ਸ਼੍ਰੀ ਦਸਮ ਗ੍ਰੰਥ

ਅੰਗ - 991


ਸਵੈਯਾ ॥

ਸਵੈਯਾ:

ਮਾਰਿ ਪਰੇ ਬਿਸੰਭਾਰ ਧਰਾ ਪਰ ਸੂਰ ਸਭੇ ਸੁਖ ਸੁਧ ਅਨੀਕੇ ॥

ਸੈਨਾ ਦੇ ਸਾਰੇ ਸੂਰਮੇ ਮਾਰੇ ਜਾਣ ਤੇ ਧਰਤੀ ਉਤੇ ਬੇੱਸੁਧ ਹੋ ਕੇ ਸੁਖ ਪੂਰਵਕ ਪਏ ਹਨ।

ਤਾ ਪਰ ਕੰਤ ਸੁਨਿਯੋ ਜੁ ਜੁਝਿਯੋ ਦਿਨ ਰੈਨਿ ਬਸੈ ਜੋਊ ਅੰਤਰ ਜੀਕੇ ॥

ਇਸ ਤੋਂ ਬਾਦ ਸੁਣਿਆ ਕਿ ਕੰਤ (ਰਾਜਾ) ਵੀ ਜੂਝ ਮਰਿਆ ਹੈ, ਜੋ ਦਿਨ ਰਾਤ ਮੇਰੇ ਮਨ ਵਿਚ ਵਸਦਾ ਹੈ।

ਤਾ ਬਿਨੁ ਹਾਰ ਸਿੰਗਾਰ ਅਪਾਰ ਸਭੈ ਸਜਨੀ ਮੁਹਿ ਲਾਗਤ ਫੀਕੇ ॥

ਹੇ ਸਜਨੀ! ਉਸ ਤੋਂ ਬਿਨਾ ਮੈਨੂੰ ਸਾਰੇ ਹਾਰ ਸ਼ਿੰਗਾਰ ਫਿਕੇ ਲਗਦੇ ਹਨ।

ਕੈ ਰਿਪੁ ਮਾਰਿ ਮਿਲੋ ਮੈ ਪਿਯਾ ਸੰਗ ਨਾਤਰ ਪਯਾਨ ਕਰੋ ਸੰਗ ਪੀ ਕੇ ॥੧੭॥

ਜਾਂ ਤਾਂ ਵੈਰੀ ਨੂੰ ਮਾਰ ਕੇ ਪ੍ਰੀਤਮ ਨੂੰ ਜਾ ਮਿਲਾਂ ਨਹੀਂ ਤਾਂ ਪ੍ਰੀਤਮ ਨਾਲ ਹੀ ਪ੍ਰਸਥਾਨ ਕਰਾਂ ॥੧੭॥

ਜੋਰਿ ਮਹਾ ਦਲ ਕੋਰਿ ਕਈ ਭਟ ਭੂਖਨ ਅੰਗ ਸੁਰੰਗ ਸੁਹਾਏ ॥

ਬਹੁਤ ਵੱਡਾ ਦਲ ਜੋੜ ਕੇ ਕਈ ਕਰੋੜ ਸੂਰਮੇ ਨਾਲ ਲਏ, (ਜਿਨ੍ਹਾਂ ਦੇ) ਸ਼ਰੀਰਾਂ ਉਤੇ ਸੁੰਦਰ ਗਹਿਣੇ ਸਜੇ ਹੋਏ ਸਨ।

ਬਾਧਿ ਕ੍ਰਿਪਾਨ ਪ੍ਰਚੰਡ ਚੜ੍ਰਹੀ ਰਥ ਦੇਵ ਅਦੇਵ ਸਭੈ ਬਿਰਮਾਏ ॥

ਪ੍ਰਚੰਡ ਕ੍ਰਿਪਾਨ ਬੰਨ੍ਹ ਕੇ (ਰਾਣੀ) ਰਥ ਉਤੇ ਚੜ੍ਹ ਗਈ ਜਿਸ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਸਭ ਹੈਰਾਨ ਹੋ ਗਏ।

ਬੀਰੀ ਚਬਾਤ ਕਛੂ ਮੁਸਕਾਤ ਸੁ ਮੋਤਿਨ ਹਾਰ ਹਿਯੇ ਉਰਝਾਏ ॥

(ਉਹ) ਪਾਨ ਚਬਾ ਰਹੀ ਸੀ, ਕੁਝ ਮੁਸਕਰਾ ਰਹੀ ਸੀ ਅਤੇ ਮੋਤੀਆਂ ਦੇ ਹਾਰ ਉਸ ਦੀ ਛਾਤੀ ਉਤੇ ਲਟਕ ਰਹੇ ਸਨ।

ਅੰਗ ਦੁਕੂਲ ਫਬੈ ਸਿਰ ਫੂਲ ਬਿਲੋਕਿ ਪ੍ਰਭਾ ਦਿਵ ਨਾਥ ਲਜਾਏ ॥੧੮॥

ਸ਼ਰੀਰ ਉਤੇ ਦੁਪੱਟਾ ਫਬ ਰਿਹਾ ਸੀ ਅਤੇ ਸਿਰ ਉਤੇ ਚੌਂਕ ('ਫੁਲ') ਨੂੰ ਵੇਖ ਕੇ ਸੂਰਜ ਦਾ ਪ੍ਰਕਾਸ਼ ਵੀ ਲਜਾ ਰਿਹਾ ਸੀ ॥੧੮॥

ਦੋਹਰਾ ॥

ਦੋਹਰਾ:

ਜੋਰਿ ਅਨੀ ਗਾੜੇ ਸੁਭਟ ਤਹ ਤੇ ਕਿਯੋ ਪਯਾਨ ॥

(ਉਹ) ਹਠੀ ਸੈਨਿਕਾਂ ਦੀ ਫ਼ੌਜ ਲੈ ਕੇ ਉਥੋਂ ਚਲ ਪਈ।

ਪਲਕ ਏਕ ਲਾਗੀ ਨਹੀ ਤਹਾ ਪਹੂਚੈ ਆਨਿ ॥੧੯॥

ਅੱਖ ਦੇ ਪਲਕਾਰੇ ਵਿਚ ਉਥੇ (ਮੈਦਾਨੇ ਜੰਗ) ਵਿਚ ਆਣ ਪਹੁੰਚੀ ॥੧੯॥

ਸਵੈਯਾ ॥

ਸਵੈਯਾ:

ਆਵਤ ਹੀ ਅਤਿ ਜੁਧ ਕਰਿਯੋ ਤਿਨ ਬਾਜ ਕਰੀ ਰਥ ਕ੍ਰੋਰਿਨ ਕੂਟੇ ॥

ਆਉਂਦਿਆਂ ਹੀ ਉਸ ਨੇ ਬਹੁਤ ਯੁੱਧ ਕੀਤਾ ਅਤੇ ਕਰੋੜਾਂ ਘੋੜੇ, ਹਾਥੀ ਅਤੇ ਰਥ ਕੁਟ ਸੁਟੇ।

ਪਾਸਨ ਪਾਸਿ ਲਏ ਅਰਿ ਕੇਤਿਕ ਸੂਰਨ ਕੇ ਸਿਰ ਕੇਤਿਕ ਟੂਟੇ ॥

ਕਿਤਨੇ ਹੀ ਵੈਰੀ ਫਾਂਸਾਂ ਵਿਚ ਫਸਾ ਲਏ ਅਤੇ ਕਿਤਨਿਆਂ ਹੀ ਸੂਰਮੇ ਦੇ ਸਿਰ ਪਾੜ ਦਿੱਤੇ।

ਹੇਰਿ ਟਰੇ ਕੋਊ ਆਨਿ ਅਰੇ ਇਕ ਜੂਝਿ ਪਰੇ ਰਨ ਪ੍ਰਾਨ ਨਿਖੂਟੇ ॥

(ਉਸ ਇਸਤਰੀ ਨੂੰ) ਵੇਖ ਕੇ ਕੋਈ ਭਜ ਗਏ, ਕੋਈ ਆ ਕੇ ਲੜ ਪਏ ਅਤੇ ਇਕ ਰਣ ਵਿਚ ਜੂਝ ਮਰੇ, ਜਿਨ੍ਹਾਂ ਦੇ ਪ੍ਰਾਣ ਖ਼ਤਮ ਹੋ ਚੁਕੇ ਸਨ।

ਪੌਨ ਸਮਾਨ ਛੁਟੇ ਤ੍ਰਿਯ ਬਾਨ ਸਭੈ ਦਲ ਬਾਦਲ ਸੇ ਚਲਿ ਫੂਟੇ ॥੨੦॥

ਇਸਤਰੀ ਦੇ ਬਾਣ ਪੌਣ ਵਰਗੇ ਚਲਦੇ ਸਨ (ਜਿਸ ਦੇ ਫਲਸਰੂਪ ਵੈਰੀ ਦੇ) ਸਾਰੇ ਦਲ ਬਦਲ ਵਾਂਗ ਫਟ ਗਏ ਸਨ ॥੨੦॥

ਚੌਪਈ ॥

ਚੌਪਈ:

ਮਾਨਵਤੀ ਜਿਹ ਓਰ ਸਿਧਾਰੇ ॥

ਮਾਨਵਤੀ (ਰਾਣੀ) ਜਿਸ ਪਾਸੇ ਵਲ ਜਾਂਦੀ ਸੀ,

ਏਕ ਤੀਰ ਇਕ ਸ੍ਵਾਰ ਸੰਘਾਰੇ ॥

ਇਕ ਤੀਰ ਨਾਲ ਇਕ ਸਵਾਰ ਮਾਰ ਦਿੰਦੀ ਸੀ।

ਪਖਰੇ ਕੇਤੇ ਪਦੁਮ ਬਿਦਾਰੇ ॥

ਕਈ ਪਦਮ ਘੋੜੇ (ਅਥਵਾ ਘੋੜ ਚੜ੍ਹੇ ਸਵਾਰ) ਮਾਰ ਦਿੱਤੇ

ਕੋਟਿਕ ਕਰੀ ਖੇਤ ਮੈ ਮਾਰੇ ॥੨੧॥

ਅਤੇ ਕਰੋੜਾਂ ਹਾਥੀ ਯੁੱਧ-ਭੂਮੀ ਵਿਚ ਸੰਘਾਰ ਦਿੱਤੇ ॥੨੧॥

ਦੋਹਰਾ ॥

ਦੋਹਰਾ:

ਸਭ ਸਖਿਯਾ ਹਰਖਤਿ ਭਈ ਕਾਤਰ ਭਈ ਨ ਕੋਇ ॥

ਸਾਰੀਆਂ ਸਖੀਆਂ ਪ੍ਰਸੰਨਤਾ ਪੂਰਵਕ (ਯੁੱਧ ਕਰ ਰਹੀਆਂ ਸਨ) (ਉਨ੍ਹਾਂ ਵਿਚੋਂ) ਕੋਈ ਵੀ ਕਾਇਰ ਨਹੀਂ ਸੀ।

ਜੁਧ ਕਾਜ ਸਭ ਹੀ ਚਲੀ ਕਾਲ ਕਰੈ ਸੋ ਹੋਇ ॥੨੨॥

ਸਾਰੀਆਂ ਯੁੱਧ ਕਰਨ ਲਈ ਚਲੀਆਂ ਸਨ, (ਅਗੋਂ ਜੋ) ਕਾਲ ਕਰੇਗਾ, ਸੋਈ ਹੋਏਗਾ ॥੨੨॥

ਸਵੈਯਾ ॥

ਸਵੈਯਾ:

ਚਾਬੁਕ ਮਾਰਿ ਤੁਰੰਗ ਧਸੀ ਰਨ ਕਾਢਿ ਕ੍ਰਿਪਾਨ ਬਡੇ ਭਟ ਘਾਏ ॥

(ਰਾਣੀ) ਘੋੜੇ ਨੂੰ ਚਾਬਕ ਮਾਰ ਕੇ ਰਣ-ਭੂਮੀ ਵਿਚ ਧਸ ਗਈ ਅਤੇ ਕ੍ਰਿਪਾਨ ਕਢ ਕੇ ਬਹੁਤ ਸੈਨਿਕ ਮਾਰ ਦਿੱਤੇ।

ਪਾਸਨ ਪਾਸਿ ਲਏ ਅਰਿ ਕੇਤਿਕ ਜੀਵਤ ਹੀ ਗਹਿ ਜੇਲ ਚਲਾਏ ॥

ਫਾਂਸਾਂ ਨਾਲ ਕਿਤਨੇ ਹੀ ਵੈਰੀ ਫਸਾ ਲਏ ਅਤੇ ਜੀਉਂਦੇ ਹੀ ਪਕੜ ਕੇ ਜੇਲ ਭੇਜ ਦਿੱਤੇ।

ਚੂਰਨ ਕੀਨ ਗਦਾ ਗਹਿ ਕੈ ਇਕ ਬਾਨਨ ਸੌ ਜਮ ਲੋਕ ਪਠਾਏ ॥

ਕਈਆਂ ਨੂੰ ਗਦਾ ਮਾਰ ਕੇ ਚੂਰ ਚੂਰ ਕਰ ਦਿੱਤਾ ਅਤੇ ਕਈਆਂ ਨੂੰ ਬਾਣਾਂ ਨਾਲ ਯਮ ਲੋਕ ਭੇਜ ਦਿੱਤਾ।

ਜੀਤਿ ਲਏ ਅਰਿ ਏਕ ਅਨੇਕ ਨਿਹਾਰਿ ਰਹੇ ਰਨ ਛਾਡਿ ਪਰਾਏ ॥੨੩॥

(ਉਸ) ਇਕ (ਇਸਤਰੀ) ਨੇ ਅਨੇਕਾਂ ਵੈਰੀ ਜਿਤ ਲਏ ਅਤੇ (ਜੋ ਕੇਵਲ) ਵੇਖ ਰਹੇ ਸਨ, ਉਹ ਵੀ ਰਣ-ਭੂਮੀ ਨੂੰ ਛਡ ਕੇ ਭਜ ਗਏ ॥੨੩॥

ਪਾਸਨ ਪਾਸਿ ਲਏ ਅਰਿ ਕੇਤਿਕ ਕਾਢਿ ਕ੍ਰਿਪਾਨ ਕਈ ਰਿਪੁ ਮਾਰੇ ॥

ਕਈਆਂ ਵੈਰੀਆਂ ਨੂੰ ਫਾਂਸਾਂ ਵਿਚ ਫਸਾ ਲਿਆ ਅਤੇ ਕ੍ਰਿਪਾਨ ਕਢ ਕੇ ਕਿਤਨੇ ਹੀ ਵੈਰੀ ਮਾਰ ਦਿੱਤੇ।

ਕੇਤੇ ਹਨੇ ਗੁਰਜਾਨ ਭਏ ਭਟ ਕੇਸਨ ਤੇ ਗਹਿ ਏਕ ਪਛਾਰੇ ॥

ਕਈਆਂ ਨੂੰ ਗੁਰਜਾਂ ਨਾਲ ਮਾਰ ਦਿੱਤਾ ਅਤੇ ਕਈਆਂ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਦਿੱਤਾ।

ਸੂਲਨ ਸਾਗਨ ਸੈਥਿਨ ਕੇ ਸੰਗ ਬਾਨਨ ਸੌ ਕਈ ਕੋਟਿ ਬਿਦਾਰੇ ॥

ਤ੍ਰਿਸ਼ੂਲਾਂ, ਬਰਛੀਆਂ, ਸੈਹਥੀਆਂ ਅਤੇ ਬਾਣਾਂ ਨਾਲ ਕਈ ਕਰੋੜ ਨਸ਼ਟ ਕਰ ਦਿੱਤੇ।

ਏਕ ਟਰੇ ਇਕ ਜੂਝਿ ਮਰੇ ਸੁਰ ਲੋਕ ਬਰੰਗਨਿ ਸਾਥ ਬਿਹਾਰੇ ॥੨੪॥

ਇਕ ਭਜ ਗਏ, ਇਕ ਜੂਝ ਕੇ ਮਰ ਗਏ ਅਤੇ ਕਈ ਅਪੱਛਰਾਵਾਂ ਨਾਲ ਸਵਰਗ ਵਿਚ ਵਿਹਾਰ ਕਰਨ ਲਗ ਗਏ ॥੨੪॥

ਚੌਪਈ ॥

ਚੌਪਈ:

ਐਸੇ ਜਬ ਅਬਲਾ ਰਨ ਕੀਨੋ ॥

ਜਦ (ਉਸ) ਇਸਤਰੀ ਨੇ ਇਸ ਤਰ੍ਹਾਂ ਦਾ ਯੁੱਧ ਮਚਾਇਆ,

ਠਾਢੇ ਇੰਦ੍ਰ ਦਤ ਸਭ ਚੀਨੋ ॥

ਤਾਂ ਇੰਦ੍ਰ ਦੱਤ ਨੇ ਖੜੋ ਕੇ ਖ਼ੁਦ ਸਾਰਾ (ਯੁੱਧ) ਵੇਖਿਆ।

ਪੁਨਿ ਸੈਨਾ ਕੋ ਆਯਸੁ ਦਯੋ ॥

ਫਿਰ ਉਸ ਨੇ ਸੈਨਾ ਨੂੰ ਆਗਿਆ ਦਿੱਤੀ

ਤਾ ਕੌ ਘੇਰਿ ਦਸੋ ਦਿਸਿ ਲਯੋ ॥੨੫॥

ਅਤੇ ਉਸ (ਵੈਰੀ) ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ ॥੨੫॥

ਦੋਹਰਾ ॥

ਦੋਹਰਾ:

ਚਹੂੰ ਓਰ ਘੇਰਤ ਭਏ ਸਭ ਸੂਰਾ ਰਿਸਿ ਖਾਇ ॥

ਸਾਰਿਆਂ ਸੂਰਮਿਆਂ ਨੇ ਕ੍ਰੋਧਿਤ ਹੋ ਕੇ (ਵੈਰੀ ਨੂੰ) ਚੌਹਾਂ ਪਾਸਿਆਂ ਤੋਂ ਘੇਰ ਲਿਆ।

ਭਾਤਿ ਭਾਤਿ ਜੂਝਤ ਭਏ ਅਧਿਕ ਹ੍ਰਿਦੈ ਕਰਿ ਚਾਇ ॥੨੬॥

ਹਿਰਦੇ ਵਿਚ ਚਾਉ ਵਧਾ ਕੇ ਕਈ ਤਰ੍ਹਾਂ ਨਾਲ ਜੂਝਣ ਲਗੇ ॥੨੬॥

ਚੌਪਈ ॥

ਚੌਪਈ:

ਮਾਰਿ ਮਾਰਿ ਕਹਿ ਬਾਨ ਚਲਾਏ ॥

'ਮਾਰੋ-ਮਾਰੋ' ਕਹਿੰਦੇ ਹੋਏ ਬਾਣ ਚਲਾਉਂਦੇ ਸਨ

ਮਾਨਵਤੀ ਕੇ ਸਾਮੁਹਿ ਧਾਏ ॥

ਅਤੇ ਮਾਨਵਤੀ ਦੇ ਸਾਹਮਣੇ ਆ ਢੁਕੇ ਸਨ।

ਤਬ ਅਬਲਾ ਸਭ ਸਸਤ੍ਰ ਸੰਭਾਰੇ ॥

ਤਦ ਇਸਤਰੀ ਨੇ ਸਾਰੇ ਸ਼ਸਤ੍ਰ ਸੰਭਾਲ ਲਏ

ਬੀਰ ਅਨੇਕ ਮਾਰ ਹੀ ਡਾਰੇ ॥੨੭॥

ਅਤੇ ਅਨੇਕ ਸੂਰਮਿਆਂ ਨੂੰ ਮਾਰ ਹੀ ਸੁਟਿਆ ॥੨੭॥

ਲਗੇ ਦੇਹ ਤੇ ਬਾਨ ਨਿਕਾਰੇ ॥

ਉਸ ਨੇ ਆਪਣੇ ਸ਼ਰੀਰ ਵਿਚ ਲਗੇ ਬਾਣਾਂ ਨੂੰ ਕਢਿਆ


Flag Counter