ਸ਼੍ਰੀ ਦਸਮ ਗ੍ਰੰਥ

ਅੰਗ - 1092


ਦੋਹਰਾ ॥

ਦੋਹਰਾ:

ਨਰਾਕਸੁਰ ਰਾਜਾ ਬਡੋ ਗੂਆਹਟੀ ਕੋ ਰਾਇ ॥

ਨਰਕਾਸੁਰ ਨਾਂ ਦਾ ਗੁਹਾਟੀ ਦਾ ਵੱਡਾ ਰਾਜਾ ਸੀ।

ਜੀਤਿ ਜੀਤਿ ਰਾਜਾਨ ਕੀ ਦੁਹਿਤਾ ਲੇਤ ਛਿਨਾਇ ॥੧॥

ਉਹ ਰਾਜਿਆਂ ਨੂੰ ਜਿਤ ਜਿਤ ਕੇ ਉਨ੍ਹਾਂ ਦੀਆਂ ਪੁੱਤਰੀਆਂ ਨੂੰ ਖੋਹ ਲੈਂਦਾ ਸੀ ॥੧॥

ਚੌਪਈ ॥

ਚੌਪਈ:

ਤਿਨ ਇਕ ਬਿਵਤ ਜਗ੍ਯ ਕੋ ਕੀਨੋ ॥

ਉਸ ਨੇ ਇਕ ਯੱਗ ਦੀ ਵਿਉਂਤ ਬਣਾਈ।

ਏਕ ਲਛ ਰਾਜਾ ਗਹਿ ਲੀਨੋ ॥

ਇਕ ਲੱਖ ਰਾਜਿਆਂ ਨੂੰ ਫੜ ਲਿਆ।

ਜੌ ਇਕ ਔਰ ਬੰਦ ਨ੍ਰਿਪ ਪਰੈ ॥

ਜੇ ਇਕ ਹੋਰ ਰਾਜਾ ਪਕੜਿਆ ਜਾਏ

ਤਿਨ ਨ੍ਰਿਪ ਮੇਧ ਜਗ੍ਯ ਕਰਿ ਬਰੈ ॥੨॥

ਤਾਂ ਉਹ ਵੱਡਾ ਨ੍ਰਿਪ-ਮੇਧ ਯਗ ਕਰੇ ॥੨॥

ਪ੍ਰਥਮ ਕੋਟ ਲੋਹਾ ਕੋ ਰਾਜੈ ॥

ਉਸ ਦਾ ਪਹਿਲਾ ਕਿਲ੍ਹਾ ਲੋਹੇ ਦਾ ਸੀ,

ਦੁਤਿਯ ਤਾਬ੍ਰ ਕੇ ਦੁਰਗ ਬਿਰਾਜੈ ॥

ਦੂਜਾ ਤਾਂਬੇ ਦਾ ਦੁਰਗ ਸੀ,

ਤੀਜੋ ਅਸਟ ਧਾਮ ਗੜ ਸੋਹੈ ॥

ਤੀਜਾ ਅੱਠ ਧਾਤਾਂ ਦਾ ਬਣਿਆ ਹੋਇਆ ਸੀ

ਚੌਥ ਸਿਕਾ ਕੋ ਕਿਲੋ ਕਰੋਹੈ ॥੩॥

ਅਤੇ ਚੌਥਾ ਕਿਲ੍ਹਾ ਸਿਕੇ ਦਾ ਬਣਿਆ ਹੋਇਆ ਸੀ ॥੩॥

ਬਹੁਰਿ ਫਟਕ ਕੋ ਕੋਟ ਬਨਾਯੋ ॥

ਫਿਰ ਉਸ ਨੇ ਸਫਟਿਕ ਦਾ ਕਿਲ੍ਹਾ ਬਣਵਾਇਆ ਹੋਇਆ ਸੀ

ਜਿਹ ਲਖਿ ਰੁਦ੍ਰਾਚਲ ਸਿਰ ਨ੍ਯਾਯੋ ॥

ਜਿਸ ਨੂੰ ਵੇਖ ਕੇ ਕੈਲਾਸ਼ ਪਰਬਤ ('ਰੁਦ੍ਰਾਚਲ') ਵੀ ਸਿਰ ਨਿਵਾਉਂਦਾ ਸੀ।

ਖਸਟਮ ਦੁਰਗ ਰੁਕਮ ਕੋ ਸੋਹੈ ॥

(ਉਸ ਨੇ) ਛੇਵਾਂ ਕਿਲ੍ਹਾ ਚਾਂਦੀ ਦਾ ਸ਼ੋਭਦਾ ਸੀ

ਜਾ ਕੇ ਤੀਰ ਬ੍ਰਹਮਪੁਰ ਕੋਹੈ ॥੪॥

ਜਿਸ ਦੇ ਸਾਹਮਣੇ ਬ੍ਰਹਮਪੁਰੀ ਵੀ ਕੋਈ ਚੀਜ਼ ਨਹੀਂ ਸੀ ॥੪॥

ਸਪਤਮ ਗੜ ਸੋਨਾ ਕੋ ਰਾਜੈ ॥

ਸੱਤਵਾਂ ਕਿਲ੍ਹਾ ਸੋਨੇ ਦਾ ਸੀ ਜਿਸ ਨੂੰ ਵੇਖ ਕੇ

ਜਾ ਕੋ ਲੰਕ ਬੰਕ ਲਖਿ ਲਾਜੈ ॥

ਲੰਕਾ ਦਾ ਸੁੰਦਰ ਕਿਲ੍ਹਾ ਵੀ ਲਜਾਉਂਦਾ ਸੀ।

ਤਾ ਕੇ ਮਧ੍ਯ ਆਪੁ ਨ੍ਰਿਪ ਰਹੈ ॥

ਉਸ ਵਿਚ ਰਾਜਾ ਆਪ ਰਹਿੰਦਾ ਸੀ।

ਆਨਿ ਨ ਮਾਨੈ ਜੋ ਤਿਹ ਗਹੈ ॥੫॥

ਜੋ ਉਸ ਦੀ ਈਨ ਨਹੀਂ ਮੰਨਦਾ ਸੀ, ਉਸ ਨੂੰ ਪਕੜ ਲੈਂਦਾ ਸੀ ॥੫॥

ਜੌ ਨ੍ਰਿਪ ਔਰ ਹਾਥ ਤਿਹ ਆਵੈ ॥

ਜੇ ਉਸ ਦੇ ਹੱਥ ਕੋਈ ਇਕ ਹੋਰ ਰਾਜਾ ਚੜ੍ਹ ਜਾਵੇ

ਤਬ ਵਹੁ ਸਭ ਰਾਜਾ ਕਹ ਘਾਵੈ ॥

ਤਾਂ ਉਹ ਸਾਰਿਆਂ ਰਾਜਿਆਂ ਨੂੰ ਮਾਰ ਕੇ (ਯੱਗ ਕਰੇ)।

ਸੋਰਹ ਸਹਸ ਰਾਨਿਯਨ ਬਰੈ ॥

(ਫਿਰ) ਉਹ ਸੋਲਹਾਂ ਹਜ਼ਾਰ ਰਾਣੀਆਂ ਨਾਲ ਵਿਆਹ ਕਰੇ

ਨਰਾਮੇਧ ਨ੍ਰਿਪ ਪੂਰਨ ਕਰੈ ॥੬॥

ਅਤੇ 'ਨਰਮੇਧ ਯੱਗ' ਪੂਰਾ ਕਰੇ ॥੬॥

ਇਕ ਰਾਨੀ ਯੌ ਬਚਨ ਉਚਾਰਾ ॥

ਇਕ ਰਾਣੀ ਨੇ ਇਸ ਤਰ੍ਹਾਂ ਕਿਹਾ

ਦ੍ਵਾਰਾਵਤਿ ਉਗ੍ਰੇਸੁਜਿਆਰਾ ॥

ਕਿ ਦ੍ਵਾਰਾਵਤੀ ਵਿਚ ਇਕ ਉਗ੍ਰਸੈਨ ('ਉਗ੍ਰੇਸ') ਨਾਂ ਦਾ ਪ੍ਰਤਾਪੀ ਰਾਜਾ ਹੈ।

ਜੌ ਤੂ ਤਾਹਿ ਜੀਤਿ ਕੈ ਲ੍ਯਾਵੈ ॥

ਜੇ ਤੂੰ ਉਸ ਨੂੰ ਜਿੱਤ ਕੇ ਲਿਆਵੇਂ,

ਤਬ ਯਹ ਹੋਮ ਜਗ੍ਯ ਨ੍ਰਿਪ ਪਾਵੈ ॥੭॥

ਤਦ ਇਹ ਨ੍ਰਿਪ-ਯੱਗ ਪੂਰਾ ਹੋਵੇਗਾ ॥੭॥

ਦੋਹਰਾ ॥

ਦੋਹਰਾ:

ਯੌ ਕਹਿ ਕੈ ਰਾਜਾ ਭਏ ਪਤਿਯਾ ਲਿਖੀ ਬਨਾਇ ॥

ਇਹ ਕਹਿ ਕੇ ਰਾਜੇ ਵਲੋਂ (ਉਸ ਨੂੰ) ਚਿੱਠੀ ਲਿਖ ਦਿੱਤੀ

ਜਹਾ ਕ੍ਰਿਸਨ ਬੈਠੇ ਹੁਤੇ ਦੀਨੀ ਤਹਾ ਪਠਾਇ ॥੮॥

ਅਤੇ ਜਿਥੇ ਕ੍ਰਿਸ਼ਨ ਬੈਠੇ ਸਨ, ਉਥੇ ਭੇਜ ਦਿੱਤੀ ॥੮॥

ਚੌਪਈ ॥

ਚੌਪਈ:

ਬੈਠੇ ਕਹਾ ਕ੍ਰਿਸਨ ਬਡਭਾਗੀ ॥

(ਚਿੱਠੀ ਵਿਚ ਲਿਖਿਆ) ਹੇ ਵਡਭਾਗੀ ਕ੍ਰਿਸ਼ਨ ਜੀ! (ਤੁਸੀਂ) ਕਿਥੇ ਬੈਠ ਰਹੇ ਹੋ।

ਤੁਮ ਸੌ ਡੀਠਿ ਹਮਾਰੀ ਲਾਗੀ ॥

ਤੁਹਾਡੇ ਵਲ ਸਾਡੀ ਨਜ਼ਰ ਟਿੱਕੀ ਹੋਈ ਹੈ।

ਇਹ ਨ੍ਰਿਪ ਘਾਇ ਨ੍ਰਿਪਾਨ ਛੁਰੈਯੈ ॥

ਇਸ ਰਾਜੇ ਨੂੰ ਮਾਰ ਕੇ (ਹੋਰਨਾਂ) ਰਾਜਿਆਂ ਨੂੰ ਛੁੜਵਾਓ

ਹਮ ਸਭਹਿਨਿ ਬਰਿ ਘਰ ਲੈ ਜੈਯੈ ॥੯॥

ਅਤੇ ਅਸਾਂ ਸਾਰੀਆਂ ਨੂੰ ਵਰ ਕੇ ਘਰ ਲੈ ਜਾਓ ॥੯॥

ਜੌ ਜਬ ਬੈਨ ਕ੍ਰਿਸਨ ਸੁਨਿ ਪਾਯੋ ॥

ਜਦ (ਚਿੱਠੀ ਵਿਚ ਲਿਖੇ) ਬੋਲ ਕ੍ਰਿਸ਼ਨ ਨੇ ਸੁਣੇ

ਗਰੁੜ ਚੜੇ ਗਰੁੜਾਧ੍ਵਜ ਆਯੋ ॥

ਤਾਂ ਗਰੁੜ ਦੀ ਸਵਾਰੀ ਕਰਨ ਵਾਲੇ (ਭਗਵਾਨ) ਗਰੁੜ ਉਤੇ ਚੜ੍ਹ ਕੇ ਆ ਗਏ।

ਪ੍ਰਥਮ ਕੋਟ ਲੋਹਾ ਕੇ ਤੋਰਿਯੋ ॥

ਪਹਿਲਾਂ (ਉਨ੍ਹਾਂ ਨੇ) ਲੋਹੇ ਦਾ ਕਿਲ੍ਹਾ ਤੋੜਿਆ।

ਸਮੁਹਿ ਭਏ ਤਾ ਕੋ ਸਿਰ ਫੋਰਿਯੋ ॥੧੦॥

ਜੋ ਸਾਹਮਣੇ ਆਇਆ ਉਸ ਦਾ ਸਿਰ ਪਾੜ ਦਿੱਤਾ ॥੧੦॥

ਬਹੁਰੌ ਦੁਰਗ ਤਾਬ੍ਰ ਕੋ ਲੀਨੋ ॥

ਫਿਰ ਤਾਂਬੇ ਦਾ ਕਿਲ੍ਹਾ ਜਿਤਿਆ,

ਅਸਟ ਧਾਤਿ ਪੁਨਿ ਗੜ ਬਸਿ ਕੀਨੋ ॥

ਮਗਰੋਂ ਅੱਠਾਂ ਧਾਤਾਂ ਵਾਲਾ ਕਿਲ੍ਹਾ ਆਪਣੇ ਅਧੀਨ ਕੀਤਾ।

ਬਹੁਰਿ ਸਿਕਾ ਕੋ ਕੋਟ ਛਿਨਾਯੋ ॥

ਫਿਰ ਸਿਕੇ ਦਾ ਕਿਲ੍ਹਾ ਜਿਤਿਆ।

ਬਹੁਰਿ ਫਟਕ ਕੋ ਕਿਲੋ ਗਿਰਾਯੋ ॥੧੧॥

ਇਸ ਤੋਂ ਬਾਦ ਸਫਟਿਕ ਦਾ ਕਿਲ੍ਹਾ ਢਾਹ ਢੇਰੀ ਕਰ ਦਿੱਤਾ ॥੧੧॥

ਜਬ ਹੀ ਰੁਕਮ ਕੋਟ ਕੌ ਲਾਗਿਯੋ ॥

ਜਦੋਂ ਚਾਂਦੀ ਦੇ ਕਿਲ੍ਹੇ ਨੂੰ ਲਗੇ,

ਤਬ ਨ੍ਰਿਪ ਸਕਲ ਸਸਤ੍ਰ ਗਹਿ ਜਾਗਿਯੋ ॥

ਤਾਂ ਰਾਜੇ ਨੇ ਜਾਗ ਕੇ ਸਾਰੇ ਸ਼ਸਤ੍ਰ ਧਾਰਨ ਕੀਤੇ।

ਸਕਲ ਸੈਨ ਲੀਨੇ ਸੰਗ ਆਯੋ ॥

ਸਾਰੀ ਸੈਨਾ ਨਾਲ ਲੈ ਕੇ ਆਇਆ

ਮਹਾ ਕੋਪ ਕਰਿ ਨਾਦਿ ਬਜਾਯੋ ॥੧੨॥

ਅਤੇ ਬਹੁਤ ਕ੍ਰੋਧਵਾਨ ਹੋ ਕੇ ਨਾਦ ਵਜਾਇਆ ॥੧੨॥


Flag Counter