ਸਵੈਯਾ:
ਬਲਰਾਮ ਨੇ ਹੱਥ ਵਿਚ ਮੂਸਲ ਲੈ ਕੇ ਵੈਰੀ ਦੇ ਦਲਾਂ ਦੇ ਸਮੂਹ ਨੂੰ ਪਲ ਵਿਚ ਨਸ਼ਟ ਕਰ ਦਿੱਤਾ ਹੈ।
ਯੋਧੇ ਧਰਤੀ ਉਤੇ ਘਾਇਲ ਹੋਏ ਪਏ ਹਨ ਅਤੇ ਉਨ੍ਹਾਂ ਦੇ ਸ਼ਰੀਰ ਲਹੂ ਨਾਲ ਲਿਬੜੇ ਹੋਏ ਹਨ।
ਉਨ੍ਹਾਂ ਦੀ ਸ਼ੋਭਾ ਦੇ ਮਹਾਨ ਯਸ਼ ਨੂੰ ਮਨ ਵਿਚ ਵਿਚਾਰ ਕੇ (ਕਵੀ) ਸ਼ਿਆਮ (ਇਸ ਤਰ੍ਹਾਂ) ਵਰਣਨ ਕਰਦੇ ਹਨ,
ਮਾਨੋ ਯੁੱਧ ਦੇ ਕੌਤਕ ਨੂੰ ਵੇਖਣ ਲਈ ਕ੍ਰੋਧ ਨੇ ਭਿਆਨਕ ਰੂਪ ਧਾਰਨ ਕੀਤਾ ਹੋਵੇ ॥੧੭੬੬॥
ਇਧਰੋਂ ਬਲਰਾਮ ਯੁੱਧ ਕਰਦਾ ਹੈ, ਉਧਰ ਸ੍ਰੀ ਕ੍ਰਿਸ਼ਨ ਕ੍ਰੋਧ ਨਾਲ ਭਰੇ ਹੋਏ ਹਨ।
ਉਸੇ ਵੇਲੇ ਸ੍ਰੀ ਕ੍ਰਿਸ਼ਨ ਸ਼ਸਤ੍ਰ ਸੰਭਾਲ ਕੇ ਵੈਰੀ ਦੀ ਸੈਨਾ ਵਿਚ ਜਾ ਡਟੇ ਹਨ ਅਤੇ ਵੈਰੀ ਦਲ ਨੂੰ ਮਾਰ ਕੇ ਨਸ਼ਟ ਕਰ ਦਿੱਤਾ ਹੈ।
ਯੁੱਧ ਇਸ ਢੰਗ (ਨਾਲ ਕੀਤਾ ਹੈ ਕਿ ਯੁੱਧ ਦੀ) ਵਿਚਿਤ੍ਰ ਤਸਵੀਰਕਸ਼ੀ ਕਰ ਦਿੱਤੀ ਹੈ।
ਘੋੜੇ ਉਤੇ ਘੋੜਾ, ਰਥ ਉਤੇ ਰਥ ਅਤੇ ਹਾਥੀ ਉਤੇ ਹਾਥੀ ਅਤੇ ਸਵਾਰ ਉਤੇ ਸਵਾਰ ਡਿਗਿਆ ਪਿਆ ਹੈ ॥੧੭੬੭॥
ਇਕ (ਸੂਰਮੇ) ਅੱਧ ਵਿਚਾਲਿਓਂ ਕਟੇ ਹੋਏ ਹਨ ਅਤੇ ਇਕਨਾਂ ਯੋਧਿਆਂ ਦੇ ਸਿਰ ਕਟ ਕੇ ਸੁਟੇ ਹੋਏ ਹਨ।
ਇਕਨਾਂ ਨੂੰ ਉਸੇ ਵੇਲੇ ਰਥ-ਹੀਨ ਕਰ ਦਿੱਤਾ ਹੈ ਅਤੇ ਬਾਣ ਨਾਲ ਘਾਇਲ ਕੀਤੇ ਹੋਏ ਧਰਤੀ ਉਤੇ ਡਿਗ ਪਏ ਹਨ।
ਇਕਨਾਂ ਸੂਰਮਿਆਂ ਨੂੰ ਹੱਥ ਤੋਂ ਵਾਂਝਿਆਂ ਕਰ ਦਿੱਤਾ ਹੈ ਅਤੇ ਕਿਤਨੇ ਹੀ ਪੈਰਾਂ ਤੋਂ ਹੀਨ (ਕਰ ਦਿੱਤੇ ਹਨ, ਜਿਨ੍ਹਾਂ ਦੀ) ਗਿਣਤੀ ਨਹੀਂ ਕੀਤੀ ਜਾ ਸਕਦੀ।
(ਕਵੀ) ਸ਼ਿਆਮ ਕਹਿੰਦੇ ਹਨ, ਕਿਸੇ ਨੇ ਵੀ ਧੀਰਜ ਧਾਰਨ ਨਹੀਂ ਕੀਤਾ ਹੋਇਆ ਅਤੇ ਤਦੋਂ ਸਾਰੇ ਰਣ-ਭੂਮੀ ਨੂੰ ਛਡ ਕੇ ਭਜ ਚਲੇ ਹਨ ॥੧੭੬੮॥
ਜਿਸ ਨੇ ਸਾਰੇ ਜਗਤ ਦੀਆਂ ਸੈਨਾਵਾਂ ਜਿਤ ਲਈਆਂ ਸਨ ਅਤੇ ਕਦੇ ਵੀ ਰਣ ਵਿਚ ਹਾਰਿਆ ਨਹੀਂ ਸੀ,
ਉਸ ਨਾਲ ਇੰਦਰ ਵਰਗੇ ਅਨੇਕਾਂ ਰਾਜੇ ਮਿਲ ਕੇ (ਯੁੱਧ ਕਰਦੇ ਸਨ) ਜਿਨ੍ਹਾਂ ਨੇ ਕਦੇ ਕਦਮ ਪਿਛੇ ਨਹੀਂ ਹਟਾਏ ਸਨ।
ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਨੇ ਪਲ ਵਿਚ ਭਜਾ ਦਿੱਤਾ ਹੈ ਅਤੇ ਕਿਸੇ ਨੇ ਵੀ ਧਨੁਸ਼ ਬਾਣ ਨੂੰ ਨਹੀਂ ਸੰਭਾਲਿਆ ਹੈ।
ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਦਾ ਵੱਡਾ ਯੁੱਧ ਮਚਾਇਆ ਹੈ ਕਿ ਦੇਵਤੇ ਅਤੇ ਦੈਂਤ (ਦੋਵੇਂ) ਉਪਮਾ ਕਰਦੇ ਹਨ ॥੧੭੬੯॥
ਦੋਹਰਾ:
ਜਦ ਸ੍ਰੀ ਕ੍ਰਿਸ਼ਨ ਨੇ ਦੋ ਅਛੋਹਣੀ ਸੈਨਾ ਰਣ ਵਿਚ ਮਾਰ ਦਿੱਤੀ,
(ਤਦ) ਸੁਮਤਿ ਮੰਤਰੀ ਦਲ ਸਮੇਤ ਕ੍ਰੋਧ ਕਰ ਕੇ ਅਰੜਾ ਕੇ ਪੈ ਗਿਆ ॥੧੭੭੦॥
ਸਵੈਯਾ:
ਉਸ ਵੇਲੇ ਯੋਧੇ ਕ੍ਰੋਧ ਕਰ ਕੇ ਪੈ ਗਏ (ਜਿਨ੍ਹਾਂ ਨੇ) ਮੂੰਹ ਉਤੇ ਢਾਲਾਂ ਅਤੇ ਹੱਥ ਵਿਚ ਤਲਵਾਰਾਂ ਲਈਆਂ ਹੋਈਆਂ ਸਨ।
ਹਠੀ ਸੂਰਮੇ ਹਠ ਪੂਰਵਕ ਸਾਹਮਣਿਓਂ ਆ ਗਏ ਹਨ ਅਤੇ (ਮੂੰਹ ਤੋਂ) ਇਸ ਤਰ੍ਹਾਂ ਬੋਲਦੇ ਹਨ, 'ਕ੍ਰਿਸ਼ਨ ਕਿਥੇ ਹੈ?'
ਮੂਸਲ, ਚੱਕਰ ਅਤੇ ਗਦਾ ਫੜ ਕੇ ਸ੍ਰੀ ਕ੍ਰਿਸ਼ਨ ਦੇ ਕਵਚ ਉਤੇ ਮਾਰਦੇ ਹਨ (ਅਤੇ ਉਸ ਵਿਚੋਂ) ਚਿਣਗਾਂ ਨਿਕਲਦੀਆਂ ਹਨ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਲੁਹਾਰ ਹੱਥ ਵਿਚ ਵਦਾਨ ਲੈ ਕੇ ਕਠੋਰ ਲੋਹੇ ਨੂੰ ਕੰਮ ਲਈ ਸੰਵਾਰ ਰਹੇ ਹਨ ॥੧੭੭੧॥
ਉਦੋਂ ਤਕ ਬਰਮਾਕ੍ਰਿਤ ਅਤੇ ਊਧਵ ਸ੍ਰੀ ਕ੍ਰਿਸ਼ਨ ਦੀ ਸਹਾਇਤਾ ਲਈ ਆ ਗਏ ਹਨ
ਅਤੇ ਅਕ੍ਰੂਰ ਹੋਰ ਯਾਦਵਾਂ ਨੂੰ ਨਾਲ ਲੈ ਕੇ ਵੈਰੀਆਂ ਨੂੰ ਨਸ਼ਟ ਕਰਨ ਲਈ ਧਾ ਕੇ ਪੈ ਗਿਆ ਹੈ।
ਕਵੀ ਸ਼ਿਆਮ ਕਹਿੰਦੇ ਹਨ, ਸਾਰੇ ਸੂਰਮੇ ਆਪਣੇ ਸ਼ਸਤ੍ਰ ਸੰਭਾਲ ਕੇ ਮੂੰਹ ਤੋਂ ਮਾਰੋ-ਮਾਰੋ ਪੁਕਾਰਦੇ ਹਨ।
ਦੋਹਾਂ ਪਾਸਿਆਂ ਤੋਂ ਗਦਾ, ਬਰਛੀ, ਤਲਵਾਰ ਅਤੇ ਕਟਾਰ (ਆਦਿ ਸ਼ਸਤ੍ਰਾਂ) ਦਾ ਤਕੜਾ ਯੁੱਧ ਹੋਇਆ ਹੈ ॥੧੭੭੨॥
ਬਰਮਾਕ੍ਰਿਤ ਜੀ ਨੇ ਆਉਂਦਿਆਂ ਹੀ ਵੈਰੀ ਦੀ ਸੈਨਾ ਦੇ ਬਹੁਤ ਸਾਰੇ ਯੋਧੇ ਕੁਟ ਸੁਟੇ ਹਨ।
ਇਕ ਤਾਂ ਦੋ ਟੋਟੇ ਹੋਏ ਉਥੇ ਡਿਗੇ ਪਏ ਹਨ ਅਤੇ ਇਕ ਫੁਟੇ ਹੋਏ ਸਿਰਾਂ ਨਾਲ ਧਰਤੀ ਉਤੇ ਡਿਗੇ ਪਏ ਹਨ।
ਇਕ ਮਹਾ ਬਲਵਾਨ ਕਮਾਨਾਂ ਨੂੰ ਕਸ ਕੇ ਚਲਾਉਂਦੇ ਹਨ ਅਤੇ ਇਸ ਤਰ੍ਹਾਂ ਬਾਣ ਛੁਟਦੇ ਹਨ,
ਮਾਨੋ ਰੈਣ ਬਸੇਰੇ ਲਈ ਪੰਛੀ ਆਕਾਸ਼ ('ਮਧਿਆਨ') ਤੋਂ ਬ੍ਰਿਛ ਉਤੇ ਟੁਟ ਕੇ ਪੈ ਗਏ ਹੋਣ ॥੧੭੭੩॥
ਇਕਨਾਂ ਦੇ ਧੜ (ਹੱਥ ਵਿਚ) ਤਲਵਾਰਾਂ ਲੈ ਕੇ ਰਣ-ਭੂਮੀ ਵਿਚ ਭਜੇ ਫਿਰਦੇ ਹਨ।
ਜੋ ਕੋਈ ਉਨ੍ਹਾਂ ਨੂੰ ਲਲਕਾਰਾ ਮਾਰ ਕੇ ਬੋਲਦਾ ਹੈ (ਤਾਂ) ਉਹ ਬਲਵਾਨ ਯੋਧੇ ਉਸ ਵਲ ਟੁਟ ਕੇ ਪੈ ਜਾਂਦੇ ਹਨ।
ਇਕ ਪੈਰ ਕਟੇ ਜਾਣ ਕਰ ਕੇ ਡਿਗੇ ਪਏ ਹਨ ਅਤੇ ਉਠਣ ਲਈ ਬਾਂਹਵਾਂ ਦਾ ਜ਼ੋਰ ਲਗਾਉਂਦੇ ਹਨ।
ਇਕ (ਥਾਂ ਉਤੇ) ਕਟੀ ਹੋਈ ਬਾਂਹ ਇੰਜ ਤੜਫ ਰਹੀ ਹੈ ਜਿਵੇਂ ਜਲ ਤੋਂ ਬਿਨਾ (ਨਿਰੇ ਚਿਕੜ ਨੂੰ) ਮੱਛਲੀ ਰਿੜਕਦੀ ਹੈ ॥੧੭੭੪॥
(ਕਵੀ) ਰਾਮ ਕਹਿੰਦੇ ਹਨ, ਇਕ ਧੜ ਬਿਨਾ ਹਥਿਆਰਾਂ ਦੇ ਰਣ-ਖੇਤਰ ਵਿਚ ਦੌੜੀ ਫਿਰਦੇ ਹਨ।
ਸੁੰਡਾਂ ਤੋਂ ਵੱਡੇ ਹਾਥੀਆਂ ਨੂੰ ਪਕੜ ਕੇ ਹੱਥਾਂ ਦੇ ਜ਼ੋਰ ਨਾਲ ਝਕਝੋਰ ਦਿੰਦੇ ਹਨ।
ਧਰਤੀ ਉਤੇ ਮਾਰੇ ਪਏ ਘੋੜਿਆਂ ਦੀਆਂ ਗਰਦਨਾਂ ਨੂੰ ਦੋਹਾਂ ਹੱਥਾਂ ਨਾਲ ਮਰੋੜ ਦਿੰਦੇ ਹਨ।
ਰਥਾਂ ਦੇ ਸਵਾਰਾਂ ਦੇ ਸਿਰਾਂ ਨੂੰ ਇਕੋ ਹੀ ਚਪੇੜ ਨਾਲ ਤੋੜ ਦਿੰਦੇ ਹਨ ॥੧੭੭੫॥
ਇਕ ਸੂਰਮੇ ਰਣ-ਖੇਤਰ ਵਿਚ ਕੁੱਦਦੇ ਹਨ ਅਤੇ ਇਕ ਛਾਲਾਂ ਮਾਰ ਕੇ ਯੁੱਧ ਕਰਦੇ ਹਨ।
ਕਵੀ ਰਾਮ ਕਹਿੰਦੇ ਹਨ, ਇਕ ਤੀਰਾਂ, ਕਮਾਨਾਂ ਅਤੇ ਤਲਵਾਰਾਂ ਤੋਂ ਜ਼ਰਾ ਜਿੰਨੇ ਵੀ ਡਰਦੇ ਨਹੀਂ ਹਨ।
ਇਕ ਕਾਇਰ ਚਿਤ ਵਿਚ ਡਰ ਨੂੰ ਵਧਾ ਕੇ ਅਤੇ ਸ਼ਸਤ੍ਰਾਂ ਨੂੰ ਤਿਆਗ ਕੇ ਰਣ-ਭੂਮੀ ਤੋਂ ਖਿਸਕ ਗਏ ਹਨ।
ਇਕ ਲਾਜ ਦੇ ਮਾਰੇ ਫਿਰ ਆ ਲੜੇ ਹਨ ਅਤੇ ਲੜਾਈ ਕਰ ਕੇ, ਮਰ ਕੇ ਧਰਤੀ ਉਤੇ ਪੈ ਗਏ ਹਨ ॥੧੭੭੬॥
ਸ੍ਰੀ ਕ੍ਰਿਸ਼ਨ ਨੇ ਸੁਦਰਸ਼ਨ ਚੱਕਰ ਨੂੰ ਸੰਭਾਲਦਿਆਂ ਹੀ ਵੈਰੀਆਂ ਦੀ ਸੈਨਾ ਵਿਚ ਉਸੇ ਵੇਲੇ ਧਸ ਕੇ
ਬਹੁਤ ਸਾਰੇ ਬਲਵਾਨ ਪ੍ਰਾਣਾਂ ਤੋਂ ਬਿਨਾ ਕਰ ਦਿੱਤੇ। ਕਵੀ ਸ਼ਿਆਮ ਕਹਿੰਦੇ ਹਨ ਕਿ ਕੁਝ ਹਾਸੇ ਹਾਸੇ ਵਿਚ ਹੀ (ਮਾਰੇ ਹਨ)।
(ਫਿਰ) ਗਦਾ ਫੜ ਕੇ ਕਈਆਂ ਨੂੰ ਚੂਰ ਕਰ ਦਿੱਤਾ ਅਤੇ ਕਈਆਂ ਨੂੰ ਪਾਸ ਵਿਚ ਕਸ ਕੇ (ਮਾਰ ਦਿੱਤਾ)।