ਅਤੇ ਦੇਸ ਦੇਸ ਦੇ ਕਰੋੜਾਂ ਮਤਾਂ ਵਾਲੇ ਰਾਜੇ (ਬੁਲਾ ਲਏ)।
ਬਹੁਤ ਹੀਰੇ, ਬਸਤ੍ਰ, ਧਨ, ਪਦਾਰਥ ਅਤੇ ਸਾਜ਼ ਸਾਮਾਨ
ਦਾਨ ਦੇ ਕੇ ਰਾਜੇ ਨੇ ਬਹੁਤ ਸਨਮਾਨ ਕੀਤਾ ॥੪੦॥
ਡਰ ਤੋਂ ਰਹਿਤ, ਭੰਗ ਹੋਣ ਤੋਂ ਮੁਕਤ, ਅਵਧੂਤ, ਛਤ੍ਰਧਾਰੀ,
ਨਾ ਜਿਤੇ ਜਾ ਸਕਣ ਵਾਲੇ, ਯੁੱਧ ਵਿਚ ਪ੍ਰਬੀਨ ਅਤੇ ਅਤਿ ਅਧਿਕ ਅਸਤ੍ਰਾਂ ਦੀ ਵਰਤੋਂ ਜਾਣਨ ਵਾਲੇ,
ਨਾ ਗੰਜੇ ਜਾ ਸਕਣ ਵਾਲੇ ਸੂਰਮੇ ਅਤੇ ਅਚਲ ਲੜਾਕੇ,
ਰਣ-ਭੂਮੀ ਵਿਚ ਹਜ਼ਾਰਾਂ ਅਭੰਗ ਯੋਧੇ ਜਿਤੇ ਹੋਏ ਸਨ ॥੪੧॥
ਸਾਰਿਆਂ ਦੇਸਾਂ ਦੇਸਾਂਤਰਾਂ ਦੇ ਰਾਜੇ ਜਿਤ ਕੇ
ਅਤੇ ਕ੍ਰੋਧ ਕਰ ਕੇ ਅਨੇਕ ਉਪਾਵਾਂ ਵਾਲੇ ਯੁੱਧ ਕੀਤੇ।
ਸਾਮ, ਦਾਨ, ਦੰਡ ਅਤੇ ਭੇਦ ਕਰ ਕੇ
ਨਾ ਛੇਦੇ ਜਾ ਸਕਣ ਵਾਲੇ ਰਾਜੇ ('ਅਵਨੀਪ') ਜੋੜ ਲਏ ਸਨ ॥੪੨॥
ਜਦ ਸਾਰੇ ਮਹਾਨ ਰਾਜੇ ਇਕੱਠੇ ਕਰ ਲਏ,
(ਤਦ) ਜਿਤ ਦਾ ਪੱਤਰ ਜਾਰੀ ਕਰ ਕੇ ਧੌਂਸਾ ਵਜਾ ਦਿੱਤਾ।
ਹੀਰੇ, ਬਸਤ੍ਰ, ਅਮੁਕ ਧਨ ਦੇ ਕੇ
ਸਾਰੇ ਰਾਜੇ ਮੋਹ ਲਏ ॥੪੩॥
(ਜਦ) ਇਕ ਦਿਨ ਬੀਤ ਗਿਆ ਤਾਂ ਪਾਰਸ ਨਾਥ ਨੇ
ਸ੍ਰੇਸ਼ਠ ਇਸ਼ਟ ਦੇਵੀ ਦੀ ਜਾ ਕੇ ਪੂਜਾ ਕੀਤੀ।
ਬਹੁਤ ਤਰ੍ਹਾਂ ਨਾਲ ਉਸਤਤ ਕੀਤੀ।
ਉਸ ਨੂੰ (ਮੈਂ) ਮੋਹਣੀ ਛੰਦ ਵਿਚ ਕਹਿੰਦਾ ਹਾਂ ॥੪੪॥
ਮੋਹਣੀ ਛੰਦ:
ਹੇ ਭੇਦ ਤੋਂ ਬਿਨਾ ਭਵਾਨੀ ਦੇਵੀ! ਤੇਰੀ ਜੈ ਹੋਵੇ।
(ਤੂੰ) ਸਾਰਿਆਂ ਦਾ ਭੈ ਖੰਡਣ ਵਾਲੀ ਦੁਰਗਾ ਹੈਂ।
ਸ਼ੇਰ ਦੀ ਸਵਾਰੀ ਕਰਨ ਵਾਲੀ ਅਤੇ ਸਦਾ ਕੰਵਾਰੀ ਹੈਂ।
ਭੈ ਨੂੰ ਖੰਡਣ ਵਾਲੀ, ਭੈਰਵੀ ਅਤੇ ਉੱਧਾਰ ਕਰਨ ਵਾਲੀ ਹੈਂ ॥੪੫॥
ਕਲੰਕ ਤੋਂ ਰਹਿਤ, ਅਸਤ੍ਰਾਂ ਵਾਲੀ, ਛਤ੍ਰਾਣੀ,
ਸਭ ਲੋਕਾਂ ਨੂੰ ਮੋਹ ਲੈਣ ਵਾਲੀ,
ਲਾਲ ਸ਼ਰੀਰ ਵਾਲੀ, ਸਾਂਗ ਧਾਰਨ ਕਰਨ ਵਾਲੀ, ਸਾਵਿਤ੍ਰੀ,
ਪਰਮੇਸ਼੍ਵਰੀ, ਅਤੇ ਪਰਮ ਪਵਿਤ੍ਰ ਦੇਵੀ ਹੈਂ ॥੪੬॥
ਤੋਤਲੀ ਜ਼ਬਾਨ ਵਾਲੀ ਅਤੇ (ਸਦੀਵੀ) ਕੁਮਾਰੀ (ਕੰਵਾਰੀ)
ਸੰਸਾਰ ਨੂੰ ਭਰਨ ਵਾਲੀ, ਹਰਨ ਵਾਲੀ (ਨਸ਼ਟ ਕਰਨ ਵਾਲੀ) ਅਤੇ ਉੱਧਾਰ ਕਰਨ ਵਾਲੀ,
ਕੋਮਲ ਰੂਪ ਵਾਲੀ, ਸ਼ਿਰੋਮਣੀ ਬੁੱਧੀ ਵਾਲੀ,
ਸ਼ੁੱਧ ਸਿੱਧੀਆਂ ਵਾਲੀ (ਹੇ ਦੇਵੀ! ਤੇਰੀ) ਜੈ ਜੈ ਜਪਦੇ ਹਾਂ ॥੪੭॥
ਜਗਤ ਨੂੰ ਧਾਰਨ ਕਰਨ ਵਾਲੀ, ਭਗਤਾਂ ਦੀ ਭਾਰੀ (ਚਿੰਤਾ ਕਰਨ ਵਾਲੀ)
ਅਤੇ ਹੱਥ ਵਿਚ ਭਾਰੀ ਮੁਕਤੀ ਨੂੰ ਧਾਰਨ ਕਰਨ ਵਾਲੀ,
ਸੁੰਦਰ ਗੋਫਣੀ (ਵੱਡੀ ਗੁਲੇਲ) ਅਤੇ ਗੁਰਜ ਧਾਰਨ ਕਰਨ ਵਾਲੀ,
ਵਰ ਦੇਣ ਵਾਲੀ ਅਤੇ ਫਿਰ ਹਰਨ ਵਾਲੀ ਇਸਤਰੀ ਹੈਂ ॥੪੮॥
ਭੈ ਨਾਲ ਭਰਨ ਵਾਲੀ ('ਭਿੰਭਰੀਆ') ਸਾਰਿਆਂ ਰੂਪਾਂ ਵਾਲੀ ਯਕਸ਼ਣੀ,
ਗੰਧਰਬਣੀ, ਸਿੱਧਣੀ, ਚਾਰਣੀ,
ਕਲੰਕ ਰਹਿਤ ਅਤੇ ਨਿਰਮਲ ਸਰੂਪ ਵਾਲੀ
ਅਤੇ ਮਾਨੋ ਬਦਲਾਂ ਵਿਚ ਬਿਜਲੀ ਵਾਂਗ ਹੈ ॥੪੯॥
ਹੱਥ ਵਿਚ ਤਲਵਾਰ ਧਾਰਨ ਕਰਨ ਵਾਲੀ ਅਤੇ ਲੋਕਾਂ ਦੇ ਮਾਣ ਵਾਲੀ,
ਸੁਖ ਦੇਣ ਵਾਲੀ ਅਤੇ ਸ਼ੋਕ ਨੂੰ ਦੂਰ ਕਰਨ ਵਾਲੀ,
ਦੁਸ਼ਟਾਂ ਨੂੰ ਮਾਰਨ ਵਾਲੀ, ਸੰਤਾਂ ਦਾ ਉੱਧਾਰ ਕਰਨ ਵਾਲੀ,
ਨਾ ਛੇਦੇ ਜਾ ਸਕਣ ਵਾਲੀ, ਭੇਦ ਰਹਿਤ ਕੁਮਾਰੀ ॥੫੦॥
ਆਨੰਦ ਦੇਣ ਵਾਲੀ, ਪਾਰਬਤੀ, ਕੁਮਾਰੀ,
ਨਾ ਛੇਦੇ ਜਾ ਸਕਣ ਵਾਲੀ, ਨਾ ਭੇਦੇ ਜਾ ਸਕਣ ਵਾਲੀ, ਉੱਧਾਰ ਕਰਨ ਵਾਲੀ,
ਨਾ ਗੰਜੇ ਜਾ ਸਕਣ ਵਾਲੀ, ਨਾ ਭੰਨੇ ਜਾ ਸਕਣ ਵਾਲੀ, ਭਿਆਨਕ ਰੂਪ ਵਾਲੀ ('ਖੰਕਾਲੀ')
ਹਿਰਨ ਵਰਗੀਆਂ ਅੱਖਾਂ ਵਾਲੀ ਅਤੇ ਉਜਲੇ ਰੂਪ ਵਾਲੀ ਹੈਂ ॥੫੧॥
ਲਾਲ ਰੰਗ ਦੇ ਸ਼ਰੀਰ ਵਾਲੀ, ਰੁਦ੍ਰ ਦੀ ਸ਼ਕਤੀ, ਭੂਰੀਆਂ ਅੱਖਾਂ ਵਾਲੀ,
ਲਕ ਤੇ ਕਛਨੀ ਪਹਿਨਣ ਵਾਲੀ, ਨਿਰਮਲ ਰੂਪ ਵਾਲੀ, ਹੁਲਾਸ ਵਾਲੀ,
ਲਾਲ ਰੰਗ ਵਾਲੀ, ਰਾਮ ਦੀ ਸ਼ਕਤੀ, ਸਫੈਦ ਸਰੂਪ ਵਾਲੀ,
ਮੋਹਿਤ ਕਰਨ ਵਾਲੀ ਅਤੇ ਭਿਆਨਕ ਰੂਪ ਵਾਲੀ ਮਾਤਾ ਹੈਂ ॥੫੨॥
ਜਗਤ ਨੂੰ ਦਾਨ ਅਤੇ ਮਾਣ ਦੇਣ ਵਾਲੀ ਸ਼ਿਵ ਦੀ ਸ਼ਕਤੀ,
ਸੰਸਾਰ ਦੇ ਭੈ ਨੂੰ ਖੰਡਨ ਕਰਨ ਵਾਲੀ, ਦੁਰਗ ਦੈਂਤ ਨੂੰ ਮਾਰਨ ਵਾਲੀ ਅਤੇ ਦੇਵਤਿਆਂ ਦੀ ਸ਼ਕਤੀ ਹੈਂ,
ਰੁਦ੍ਰ ਦੇ ਅੱਧੇ ਸ਼ਰੀਰ ਵਾਲੀ, ਰੁਦ੍ਰ ਦੀ ਸ਼ਕਤੀ ਅਤੇ ਲਾਲ ਰੰਗ ਵਾਲੀ,
ਪਰਮ ਐਸ਼ਵਰਜ ਵਾਲੀ, ਧਰਮ ਦੇ ਸਰੂਪ ਵਾਲੀ ਮਾਤਾ ਹੈਂ ॥੫੩॥
ਮਹਿਖਾਸੁਰ ਦੈਂਤ ਨੂੰ ਦਲਣ ਵਾਲੀ, ਧਰਤੀ ਦੀ ਪਾਲਣਾ ਕਰਨ ਵਾਲੀ,
ਚਿਛੁਰ ਦੈਂਤ ਨੂੰ ਨਸ਼ਟ ਕਰਨ ਵਾਲੀ, ਭਿਆਨਕ ਰੂਪ ਵਾਲੀ,
ਹੱਥ ਵਿਚ ਤਲਵਾਰ ਧਾਰਨ ਕਰਨ ਵਾਲੀ, ਮਾਣ ਪ੍ਰਾਪਤ ਕਰਾਉਣ ਵਾਲੀ, ਦੇਵਤਿਆਂ ਦੀ ਸ਼ਕਤੀ,
ਜੈ ਦੇਣ ਵਾਲੀ, ਦੁਰਗ ਦੈਂਤ ਨੂੰ ਮਾਰਨ ਵਾਲੀ ਭਵਾਨੀ ਹੈਂ ॥੫੪॥
ਹੇ ਭੂਰੀਆਂ ਅੱਖਾਂ ਵਾਲੀ ਪਰਮ ਅਤੇ ਪਵਿਤ੍ਰ ਰੂਪ ਵਾਲੀ,
ਸਾਵਿਤ੍ਰੀ, ਸੰਧਿਆ, ਗਾਇਤ੍ਰੀ, ਭੈ ਨੂੰ ਦੂਰ ਕਰਨ ਵਾਲੀ,
ਭਿਆਨਕ ਰੂਪ ਵਾਲੀ, ਇਸਤਰੀ ਸਰੂਪ ਵਾਲੀ (ਅਰਥਾਂਤਰ-ਪ੍ਰੇਮ ਕਰਨ ਵਾਲੀ) ਦੁਰਗ ਦੈਂਤ ਨੂੰ ਮਾਰਨ ਵਾਲੀ
ਅਤੇ ਦੇਵਤਿਆਂ ਦੀ ਸ਼ਕਤੀ ਰੂਪ ਦੇਵੀ! ਤੇਰੀ ਜੈ ਹੋਵੇ ॥੫੫॥
ਹੇ ਦਲਾਂ ਨੂੰ ਗਾਹਣ ਵਾਲੀ ਦੁਰਗਾ ਅਤੇ ਦੇਵਤਿਆਂ ਦੀ ਸ਼ਕਤੀ,
ਸਾਰੇ ਜੀਵਾਂ ਦੇ ਭੈ ਨੂੰ ਨਸ਼ਟ ਕਰਨ ਵਾਲੀ,
ਚੰਡ ਅਤੇ ਮੁੰਡ ਨੂੰ ਮਾਰਨ ਵਾਲੀ, ਵੈਰੀਆਂ ਦਾ ਨਾਸ਼ ਕਰਨ ਵਾਲੀ (ਤੇਰੀ) ਜੈ ਹੋਵੇ।
ਹੇ ਅੰਤ ਵਿਚ ਜੈ ਦੇਣ ਵਾਲੀ ਮਾਤਾ! (ਤੇਰੀ) ਜੈ ਹੋਵੇ ॥੫੬॥
ਹੇ ਸੰਸੇ (ਨਾਲ ਭਰੇ ਹੋਏ ਸੰਸਾਰ) ਤੋਂ ਲੋਕਾਂ ਨੂੰ ਤਾਰਨ ਵਾਲੀ,
ਭੈ ਨਾਲ ਭਰਨ ਵਾਲੀ ਅਤੇ ਦੈਂਤਾਂ ਨੂੰ ਦਲਣ ਵਾਲੀ,
ਲੋਕਾਂ (ਦੇ ਕੰਮਾਂ ਨੂੰ) ਕਰਨ ਵਾਲੀ ਕਾਰਨ ਸਰੂਪ
ਅਤੇ ਦੁਖਾਂ ਨੂੰ ਹਰਨ ਵਾਲੀ (ਅਤੇ ਇੰਦਰ ਨੂੰ) ਇੰਦਰ ਦੀ ਪਦਵੀ ਦੇਣ ਵਾਲੀ ॥੫੭॥