ਫਿਰ ਸਠ ਹਜ਼ਾਰ ਹੋਰ ਯੋਧੇ ਮਾਰੇ ਹਨ ਅਤੇ ਕਈ ਲਖ ਯਕਸ਼ ਵੀ ਨਸ਼ਟ ਕੀਤੇ ਹਨ।
ਲਖਾਂ ਹੀ ਯਾਦਵਾਂ ਨੂੰ ਰਥਾਂ ਤੋਂ ਰਹਿਤ ਕਰ ਦਿੱਤਾ ਹੈ ਅਤੇ ਬਹੁਤ ਸਾਰੇ ਯਕਸ਼ਾਂ ਦੇ ਸ਼ਰੀਰਾਂ ਨੂੰ ਨਿਸ਼ਾਨਾ ਬਣਾਇਆ ਹੈ।
ਪੰਜਾਹ ਲਖ ਪੈਦਲ (ਸੈਨਿਕ) ਮਾਰੇ ਹਨ ਅਤੇ ਪੁਰਜ਼ਾ ਪੁਰਜ਼ਾ ਕਰ ਕੇ ਧਰਤੀ ਉਤੇ ਸੁਟ ਦਿੱਤੇ ਹਨ।
(ਰਾਜੇ ਨੇ) ਹੋਰ ਵੀ ਸੂਰਵੀਰ ਜੋ ਇਸ ਰਾਜੇ ਦੇ ਉਪਰ ਚੜ੍ਹ ਕੇ ਆਏ ਸਨ, ਕ੍ਰਿਪਾਨ ਲੈ ਕੇ ਮਾਰ ਦਿੱਤੇ ਹਨ ॥੧੫੭੯॥
ਦੋਹਾਂ ਮੁੱਛਾਂ ਨੂੰ ਤਾਉ ਦੇ ਕੇ ਰਾਜਾ (ਖੜਗ ਸਿੰਘ) ਨਿਸੰਗ ਹੋ ਕੇ ਸੈਨਾ ਉਤੇ ਜਾ ਪਿਆ ਹੈ।
ਫਿਰ (ਰਾਜੇ ਨੇ ਇਕ) ਲਖ ਸੁਆਰ ਬਲ ਪੂਰਵਕ ਮਾਰ ਦਿੱਤੇ ਹਨ ਅਤੇ ਸੂਰਜ ਅਤੇ ਚੰਦ੍ਰਮਾ ਦਾ ਅਭਿਮਾਨ ਖਤਮ ਕਰ ਦਿੱਤਾ ਹੈ।
ਇਕ ਬਾਣ ਨਾਲ ਯਮ ਨੂੰ ਧਰਤੀ ਉਤੇ ਡਿਗਾ ਦਿੱਤਾ ਹੈ। (ਕਵੀ) ਸ਼ਿਆਮ ਕਹਿੰਦੇ ਹਨ, (ਰਾਜਾ) ਕਿਸੇ ਤੋਂ ਜ਼ਰਾ ਜਿੰਨਾ ਵੀ ਡਰਦਾ ਨਹੀਂ ਹੈ।
ਜੋ ਵੀ (ਆਪਣੇ ਆਪ ਨੂੰ) ਯੁੱਧ-ਭੂਮੀ ਵਿਚ ਸੂਰਮਾ ਅਖਵਾਉਂਦਾ ਹੈ, (ਉਨ੍ਹਾਂ) ਸਾਰਿਆਂ ਨੂੰ ਰਾਜੇ ਨੇ ਟੋਟੇ ਟੋਟੇ ਕਰ ਦਿੱਤਾ ਹੈ ॥੧੫੮੦॥
ਫਿਰ ਯੁੱਧ-ਭੂਮੀ ਵਿਚ ਦਸ ਲਖ ਯਕਸ਼ ਮਾਰ ਦਿੱਤੇ ਹਨ ਅਤੇ ਵਰੁਨ (ਦੇਵਤੇ) ਦੇ ਲਖ ਕੁ ਯੋਧੇ ਮਾਰ ਛਡੇ ਹਨ।
ਇੰਦਰ ਦੇ ਅਣਗਿਣਤ ਸੂਰਮੇ ਮਾਰੇ ਹਨ। ਕਵੀ ਸ਼ਿਆਮ ਕਹਿੰਦੇ ਹਨ, ਉਹ ਰਾਜਾ ਅਜੇ ਵੀ ਟਲਿਆ ਨਹੀਂ ਹੈ।
ਸਾਤਕ ਨੂੰ, ਬਲਰਾਮ ਨੂੰ ਅਤੇ ਬਸੁਦੇਵ ਨੂੰ ਮੂਰਛਿਤ ਕਰ ਦਿੱਤਾ ਹੈ।
ਯਮਰਾਜ ਅਤੇ ਇੰਦਰ ਭਜ ਗਏ ਹਨ, ਕਿਸੇ ਨੇ ਵੀ (ਰਾਜੇ ਦੇ ਸਾਹਮਣੇ) ਹੱਥ ਵਿਚ ਹਥਿਆਰ ਧਾਰਨ ਨਹੀਂ ਕੀਤਾ ਹੈ ॥੧੫੮੧॥
ਦੋਹਰਾ:
ਜਦ ਰਾਜੇ ਨੇ ਕ੍ਰੋਧਿਤ ਹੋ ਕੇ ਇਤਨਾ (ਭਿਆਨਕ) ਯੁੱਧ ਕੀਤਾ,
ਤਦ ਕ੍ਰਿਸ਼ਨ ਧਨੁਸ਼ ਬਾਣ ਹੱਥ ਵਿਚ ਲੈ ਕੇ ਆ ਗਿਆ ॥੧੫੮੨॥
ਬਿਸਨਪਦ:
ਜਦ ਕ੍ਰਿਸ਼ਨ ਕ੍ਰੋਧਿਤ ਹੋ ਕੇ, ਬਲ ਪੂਰਵਕ ਧਨੁਸ਼ ਧਾਰਨ ਕਰ ਕੇ ਵੈਰੀ ਉਤੇ ਚੜ੍ਹ ਆਇਆ,
ਤਦ ਰਾਜਾ (ਖੜਗ ਸਿੰਘ) ਨੇ ਮਨ ਵਿਚ ਕ੍ਰੋਧ ਵਧਾ ਕੇ ਸ੍ਰੀ ਕ੍ਰਿਸ਼ਨ ਦੇ ਗੁਣਾਂ ਦਾ ਗਾਇਨ ਕੀਤਾ।
ਰਹਾਉ।
ਜਿਸ ਦਾ ਪ੍ਰਤਾਪ ਤਿੰਨਾਂ ਲੋਕਾਂ ਵਿਚ ਪ੍ਰਗਟ ਹੈ ਅਤੇ ਜਿਸ ਦਾ ਅੰਤ ਸ਼ੇਸ਼ਨਾਗ ਨੇ ਨਹੀਂ ਪਾਇਆ ਹੈ;
ਜਿਸ ਦੇ ਭੇਦ ਨੂੰ ਵੇਦ ਨਹੀਂ ਜਾਣਦੇ ਹਨ, ਓਹੀ ਨੰਦ ਦਾ ਪੁੱਤਰ ਅਖਵਾਇਆ ਹੈ;
ਜਿਸ ਨੇ ਕਾਲ ਰੂਪ 'ਕਾਲੀ' (ਨਾਗ) ਨੂੰ ਨਥਿਆ ਹੈ ਅਤੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਮਾਰਿਆ ਹੈ;
ਉਸ ਨੂੰ ਮੈਂ ਰਣ-ਭੂਮੀ ਵਿਚ ਕ੍ਰੋਧਿਤ ਹੋ ਕੇ ਆਪਣੇ ਵਲ ਬੁਲਾਇਆ ਹੈ।
ਰਾਮ (ਕਵੀ ਕਹਿੰਦੇ ਹਨ) ਜਿਸ ਦਾ ਧਿਆਨ ਮੁਨੀ ਜਨ ਸਦਾ ਧਰਦੇ ਹਨ,
(ਪਰ ਉਨ੍ਹਾਂ ਦੇ) ਹਿਰਦੇ ਵਿਚ (ਉਹ) ਨਹੀਂ ਆਇਆ ਹੈ, ਮੇਰੇ ਧੰਨ ਭਾਗ ਹਨ ਕਿ ਉਸ ਸ੍ਰੀ ਕ੍ਰਿਸ਼ਨ ਨਾਲ ਬਹੁਤ ਕਰੜਾ ਯੁੱਧ ਮਚਾਇਆ ਹੈ ॥੧੫੮੩॥
ਸ੍ਰੀ ਕ੍ਰਿਸ਼ਨ ਨੇ ਮੈਨੂੰ ਸਨਾਥ ਕੀਤਾ ਹੈ।
ਜੋ ਦਰਸ਼ਨਾਂ ਨੂੰ ਵੀ ਦਰਸ਼ਨ ਨਹੀਂ ਦਿੰਦਾ (ਅਰਥਾਤ ਛੇ ਦਰਸ਼ਨਾਂ ਤੋਂ ਵੀ ਜਾਣਿਆ ਨਹੀਂ ਜਾਂਦਾ, ਉਸ ਨੇ) ਮੈਨੂੰ ਦਰਸ਼ਨ ਦਿੱਤਾ ਹੈ।
ਰਹਾਉ।
ਮੈਂ ਜਾਣਦਾ ਹਾਂ ਕਿ ਮੇਰੇ ਵਰਗਾ ਜਗਤ ਵਿਚ ਹੋਰ ਕੋਈ ਸੂਰਮਾ ਨਹੀਂ ਹੈ,
ਜਿਸ ਨੇ ਸ੍ਰੀ ਕ੍ਰਿਸ਼ਨ ਨੂੰ ਰਣ-ਖੇਤਰ ਵਿਚ ਆਪਣੇ ਵਲ ਬੁਲਾਇਆ ਹੈ।
ਜਿਸ ਨੂੰ ਸੁਕਦੇਵ ਨਾਰਦ ਮੁਨੀ, ਸ਼ਾਰਦਾ ਆਦਿ ਗਾਉਂਦੇ ਹਨ, ਪਰ (ਉਸ ਦਾ) ਅੰਤ ਪ੍ਰਾਪਤ ਨਹੀਂ ਕਰ ਸਕੇ ਹਨ,
ਉਸ ਸ੍ਰੀ ਕ੍ਰਿਸ਼ਨ ਨੂੰ ਅਜ ਕ੍ਰੋਧਵਾਨ ਹੋ ਕੇ ਲੜਾਈ ਕਰਨ ਲਈ (ਮੈਂ) ਬੁਲਾਇਆ ਹੈ ॥੧੫੮੪॥
ਸਵੈਯਾ:
(ਸ੍ਰੀ ਕ੍ਰਿਸ਼ਨ ਦੇ) ਇਸ ਤਰ੍ਹਾਂ ਗੁਣ ਗਾ ਕੇ (ਰਾਜੇ ਨੇ) ਹੱਥ ਵਿਚ ਧਨੁਸ਼ ਧਾਰਨ ਕਰ ਲਿਆ ਹੈ ਅਤੇ ਫਿਰ ਧਾਵਾ ਕਰ ਪੈ ਗਿਆ ਹੈ ਅਤੇ ਬਹੁਤ ਹੀ ਬਾਣ ਚਲਾਏ ਹਨ।
ਜੋ ਯੋਧੇ ਰਣ ਵਿਚ ਆ ਗਏ ਹਨ, (ਉਨ੍ਹਾਂ ਨੂੰ) ਜਾਣ ਨਹੀਂ ਦਿੱਤਾ ਅਤੇ ਬਹੁਤ ਸਾਰੇ ਮਾਰ ਕੇ ਸੁੱਟ ਦਿੱਤੇ ਹਨ।
ਜਿਨ੍ਹਾਂ ਦੇ ਸ਼ਰੀਰਾਂ ਵਿਚ ਘਾਓ ਲਗੇ ਹਨ, ਫਿਰ ਉਨ੍ਹਾਂ ਦੇ ਮਾਰਨ ਲਈ ਹੱਥ ਨਹੀਂ ਚੁਕਿਆ (ਅਰਥਾਤ ਮਰ ਗਏ ਹਨ)।
ਰਾਜੇ ਨੇ ਯਾਦਵਾਂ ਦੀ ਸੈਨਾ ਮਾਰ ਦਿੱਤੀ ਹੈ ਅਤੇ ਸ੍ਰੀ ਕ੍ਰਿਸ਼ਨ ਉਤੇ ਵੀ ਹਮਲਾ ਕੀਤਾ ਹੈ ॥੧੫੮੫॥
ਸ੍ਰੀ ਕ੍ਰਿਸ਼ਨ ਦੇ ਮੁਕਟ ਨੂੰ ਬਾਣ ਨਾਲ ਧਰਤੀ ਉਤੇ ਡਿਗਾ ਦਿੱਤਾ ਹੈ।
ਵੱਡੇ ਆਕਾਰ ਦੇ ਹਾਥੀਆਂ ਦੇ ਸਮੂਹ ਵਿਚੋਂ ਪੰਦ੍ਰਾਂ ਸੌ ਅਤੇ ਅਨੇਕਾਂ ਘੋੜੇ ਮਾਰ ਸੁਟੇ ਹਨ।
ਫਿਰ ਬਾਰ੍ਹਾਂ ਲਖ ਯਕਸ਼ ਜਿਤ ਲਏ ਹਨ ਅਤੇ ਬਹੁਤ ਸਾਰੀ ਸੈਨਾ ਪ੍ਰਾਣ-ਹੀਨ ਹੋਈ ਪਈ ਹੈ।
ਇਸ ਪ੍ਰਕਾਰ ਦਾ ਯੁੱਧ ਵੇਖ ਕੇ ਸੂਰਮਿਆਂ ਦਾ ਅਭਿਮਾਨ ਖ਼ਤਮ ਹੋ ਗਿਆ ਹੈ ॥੧੫੮੬॥
ਦਸ ਦਿਨ ਅਤੇ ਦਸ ਰਾਤਾਂ (ਰਾਜੇ ਨੇ) ਸ੍ਰੀ ਕ੍ਰਿਸ਼ਨ ਨਾਲ ਯੁੱਧ ਕੀਤਾ ਹੈ ਅਤੇ ਟਾਲਿਆਂ ਟਲਦਾ ਨਹੀਂ ਹੈ।
ਅਤੇ ਕ੍ਰੋਧ ਕਰ ਕੇ (ਉਸ ਨੇ) ਉਥੇ ਸਤਿਕ੍ਰਿਤ ਦੀ ਚਾਰ ਅਛੋਹਣੀ ਸੈਨਾ ਹੋਰ ਮਾਰ ਦਿੱਤੀ ਹੈ।
ਬਹੁਤ ਸਾਰੇ ਸੂਰਮੇ ਮੂਰਛਿਤ ਹੋ ਕੇ ਧਰਤੀ ਉਤੇ ਡਿਗੇ ਪਏ ਹਨ ਅਤੇ ਸ਼ੂਰਵੀਰਾਂ ਦਾ ਲੜਦਿਆਂ ਲੜਦਿਆਂ ਬਲ ਕਮਜ਼ੋਰ ਪੈ ਗਿਆ ਹੈ।
ਕਈ ਡਰ ਦੇ ਮਾਰੇ ਭਜ ਗਏ ਹਨ। ਉਨ੍ਹਾਂ (ਭਜੇ ਜਾਂਦਿਆਂ ਨੂੰ) ਬਲਵਾਨ (ਖੜਗ ਸਿੰਘ) ਨੇ ਇਸ ਤਰ੍ਹਾਂ ਲਲਕਾਰਿਆ ਹੈ, 'ਕਿਥੇ ਜਾਂਦੇ ਹੋ' ॥੧੫੮੭॥
(ਰਾਜੇ ਦਾ) ਲਲਕਾਰਾ ਸੁਣ ਕੇ ਫਿਰ ਸਾਰੇ ਮੁੜ ਪਏ ਹਨ, ਤਦ ਰਾਜੇ ਨੇ (ਉਨ੍ਹਾਂ ਨੂੰ) ਤਿਖੇ ਬਾਣ ਮਾਰੇ ਹਨ।
(ਉਹ) ਆਉਂਦਿਆਂ ਹੀ ਰਸਤੇ ਵਿਚ ਡਿਗ ਪਏ ਹਨ ਅਤੇ ਬਾਣ (ਉਨ੍ਹਾਂ ਦੇ) ਕਵਚਾਂ ('ਜਿਰੇ') ਨੂੰ ਫੋੜ ਕੇ ਦੂਜੇ ਪਾਸੇ ਨਿਕਲ ਗਏ ਹਨ।
ਕਈ ਬਲੀ ਸੂਰਮੇ ਉਸ ਵੇਲੇ ਦੌੜ ਪਏ ਹਨ ਅਤੇ ਮੂੰਹ ਢਾਲਾਂ ਦੀ ਓਟ ਵਿਚ ਕਰ ਕੇ (ਰਾਜੇ ਉਤੇ) ਹਥਿਆਰ ਉਲਾਰਦੇ ਹਨ।