ਸ਼੍ਰੀ ਦਸਮ ਗ੍ਰੰਥ

ਅੰਗ - 417


ਮੁਕੀਯਾ ਊ ਲਰੈ ਇਕ ਆਪਸ ਮੈ ਗਹਿ ਕੇਸਨਿ ਕੇਸ ਏਕ ਅਰੇ ਹੈਂ ॥

ਇਕ ਮੁਕਿਆਂ ਨਾਲ ਆਪਸ ਵਿਚ ਲੜ ਰਹੇ ਹਨ ਅਤੇ ਕਈ ਇਕ (ਇਕ ਦੂਜੇ ਦੇ) ਕੇਸਾਂ ਨੂੰ ਪਕੜ ਕੇ ਡਟੇ ਖੜੋਤੇ ਹਨ।

ਏਕ ਚਲੇ ਰਨ ਤੇ ਭਜਿ ਕੈ ਇਕ ਆਹਵ ਕੋ ਪਗ ਆਗੇ ਕਰੇ ਹੈਂ ॥

ਇਕ ਰਣ ਵਿਚੋਂ ਭਜੇ ਜਾ ਰਹੇ ਹਨ ਅਤੇ ਇਕ ਯੁੱਧ ਲਈ ਕਦਮ ਅਗੇ ਵਧਾਉਂਦੇ ਹਨ।

ਏਕ ਲਰੇ ਗਹਿ ਫੇਟਨਿ ਫੇਟ ਕਟਾਰਨ ਸੋ ਦੋਊ ਜੂਝਿ ਮਰੇ ਹੈਂ ॥

ਇਕ (ਲਕ ਦੀਆਂ) ਪੇਟੀਆਂ ਨੂੰ ਪਕੜ ਕੇ ਲੜ ਰਹੇ ਹਨ ਅਤੇ (ਕਈ) ਕਟਾਰਾਂ ਮਾਰ ਕੇ ਦੋਵੇਂ ਲੜ ਮੋਏ ਹਨ।

ਸੋਊ ਲਰੇ ਕਬਿ ਰਾਮ ਰਰੈ ਅਪੁਨੇ ਕੁਲ ਕੀ ਜੋਊ ਲਾਜਿ ਭਰੇ ਹੈਂ ॥੧੧੯੨॥

ਕਵੀ ਸ਼ਿਆਮ ਕਹਿੰਦੇ ਹਨ, ਉਹੀ ਲੜੇ ਹਨ ਜੋ ਆਪਣੇ ਕੁਲ ਦੀ ਲਾਜ ਨਾਲ ਭਰੇ ਹੋਏ ਹਨ ॥੧੧੯੨॥

ਆਠੋ ਹੀ ਭੂਪ ਅਯੋਧਨ ਮੈ ਸਬ ਲੈ ਪ੍ਰਿਤਨਾ ਹਰਿ ਊਪਰਿ ਆਏ ॥

ਅੱਠੇ ਹੀ ਰਾਜੇ (ਆਪਣੀਆਂ) ਸਾਰੀਆਂ ਸੈਨਾਵਾਂ ਲੈ ਕੇ ਸ੍ਰੀ ਕ੍ਰਿਸ਼ਨ ਉਤੇ ਆ ਪਏ ਹਨ।

ਜੁਧ ਕਰੋ ਨ ਡਰੋ ਹਮ ਤੇ ਕਬਿ ਰਾਮ ਕਹੈ ਇਹ ਬੈਨ ਸੁਨਾਏ ॥

ਕਵੀ ਰਾਮ ਕਹਿੰਦੇ ਹਨ, (ਹੇ ਕ੍ਰਿਸ਼ਨ! ਸਾਡੇ ਨਾਲ) ਯੁੱਧ ਕਰ ਅਤੇ ਸਾਡੇ ਕੋਲੋਂ ਨਾ ਡਰ, ਇਸ ਤਰ੍ਹਾਂ ਦੇ ਬੋਲ ਸੁਣਾਉਂਦੇ ਹਨ।

ਦੈ ਕੈ ਕਸੀਸਨਿ ਈਸਨਿ ਚਾਪਨਿ ਲੈ ਸਰ ਸ੍ਰੀ ਹਰਿ ਓਰਿ ਚਲਾਏ ॥

ਫਿਰ ਰਾਜਿਆਂ ਨੇ ਧਨੁਸ਼ਾਂ ਨੂੰ ਹੱਥ ਵਿਚ ਲੈ ਕੇ ਅਤੇ ਚਿੱਲੇ ਚੜ੍ਹਾ ਕੇ ਕ੍ਰਿਸ਼ਨ ਵਲ ਬਾਣ ਚਲਾ ਦਿੱਤੇ।

ਸ੍ਯਾਮ ਜੂ ਪਾਨਿ ਸਰਾਸਨਿ ਲੈ ਸਰ ਸੋ ਸਰ ਆਵਤ ਕਾਟਿ ਗਿਰਾਏ ॥੧੧੯੩॥

ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਧਨੁਸ਼ ਲੈ ਕੇ ਬਾਣਾਂ ਨਾਲ ਬਾਣਾਂ ਨੂੰ ਕਟ ਕੇ ਗਿਰਾ ਦਿੱਤਾ ॥੧੧੯੩॥

ਤਉ ਮਿਲਿ ਕੈ ਧੁਜਨੀ ਅਰਿ ਕੀ ਜਦੁਬੀਰ ਚਹੂੰ ਦਿਸ ਤੇ ਰਿਸਿ ਘੇਰਿਯੋ ॥

ਤਦ ਵੈਰੀ ਦੀ ਸੈਨਾ ਨੇ ਮਿਲ ਕੇ ਅਤੇ ਕ੍ਰੋਧ ਕਰ ਕੇ ਸ੍ਰੀ ਕ੍ਰਿਸ਼ਨ ਨੂੰ ਚੌਹਾਂ ਦਿਸ਼ਾਵਾਂ ਤੋਂ ਘੇਰ ਲਿਆ।

ਆਪਸਿ ਮੈ ਮਿਲਿ ਕੈ ਭਟ ਧੀਰ ਹਨ੍ਯੋ ਬਲਬੀਰ ਇਹੈ ਪੁਨਿ ਟੇਰਿਯੋ ॥

ਆਪਸ ਵਿਚ ਮਿਲ ਕੇ ਧੀਰਜਵਾਨ ਯੋਧਿਆਂ ਨੇ ਇਸ ਤਰ੍ਹਾਂ ਕਿਹਾ ਕਿ ਬਲਬੀਰ ਯੋਧੇ (ਕ੍ਰਿਸ਼ਨ) ਨੂੰ ਮਾਰ ਦਿਓ।

ਸ੍ਰੀ ਧਨ ਸਿੰਘ ਬਲੀ ਅਚਲੇਸ ਕਉ ਅਉਰ ਨਰੇਸਨਿ ਯਾ ਹੀ ਨਿਬੇਰਿਯੋ ॥

ਇਸੇ ਨੇ ਬਲਵਾਨ ਧਨ ਸਿੰਘ, ਅਚਲ ਸਿੰਘ ਅਤੇ ਹੋਰ ਰਾਜਿਆਂ ਨੂੰ ਮਾਰਿਆ ਹੈ।

ਇਉ ਕਹਿ ਕੈ ਸਰ ਮਾਰਤ ਭਯੋ ਗਜ ਪੁੰਜ ਮਨੋ ਕਰਿ ਕੇਹਰਿ ਛੇਰਿਯੋ ॥੧੧੯੪॥

ਇਸ ਤਰ੍ਹਾਂ ਕਹਿ ਕੇ ਤੀਰ ਮਾਰਨ ਲਗ ਪਏ, ਮਾਨੋ ਹਾਥੀਆਂ ਦੇ ਝੁੰਡ ਨੇ ਸ਼ੇਰ ਨੂੰ ਘੇਰ ਲਿਆ ਹੋਵੇ ॥੧੧੯੪॥

ਘੇਰਿ ਲਯੋ ਹਰਿ ਕੌ ਜਬ ਹੀ ਹਰਿ ਜੂ ਤਬ ਹੀ ਸਬ ਸਸਤ੍ਰ ਸੰਭਾਰੇ ॥

ਜਦੋਂ ਉਨ੍ਹਾਂ ਨੇ ਸ੍ਰੀ ਕ੍ਰਿਸ਼ਨ ਨੂੰ ਘੇਰ ਲਿਆ, ਤਦੋਂ ਹੀ ਸ੍ਰੀ ਕ੍ਰਿਸ਼ਨ ਨੇ ਸਾਰੇ ਸ਼ਸਤ੍ਰ ਸੰਭਾਲ ਲਏ।

ਕੋਪਿ ਅਯੋਧਨ ਮੈ ਫਿਰਿ ਕੈ ਰਿਸ ਸਾਥ ਘਨੇ ਅਰਿ ਬੀਰ ਸੰਘਾਰੇ ॥

(ਫਿਰ) ਰਣ-ਭੂਮੀ ਵਿਚ ਘੁੰਮ ਕੇ ਕ੍ਰੋਧ ਨਾਲ ਵੈਰੀ ਦੇ ਬਹੁਤ ਸਾਰੇ ਸੂਰਵੀਰ ਮਾਰ ਦਿੱਤੇ।

ਏਕਨ ਕੇ ਸਿਰ ਕਾਟਿ ਦਏ ਇਕ ਜੀਵਤ ਹੀ ਗਹਿ ਕੇਸਿ ਪਛਾਰੇ ॥

ਇਕਨਾਂ ਦੇ ਸਿਰ ਕਟ ਦਿੱਤੇ ਅਤੇ ਇਕਨਾਂ ਨੂੰ ਜੀਉਂਦਿਆਂ ਹੀ ਕੇਸਾਂ ਤੋਂ ਪਕੜ ਕੇ (ਧਰਤੀ ਉਤੇ) ਪਟਕਾ ਮਾਰਿਆ।

ਏਕ ਲਰੇ ਕਟਿ ਭੂਮਿ ਪਰੇ ਇਕ ਦੇਖ ਡਰੇ ਮਰਿ ਗੇ ਬਿਨੁ ਮਾਰੇ ॥੧੧੯੫॥

ਇਕ ਲੜੇ ਅਤੇ ਕਟ ਕੇ ਧਰਤੀ ਉਤੇ ਡਿਗ ਪਏ ਅਤੇ ਇਕ (ਉਨ੍ਹਾਂ ਨੂੰ) ਵੇਖ ਕੇ (ਇਤਨੇ) ਡਰ ਗਏ ਕਿ ਬਿਨਾ ਮਾਰਿਆ ਹੀ ਮਰ ਗਏ ਹਨ ॥੧੧੯੫॥

ਆਠੋ ਈ ਭੂਪ ਕਹਿਓ ਮੁਖ ਤੇ ਭਟ ਭਾਜਤ ਹੋ ਕਹਾ ਜੁਧੁ ਕਰੋ ॥

ਅੱਠਾਂ ਹੀ ਰਾਜਿਆਂ ਨੇ ਮੁਖ ਤੋਂ ਕਿਹਾ, ਯੋਧਿਓ! ਕਿਥੇ ਭਜਦੇ ਹੋ, (ਡਟ ਕੇ) ਯੁੱਧ ਕਰੋ।

ਜਬ ਲਉ ਰਨ ਮੈ ਹਮ ਜੀਵਤ ਹੈ ਤਬ ਲਉ ਹਰਿ ਤੇ ਤੁਮ ਹੂੰ ਨ ਡਰੋ ॥

ਜਦ ਤਕ ਅਸੀਂ ਰਣ-ਭੂਮੀ ਵਿਚ ਜੀਉਂਦੇ ਹਾਂ, ਤਦ ਤਕ ਤੁਸੀਂ ਕ੍ਰਿਸ਼ਨ ਤੋਂ ਨਾ ਡਰੋ।

ਹਮਰੋ ਇਹ ਆਇਸ ਹੈ ਤੁਮ ਕੋ ਜਦੁਬੀਰ ਕੇ ਸਾਮੁਹਿ ਜਾਇ ਲਰੋ ॥

ਸਾਡੀ ਇਹ ਆਗਿਆ ਹੈ ਕਿ ਤੁਸੀਂ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਜਾ ਕੇ ਲੜੋ।

ਕੋਊ ਆਹਵ ਤੇ ਨਹੀ ਨੈਕੁ ਟਰੋ ਇਕ ਜੂਝਿ ਪਰੋ ਇਕ ਧਾਇ ਅਰੋ ॥੧੧੯੬॥

ਯੁੱਧ-ਭੂਮੀ ਤੋਂ ਕੋਈ ਵੀ ਬਿਲਕੁਲ ਨਾ ਟਲੋ। ਜਾਂ ਤਾਂ ਲੜ ਕੇ ਮਰ ਜਾਓ ਜਾਂ ਧਾਵਾ ਕਰ ਕੇ ਡਟ ਜਾਓ ॥੧੧੯੬॥

ਫੇਰਿ ਫਿਰੇ ਪਟ ਆਯੁਧ ਲੈ ਰਨ ਮੈ ਜਦੁਬੀਰ ਕਉ ਘੇਰਿ ਲੀਯੋ ॥

ਸ਼ਸਤ੍ਰ ਲੈ ਕੇ ਸੂਰਮੇ ਫਿਰ ਮੁੜ ਪਏ ਅਤੇ ਰਣ ਵਿਚ ਸ੍ਰੀ ਕ੍ਰਿਸ਼ਨ ਨੂੰ ਘੇਰ ਲਿਆ।

ਨ ਟਰੇ ਅਤਿ ਰੋਸਿ ਭਿਰੇ ਜੀਯ ਮੈ ਅਤਿ ਆਹਵ ਚਿਤ੍ਰ ਬਚਿਤ੍ਰ ਕੀਯੋ ॥

ਟਲੇ ਨਹੀਂ ਹਨ, ਮਨ ਵਿਚ ਕ੍ਰੋਧ ਨਾਲ ਭਰੇ ਹੋਏ ਹਨ ਅਤੇ ਬਹੁਤ ਤਕੜਾ ਯੁੱਧ ਕਰ ਕੇ (ਇਸ ਨੂੰ) ਅਲੌਕਿਕ ਰੂਪ ਪ੍ਰਦਾਨ ਕਰ ਦਿੱਤਾ ਹੈ।

ਅਸਿ ਲੈ ਬਰ ਬੀਰ ਗਦਾ ਗਹਿ ਕੈ ਰਿਪੁ ਕੋ ਦਲੁ ਮਾਰਿ ਬਿਦਾਰਿ ਦੀਯੋ ॥

ਸ੍ਰੇਸ਼ਠ ਸੂਰਵੀਰਾਂ ਨੇ ਤਲਵਾਰ ਅਤੇ ਗਦਾ ਨੂੰ ਪਕੜ ਕੇ ਵੈਰੀ ਦੀ ਸੈਨਾ ਨੂੰ ਮਾਰ ਕੇ ਨਸ਼ਟ ਕਰ ਦਿੱਤਾ ਹੈ।

ਇਕ ਬੀਰਨ ਕੇ ਪਦੁ ਸੀਸ ਕਟੇ ਭਟ ਏਕਨ ਕੋ ਦਯੋ ਫਾਰਿ ਹੀਯੋ ॥੧੧੯੭॥

ਇਕਨਾਂ ਸੂਰਮਿਆਂ ਦੇ ਹੱਥ ਅਤੇ ਸਿਰ ਕਟੇ ਗਏ ਹਨ ਅਤੇ ਇਕਨਾਂ ਯੋਧਿਆਂ ਦੀਆਂ ਛਾਤੀਆਂ ਪਾੜ ਦਿੱਤੀਆਂ ਗਈਆਂ ਹਨ ॥੧੧੯੭॥

ਸ੍ਰੀ ਜਦੁਬੀਰ ਸਰਾਸਨਿ ਲੈ ਬਹੁ ਕਾਟਿ ਰਥੀ ਸਿਰ ਭੂਮਿ ਗਿਰਾਏ ॥

ਸ੍ਰੀ ਕ੍ਰਿਸ਼ਨ ਨੇ ਧਨੁਸ਼ ਲੈ ਕੇ ਬਹੁਤ ਸਾਰੇ ਰਥਾਂ ਵਾਲਿਆਂ ਦੇ ਸਿਰ ਕਟ ਕੇ ਭੂਮੀ ਉਤੇ ਗਿਰਾ ਦਿੱਤੇ।

ਆਯੁਧ ਲੈ ਅਪੁਨੇ ਅਪੁਨੇ ਇਕ ਕੋਪਿ ਭਰੇ ਹਰਿ ਪੈ ਪੁਨਿ ਧਾਏ ॥

ਫਿਰ ਆਪਣੇ ਆਪਣੇ ਸ਼ਸਤ੍ਰ ਲੈ ਕੇ, ਕ੍ਰੋਧ ਦੇ ਭਰੇ ਹੋਏ (ਕਈ) ਇਕ ਕ੍ਰਿਸ਼ਨ ਉਤੇ ਧਾ ਕੇ ਪੈ ਗਏ।

ਤੇ ਬ੍ਰਿਜਨਾਥ ਕਰੰ ਗਹਿ ਖਗ ਅਭਗ ਹਨੇ ਸੁ ਘਨੇ ਤਹ ਘਾਏ ॥

ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਤਲਵਾਰ ਲੈ ਕੇ, ਨਾ ਭਜਣ ਵਾਲਿਆਂ ਨੂੰ ਮਾਰ ਦਿੱਤਾ ਅਤੇ (ਹੋਰ) ਬਹੁਤ ਸਾਰੇ (ਯੋਧੇ ਵੀ) ਮਾਰ ਦਿੱਤੇ।

ਭਾਜਿ ਗਏ ਹਰਿ ਤੇ ਅਰਿ ਇਉ ਸੁ ਕੋਊ ਨਹਿ ਆਹਵ ਮੈ ਠਹਰਾਏ ॥੧੧੯੮॥

ਇਸ ਤਰ੍ਹਾਂ ਵੈਰੀ ਸ੍ਰੀ ਕ੍ਰਿਸ਼ਨ ਕੋਲੋਂ ਭਜ ਗਏ ਅਤੇ ਕੋਈ ਵੀ ਯੁੱਧ-ਭੂਮੀ ਵਿਚ ਨਾ ਠਹਿਰ ਸਕਿਆ ॥੧੧੯੮॥

ਦੋਹਰਾ ॥

ਦੋਹਰਾ:

ਭੂਪਨ ਕੀ ਭਾਜੀ ਚਮੂ ਖਾਇ ਘਨੀ ਹਰਿ ਮਾਰਿ ॥

ਕ੍ਰਿਸ਼ਨ ਕੋਲੋਂ ਬਹੁਤ ਮਾਰ ਖਾ ਕੇ ਰਾਜਿਆਂ ਦੀ ਸੈਨਾ ਭਜ ਗਈ।

ਤਬਹਿ ਫਿਰੇ ਨ੍ਰਿਪ ਜੁਧ ਕੇ ਆਯੁਧ ਸਕਲ ਸੰਭਾਰਿ ॥੧੧੯੯॥

ਤਦ ਫਿਰ ਸਾਰੇ ਰਾਜੇ ਸ਼ਸਤ੍ਰ ਸੰਭਾਲ ਕੇ ਯੁੱਧ ਕਰਨ ਲਈ ਪਰਤ ਆਏ ॥੧੧੯੯॥

ਸਵੈਯਾ ॥

ਸਵੈਯਾ:

ਕੋਪ ਅਯੋਧਨੁ ਮੈ ਕਰਿ ਕੈ ਕਰਿ ਮੈ ਸਬ ਭੂਪਨ ਸਸਤ੍ਰ ਸੰਭਾਰੇ ॥

ਯੁੱਧ ਵਿਚ ਕ੍ਰੋਧ ਕਰ ਕੇ, ਸਾਰਿਆਂ ਰਾਜਿਆਂ ਨੇ ਹੱਥਾਂ ਵਿਚ ਸ਼ਸਤ੍ਰ ਸੰਭਾਲ ਲਏ।

ਆਇ ਕੈ ਸਾਮੁਹੇ ਸ੍ਯਾਮ ਹੀ ਕੇ ਬਲ ਕੈ ਨਿਜੁ ਆਯੁਧ ਰੋਸਿ ਪ੍ਰਹਾਰੇ ॥

ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆ ਕੇ ਅਤੇ ਕ੍ਰੋਧ ਕਰ ਕੇ ਬਲ ਪੂਰਵਕ ਆਪਣੇ ਸ਼ਸਤ੍ਰ ਚਲਾਉਣ ਲਗੇ।

ਕਾਨ੍ਰਹ ਸੰਭਾਰਿ ਸਰਾਸਨਿ ਲੈ ਸਰ ਸਤ੍ਰਨ ਕਾਟਿ ਕੈ ਭੂ ਪਰਿ ਡਾਰੇ ॥

ਸ੍ਰੀ ਕ੍ਰਿਸ਼ਨ ਨੇ ਧਨੁਸ਼ ਨੂੰ ਸੰਭਾਲ ਕੇ, ਵੈਰੀਆਂ ਦੇ ਬਾਣਾਂ ਨੂੰ (ਆਪਣੇ ਬਾਣਾਂ ਨਾਲ) ਕਟ ਕੇ ਧਰਤੀ ਉਤੇ ਸੁਟ ਦਿੱਤੇ।

ਘਾਇ ਬਚਾਇ ਕੈ ਯੌ ਤਿਨ ਕੈ ਬਹੁਰੇ ਅਰਿ ਕੈ ਸਿਰ ਕਾਟਿ ਉਤਾਰੇ ॥੧੨੦੦॥

ਉਨ੍ਹਾਂ ਦੇ ਵਾਰ ਤੋਂ (ਆਪਣੇ ਆਪ ਨੂੰ) ਇਸ ਤਰ੍ਹਾਂ ਬਚਾ ਕੇ (ਫਿਰ) ਵੈਰੀ ਦੇ ਸਿਰ ਨੂੰ ਕਟ ਦਿੱਤਾ ॥੧੨੦੦॥

ਦੋਹਰਾ ॥

ਦੋਹਰਾ:

ਅਜਬ ਸਿੰਘ ਕੋ ਸਿਰ ਕਟਿਯੋ ਹਰਿ ਜੂ ਸਸਤ੍ਰ ਸੰਭਾਰਿ ॥

ਸ੍ਰੀ ਕ੍ਰਿਸ਼ਨ ਨੇ ਸ਼ਸਤ੍ਰ ਸੰਭਾਲ ਕੇ ਅਜਬ ਸਿੰਘ ਦਾ ਸਿਰ ਕਟ ਦਿੱਤਾ

ਅਡਰ ਸਿੰਘ ਘਾਇਲ ਕਰਿਓ ਅਤਿ ਰਨ ਭੂਮਿ ਮਝਾਰਿ ॥੧੨੦੧॥

ਅਤੇ ਘੋਰ ਯੁੱਧ ਵਿਚ ਅਡਰ ਸਿੰਘ ਨੂੰ ਘਾਇਲ ਕਰ ਦਿੱਤਾ ॥੧੨੦੧॥

ਚੌਪਈ ॥

ਚੌਪਈ:

ਅਡਰ ਸਿੰਘ ਘਾਇਲ ਜਬ ਭਯੋ ॥

ਜਦ ਅਡਰ ਸਿਘ ਘਾਇਲ ਹੋ ਗਿਆ,

ਅਤਿ ਹੀ ਕੋਪੁ ਜੀਯ ਤਿਹ ਠਯੋ ॥

(ਤਾਂ) ਉਸ ਦੇ ਮਨ ਵਿਚ ਬਹੁਤ ਕ੍ਰੋਧ ਹੋਇਆ।

ਬਹੁ ਤੀਛਨ ਬਰਛਾ ਤਿਨਿ ਲਯੋ ॥

ਹੱਥ ਵਿਚ ਬਹੁਤ ਤਿਖਾ ਬਰਛਾ ਪਕੜ ਲਿਆ

ਹਰਿ ਕੀ ਓਰਿ ਡਾਰਿ ਕੈ ਦਯੋ ॥੧੨੦੨॥

ਅਤੇ ਕ੍ਰਿਸ਼ਨ ਵਲ ਸੁਟ ਦਿੱਤਾ ॥੧੨੦੨॥

ਦੋਹਰਾ ॥

ਦੋਹਰਾ:

ਬਰਛਾ ਆਵਤ ਲਖਿਯੋ ਹਰਿ ਧਨੁਖ ਬਾਨ ਕਰਿ ਕੀਨ ॥

ਬਰਛੇ ਨੂੰ ਆਉਂਦਿਆਂ ਵੇਖ ਕੇ ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਧਨੁਸ਼ ਬਾਣ ਲੈ ਲਿਆ।

ਆਵਤ ਸਰ ਸੋ ਕਾਟਿ ਕੈ ਮਾਰਿ ਵਹੈ ਭਟ ਲੀਨ ॥੧੨੦੩॥

ਆਉਂਦੇ ਹੋਏ (ਬਰਛੇ) ਨੂੰ ਬਾਣ ਨਾਲ ਕਟ ਕੇ (ਸੁਟ ਦਿੱਤਾ) ਅਤੇ (ਫਿਰ) ਉਸ ਯੋਧੇ ਨੂੰ ਮਾਰ ਲਿਆ ॥੧੨੦੩॥

ਅਘੜ ਸਿੰਘ ਲਖਿ ਤਿਹ ਦਸਾ ਦੇਤ ਭਯੋ ਨਹੀ ਪੀਠਿ ॥

ਅਘੜ ਸਿੰਘ ਨੇ ਇਸ ਸਥਿਤੀ ਨੂੰ ਵੇਖ ਕੇ, (ਰਣ ਵਿਚ) ਪਿਠ ਨਹੀਂ ਦਿੱਤੀ।


Flag Counter