ਸੂਰਮੇ ਲੜਨ ਲਗੇ,

ਬਾਹੈ ਕ੍ਰਿਪਾਣ ॥

ਕ੍ਰਿਪਾਨਾਂ ਚਲਾਣ ਲਗੇ।

ਜੀਅ ਧਾਰਿ ਕ੍ਰੋਧ ॥

ਮਨ ਵਿਚ ਕ੍ਰੋਧਵਾਨ ਹੋ ਕੇ

ਛਡੇ ਸਰੋਘ ॥੯॥

ਤੀਰਾਂ ਦੀ ਬਰਖਾ ਕਰਨ ਲਗੇ ॥੯॥

ਲੁਝੈ ਨਿਦਾਣ ॥

(ਜੋ) ਲੜਦੇ ਹਨ,

ਤਜੰਤ ਪ੍ਰਾਣ ॥

ਅੰਤ ਵਿਚ ਉਹ ਪ੍ਰਾਣ ਤਿਆਗਦੇ ਹਨ।

ਗਿਰ ਪਰਤ ਭੂਮਿ ॥

ਧਰਤੀ ਉਤੇ ਡਿਗ ਪੈਂਦੇ ਹਨ

ਜਣੁ ਮੇਘ ਝੂਮਿ ॥੧੦॥

ਮਾਨੋ ਬਦਲ ਝੂਮ ਕੇ ਆ ਗਏ ਹੋਣ ॥੧੦॥

ਰਸਾਵਲ ਛੰਦ ॥

ਰਸਾਵਲ ਛੰਦ:

ਕ੍ਰਿਪਾਲ ਕੋਪਿਯੰ ॥

ਕ੍ਰਿਪਾਲ ਚੰਦ ਕ੍ਰੋਧਵਾਨ ਹੋਇਆ,

ਹਠੀ ਪਾਵ ਰੋਪਿਯੰ ॥

(ਉਸ) ਯੁੱਧਵੀਰ ਨੇ ਪੈਰ ਜਮਾ ਲਿਆ,

ਸਰੋਘੰ ਚਲਾਏ ॥

ਬਹੁਤ ਅਧਿਕ ਤੀਰ ਚਲਾਏ

ਬਡੇ ਬੀਰ ਘਾਏ ॥੧੧॥

ਅਤੇ ਵੱਡੇ ਵੱਡੇ ਸੂਰਮੇ ਮਾਰ ਦਿੱਤੇ ॥੧੧॥

ਹਣੈ ਛਤ੍ਰਧਾਰੀ ॥

ਛਤ੍ਰਧਾਰੀ (ਰਾਜੇ) ਮਾਰ ਦਿੱਤੇ,

ਲਿਟੇ ਭੂਪ ਭਾਰੀ ॥

(ਫਲਸਰੂਪ) ਵੱਡੇ ਵੱਡੇ ਰਾਜੇ ਧਰਤੀ ਉਤੇ ਲੇਟ ਗਏ।

ਮਹਾ ਨਾਦ ਬਾਜੇ ॥

ਧੌਂਸੇ ਵਜ ਰਹੇ ਸਨ


Flag Counter