ਸ਼੍ਰੀ ਦਸਮ ਗ੍ਰੰਥ

ਅੰਗ - 1383


ਭਾਤਿ ਭਾਤਿ ਤਨ ਸੁਭਟ ਪ੍ਰਹਾਰੇ ॥

ਭਾਂਤ ਭਾਂਤ ਦੇ ਸੂਰਮਿਆਂ ਉਤੇ ਵਾਰ ਕੀਤੇ

ਟੂਕ ਟੂਕ ਕਰਿ ਪ੍ਰਿਥੀ ਪਛਾਰੇ ॥

ਅਤੇ ਟੋਟੇ ਟੋਟੇ ਕਰ ਕੇ ਧਰਤੀ ਉਤੇ ਸੁਟ ਦਿੱਤੇ।

ਕੇਸਨ ਤੇ ਗਹਿ ਕਿਤਨ ਪਛਾਰਾ ॥

ਕਿਤਨਿਆਂ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਸੁਟਿਆ

ਸਤ੍ਰੁ ਸੈਨ ਤਿਲ ਤਿਲ ਕਰਿ ਡਾਰਾ ॥੩੩੩॥

ਅਤੇ ਵੈਰੀ ਦੀ ਸੈਨਾ ਨੂੰ ਤਿਲ ਤਿਲ ਜਿੰਨਾ ਕਰ ਦਿੱਤਾ ॥੩੩੩॥

ਝਮਕਤ ਕਹੀ ਅਸਿਨ ਕੀ ਧਾਰਾ ॥

ਕਿਤੇ ਤਲਵਾਰਾਂ ਦੀਆਂ ਧਾਰਾਂ ਚਮਕ ਰਹੀਆਂ ਸਨ।

ਭਭਕਤ ਰੁੰਡ ਮੁੰਡ ਬਿਕਰਾਰਾ ॥

(ਕਿਤੇ) ਭਿਆਨਕ ਸਿਰ ਅਤੇ ਧੜ ਭਭਕ ਰਹੇ ਸਨ।

ਕੇਤਿਕ ਗਰਜਿ ਸਸਤ੍ਰ ਕਟਿ ਸਜਹੀ ॥

ਕਿਤਨੇ ਲਕ ਨਾਲ ਸ਼ਸਤ੍ਰ ਸਜਾ ਕੇ ਗਜ ਰਹੇ ਸਨ

ਅਸਤ੍ਰ ਛੋਰਿ ਕੇਤੇ ਭਟ ਭਜਹੀ ॥੩੩੪॥

ਅਤੇ ਕਿਤਨੇ ਸੂਰਮੇ ਅਸਤ੍ਰ ਛਡ ਕੇ ਭਜ ਰਹੇ ਸਨ ॥੩੩੪॥

ਮਾਰੇ ਪਰੇ ਪ੍ਰਿਥੀ ਪਰ ਕੇਤੇ ॥

ਕਿਤਨੇ ਮਹਾਨ ਅਤੇ ਵਿਕਰਾਲ ਸੂਰਮੇ ਮਾਰੇ ਹੋਏ

ਮਹਾ ਬੀਰ ਬਿਕਰਾਰ ਬਿਚੇਤੇ ॥

ਧਰਤੀ ਉਤੇ ਬੇਸੁੱਧ ਪਏ ਸਨ।

ਝਿਮਿ ਝਿਮਿ ਗਿਰੈ ਸ੍ਰੋਨ ਜਿਮਿ ਝਰਨਾ ॥

(ਉਨ੍ਹਾਂ ਦੇ ਸ਼ਰੀਰਾਂ ਤੋਂ) ਝਰਨਿਆਂ ਵਾਂਗ ਲਹੂ ਝਿਮ ਝਿਮ ਕਰਦਾ ਝਰ ਰਿਹਾ ਸੀ।

ਭਯੋ ਘੋਰ ਰਨ ਜਾਤ ਨ ਬਰਨਾ ॥੩੩੫॥

ਬਹੁਤ ਘਮਸਾਨ ਯੁੱਧ ਹੋਇਆ, ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੩੩੫॥

ਅਚਿ ਅਚਿ ਰੁਧਰ ਡਾਕਨੀ ਡਹਕੈ ॥

(ਕਿਤੇ) ਡਾਕਣੀਆਂ (ਚੁੜੇਲਾਂ) ਲਹੂ ਪੀ ਪੀ ਕੇ ਡਹਿਕ ਰਹੀਆਂ ਸਨ।

ਭਖਿ ਭਖਿ ਮਾਸ ਕਾਕ ਕਹੂੰ ਕਹਕੈ ॥

ਕਿਤੇ ਕਾਂ ਮਾਸ ਖਾ ਖਾ ਕੇ ਕਾਂ-ਕਾਂ ਕਰ ਰਹੇ ਸਨ।

ਦਾਰੁਨ ਹੋਤ ਭਯੋ ਤਹ ਜੁਧਾ ॥

ਉਥੇ ਬਹੁਤ ਭਿਆਨਕ ਯੁੱਧ ਹੋਇਆ।

ਹਮਰੇ ਬੀਚ ਨ ਆਵਤ ਬੁਧਾ ॥੩੩੬॥

(ਉਸ ਦਾ ਅਨੁਮਾਨ ਲਗਾ ਸਕਣਾ) ਮੇਰੀ ਬੁੱਧੀ ਵਿਚ ਨਹੀਂ ਆਉਂਦਾ ॥੩੩੬॥

ਮਾਰੇ ਪਰੇ ਦੈਤ ਕਹੀ ਭਾਰੇ ॥

ਕਿਤੇ ਵੱਡੇ ਦੈਂਤ ਮਾਰੇ ਪਏ ਸਨ

ਗਿਰੇ ਕਾਢਿ ਕਰਿ ਦਾਤ ਡਰਾਰੇ ॥

ਅਤੇ ਕਿਤੇ ਭਿਆਨਕ ਦੰਦ ਕਢ ਕੇ ਡਿਗੇ ਪਏ ਹਨ।

ਸ੍ਰੋਨਤ ਬਮਤ ਬਦਨ ਤੇ ਏਕਾ ॥

ਕੁਝ ਇਕ ਬਲਵਾਨ ਯੁੱਧ ਵਿਚ

ਬੀਰ ਖੇਤ ਬਲਵਾਨ ਅਨੇਕਾ ॥੩੩੭॥

ਮੂੰਹ ਤੋਂ ਲਹੂ ਦੀ ਉਲਟੀ ਕਰ ਰਹੇ ਸਨ ॥੩੩੭॥

ਬਡੇ ਬਡੇ ਜਿਨ ਕੇ ਸਿਰ ਸੀਂਗਾ ॥

ਜਿਨ੍ਹਾਂ ਦੈਂਤਾਂ ਦੇ ਸਿਰਾਂ ਉਤੇ ਵੱਡੇ ਵੱਡੇ ਸਿੰਗ ਸਨ

ਚੋਂਚੈ ਬਡੀ ਭਾਤਿ ਜਿਨ ਢੀਂਗਾ ॥

ਅਤੇ ਜਿਨ੍ਹਾਂ ਦੀਆਂ ਚੁੰਜਾਂ ਲਮਢੀਗਾਂ ਵਾਂਗ ਵੱਡੀਆਂ ਸਨ।

ਸ੍ਰੋਨਤ ਸੇ ਸਰ ਨੈਨ ਅਪਾਰਾ ॥

(ਉਨ੍ਹਾਂ ਦੇ) ਲਹੂ ਰੰਗੇ ਨੈਣ ਸਰੋਵਰ ਵਰਗੇ ਵੱਡੇ ਸਨ

ਨਿਰਖ ਜਿਨੈ ਉਪਜਤ ਭ੍ਰਮ ਭਾਰਾ ॥੩੩੮॥

ਜਿਨ੍ਹਾਂ ਨੂੰ ਵੇਖ ਕੇ ਭਾਰਾ ਭਰਮ ਪੈਦਾ ਹੁੰਦਾ ਸੀ ॥੩੩੮॥

ਮਹਾ ਬੀਰ ਤ੍ਰੈ ਲੋਕ ਅਤੁਲ ਬਲ ॥

(ਉਹ ਦੈਂਤ) ਬਹੁਤ ਵੱਡੇ ਯੋਧੇ ਅਤੇ ਅਤੁਲ ਬਲ ਵਾਲੇ ਸਨ,

ਅਰਿ ਅਨੇਕ ਜੀਤੇ ਜਿਨ ਜਲ ਥਲ ॥

ਜਿਨ੍ਹਾਂ ਨੇ ਜਲ ਥਲ ਵਿਚ ਅਨੇਕ ਵੈਰੀ ਜਿਤ ਲਏ ਸਨ।

ਮਹਾ ਬੀਰ ਬਲਵਾਨ ਡਰਾਰੇ ॥

(ਉਹ) ਮਹਾਬੀਰ, ਬਲਵਾਨ ਅਤੇ ਡਰ ਪੈਦਾ ਕਰਨ ਵਾਲੇ ਸਨ।

ਚੁਨਿ ਚੁਨਿ ਬਾਲ ਬਰਛਿਯਨ ਮਾਰੇ ॥੩੩੯॥

(ਉਨ੍ਹਾਂ ਨੂੰ) ਬਾਲਾ (ਦੂਲਹ ਦੇਈ) ਨੇ ਚੁਣ ਚੁਣ ਕੇ ਬਰਛੀ ਨਾਲ ਮਾਰਿਆ ਸੀ ॥੩੩੯॥

ਕੇਤਿਕ ਸੁਭਟ ਅਬਿਕਟੇ ਮਾਰੇ ॥

ਕਿਤਨਿਆਂ ਸੂਰਮਿਆਂ ਨੂੰ ਸਹਿਜ ਨਾਲ ਮਾਰ ਦਿੱਤਾ

ਕੇਤਿਕ ਕਰਨ ਕੇਹਰੀ ਫਾਰੇ ॥

ਅਤੇ ਕਿਤਨਿਆਂ ਦੇ ਕੰਨ ਸ਼ੇਰ ਨੇ ਪਾੜ ਦਿੱਤੇ।

ਕੇਤਿਕ ਮਹਾ ਕਾਲ ਅਰਿ ਕੂਟੇ ॥

ਕਿਤਨਿਆਂ ਵੈਰੀਆਂ ਨੂੰ ਮਹਾ ਕਾਲ ਨੇ ਕੁਟ ਦਿੱਤਾ।

ਬਾਦਲ ਸੇ ਸਭ ਹੀ ਦਲ ਫੂਟੇ ॥੩੪੦॥

ਬਦਲ ਵਾਂਗ ਸਾਰੇ (ਵੈਰੀ) ਦਲ ਖੇਰੂੰ ਖੇਰੂੰ ਹੋ ਗਏ ॥੩੪੦॥

ਕੇਤੇ ਬੀਰ ਬਰਛਿਯਨ ਮਾਰੇ ॥

ਕਿਤਨੇ ਸੂਰਮੇ ਬਰਛੀਆਂ ਨਾਲ ਮਾਰ ਦਿੱਤੇ।

ਟੂਕ ਟੂਕ ਕੇਤਿਕ ਕਰਿ ਡਾਰੇ ॥

ਕਿਤਨਿਆਂ ਨੂੰ ਟੋਟੇ ਟੋਟੇ ਕਰ ਦਿੱਤਾ।

ਕੇਤੇ ਹਨੇ ਖੜਗ ਕੀ ਧਾਰਾ ॥

ਕਿਤਨਿਆਂ ਨੂੰ ਖੜਗ ਦੀ ਧਾਰ ਨਾਲ ਮਾਰ ਦਿੱਤਾ।

ਲੋਹ ਕਟੀਲੇ ਸੂਰ ਅਪਾਰਾ ॥੩੪੧॥

ਬੇਅੰਤ ਸੂਰਮਿਆਂ ਨੂੰ ਲੋਹੇ ਨਾਲ (ਭਾਵ ਸ਼ਸਤ੍ਰਾਂ ਨਾਲ) ਕਟ ਸੁਟਿਆ ॥੩੪੧॥

ਕੇਤਿਕ ਸੂਲ ਸੈਹਥੀ ਹਨੇ ॥

ਕਿਤਨੇ ਸੁੰਦਰ ਸੁਘੜ ਸਿਪਾਹੀ ਬਣੇ ਹੋਏ

ਸੁੰਦਰ ਸੁਘਰ ਸਿਪਾਹੀ ਬਨੇ ॥

ਸੂਰਮੇ ਸ਼ੂਲ ਅਤੇ ਸੈਹਥੀ ਨਾਲ ਮਾਰ ਦਿੱਤੇ।

ਇਹ ਬਿਧਿ ਪਰੇ ਸੁ ਬੀਰ ਪ੍ਰਹਾਰੇ ॥

ਇਸ ਤਰ੍ਹਾਂ (ਸ਼ਸਤ੍ਰਾਂ ਦੇ ਵਾਰਾਂ ਨਾਲ) ਪ੍ਰਹਾਰੇ ਹੋਏ ਸੂਰਮੇ ਡਿਗੇ ਪਏ ਸਨ।

ਭੂਮਿ ਚਾਲ ਮਨੋ ਗਿਰੇ ਮੁਨਾਰੇ ॥੩੪੨॥

(ਇੰਜ ਲਗਦਾ ਸੀ) ਮਾਨੋ ਭੂਚਾਲ ਆਉਣ ਨਾਲ ਮੁਨਾਰੇ ਡਿਗੇ ਪਏ ਹੋਣ ॥੩੪੨॥

ਇਹ ਬਿਧਿ ਗਿਰੇ ਬੀਰ ਰਨ ਭਾਰੇ ॥

ਇਸ ਤਰ੍ਹਾਂ ਵੱਡੇ ਵੱਡੇ ਸੂਰਮੇ ਯੁੱਧ ਵਿਚ ਡਿਗੇ ਪਏ ਸਨ,

ਜਨੁ ਨਗ ਇੰਦ੍ਰ ਬਜ੍ਰ ਭੇ ਮਾਰੇ ॥

ਮਾਨੋ ਇੰਦਰ ਨੇ ਬਜ੍ਰ ਨਾਲ ਪਰਬਤ ਤੋੜੇ ਹੋਣ।

ਟੂਕ ਟੂਕ ਜੂਝੇ ਹ੍ਵੈ ਘਨੇ ॥

(ਉਹ) ਟੋਟੇ ਟੋਟੇ ਹੋਏ ਬਹੁਤ ਮਰੇ ਪਏ ਸਨ,

ਜਾਨੁਕ ਗੌਸ ਕੁਤਬ ਸੇ ਬਨੇ ॥੩੪੩॥

ਮਾਨੋ ਗੌਂਸ ਕੁਤਬ ਵਾਂਗ (ਜੁੰਮੇ ਦੀ ਨਮਾਜ਼ ਵੇਲੇ ਬੰਦਗੀ ਵਿਚ ਅੰਗਾਂ ਦੀ) ਸਥਿਤੀ ਬਣੀ ਹੋਈ ਹੋਵੇ ॥੩੪੩॥

ਸ੍ਰੋਨ ਪੁਲਿਤ ਹ੍ਵੈ ਕਿਤੇ ਪਰਾਏ ॥

ਕਈ ਲਹੂ ਨਾਲ ਲਿਬੜੇ ਭਜੇ ਜਾ ਰਹੇ ਹਨ,

ਚਾਚਰਿ ਖੇਲਿ ਮਨੋ ਘਰ ਆਏ ॥

ਮਾਨੋ ਹੋਲੀ ਖੇਡ ਕੇ ਘਰ ਆਏ ਹੋਣ।

ਭਾਜਤ ਭਏ ਬਿਮਨ ਹ੍ਵੈ ਐਸੇ ॥

(ਉਹ) ਅਜਿਹੇ ਬੇਮਨੇ ਹੋ ਕੇ ਭਜ ਰਹੇ ਸਨ,

ਦਰਬ ਹਰਾਇ ਜੁਆਰੀ ਜੈਸੇ ॥੩੪੪॥

ਜਿਸ ਤਰ੍ਹਾਂ ਧਨ ਹਾਰ ਕੇ ਜੁਆਰੀਆਂ (ਭਜ ਤੁਰਦਾ ਹੈ) ॥੩੪੪॥