ਸ਼੍ਰੀ ਦਸਮ ਗ੍ਰੰਥ

ਅੰਗ - 932


ਕਹਾ ਲੌ ਗਨੌ ਮੈ ਨਹੀ ਜਾਤ ਬੂਝੇ ॥੯॥

ਮੈਂ ਕਿਥੋਂ ਤਕ ਗਿਣਾਂ, (ਮੈਥੋਂ) ਗਿਣੇ ਨਹੀਂ ਜਾਂਦੇ ॥੯॥

ਰੂਆਲ ਛੰਦ ॥

ਰੂਆਲ ਛੰਦ:

ਅਮਿਤ ਸੈਨਾ ਲੈ ਚਲਿਯੋ ਤਹ ਆਪੁ ਰਾਜਾ ਸੰਗ ॥

ਤਦ ਰਾਜਾ ਬਹੁਤ ਸਾਰੀ ਸੈਨਾ ਆਪਣੇ ਨਾਲ ਲੈ ਕੇ ਚਲਿਆ

ਜੋਰਿ ਕੋਰਿ ਸੁ ਬੀਰ ਮੰਤ੍ਰੀ ਸਸਤ੍ਰ ਧਾਰਿ ਸੁਰੰਗਿ ॥

ਜਿਸ ਵਿਚ ਕ੍ਰੋੜਾਂ ਸੂਰਮੇ ਅਤੇ ਮੰਤ੍ਰੀ ਇਕੱਠੇ ਕਰ ਕੇ ਅਤੇ ਸੁੰਦਰ ਸ਼ਸਤ੍ਰ ਸਜਾ ਕੇ (ਸ਼ਾਮਲ ਹੋ ਗਏ ਹਨ)।

ਸੂਲ ਸੈਥਿਨ ਕੇ ਲਗੇ ਅਰੁ ਬੇਧਿ ਬਾਨਨ ਸਾਥ ॥

ਤ੍ਰਿਸੂਲਾਂ, ਸੈਹੱਥੀਆਂ ਦੇ ਲਗਣ ਨਾਲ ਅਤੇ ਬਾਣਾਂ ਨਾਲ ਵਿੰਨ੍ਹੇ ਜਾਣ ਕਰ ਕੇ

ਜੂਝਿ ਜੂਝਿ ਗਏ ਤਹਾ ਰਨ ਭੂਮਿ ਮਧਿ ਪ੍ਰਮਾਥ ॥੧੦॥

ਰਣ-ਭੂਮੀ ਵਿਚ ਜੂਝ ਜੂਝ ਕੇ ਯੋਧੇ ਮਾਰੇ ਗਏ ਹਨ ॥੧੦॥

ਭੁਜੰਗ ਛੰਦ ॥

ਭੁਜੰਗ ਛੰਦ:

ਜਗੇ ਜੰਗ ਜੋਧਾ ਗਏ ਜੂਝਿ ਭਾਰੇ ॥

ਜੰਗ ਦੇ ਸ਼ੁਰੂ ਹੋ ਜਾਣ ਨਾਲ ਬਹੁਤ ਯੋਧੇ ਮਾਰੇ ਗਏ ਹਨ

ਕਿਤੇ ਭੂਮਿ ਘੂਮੈ ਸੁ ਮਨੋ ਮਤਵਾਰੇ ॥

ਅਤੇ ਕਿਤਨੇ ਭੂਮੀ ਵਿਚ ਮਦ-ਮਸਤਾਂ ਵਾਂਗ ਭਵਾਟਣੀਆਂ ਖਾ ਕੇ ਡਿਗੇ ਪਏ ਹਨ।

ਕਿਤੇ ਮਾਰ ਹੀ ਮਾਰਿ ਐਸੇ ਪੁਕਾਰੈ ॥

ਕਈ 'ਮਾਰੋ-ਮਾਰੋ' ਇਸ ਤਰ੍ਹਾਂ ਪੁਕਾਰਦੇ ਹਨ।

ਕਿਤੇ ਸਸਤ੍ਰ ਛੋਰੈ ਤ੍ਰਿਯਾ ਭੇਖ ਧਾਰੈ ॥੧੧॥

ਕਈਆਂ ਨੇ ਸ਼ਸਤ੍ਰ ਛਡ ਕੇ ਇਸਤਰੀ ਦਾ ਭੇਸ ਧਾਰ ਲਿਆ ਹੈ ॥੧੧॥

ਜਬੈ ਆਨਿ ਜੋਧਾ ਚਹੂੰ ਘਾਤ ਗਜੇ ॥

ਜਦੋਂ ਚੌਹਾਂ ਪਾਸਿਆਂ ਤੋਂ ਯੋਧੇ ਆ ਕੇ ਗੱਜੇ।

ਮਹਾ ਸੰਖ ਔ ਦੁੰਦਭੀ ਨਾਦ ਵਜੇ ॥

ਵੱਡੇ ਸੰਖਾਂ ਅਤੇ ਨਗਾਰਿਆਂ ਦੇ ਨਾਦ ਹੋਣ ਲਗੇ।

ਪਰੀ ਜੌ ਅਭੀਤਾਨ ਕੀ ਭੀਰ ਭਾਰੀ ॥

ਜਦੋਂ ਨਿਡਰ ਸੂਰਮਿਆਂ ('ਅਭੀਤਾਨ') ਦੀ ਭੀੜ ਵਧ ਗਈ,

ਤਬੈ ਆਪੁ ਸ੍ਰੀ ਕਾਲਿਕਾ ਕਿਲਕਾਰੀ ॥੧੨॥

ਤਦ ਆਪ ਕਾਲਿਕਾ ਨੇ ਕਿਲਕਾਰੀਆਂ ਮਾਰੀਆਂ ॥੧੨॥

ਤਹਾ ਆਪੁ ਲੈ ਰੁਦ੍ਰ ਡੌਰੂ ਬਜਾਯੋ ॥

ਉਥੇ ਆਪ ਸ਼ਿਵ ਨੇ ਡੌਰੂ ਲੈ ਕੇ ਵਜਾਇਆ

ਚਤਰ ਸਾਠਿ ਮਿਲਿ ਜੋਗਨੀ ਗੀਤ ਗਾਯੋ ॥

ਅਤੇ ਚੌਂਹਠ ਜੋਗਣਾਂ ਨੇ ਮਿਲ ਕੇ ਗੀਤ ਗਾਇਆ।

ਕਹੂੰ ਕੋਪਿ ਕੈ ਡਾਕਨੀ ਹਾਕ ਮਾਰੈ ॥

ਕਿਤੇ ਕ੍ਰੋਧਿਤ ਹੋ ਕੇ ਡਾਕਣੀਆਂ ਹੁੰਕਾਰਦੀਆਂ ਸਨ

ਕਹੂੰ ਭੂਤ ਔ ਪ੍ਰੇਤ ਨਾਗੇ ਬਿਹਾਰੈ ॥੧੩॥

ਅਤੇ ਕਿਤੇ ਭੂਤ ਅਤੇ ਪ੍ਰੇਤ ਨੰਗੇ ਵਿਚਰ ਰਹੇ ਸਨ ॥੧੩॥

ਤੋਮਰ ਛੰਦ ॥

ਤੋਮਰ ਛੰਦ:

ਤਬ ਬਿਕ੍ਰਮੈ ਰਿਸਿ ਖਾਇ ॥

ਤਦ ਬਿਕ੍ਰਮ ਨੇ ਗੁੱਸਾ ਖਾ ਕੇ

ਭਟ ਭਾਤਿ ਭਾਤਿ ਬੁਲਾਇ ॥

ਭਾਂਤ ਭਾਂਤ ਦੇ ਯੋਧੇ ਬੁਲਾਏ।

ਚਿਤ ਮੈ ਅਧਿਕ ਹਠ ਠਾਨਿ ॥

(ਉਹ) ਚਿਤ ਵਿਚ ਅਧਿਕ ਹਠ ਕਰ ਕੇ

ਤਿਹ ਠਾ ਪਰਤ ਭੇ ਆਨਿ ॥੧੪॥

ਉਸ ਥਾਂ ਤੇ ਆ ਕੇ ਇਕੱਠੇ ਹੋ ਗਏ ॥੧੪॥

ਅਤਿ ਤਹ ਸੁ ਜੋਧਾ ਆਨਿ ॥

ਉਥੇ ਬਹੁਤ ਅਧਿਕ ਯੋਧੇ ਆ ਕੇ

ਲਰਿ ਮਰਤ ਭੇ ਤਜਿ ਕਾਨਿ ॥

(ਕਿਸੇ ਦੀ) ਪਰਵਾਹ ਛਡ ਕੇ ਲੜਨ ਮਰਨ ਲਗੇ।

ਬਾਜੰਤ੍ਰ ਕੋਟਿ ਬਜਾਇ ॥

ਅਨੇਕਾਂ ਵਾਜੇ ਵਜਣ ਲਗੇ

ਰਨ ਰਾਗ ਮਾਰੂ ਗਾਇ ॥੧੫॥

ਅਤੇ ਰਣ ਵਿਚ ਮਾਰੂ ਰਾਗ ਗਾਇਆ ਜਾਣ ਲਗਿਆ ॥੧੫॥

ਚੌਪਈ ॥

ਚੌਪਈ:

ਆਨਿ ਪਰੇ ਤੇ ਸਕਲ ਨਿਬੇਰੇ ॥

ਜੋ (ਉਥੇ) ਆ ਕੇ ਪਏ, ਉਹ ਸਾਰੇ ਨਿਬੇੜ ਦਿੱਤੇ ਗਏ।

ਉਮਡੇ ਔਰ ਕਾਲ ਕੇ ਪ੍ਰੇਰੇ ॥

(ਉਥੇ) ਕਾਲ ਦੇ ਪ੍ਰੇਰੇ ਹੋਏ ਹੋਰ ਉਮਡ ਕੇ ਪੈ ਗਏ।

ਜੇ ਚਲਿ ਦਲ ਰਨ ਮੰਡਲ ਆਏ ॥

ਜੋ ਚਲ ਕੇ ਯੁੱਧ-ਭੂਮੀ ਵਿਚ ਆ ਗਏ,

ਲਰਿ ਮਰਿ ਕੈ ਸਭ ਸ੍ਵਰਗ ਸਿਧਾਏ ॥੧੬॥

(ਉਹ) ਸਾਰੇ ਲੜ ਮਰੇ ਅਤੇ ਸਵਰਗ ਨੂੰ ਚਲੇ ਗਏ ॥੧੬॥

ਐਸੀ ਭਾਤਿ ਸੈਨ ਜਬ ਲਰਿਯੋ ॥

ਇਸ ਤਰ੍ਹਾਂ ਜਦ ਸੈਨਾ ਲੜੀ

ਏਕ ਬੀਰ ਜੀਯਤ ਨ ਉਬਰਿਯੋ ॥

ਤਾਂ ਇਕ ਸੂਰਮਾ ਵੀ ਜੀਉਂਦਾ ਨਾ ਬਚਿਆ।

ਤਬ ਹਠਿ ਰਾਵ ਆਪਿ ਦੋਊ ਧਾਏ ॥

ਤਦ ਦੋਵੇਂ ਰਾਜੇ ਹਠ ਪੂਰਵਕ ਆਪ ਚਲ ਪਏ

ਭਾਤਿ ਭਾਤਿ ਬਾਦਿਤ੍ਰ ਬਜਾਏ ॥੧੭॥

ਅਤੇ ਭਾਂਤ ਭਾਂਤ ਦੇ ਵਾਜੇ ਵਜਾਏ ਗਏ ॥੧੭॥

ਤੁਰਹੀ ਨਾਦ ਨਫੀਰੀ ਬਾਜੀ ॥

ਤੁਰਹੀਆਂ, ਨਾਦ, ਨਫ਼ੀਰੀਆਂ ਵਜੀਆਂ

ਸੰਖ ਢੋਲ ਕਰਨਾਏ ਗਾਜੀ ॥

ਅਤੇ ਸੰਖ, ਢੋਲ ਅਤੇ ਰਣ-ਸਿੰਘੇ ਗੱਜੇ।

ਭਾਤਿ ਭਾਤਿ ਮੋ ਘੁਰੇ ਨਗਾਰੇ ॥

ਭਾਂਤ ਭਾਂਤ ਦੇ ਨਗਾਰੇ ਵਜੇ

ਦੇਖਤ ਸੁਰ ਬਿਵਾਨ ਚੜਿ ਸਾਰੇ ॥੧੮॥

ਅਤੇ ਵੇਖਣ ਲਈ ਸਾਰੇ ਦੇਵਤੇ ਬਿਮਾਨਾਂ ਉਤੇ ਚੜ੍ਹ ਕੇ ਆਏ ॥੧੮॥

ਜੋ ਬਿਕ੍ਰਮਾ ਤਿਹ ਘਾਇ ਚਲਾਵੈ ॥

ਜੋ ਵੀ ਬਿਕ੍ਰਮ ਉਸ ਉਤੇ ਵਾਰ ਕਰਦਾ,

ਆਪਿ ਆਨਿ ਸ੍ਰੀ ਚੰਡਿ ਬਚਾਵੈ ॥

ਚੰਡਿਕਾ ਆਪ ਆ ਕੇ ਬਚਾ ਲੈਂਦੀ।

ਤਿਹ ਬ੍ਰਿਣ ਏਕ ਲਗਨ ਨਹਿ ਦੇਵੈ ॥

ਉਸ ਨੂੰ ਇਕ ਵੀ ਘਾਓ ਲਗਣ ਨਾ ਦਿੰਦੀ।

ਸੇਵਕ ਜਾਨਿ ਰਾਖਿ ਕੈ ਲੇਵੈ ॥੧੯॥

(ਆਪਣਾ) ਸੇਵਕ ਸਮਝ ਕੇ ਉਸ ਦੀ ਰਖਿਆ ਕਰਦੀ ॥੧੯॥

ਦੋਹਰਾ ॥

ਦੋਹਰਾ:

ਦੇਵੀ ਭਗਤ ਪਛਾਨਿ ਤਿਹ ਲਗਨ ਨ ਦੀਨੇ ਘਾਇ ॥

ਦੇਵੀ ਨੇ ਆਪਣਾ ਭਗਤ ਜਾਣ ਕੇ ਉਸ (ਰਾਜੇ) ਨੂੰ ਘਾਓ ਲਗਣ ਨਾ ਦਿੱਤਾ,

ਬਜ੍ਰ ਬਾਨ ਬਰਛੀਨ ਕੋ ਬਿਕ੍ਰਮ ਰਹਿਯੋ ਚਲਾਇ ॥੨੦॥

(ਭਾਵੇਂ) ਬਿਕ੍ਰਮ ਬਜ੍ਰ ਦੇ ਸਮਾਨ ਬਰਛੀਆਂ ਅਤੇ ਤੀਰ ਚਲਾਉਂਦਾ ਰਿਹਾ ॥੨੦॥


Flag Counter