ਤੂੰ ਹੀ, ਤੂੰ ਹੀ,
ਤੂੰ ਹੀ, ਤੂੰ ਹੀ,
ਤੂੰ ਹੀ, ਤੂੰ ਹੀ ॥੧੯॥੬੯॥
ਤੂੰ ਹੀ, ਤੂੰ ਹੀ,
ਤੂੰ ਹੀ, ਤੂੰ ਹੀ,
ਤੂੰ ਹੀ, ਤੂੰ ਹੀ,
ਤੂੰ ਹੀ, ਤੂੰ ਹੀ (ਅਰਥਾਤ ਸਭ ਕੁਝ ਸਭ ਪਾਸੇ ਤੂੰ ਹੀ ਤੂੰ ਹੈਂ) ॥੨੦॥੭੦॥
ਤੇਰੀ ਕ੍ਰਿਪਾ ਨਾਲ: ਕਬਿੱਤ:
(ਜੇ ਅਘੋਰੀਆਂ ਵਾਂਗ ਮਲ ਖਾਂਦਿਆਂ ਮੁਕਤੀ ਮਿਲਦੀ ਤਾਂ) ਸੂਰ ਮਲ ਖਾਂਦਾ ਹੈ; (ਜੇ ਵਿਭੂਤੀ ਮਲਣ ਨਾਲ ਮੁਕਤੀ ਮਿਲਦੀ ਤਾਂ) ਹਾਥੀ ਅਤੇ ਖੋਤੇ ਖੇਹ ਵਿਚ ਵਲਿਦਦੇ ਹਨ; (ਜੇ ਮਸਾਣਾਂ ਵਿਚ ਰਿਹਾਂ ਮੁਕਤੀ ਮਿਲਦੀ ਤਾਂ) ਗਿਦੜ ਮਸਾਣਾਂ ਵਿਚ ਹੀ ਰਿਹਾ ਕਰਦੇ ਹਨ (ਉਨ੍ਹਾਂ ਨੂੰ ਮੁਕਤੀ ਕਿਉਂ ਨਹੀਂ ਮਿਲਦੀ);
(ਜੇ ਮਠਾਂ ਵਿਚ ਵਸ ਕੇ ਮੁਕਤੀ ਮਿਲਦੀ ਤਾਂ) ਉੱਲੂ ਮਠਾਂ ਵਿਚ ਹੀ ਵਸਦੇ ਹਨ; (ਜੇ ਭਰਮਣ ਕਰਦਿਆਂ ਮੁਕਤੀ ਮਿਲਦੀ ਤਾਂ) ਪਸ਼ੂ ('ਮ੍ਰਿਗ') ਸਦਾ ਉਦਾਸੀਆਂ ਵਾਂਗ ਫਿਰਦੇ ਰਹਿੰਦੇ ਹਨ; (ਜੇ ਮੌਨ ਧਾਰਨ ਕਰਨ ਨਾਲ ਮੁਕਤੀ ਮਿਲਦੀ ਤਾਂ) ਬ੍ਰਿਛ ਸਦਾ ਮੌਨ ਧਾਰਿਆਂ ਹੀ ਮਰ ਜਾਂਦੇ ਹਨ;
(ਜੇ) ਵੀਰਜ ਦੇ ਸਾਧਿਆਂ (ਬ੍ਰਹਮਚਰਯ ਨੂੰ ਪਾਲਿਆਂ) (ਮੁਕਤੀ ਮਿਲਦੀ) ਤਾਂ ਉਨ੍ਹਾਂ ਨੂੰ ਹੀਜੜੇ ਦੀ ਤੁਲਨਾ ਦੇਣੀ ਚਾਹੀਦੀ ਹੈ; (ਜੇ ਨੰਗੇ ਪੈਰੀ ਫਿਰਨ ਨਾਲ ਮੁਕਤੀ ਮਿਲਦੀ, ਤਾਂ) ਬੰਦਰ ਸਦਾ ਨੰਗੇ ਪੈਰੀਂ ਫਿਰਦੇ ਹਨ (ਉਨ੍ਹਾਂ ਨੂੰ ਮੁਕਤੀ ਕਿਉਂ ਨਹੀਂ ਮਿਲਦੀ);
ਇਸਤਰੀ ਦੇ ਅਧੀਨ ਅਤੇ ਕਾਮ ਕ੍ਰੋਧ ਆਦਿ ਵਿਸ਼ਿਆਂ ਵਿਚ ਪੂਰੀ ਤਰ੍ਹਾਂ ਲਿਪਤ ਤੁੱਛ (ਵਿਅਕਤੀ) ਇਕ ਬ੍ਰਹਮ ਗਿਆਨ ਤੋਂ ਬਿਨਾ ਕਿਵੇਂ ਭਵ-ਸਾਗਰ ਤੋਂ ਤਰ ਸਕਦੇ ਹਨ ॥੧॥੭੧॥
ਭੂਤ ਬਨ ਵਿਚ ਫਿਰਨ ਵਾਲੇ ਹਨ, ਧਰਤੀ ('ਛਿਤ') ਉਤੇ ਸਾਰੇ ਛੋਟੇ ਬੱਚੇ (ਮਾਂ ਦੇ) ਦੁੱਧ ਉਤੇ ਪਲਦੇ ਹਨ, ਪੌਣ ਨੂੰ ਆਹਾਰ ਬਣਾਉਣ ਵਾਲੇ ਸੱਪ ਅਖਵਾਉਂਦੇ ਹਨ;
ਘਾਹ ਖਾਣ ਵਾਲਿਆਂ ਅਤੇ ਧਨ ਦੇ ਲੋਭ ਨੂੰ ਤਿਆਗਣ ਵਾਲਿਆਂ ਨੂੰ ਗਊਆਂ ਦੇ ਜਾਏ ਬਲਦ ਹੀ ਮੰਨਣਾ ਚਾਹੀਦਾ ਹੈ (ਕਿਉਂਕਿ ਉਹ ਸਿਰ ਸੁਟ ਕੇ ਬਿਨਾ ਕਿਸੇ ਲਾਲਸਾ ਦੇ ਕੰਮ ਕਰੀ ਜਾਂਦੇ ਹਨ);
(ਜੋ ਸਿੱਧੀਆਂ ਦੇ ਬਲ ਤੇ) ਆਕਾਸ਼ ਵਿਚ ਉਡਦੇ ਹਨ, ਉਨ੍ਹਾਂ ਨੂੰ ਪੰਛੀ ਦੀ ਉਪਮਾ ਦੇਣੀ ਚਾਹੀਦੀ ਹੈ ਅਤੇ ਬਗਲੇ, ਬਿੱਲੇ ਤੇ ਬਘਿਆੜ ਨੂੰ ਧਿਆਨੀ ਕਹਿਣਾ ਚਾਹੀਦਾ ਹੈ (ਕਿਉਂਕਿ ਉਹ ਸ਼ਿਕਾਰ ਦੀ ਤਾਕ ਵਿਚ ਅੱਖਾਂ ਬੰਦ ਕਰ ਕੇ ਬੈਠੇ ਰਹਿੰਦੇ ਹਨ);
ਜਿਤਨੇ ਵੀ ਵੱਡੇ ਵੱਡੇ ਗਿਆਨੀ ਹੋਏ ਹਨ, ਉਨ੍ਹਾਂ ਨੇ (ਇਨ੍ਹਾਂ ਦਿਖਾਵਿਆਂ ਦੀ ਅਸਲੀਅਤ ਨੂੰ) ਸਮਝ ਲਿਆ, ਪਰ ਦਸਿਆ ਕੁਝ ਨਹੀਂ, (ਇਸ ਲਈ ਅਸੀਂ ਗਜ ਵਜ ਕੇ ਕਹਿੰਦੇ ਹਾਂ ਕਿ) ਅਜਿਹੇ ਪ੍ਰਪੰਚਾਂ ਅਥਵਾ ਪਾਖੰਡਾਂ ਨੂੰ ਭੁਲ ਕੇ ਵੀ ਮਨ ਵਿਚ ਨਹੀਂ ਲਿਆਉਣਾ ਚਾਹੀਦਾ ॥੨॥੭੨॥
ਭੂਮੀ ਉਤੇ ਵਸਣ ਵਾਲਿਆਂ ਨੂੰ ਭੂਚਰੀ ('ਘੀਸ') ਦੇ ਜਾਏ ਕਹਿਣਾ ਚਾਹੀਦਾ ਹੈ ਅਤੇ ਆਕਾਸ਼ ਵਿਚ ਉਡਣ ਵਾਲਿਆਂ ਨੂੰ ਚਿੜੀਆਂ ਕਹਿਣਾ ਚਾਹੀਦਾ ਹੈ;
ਫਲਾਂ ਦੇ ਖਾਣ ਵਾਲਿਆਂ ਨੂੰ ਬਾਂਦਰੀ ਦੇ ਪੈਦਾ ਕੀਤੇ ਕਹਿਣਾ ਚਾਹੀਦਾ ਹੈ ਅਤੇ ਅਦ੍ਰਿਸ਼ਟ ਰੂਪ ਵਿਚ ਫਿਰਨ ਵਾਲਿਆਂ ਨੂੰ ਭੂਤ ਸਮਝਣਾ ਚਾਹੀਦਾ ਹੈ;
ਪਾਣੀ ਵਿਚ ਤਰਨ ਵਾਲਿਆਂ ਨੂੰ ਜਗਤ 'ਜਲ-ਜੁਲਾਹਾ' ਹੀ ਕਹਿੰਦਾ ਹੈ (ਕਿਉਂਕਿ ਉਡਣ ਵਾਲਾ ਉਹ ਕੀੜਾ ਜਲ ਉਤੇ ਹੀ ਤਾਣਾ ਤਣਦਾ ਰਹਿੰਦਾ ਹੈ) ਅਤੇ ਅੱਗ ਖਾਣ ਵਾਲੇ ਨੂੰ ਚਕੋਰ ਵਰਗਾ ਸਮਝਣਾ ਚਾਹੀਦਾ ਹੈ;
ਸੂਰਜ ਦੇ ਉਪਾਸਕ ਨੂੰ ਕਮਲ ਫੁਲ ਦੀ ਉਪਮਾ ਦੇਣੀ ਚਾਹੀਦੀ ਹੈ ਅਤੇ ਚੰਦ੍ਰਮਾ ਦੇ ਉਪਾਸਕ ਨੂੰ ਕਮਲਨੀ ਸਮਝਣਾ ਚਾਹੀਦਾ ਹੈ (ਕਿਉਂਕਿ ਇਹ ਕ੍ਰਮਵਾਰ ਸੂਰਜ ਅਤੇ ਚੰਦ੍ਰਮਾ ਨੂੰ ਵੇਖ ਕੇ ਖਿੜਦੇ ਜਾਂ ਵਿਗਸਦੇ ਹਨ) ॥੩॥੭੩॥
(ਜੇ ਜਲ ਵਿਚ ਨਿਵਾਸ ਕਰਨ ਵਾਲੇ ਨੂੰ ਨਾਰਾਇਣ ਕਿਹਾ ਜਾਣਾ ਹੈ ਤਾਂ) ਸਾਰਿਆਂ ਕਛੂਆਂ, ਮੱਛਾਂ ਅਤੇ ਤੇਂਦੂਆਂ ਨੂੰ ਨਾਰਾਇਣ ਕਿਹਾ ਜਾਵੇਗਾ, (ਜੇ ਵਿਸ਼ਣੂ ਨੂੰ 'ਕੌਲ-ਨਾਭੀ' ਆਖਦੇ ਹਨ ਤਾਂ) ਜਿਸ ਤਾਲਾਬ ਵਿਚ ਕਮਲ ਪੈਦਾ ਹੁੰਦੇ ਹਨ, ਕੀ ਉਹ ਕੌਲ-ਨਾਭੀ ਨਹੀਂ ਹੈ;
(ਜੇ ਉਸ ਪਰਮ-ਸੱਤਾ ਦਾ ਨਾਂ) ਗੋਪੀਨਾਥ ਹੈ ਤਾਂ ਸਾਰੇ ਗੁਜਰ ਅਤੇ ਗਊਆਂ ਦੇ ਪਾਲਕ ਗਵਾਲੇ ਗੋਪੀਆਂ ਦੇ ਪਤੀ (ਨਹੀਂ ਹਨ) ਜੇ (ਉਸ ਦਾ ਨਾਮ ਰਿਖੀਕੇਸ਼ ਹੈ ਤਾਂ) ਰਿਖੀਕੇਸ਼ ਨਾਂ ਦੇ ਕਈ ਮਹੰਤ ਵੇਖੇ ਜਾਂਦੇ ਹਨ;
(ਜੇ ਉਸ ਦਾ ਨਾਂ ਮਾਧਵ ਯਦੂਵੰਸ਼ੀ ਕ੍ਰਿਸ਼ਣ ਹੈ ਤਾਂ ਭੌਰੇ ਦਾ ਨਾਂ ਵੀ) ਮਾਧਵ ਹੈ, (ਜੇ ਉਸ ਦਾ ਨਾਂ ਕਨ੍ਹੱਯਾ ਹੈ ਤਾਂ ਲੰਮੀਆਂ ਟੰਗਾਂ ਵਾਲੀ) ਮਕੜੀ ਦਾ ਨਾਂ ਵੀ ਕਨ੍ਹੱਯਾ ਹੈ ਅਤੇ (ਜੇ ਉਸ ਦਾ ਨਾਂ ਕੰਸ-ਬਧਕ ਹੈ ਤਾਂ) ਕੰਸ ਨੂੰ ਮਾਰਨ ਵਾਲਾ ਜਮਦੂਤ ਵੀ ਕੰਸ-ਬਧਕ ਹੈ;
ਅਗਿਆਨੀ ਲੋਕ ਕੇਵਲ ਪਰੰਪਰਾ (ਲਕੀਰ ਦੀ ਫਕੀਰੀ) ਨੂੰ ਪਾਲਦੇ ਹਨ, (ਪਰ) ਬ੍ਰਹਮਗਿਆਨ ਦੇ ਰਹੱਸ ਨੂੰ ਸਮਝਦੇ ਨਹੀਂ ਅਤੇ ਉਸ ਨੂੰ ਪੂਜਦੇ ਨਹੀਂ ਜਿਸ ਦੇ ਰਖਿਆਂ (ਸੰਸਾਰ ਵਿਚ) ਰਹੀਦਾ ਹੈ ॥੪॥੭੪॥
(ਜੋ ਪਰਮਾਤਮਾ) ਵਿਸ਼ਵ ਦਾ ਪਾਲਕ ਅਤੇ ਜਗਤ ਦਾ ਕਾਲ-ਸਰੂਪ ਹੈ, ਦੀਨਾਂ ਉਤੇ ਦਿਆਲੂ ਅਤੇ ਵੈਰੀਆਂ ਲਈ ਦੁਖਦਾਇਕ ਹੈ, (ਹਰ ਇਕ ਦੀ) ਸਦਾ ਪਾਲਨਾ ਕਰਦਾ ਹੈ ਅਤੇ ਜਮ ਦੇ ਜਾਲ ਦੇ ਪ੍ਰਭਾਵ ਤੋਂ ਮੁਕਤ ਹੈ।
(ਕਈ) ਜਟਾਧਾਰੀ ਜੋਗੀ, ਸੱਚੇ ਸਤੀ ਅਤੇ ਵੱਡੇ ਬ੍ਰਹਮਚਾਰੀ (ਉਸ ਪ੍ਰਭੂ ਦੇ) ਧਿਆਨ ਲਈ ਭੁਖ ਅਤੇ ਪਿਆਸ ਨੂੰ ਆਪਣੇ ਸ਼ਰੀਰ ਉਤੇ ਸਹਿਨ ਕਰਦੇ ਹਨ।
(ਉਸ ਦੇ ਗਿਆਨ ਦੀ ਪ੍ਰਾਪਤੀ ਲਈ ਕਈ) ਨੌਲਿ ਕਰਮ, (ਕਰਦੇ ਹਨ ਅਤੇ ਕਈ) ਜਲ, ਅਗਨੀ ਅਤੇ ਪੌਣ ਨਾਲ ਸੰਬੰਧਿਤ ਹੋਮ (ਕਰਦੇ ਹਨ ਅਤੇ ਕਈ) ਮੂਧੇ ਮੂੰਹ ਲਟਕ ਕੇ (ਅਤੇ ਕਈ) ਇਕ ਪੈਰ ਤੇ ਖੜੇ ਹੋ ਕੇ (ਸਮੇਂ ਨੂੰ) ਗੁਜ਼ਾਰਦੇ ਹਨ।
(ਉਸ ਦਾ) ਭੇਦ ਮਨੁੱਖ, ਸ਼ੇਸ਼ਨਾਗ, ਦੇਵਤੇ ਅਤੇ ਦੈਂਤ ਨਹੀਂ ਪਾ ਸਕਦੇ ਅਤੇ ਵੇਦ ਤੇ ਕਤੇਬ ਵੀ ਬੇਅੰਤ ਬੇਅੰਤ ਕਹਿੰਦੇ ਹਨ ॥੫॥੭੫॥
(ਜੇ ਪਰਮਾਤਮਾ ਨ੍ਰਿਤ-ਭਗਤੀ ਕਰਨ ਨਾਲ ਮਿਲਦਾ ਹੋਵੇ ਤਾਂ) ਮੋਰ ਨਚਦਾ ਰਹਿੰਦਾ ਹੈ; (ਜੇ ਪਰਮਾਤਮਾ ਨਰਸਿੰਘੇ ਵਜਾਉਣ ਨਾਲ ਮਿਲਦਾ ਹੋਵੇ ਤਾਂ) ਬਦਲ ਗਜਦੇ ਰਹਿੰਦੇ ਹਨ; (ਅਤੇ ਜੇ ਪਰਮਾਤਮਾ ਰਾਸ-ਲੀਲਾ ਨਾਲ ਮਿਲਦਾ ਹੋਵੇ ਤਾਂ) ਬਿਜਲੀ ਅਨੇਕ ਹਾਵ-ਭਾਵ ਕਰਦੀ ਹੀ ਰਹਿੰਦੀ ਹੈ।
(ਜੇ ਪਰਮਾਤਮਾ ਸ਼ਾਂਤੀ ਧਾਰਿਆਂ ਮਿਲਦਾ ਹੋਵੇ ਤਾਂ) ਚੰਦ੍ਰਮਾ ਤੋਂ ਕੋਈ ਠੰਡਾ ਨਹੀਂ ਹੈ, (ਜੇ ਉਹ ਗਰਮੀ ਸਹਾਰਿਆ ਮਿਲਦਾ ਹੋਵੇ ਤਾਂ) ਸੂਰਜ ਵਰਗੇ ਤਪਦੇ ਤੇਜ ਵਾਲਾ ਕੋਈ ਨਹੀਂ ਹੈ (ਅਤੇ ਜੇ ਲੋਕਾਂ ਨੂੰ ਮਾਲ-ਧਨ ਨਾਲ ਭਰਨ ਨਾਲ ਕਿਸੇ ਰਾਜੇ ਨੂੰ ਪਰਮਾਤਮਾ ਮਿਲਦਾ ਹੋਵੇ ਤਾਂ) ਇੰਦਰ ਵਰਗਾ ਜਗਤ ਅਤੇ ਧਰਤੀ ਨੂੰ ਭਰਨ ਵਾਲਾ ਕੋ
(ਜੇ ਤਪ ਕੀਤਿਆਂ ਮਿਲਦਾ ਹੋਵੇ ਤਾਂ) ਸ਼ਿਵ ਵਰਗਾ (ਕੋਈ) ਤਪਸੀ ਨਹੀਂ (ਤੇ ਜੇ ਵੇਦ ਪੜ੍ਹਿਆਂ ਮਿਲਦਾ ਹੋਵੇ ਤਾਂ) ਬ੍ਰਹਮਾ ਵਰਗਾ ਵੇਦਵਿਚਾਰੀ ਕੋਈ ਨਹੀਂ ਹੈ ਅਤੇ (ਜੇ ਤਪਸਿਆ ਕੀਤਿਆਂ ਮਿਲਦਾ ਹੋਵੇ ਤਾਂ) ਸਨਤ ਕੁਮਾਰ ਵਰਗੀ ਤਪਸਿਆ ਕਿਸੇ ਹੋਰ ਨੇ ਨਹੀਂ ਕਰਨੀ।
ਗਿਆਨ ਤੋਂ ਵਾਂਝੇ ਲੋਕ, ਕਾਲ ਦੇ ਫੰਧੇ ਵਿਚ ਫਸੇ ਲੋਕ ਸਦਾ ਯੁਗਾਂ ਦੀ ਚੌਕੜੀ ਦੇ ਫਿਰਾਏ ਫਿਰਦੇ ਰਹਿੰਦੇ ਹਨ (ਅਰਥਾਤ ਆਵਾਗਵਣ ਵਿਚ ਉਲਝੇ ਰਹਿੰਦੇ ਹਨ) ॥੬॥੭੬॥
ਇਕ ਸ਼ਿਵ ਹੋਏ ਉਹ ਵੀ ਗਏ, ਇਕ ਫਿਰ ਹੋਏ (ਉਹ ਵੀ ਚਲੇ ਗਏ) ਰਾਮ ਚੰਦਰ, ਕ੍ਰਿਸ਼ਣ ਵਰਗੇ ਅਵਤਾਰ ਵੀ ਅਨੇਕਾਂ ਹੋਏ।
ਕਿਤਨੇ ਹੀ ਬ੍ਰਹਮਾ ਅਤੇ ਵਿਸ਼ਣੂ (ਹੋਏ) ਕਿਤਨੇ ਹੀ ਵੇਦ ਅਤੇ ਪੁਰਾਨ (ਹੋਏ) ਅਤੇ ਸਮ੍ਰਿਤੀਆਂ ਦੇ ਸਮੂਹ ਹੋ ਹੋ ਕੇ ਬੀਤ ਗਏ ਹਨ।
ਕਿਤਨੇ ਹੀ (ਧਰਮ ਦੀ ਰਖਿਆ ਕਰਨ ਵਾਲੇ) ਮੁਆਵਨੁੱਦੀਨ ਅਤੇ ਮਦਾਰ (ਸ਼ੇਖ ਬਦੀਹੁੱਦੀਨ ਕਨੌਜੀ ਵਰਗੇ ਦਰਵੇਸ਼) ਕਿਤਨੇ ਹੀ ਅਸ਼੍ਵਵਨੀ ਕਮਾਰ, ਕਿਤਨੇ ਹੀ ਅੰਸ਼ਅਵਤਾਰ (ਇਸ ਸੰਸਾਰ ਵਿਚ ਆ ਕੇ) ਕਾਲ ਵਸ ਹੋ ਗਏ ਹਨ।
ਕਿਤਨੇ ਹੀ ਪੀਰ ਅਤੇ ਪੈਗ਼ੰਬਰ (ਹੋਏ ਹਨ, ਜੋ) ਇਤਨੇ ਹਨ ਕਿ ਗਿਣੇ ਨਹੀਂ ਜਾ ਸਕਦੇ, ਉਹ (ਸਾਰੇ) ਭੂਮੀ ਉਤੇ ਪੈਦਾ ਹੋ ਕੇ ਫਿਰ ਭੂਮੀ ਵਿਚ ਹੀ ਸਮਾ ਗਏ ਹਨ ॥੭॥੭੭॥
ਜੋਗੀ, ਜਤੀ, ਬ੍ਰਹਮਚਾਰੀ ਅਤੇ ਵੱਡੇ ਵੱਡੇ ਛਤ੍ਰਧਾਰੀ (ਰਾਜੇ) ਹੋਏ ਹਨ, ਜੋ ਕਈ ਕੋਹਾਂ ਤਕ ਛਤ੍ਰਾਂ ਦੀ ਛਾਂ ਹੇਠਾਂ ਹੀ ਚਲਦੇ ਹਨ (ਸੰਕੇਤ ਦੁਰਯੋਧਨ ਵਲ ਹੈ ਜੋ ਭੀਸ਼ਮ ਪਿਤਾਮਾ ਨੂੰ ਮਿਲਣ ਲਈ ੪੮ ਕੋਹ ਛਤ੍ਰਾਂ ਦੀ ਛਾਂ ਹੇਠ ਚਲ ਕੇ ਗਿਆ ਸੀ);
ਜੋ ਵੱਡਿਆਂ ਵੱਡਿਆਂ ਰਾਜਿਆਂ ਦੇ ਦੇਸ਼ ਨੂੰ ਦਬਾਂਦੇ ਫਿਰਦੇ ਸਨ ਅਤੇ ਵੱਡਿਆਂ ਵੱਡਿਆਂ ਰਾਜਿਆਂ ਦੇ ਹੰਕਾਰ ਨੂੰ ਦਲਦੇ ਫਿਰਦੇ ਸਨ;
ਮਾਨਧਾਤਾ ਵਰਗੇ ਰਾਜੇ ਅਤੇ ਦਲੀਪ ਵਰਗੇ ਛਤ੍ਰਧਾਰੀ ਜੋ ਆਪਣੀਆਂ ਭੁਜਾਵਾਂ ਦਾ ਬਹੁਤ ਮਾਣ ਕਰਦੇ ਸਨ;
ਦਾਰਾ ਵਰਗੇ ਰਾਜੇ ('ਦਿਲੀਸਰ') ਅਤੇ ਦੁਰਯੋਧਨ ਵਰਗੇ ਹੰਕਾਰੀ (ਜੋ ਭੋਗਾਂ ਨੂੰ) ਭੋਗ ਭੋਗ ਕੇ ਅੰਤ ਵਿਚ ਧਰਤੀ ਵਿਚ ਹੀ ਮਿਲ ਗਏ ਹਨ ॥੮॥੭੮॥
(ਜੇ ਸਿਜਦਾ ਕੀਤਿਆਂ ਪਰਮਾਤਮਾ ਪ੍ਰਸੰਨ ਹੁੰਦਾ ਹੋਵੇ ਤਾਂ) ਤੋਪਚੀ ਕਪਟ ਸਹਿਤ ਅਨੇਕ ਵਾਰ (ਗੋਲਾ ਦਾਗਣ ਲਈ) ਸਿਜਦਾ ਕਰਦੇ ਹਨ ਅਤੇ ਪੋਸਤੀ ਵੀ ਅਨੇਕ ਵਾਰ ਸਿਰ ਨਿਵਾਉਂਦਾ ਹੈ।
ਕੀ ਹੋਇਆ ਜੇ ਕੋਈ ਪਹਿਲਵਾਨ ਅਨੇਕ ਡੰਡ ਕਢਦਾ ਹੈ ਪਰ ਉਸ ਨੂੰ ਈਸ਼ਵਰ ('ਅਥਿਤੀਸ') ਅਗੇ ਕੀਤਾ ਅਸ਼ਟਾਂਗ ਡੰਡੌਤ ਨਹੀਂ ਕਿਹਾ ਜਾ ਸਕਦਾ।
ਕੀ ਹੋਇਆ (ਜੋ ਕੋਈ ਜੋਗੀ) ਰੋਗੀ ਵਾਂਗ ਉਪਰ ਵਲ ਮੂੰਹ ਕਰ ਕੇ ਪਿਆ ਰਹੇ, (ਕੀ ਹੋਇਆ ਜੇ ਕੋਈ ਜੋਗੀ ਸਿਰ ਮੁਨਾਈ ਫਿਰਦਾ ਰਹੇ ਜਦੋਂ ਤਕ) ਮਨ ਨੂੰ ਮੁੰਨ ਕੇ (ਸਵੱਛ ਕਰ ਕੇ) ਪਰਮਾਤਮਾ ਦੇ ਦਰਸ਼ਨ (ਧਿਆਨ) ਨਹੀਂ ਕਰਦਾ।
(ਜੋ) ਕਾਮਨਾਵਾਂ ਦੇ ਅਧੀਨ, ਛਲ-ਕਪਟ ਵਿਚ ਪ੍ਰਬੀਨ ਅਤੇ ਇਕ (ਪਰਮਾਤਮਾ) ਦੀ ਭਾਵਨਾ ਤੋਂ ਸਖਣੇ ਹਨ, ਉਹ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਨ ॥੯॥੭੯॥
(ਜੇ ਸਿਰ ਦੇ ਪਟਕਿਆਂ ਪਰਮਾਤਮਾ ਮਿਲਦਾ ਹੋਵੇ, ਤਾਂ) ਜਿਸ ਦੇ ਕੰਨ ਵਿਚ ਕੰਨਖਜੂ ਰਾ ਵੜ ਗਿਆ ਹੋਵੇ ਉਹ ਵੀ ਸਿਰ ਪਟਕਦਾ ਹੈ (ਅਤੇ ਜੇ ਪਰਮਾਤਮਾ ਸਿਰ ਨੂੰ ਪਿਟਣ ਨਾਲ ਮਿਲਦਾ ਹੋਵੇ ਤਾਂ) ਮਿਤਰ ਅਤੇ ਪੁੱਤਰ ਦੇ ਮਰਨ ਦੇ ਸੋਗ ਵਿਚ ਵੀ ਸਿਰ ਪਿਟਿਆ ਜਾਂਦਾ ਹੈ।
(ਜੇ ਪਰਮਾਤਮਾ ਬਨ ਵਿਚ ਵਿਚਰਨ ਅਤੇ ਫਲ-ਫੁਲ ਖਾਣ ਨਾਲ ਮਿਲਦਾ ਹੋਵੇ ਤਾਂ) ਅੱਕ ਨੂੰ ਖਾਣ ਵਾਲੇ, ਫਲ-ਫੁਲ ਨੂੰ ਭੱਛਣ ਵਾਲੇ, ਅਤੇ ਸਦਾ ਬਨ ਵਿਚ ਫਿਰਨ ਵਾਲੇ ਬਕਰੇ (ਬੋਕ) ਵਰਗਾ ਕੋਈ ਹੋਰ ਦੂਜਾ ਨਹੀਂ ਹੈ।
ਕੀ ਹੋਇਆ ਜੇ ਭੇਡ ਸਦਾ ਆਪਣਾ ਸਿਰ ਬ੍ਰਿਛਾਂ ਨਾਲ ਰਗੜਦੀ ਫਿਰਦੀ ਹੈ (ਪਰ ਮੱਥਾ ਰਗੜਨ ਨਾਲ ਪ੍ਰਭੂ ਨਹੀਂ ਮਿਲਦਾ) ਅਤੇ ਜੇ ਮਿੱਟੀ ਦੇ ਖਾਧਿਆਂ (ਪਰਮਾਤਮਾ ਮਿਲਦਾ ਹੁੰਦਾ ਤਾਂ) ਮਿੱਟੀ ਨੂੰ ਖਾਣ ਵਾਲੀ ਜੋਕ ਨੂੰ ਪੁਛ ਵੇਖੋ।
ਜੋ ਵਿਅਕਤੀ ਕਾਮਨਾਵਾਂ ਦੇ ਅਧੀਨ ਹੈ ਅਤੇ ਕਾਮਕ੍ਰੋਧ ਵਿਚ ਪ੍ਰਬੀਨ ਹੈ, (ਪਰ) ਇਕ ਭਾਵਨਾ ਤੋਂ ਵਾਂਝਿਆ ਹੈ ਤਾਂ ਉਹ ਬ੍ਰਹਮਲੋਕ ('ਪਰਲੋਕ') ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ ॥੧੦॥੮੦॥
(ਜੇ ਨੱਚਣ ਅਤੇ ਸ਼ੋਰ ਪਾਉਣ ਨਾਲ ਪਰਮਾਤਮਾ ਮਿਲਦਾ ਹੋਵੇ ਤਾਂ) ਮੋਰ ਨਚਿਆ ਕਰਦਾ ਹੈ ਅਤੇ ਡੱਡੂ ਰੌਲਾ ਪਾਉਂਦੇ ਹਨ ਅਤੇ ਬਦਲ ਸਦਾ ਗਜਿਆ ਕਰਦੇ ਹਨ।
(ਜੇ ਇਕ ਪੈਰ ਉਤੇ ਖੜੋਤਿਆਂ ਪਰਮਾਤਮਾ ਮਿਲਦਾ ਹੋਵੇ ਤਾਂ) ਬਨ ਵਿਚ ਬ੍ਰਿਛ ਸਦਾ ਇਕ ਪੈਰ ਦੇ ਭਾਰ ਤੇ ਖੜੇ ਰਹਿੰਦੇ ਹਨ (ਅਤੇ ਜੇ ਜੀਵਾਂ ਨੂੰ ਦੁਖ ਨਾ ਦਿੱਤਿਆਂ ਪ੍ਰਭੂ ਮਿਲਦਾ ਹੋਵੇ ਤਾਂ) ਸ੍ਰੇਵੜੇ ਧਰਤੀ ਉਤੇ ਹੂੰਝ ਹੂੰਝ (ਫੂਕ ਫੂਕ ਕੇ) ਪੈਰ ਧਰਦੇ ਹਨ।
(ਜੇ ਇਕ ਸਥਾਨ ਉਤੇ ਟਿਕੇ ਰਹਿਣ ਨਾਲ ਪ੍ਰਭੂ ਮਿਲਦਾ ਹੋਵੇ ਤਾਂ) ਪੱਥਰ ਅਨੇਕ ਯੁਗਾਂ ਤਕ ਇਕ ਥਾਂ ਉਤੇ ਵਾਸ ਕਰਦੇ ਹਨ ਅਤੇ (ਜੇ ਘੁੰਮਣ ਫਿਰਨ ਨਾਲ ਪ੍ਰਭੂ ਮਿਲਦਾ ਹੋਵੇ ਤਾਂ) ਕਾਂ ਅਤੇ ਇੱਲਾਂ (ਸਦਾ) ਦੇਸ-ਦੇਸਾਂਤਰਾਂ ਵਿਚ ਵਿਚਰਦੇ ਰਹਿੰਦੇ ਹਨ।
(ਜਿਵੇਂ) ਬ੍ਰਹਮ ਗਿਆਨ ਤੋਂ ਰਹਿਤ ਵਿਅਕਤੀ ਮਹਾਦਾਨੀ (ਪਰਮਾਤਮਾ) ਵਿਚ ਲੀਨ ਨਹੀਂ ਹੋ ਸਕਦਾ, ਉਸੇ ਤਰ੍ਹਾਂ ਪ੍ਰੇਮ ਅਤੇ ਸ਼ਰਧਾ ਤੋਂ ਸਖਣੇ ਵਿਅਕਤੀ (ਸੰਸਾਰ ਸਾਗਰ ਨੂੰ) ਕਿਵੇਂ ਤਰ ਸਕਦੇ ਹਨ ॥੧੧॥੮੧॥