ਸ਼੍ਰੀ ਦਸਮ ਗ੍ਰੰਥ

ਅੰਗ - 66


ਸੂਰ ਲੈ ਕੈ ਸਿਲਾ ਸਾਜ ਸਜਿਯੰ ॥੧॥

ਅਤੇ ਸਾਰਿਆਂ ਸੂਰਮਿਆਂ ਨੂੰ ਨਾਲ ਲੈ ਕੇ ਸ਼ਸਤ੍ਰ ਅਤੇ ਕਵਚ ਸਜਾ ਲਏ ॥੧॥

ਕਰਿਯੋ ਜੋਰਿ ਸੈਨੰ ਹੁਸੈਨੀ ਪਯਾਨੰ ॥

ਸੈਨਾ ਨੂੰ ਇਕੱਠਾ (ਜੋਰ) ਕਰ ਕੇ ਹੁਸੈਨੀ ਨੇ ਪ੍ਰਸਥਾਨ ਕੀਤਾ।

ਪ੍ਰਥਮ ਕੂਟਿ ਕੈ ਲੂਟ ਲੀਨੇ ਅਵਾਨੰ ॥

ਪਹਿਲਾਂ ਪਹਾੜ ਦੇ (ਨਿਵਾਸੀਆਂ ਦੇ) ਘਰਾਂ ਨੂੰ ਲੁਟ ਲਿਆ।

ਪੁਨਰਿ ਡਢਵਾਲੰ ਕੀਯੋ ਜੀਤਿ ਜੇਰੰ ॥

ਫਿਰ ਡਢਵਾਲ (ਦੇ ਰਾਜੇ) ਨੂੰ ਜਿਤ ਕੇ ਅਧੀਨ ਕੀਤਾ

ਕਰੇ ਬੰਦਿ ਕੈ ਰਾਜ ਪੁਤ੍ਰਾਨ ਚੇਰੰ ॥੨॥

ਅਤੇ ਕਈਆਂ ਰਾਜਪੂਤਾਂ ਨੂੰ ਬੰਦੀ ਅਤੇ ਗੁਲਾਮ ਬਣਾ ਲਿਆ ॥੨॥

ਪੁਨਰਿ ਦੂਨ ਕੋ ਲੂਟ ਲੀਨੋ ਸੁਧਾਰੰ ॥

ਫਿਰ ਘਾਟੀ (ਦੂਨ) ਨੂੰ ਚੰਗੀ ਤਰ੍ਹਾਂ ਲੁਟ ਲਿਆ।

ਕੋਈ ਸਾਮੁਹੇ ਹ੍ਵੈ ਸਕਿਯੋ ਨ ਗਵਾਰੰ ॥

ਕੋਈ ਵੀ ਮੂਰਖ (ਪਹਾੜੀ ਰਾਜਾ) ਉਸ ਦਾ ਸਾਹਮਣਾ ਨਾ ਕਰ ਸਕਿਆ।

ਲੀਯੋ ਛੀਨ ਅੰਨੰ ਦਲੰ ਬਾਟਿ ਦੀਯੰ ॥

(ਉਸ ਨੇ ਲੋਕਾਂ ਤੋਂ) ਅੰਨ ਖੋਹ ਲਿਆ ਅਤੇ (ਆਪਣੀ) ਸੈਨਾ ਵਿਚ ਵੰਡ ਦਿੱਤਾ।

ਮਹਾ ਮੂੜਿਯੰ ਕੁਤਸਤੰ ਕਾਜ ਕੀਯੰ ॥੩॥

(ਉਸ) ਮਹਾ ਮੂਰਖ (ਹੁਸੈਨੀ) ਨੇ (ਇਹ) ਘਿਨੌਣਾ ਕੰਮ ਕੀਤਾ ॥੩॥

ਦੋਹਰਾ ॥

ਦੋਹਰਾ:

ਕਿਤਕ ਦਿਵਸ ਬੀਤਤ ਭਏ ਕਰਤ ਉਸੈ ਉਤਪਾਤ ॥

ਉਸ ਨੂੰ (ਅਜਿਹਾ) ਉਪਦਰ ਕਰਦਿਆਂ ਕਈ ਦਿਨ ਬੀਤ ਗਏ

ਗੁਆਲੇਰੀਯਨ ਕੀ ਪਰਤ ਭੀ ਆਨਿ ਮਿਲਨ ਕੀ ਬਾਤ ॥੪॥

ਅਤੇ ਗੁਲੇਰੀਆਂ ਨੂੰ ਵੀ (ਉਸ ਨਾਲ) ਮਿਲਣ ਦੀ ਲੋੜ ਆ ਪਈ ॥੪॥

ਜੌ ਦਿਨ ਦੁਇਕ ਨ ਵੇ ਮਿਲਤ ਤਬ ਆਵਤ ਅਰਿਰਾਇ ॥

ਜੇ ਦੋ ਕੁ ਦਿਨ (ਉਹ ਹੁਸੈਨੀ ਨੂੰ) ਨਾ ਮਿਲਦੇ ਤਾਂ ਵੈਰੀ (ਇਧਰ) ਆ ਜਾਂਦਾ।

ਕਾਲਿ ਤਿਨੂ ਕੈ ਘਰ ਬਿਖੈ ਡਾਰੀ ਕਲਹ ਬਨਾਇ ॥੫॥

ਕਾਲ ਨੇ ਉਨ੍ਹਾਂ ਦੇ ਘਰ ਵਿਚ ਹੀ ਲੜਾਈ ਦੀ ਜੁਗਤ ਬਣਾ ਦਿੱਤੀ ॥੫॥

ਚੌਪਈ ॥

ਚੌਪਈ:

ਗੁਆਲੇਰੀਯਾ ਮਿਲਨ ਕਹੁ ਆਏ ॥

(ਜਦੋਂ) ਗੁਲੇਰੀਆ (ਹੁਸੈਨੀ ਨੂੰ) ਮਿਲਣ ਆਇਆ

ਰਾਮ ਸਿੰਘ ਭੀ ਸੰਗਿ ਸਿਧਾਏ ॥

ਤਾਂ ਰਾਮ ਸਿੰਘ ਵੀ ਉਸ ਦੇ ਨਾਲ ਗਿਆ।

ਚਤੁਰਥ ਆਨਿ ਮਿਲਤ ਭਏ ਜਾਮੰ ॥

ਚੌਥੇ ਪਹਿਰ ਆ ਕੇ ਉਹ ਮਿਲੇ।

ਫੂਟਿ ਗਈ ਲਖਿ ਨਜਰਿ ਗੁਲਾਮੰ ॥੬॥

ਉਨ੍ਹਾਂ ਨੂੰ ਵੇਖ ਕੇ ਹੁਸੈਨੀ ('ਗੁਲਾਮ') ਦੀ ਨਜ਼ਰ ਫਟ ਗਈ (ਅਰਥਾਤ ਬਹੁਤ ਹੰਕਾਰ ਹੋ ਗਿਆ) ॥੬॥

ਦੋਹਰਾ ॥

ਦੋਹਰਾ:

ਜੈਸੇ ਰਵਿ ਕੇ ਤੇਜ ਤੇ ਰੇਤ ਅਧਿਕ ਤਪਤਾਇ ॥

ਜਿਵੇਂ ਸੂਰਜ ਦੇ ਤੇਜ ਨਾਲ ਰੇਤ ਬਹੁਤ ਤਪ ਜਾਂਦੀ ਹੈ,

ਰਵਿ ਬਲ ਛੁਦ੍ਰ ਨ ਜਾਨਈ ਆਪਨ ਹੀ ਗਰਬਾਇ ॥੭॥

(ਉਹ) ਨੀਚ (ਰੇਤ) ਸੂਰਜ ਦੇ ਬਲ ਨੂੰ ਨਹੀਂ ਜਾਣਦੀ ਅਤੇ ਆਪਣੇ ਆਪ ਵਿਚ ਗਰਬੀਆ ਰਹਿੰਦੀ ਹੈ ॥੭॥

ਚੌਪਈ ॥

ਚੌਪਈ:

ਤੈਸੇ ਹੀ ਫੂਲ ਗੁਲਾਮ ਜਾਤਿ ਭਯੋ ॥

ਉਸੇ ਤਰ੍ਹਾਂ ਗੁਲਾਮ (ਹੁਸੈਨੀ) ਫੁਲ ਕੇ (ਅੰਨ੍ਹਾ ਹੋ) ਗਿਆ

ਤਿਨੈ ਨ ਦ੍ਰਿਸਟ ਤਰੇ ਆਨਤ ਭਯੋ ॥

ਅਤੇ ਉਨ੍ਹਾਂ ਨੂੰ ਨਜ਼ਰ ਥਲੇ ਹੀ ਨਾ ਲਿਆਂਦਾ।

ਕਹਲੂਰੀਯਾ ਕਟੌਚ ਸੰਗਿ ਲਹਿ ॥

ਕਹਿਲੂਰੀਏ (ਭੀਮ ਚੰਦ) ਅਤੇ ਕਟੌਚ (ਕ੍ਰਿਪਾਲ ਚੰਦ) ਨੂੰ ਇਕੱਠਿਆਂ ਵੇਖ ਕੇ

ਜਾਨਾ ਆਨ ਨ ਮੋ ਸਰਿ ਮਹਿ ਮਹਿ ॥੮॥

(ਉਸ ਨੇ) ਸਮਝਿਆ ਕਿ ਮੇਰੇ ਵਰਗਾ ਧਰਤੀ ਉਤੇ ਹੋਰ ਕੋਈ ਨਹੀਂ ॥੮॥

ਤਿਨ ਜੋ ਧਨ ਆਨੋ ਥੋ ਸਾਥਾ ॥

ਉਨ੍ਹਾਂ (ਗੁਪਾਲ ਅਤੇ ਰਾਮ ਸਿੰਘ) ਨੇ ਆਪਣੇ ਨਾਲ ਜੋ ਧਨ ਲਿਆਂਦਾ ਸੀ

ਤੇ ਦੇ ਰਹੇ ਹੁਸੈਨੀ ਹਾਥਾ ॥

ਉਹ ਹੁਸੈਨੀ ਦੇ ਹੱਥ ਵਿਚ ਦੇ ਰਹੇ ਸਨ।

ਦੇਤ ਲੇਤ ਆਪਨ ਕੁਰਰਾਨੇ ॥

ਦਿੰਦਿਆਂ ਲੈਂਦਿਆਂ ਆਪਸ ਵਿਚ ਤਕਰਾਰ ਹੋ ਗਿਆ।

ਤੇ ਧੰਨਿ ਲੈ ਨਿਜਿ ਧਾਮ ਸਿਧਾਨੇ ॥੯॥

(ਫਲਸਰੂਪ ਉਹ ਦੋਵੇਂ) ਧਨ ਲੈ ਕੇ ਆਪਣੇ ਆਪਣੇ ਘਰਾਂ ਨੂੰ ਪਰਤ ਗਏ ॥੯॥

ਚੇਰੋ ਤਬੈ ਤੇਜ ਤਨ ਤਯੋ ॥

ਤਦ (ਉਸ) ਗੁਲਾਮ (ਹੁਸੈਨੀ) ਦਾ ਸ਼ਰੀਰ ਗੁੱਸੇ ਨਾਲ ਤਪ ਗਿਆ

ਭਲਾ ਬੁਰਾ ਕਛੁ ਲਖਤ ਨ ਭਯੋ ॥

ਅਤੇ (ਆਪਣਾ) ਚੰਗਾ ਮੰਦਾ ਕੁਝ ਵੀ ਨਾ ਵਿਚਾਰਿਆ।

ਛੰਦਬੰਦ ਨਹ ਨੈਕੁ ਬਿਚਾਰਾ ॥

(ਉਸ ਨੇ) ਕੋਈ ਰਾਜਨੈਤਿਕ ਚਾਲ ਨਾ ਸੋਚੀ

ਜਾਤ ਭਯੋ ਦੇ ਤਬਹਿ ਨਗਾਰਾ ॥੧੦॥

ਅਤੇ ਤੁਰਤ ਧੌਂਸਾ ਵਜਾ ਕੇ (ਗੁਪਾਲ ਉਤੇ) ਜਾ ਪਿਆ ॥੧੦॥

ਦਾਵ ਘਾਵ ਤਿਨ ਨੈਕੁ ਨ ਕਰਾ ॥

ਉਸ ਨੇ ਰਤਾ ਜਿੰਨਾ ਵੀ ਕੋਈ ਦਾਉ-ਪੇਚ ਨਾ ਕੀਤਾ।

ਸਿੰਘਹਿ ਘੇਰਿ ਸਸਾ ਕਹੁ ਡਰਾ ॥

(ਉਸ ਨੇ ਗੁਪਾਲ ਨੂੰ ਇੰਜ ਜਾ ਡਰਾਇਆ ਜਿਵੇਂ) ਸ਼ੇਰ ਨੂੰ ਘੇਰ ਕੇ ਸਹਿਆ ਡਰਾਉਣਾ ਚਾਹੁੰਦਾ ਹੋਵੇ।

ਪੰਦ੍ਰਹ ਪਹਰਿ ਗਿਰਦ ਤਿਹ ਕੀਯੋ ॥

ਪੰਦ੍ਰਹਾਂ ਪਹਿਰ ਉਸ ਨੇ ਘੇਰਾ ਘਤੀ ਰਖਿਆ

ਖਾਨ ਪਾਨਿ ਤਿਨ ਜਾਨ ਨ ਦੀਯੋ ॥੧੧॥

ਅਤੇ ਖਾਣ ਪੀਣ (ਦੀ ਕੋਈ ਚੀਜ਼ ਅੰਦਰ) ਜਾਣ ਨਾ ਦਿੱਤੀ ॥੧੧॥

ਖਾਨ ਪਾਨ ਬਿਨੁ ਸੂਰ ਰਿਸਾਏ ॥

ਖਾਣ ਪੀਣ ਤੋਂ ਬਿਨਾ ਸੂਰਮੇ ਕ੍ਰੋਧਵਾਨ ਹੋ ਗਏ।

ਸਾਮ ਕਰਨ ਹਿਤ ਦੂਤ ਪਠਾਏ ॥

(ਉਨ੍ਹਾਂ ਨੇ) ਸੰਧੀ ਕਰਨ ਲਈ ਦੂਤ ਭੇਜੇ।

ਦਾਸ ਨਿਰਖਿ ਸੰਗ ਸੈਨ ਪਠਾਨੀ ॥

ਗੁਲਾਮ (ਹੁਸੈਨੀ) ਆਪਣੇ ਨਾਲ ਆਈ ਪਠਾਣਾਂ ਦੀ ਸੈਨਾ ਨੂੰ ਵੇਖ ਦੇ

ਫੂਲਿ ਗਯੋ ਤਿਨ ਕੀ ਨਹੀ ਮਾਨੀ ॥੧੨॥

ਹੰਕਾਰਿਆ ਗਿਆ ਅਤੇ ਉਨ੍ਹਾਂ ਦੀ ਕੋਈ (ਵੀ ਗੱਲ) ਨਾ ਮੰਨੀ ॥੧੨॥

ਦਸ ਸਹੰਸ੍ਰ ਅਬ ਹੀ ਕੈ ਦੈਹੂ ॥

(ਹੁਸੈਨੀ ਨੇ ਸਪਸ਼ਟ ਕੀਤਾ ਕਿ) ਹੁਣ ਹੀ ਦਸ ਹਜ਼ਾਰ ਰੁਪਿਆ ਦਿਉ

ਨਾਤਰ ਮੀਚ ਮੂੰਡ ਪਰ ਲੈਹੂ ॥

ਨਹੀਂ ਤਾਂ ਸਿਰ ਉਤੇ ਮੌਤ ਆਈ ਸਮਝੋ।

ਸਿੰਘ ਸੰਗਤੀਯਾ ਤਹਾ ਪਠਾਏ ॥

(ਇਹ ਸੁਣ ਕੇ ਰਾਜਾ ਗੁਪਾਲ ਘਰ ਪਰਤ ਆਇਆ ਅਤੇ ਬਾਗ਼ੀ ਹੋ ਬੈਠਾ) (ਭੀਮ ਚੰਦ ਨੇ) ਸੰਗਤੀਆ ਸਿੰਘ ਨੂੰ ਉਸ ਕੋਲ ਭੇਜਿਆ

ਗੋਪਾਲੈ ਸੁ ਧਰਮ ਦੇ ਲ੍ਯਾਏ ॥੧੩॥

(ਜੋ) ਗੁਪਾਲ ਨੂੰ ਧਰਮ-ਸਾਖੀ ਦੇ ਕੇ ਲੈ ਆਇਆ ॥੧੩॥

ਤਿਨ ਕੇ ਸੰਗਿ ਨ ਉਨ ਕੀ ਬਨੀ ॥

ਗੋਪਾਲ ਦੀ ਭੀਮ ਚੰਦ ਨਾਲ ਨਾ ਬਣੀ

ਤਬ ਕ੍ਰਿਪਾਲ ਚਿਤ ਮੋ ਇਹ ਗਨੀ ॥

ਤਾਂ ਕ੍ਰਿਪਾਲ ਨੇ ਮਨ ਵਿਚ ਵਿਚਾਰਿਆ

ਐਸਿ ਘਾਤਿ ਫਿਰਿ ਹਾਥ ਨ ਐ ਹੈ ॥

ਕਿ ਅਜਿਹਾ ਮੌਕਾ ਫਿਰ ਹੱਥ ਨਹੀਂ ਆਉਣਾ।

ਸਬਹੂੰ ਫੇਰਿ ਸਮੋ ਛਲਿ ਜੈ ਹੈ ॥੧੪॥

ਸਮੇਂ ਦਾ ਗੇੜ ਸਭ ਨੂੰ ਛਲ ਜਾਵੇਗਾ ॥੧੪॥

ਗੋਪਾਲੇ ਸੁ ਅਬੈ ਗਹਿ ਲੀਜੈ ॥

ਗੋਪਾਲ ਨੂੰ ਹੁਣੇ ਹੀ ਫੜ ਲਈਏ,

ਕੈਦ ਕੀਜੀਐ ਕੈ ਬਧ ਕੀਜੈ ॥

ਕੈਦ ਕਰ ਰਖੀਏ ਜਾਂ ਮਾਰ ਦੇਈਏ।

ਤਨਿਕ ਭਨਕ ਜਬ ਤਿਨ ਸੁਨਿ ਪਾਈ ॥

(ਇਸ ਗੱਲ ਦੀ) ਕੁਝ ਭਿਣਕ ਜਦ ਗੋਪਾਲ ਨੂੰ ਪਈ,

ਨਿਜ ਦਲ ਜਾਤ ਭਯੋ ਭਟ ਰਾਈ ॥੧੫॥

ਤਾਂ ਉਹ ਸੂਰਮਾ ਆਪਣੀ ਸੈਨਾ ਵਿਚ ਚਲਾ ਗਿਆ ॥੧੫॥

ਮਧੁਭਾਰ ਛੰਦ ॥

ਮਧੁਭਾਰ ਛੰਦ:

ਜਬ ਗਯੋ ਗੁਪਾਲ ॥

ਜਦ ਗੋਪਾਲ ਚੰਦ ਚਲਾ ਗਿਆ,

ਕੁਪਿਯੋ ਕ੍ਰਿਪਾਲ ॥

ਤਦ ਕ੍ਰਿਪਾਲ ਕ੍ਰੋਧਿਤ ਹੋਇਆ।

ਹਿੰਮਤ ਹੁਸੈਨ ॥

ਹਿੰਮਤ ਕਰਕੇ ਹੁਸੈਨੀ (ਵਲੋਂ)

ਜੁੰਮੈ ਲੁਝੈਨ ॥੧੬॥

ਲੜਨ ਲਈ ਤੁਰ ਪਿਆ ॥੧੬॥

ਕਰਿ ਕੈ ਗੁਮਾਨ ॥

ਹੰਕਾਰ ਕਰਕੇ

ਜੁੰਮੈ ਜੁਆਨ ॥

ਸੂਰਮੇ ਚਲ ਪਏ।

ਬਜੇ ਤਬਲ ॥

ਧੌਂਸੇ ਅਤੇ ਨਗਾਰੇ

ਦੁੰਦਭ ਦਬਲ ॥੧੭॥

ਖ਼ੂਬ ਵਜਣ ਲਗੇ ॥੧੭॥

ਬਜੇ ਨਿਸਾਣ ॥

ਨਗਾਰੇ ਵਜਣ ਲਗੇ,

ਨਚੇ ਕਿਕਾਣ ॥

ਘੋੜੇ ਨਚਣ ਲਗੇ।

ਬਾਹੈ ਤੜਾਕ ॥

ਸ਼ਿਸ਼ਤ ਬੰਨ੍ਹ ਕੇ (ਤੀਰ) ਚਲਾਏ ਜਾਂਦੇ

ਉਠੈ ਕੜਾਕ ॥੧੮॥

ਅਤੇ ਕੜ-ਕੜ (ਦੀ ਧੁਨ) ਉਠਦੀ ॥੧੮॥

ਬਜੇ ਨਿਸੰਗ ॥

ਨਿਸੰਗ ਹੋ ਕੇ (ਯੋਧੇ ਧੌਂਸੇ) ਵਜਾਉਂਦੇ ਹਨ

ਗਜੇ ਨਿਹੰਗ ॥

ਅਤੇ ਮਹਾਨ ਯੋਧੇ (ਨਿਹੰਗ) ਗਜਦੇ ਹਨ।

ਛੁਟੈ ਕ੍ਰਿਪਾਨ ॥

ਕ੍ਰਿਪਾਨਾਂ ਚਲਦੀਆਂ ਹਨ

ਲਿਟੈ ਜੁਆਨ ॥੧੯॥

ਅਤੇ ਯੋਧੇ ਧਰਤੀ ਉਤੇ ਲੇਟਦੇ ਹਨ ॥੧੯॥


Flag Counter