ਅੜਿਲ:
(ਕੁੰਵਰ ਪੁੱਛਣ ਲਗਾ) ਦਸ, ਤੂੰ ਦੇਵ ਇਸਤਰੀ, ਦੈਂਤ ਇਸਤਰੀ ਜਾਂ ਕਿੰਨਰੀ ਵਿਚੋਂ ਕੌਣ ਹੈਂ?
ਨਰੀ, ਨਾਗਨੀ ਜਾਂ ਪਹਾੜਨ (ਕੌਣ ਹੈਂ ਅਤੇ) ਮਨ ਵਿਚ ਕੀ ਧਾਰਿਆ ਹੋਇਆ ਹੈ?
ਗੰਧਰਬੀ ਜਾਂ ਅਪੱਛਰਾ ਇਨ੍ਹਾਂ ਵਿਚ ਕਿਹੜੀ ਸਮਝੀਏ।
ਜਾਂ ਸੂਰਜ, ਚੰਦ੍ਰਮਾ, ਇੰਦਰ ਜਾਂ ਸ਼ਿਵ ਦੀ ਪਾਰਬਤੀ ਮੰਨੀਏ ॥੨੬॥
ਰਾਜ ਕੁਮਾਰ ਉਸ ਨੂੰ ਵੇਖ ਕੇ ਲੁਭਾਇਮਾਨ ਹੋ ਗਿਆ।
ਉਸ ਕੋਲ ਜਾ ਕੇ ਪੁਛਣ ਲਗਾ
ਕਿ ਨਰੀ, ਨਾਗਨੀ, ਪਹਾੜੀ ਇਸਤਰੀ ਵਿਚੋਂ ਤੂੰ ਕੌਣ ਹੈਂ?
(ਤੂੰ) ਕੌਣ ਹੈਂ, ਸੱਚ ਕਹਿ, ਇਸ ਭੂਮੀ ਦੇ ਰਾਜੇ ਨੂੰ ਦਸ ਦੇ (ਅਰਥਾਂਤਰ- ਜਾਂ ਇਸ ਧਰਤੀ ਦੀ ਪੁੱਤਰੀ ਹੈਂ। 'ਕਹਿਯੋ ਸਤਾ ਤੈ ਇਸ ਭੁਅ') ॥੨੭॥
ਦੋਹਰਾ:
ਮੈਂ ਤੇਰੀ ਛਬੀ ਨੂੰ ਵੇਖ ਕੇ ਮਨ, ਬਚਨ ਅਤੇ ਕਰਮ ਕਰ ਕੇ ਮੋਹਿਤ ਹੋ ਗਿਆ ਹਾਂ।
ਹੁਣ ਹੀ ਮੇਰੀ (ਇਸਤਰੀ) ਬਣ ਕੇ ਮੇਰੇ ਘਰ ਵਿਚ ਆ ਕੇ ਵਸ ॥੨੮॥
ਅੜਿਲ:
ਉਸ (ਇਸਤਰੀ ਨੇ) ਇਕ ਅੱਧ ਵਾਰ 'ਨਾਂਹ ਨਾਂਹ' ਕਹੀ।
ਪਰ ਭੈੜੀ ਲਗਨ ਹੀ ਅਜਿਹੀ ਲਗੀ ਸੀ ਕਿ ਬਖਾਨ ਨਹੀਂ ਕੀਤੀ ਜਾ ਸਕਦੀ ਸੀ।
ਅੰਤ ਵਿਚ ਕੁੰਵਰ ਨੇ ਜੋ ਕੁਝ ਕਿਹਾ, ਉਹੀ ਮੰਨ ਲਿਆ।
ਪਹਿਲਾਂ ਪਤੀ ਅਤੇ ਪੁੱਤਰ ਨੂੰ ਮਾਰ ਕੇ (ਫਿਰ) ਛਲ ਨਾਲ ਛੋਟੇ ਪੁੱਤਰ ਨੂੰ (ਆਪਣਾ) ਪ੍ਰੀਤਮ ਬਣਾ ਲਿਆ ॥੨੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੯॥੪੯੧੭॥ ਚਲਦਾ॥
ਚੌਪਈ:
ਮਸਤ ਕਰਨ ਨਾਂ ਦਾ ਇਕ ਸ੍ਰੇਸ਼ਠ ਰਾਜਾ ਸੀ,
ਜੋ ਸੂਰਜ ਵਰਗੇ ਤੇਜ ਵਾਲਾ, ਬਲਵਾਨ ਅਤੇ ਤਪਸਵੀ ਸੀ।
ਕਜਰਾਛ ਮਤੀ ਉਸ ਦੀ ਇਸਤਰੀ ਸੀ
ਜੋ ਮਾਨੋ ਪਾਰਬਤੀ ਦਾ ਹੀ ਅਵਤਾਰ ਹੋਵੇ ॥੧॥
ਅੜਿਲ:
ਮਸਤ ਕਰਨ ਰਾਜਾ ਰੋਜ਼ ਸ਼ਿਵ ਦੀ ਪੂਜਾ ਕਰਦਾ ਸੀ
ਅਤੇ ਅਨੇਕ ਤਰ੍ਹਾਂ ਦੇ ਧਿਆਨ ਲਗਾ ਕੇ ਗੁਰੂ ਦੇ ਚਰਨਾਂ ਉਤੇ ਡਿਗਦਾ ਸੀ।
ਦਿਨ ਰਾਤ ਤਪਸਿਆ ਵਿਚ ਹੀ ਬਿਤਾਉਂਦਾ ਸੀ
ਅਤੇ ਰਾਣੀ ਦੇ ਘਰ ਭੁਲ ਕੇ ਵੀ ਨਹੀਂ ਆਉਂਦਾ ਸੀ ॥੨॥
ਰਾਣੀ ਇਕ ਪੁਰਸ਼ ਨਾਲ ਬਹੁਤ ਪ੍ਰੇਮ ਕਰ ਕੇ,
ਉਸ ਨਾਲ ਬਹੁਤ ਰੁਚੀ ਪੂਰਵਕ ਰਮਣ ਕਰਦੀ ਸੀ।
(ਉਸ ਨੇ ਆਪਣੇ ਪਤੀ ਰਾਜੇ ਨੂੰ ਕਿਹਾ, ਮੈਂ) ਸੁਤੀ ਹੋਈ ਸਾਂ ਕਿ ਸੁਪਨੇ ਵਿਚ ਸ਼ਿਵ ਨੇ ਦਰਸ਼ਨ ਦਿੱਤੇ
ਅਤੇ ਆਪਣੇ ਮੁਖ ਤੋਂ ਹਸਦੇ ਹੋਇਆਂ ਮੈਨੂੰ ਇਹ ਬਚਨ ਕੀਤੇ ॥੩॥
ਸ਼ਿਵ ਨੇ ਕਿਹਾ:
ਇਕ ਸੰਘਣੇ ਬਨ ਵਿਚ ਤੂੰ ਇਕਲੀ ਆ ਕੇ
ਮੇਰੀ ਪੂਜਾ ਕਰ ਅਤੇ ਮੈਨੂੰ ਪ੍ਰਸੰਨ ਕਰ।
ਮੈਂ ਆਪਣੀ ਜੋਤਿ ਨਾਲ ਤੇਰੀ ਜੋਤਿ ਮਿਲਾਵਾਂਗਾ
ਅਤੇ ਤੈਨੂੰ ਜੀਵਨ ਮੁਕਤ ਕਰ ਕੇ ਜਗਤ ਨੂੰ ਵਿਖਾਵਾਂਗਾ ॥੪॥
ਇਸ ਲਈ ਹੇ ਪਤੀ ਦੇਵ! ਤੁਹਾਡੀ ਆਗਿਆ ਲੈ ਕੇ ਉਥੇ ਜਾਂਦੀ ਹਾਂ।
ਸ਼ਿਵ ਦੀ ਪੂਜਾ ਕਰ ਕੇ (ਉਸ ਨੂੰ) ਬਹੁਤ ਪ੍ਰਸੰਨ ਕਰਦੀ ਹਾਂ।
ਮੈਨੂੰ ਸਦਾ ਸ਼ਿਵ ਜੀਵਨ ਮੁਕਤ ਕਰ ਦੇਣਗੇ,
(ਜਿਸ ਦੇ ਫਲਸਰੂਪ) ਨਾਨਕੀਆਂ ਦਾਦਕੀਆਂ ਸੱਤ ਕੁਲਾਂ ਤਰ ਜਾਣ ਗੀਆਂ ॥੫॥
ਦੋਹਰਾ:
ਸ਼ਿਵ ਦਾ ਨਾਂ ਲੈ ਕੇ ਰਾਜੇ ਦੀ ਆਗਿਆ ਨਾਲ ਚਲੀ ਗਈ।
ਪਤੀ ਨੇ ਸਮਝਿਆ ਕਿ ਜੀਵਨ ਮੁਕਤ ਹੋ ਗਈ ਹੈ, ਪਰ ਉਹ ਤਾਂ ਯਾਰ ਦੇ ਘਰ ਜਾ ਵਸੀ ਹੈ ॥੬॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੦॥੪੯੨੩॥ ਚਲਦਾ॥
ਚੌਪਈ:
ਅਹਿ ਧੁਜ ਨਾਂ ਦਾ ਇਕ ਸ੍ਰੇਸ਼ਠ ਰਾਜਾ ਰਹਿੰਦਾ ਸੀ,
ਮਾਨੋ ਸੰਸਾਰ ਵਿਚ ਦੂਜਾ ਸੂਰਜ (ਪ੍ਰਗਟ ਹੋਇਆ ਹੋਵੇ)।