ਸ਼੍ਰੀ ਦਸਮ ਗ੍ਰੰਥ

ਅੰਗ - 74


ੴ ਵਾਹਿਗੁਰੂ ਜੀ ਕੀ ਫਤਹ ॥

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ

ਅਥ ਚੰਡੀ ਚਰਿਤ੍ਰ ਉਕਤਿ ਬਿਲਾਸ ਲਿਖ੍ਯਤੇ ॥

ਹੁਣ ਚੰਡੀ ਚਰਿਤ੍ਰ (ਉਕਤਿ-ਬਿਲਾਸ) ਲਿਖਦੇ ਹਾਂ

ਪਾਤਿਸਾਹੀ ੧੦ ॥

ਪਾਤਿਸ਼ਾਹੀ ੧੦

ਸ੍ਵੈਯਾ ॥

ਸ੍ਵੈਯਾ:

ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥

(ਜੋ ਸਾਰਿਆਂ ਦਾ) ਮੁੱਢ, ਪਾਰ-ਰਹਿਤ, ਲਿਖੇ ਜਾਣ ਤੋਂ ਪਰੇ, ਬੇਅੰਤ, ਕਾਲ-ਰਹਿਤ, ਭੇਖ-ਰਹਿਤ, ਨਾ ਵੇਖੇ ਜਾ ਸਕਣ ਵਾਲਾ ਅਤੇ ਨਾਸ਼-ਰਹਿਤ ਹੈ;

ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ ॥

(ਜਿਸ ਨੇ) ਸ਼ਿਵ-ਸ਼ਕਤੀ, ਚਾਰ ਵੇਦ, ਰਜੋ-ਤਮੋ-ਸਤੋ ਤਿੰਨ ਗੁਣ ਦਿੱਤੇ ਹਨ ਅਤੇ ਤਿੰਨ ਲੋਕਾਂ ਵਿਚ ਵਾਸ ਕੀਤਾ ਹੋਇਆ ਹੈ;

ਦਿਉਸ ਨਿਸਾ ਸਸਿ ਸੂਰ ਕੇ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ ॥

(ਜਿਸ ਨੇ) ਦਿਨ, ਰਾਤ, ਸੂਰਜ, ਚੰਦ੍ਰਮਾ ਵਰਗੇ ਦੀਪਕ (ਬਣਾਏ ਹਨ) ਅਤੇ ਪੰਜ ਤੱਤ੍ਵਾਂ ਦਾ ਪ੍ਰਕਾਸ਼ ਕਰ ਕੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ;

ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥

(ਜੋ) ਦੇਵਤਿਆਂ ਅਤੇ ਦੈਂਤਾਂ ਵਿਚ ਵੈਰ ਵਧਾ ਕੇ (ਉਨ੍ਹਾਂ ਨੂੰ ਆਪਸ ਵਿਚ) ਲੜਾਉਂਦਾ ਹੈ ਅਤੇ ਆਪ (ਇਨ੍ਹਾਂ ਤੋਂ ਅਲਗ ਥਲਗ) ਬੈਠਾ ਤਮਾਸ਼ਾ ਵੇਖ ਰਿਹਾ ਹੈ ॥੧॥

ਦੋਹਰਾ ॥

ਦੋਹਰਾ:

ਕ੍ਰਿਪਾ ਸਿੰਧੁ ਤੁਮਰੀ ਕ੍ਰਿਪਾ ਜੋ ਕਛ ਮੋ ਪਰਿ ਹੋਏ ॥

ਹੇ ਕ੍ਰਿਪਾ ਦੇ ਸਾਗਰ! ਜੇ ਤੇਰੀ ਕੁਝ ਕ੍ਰਿਪਾ ਮੇਰੇ ਉਤੇ ਹੋਏ,

ਰਚੋ ਚੰਡਿਕਾ ਕੀ ਕਥਾ ਬਾਣੀ ਸੁਭ ਸਭ ਹੋਇ ॥੨॥

(ਤਾਂ) ਦੁਰਗਾ ਦੀ ਕਥਾ ਦੀ ਰਚਨਾ ਕਰਾਂ (ਅਤੇ) ਸਾਰੀ ਕਵਿਤਾ ('ਬਾਣੀ') ਸ੍ਰੇਸ਼ਠ ਹੋ ਜਾਏ ॥੨॥

ਜੋਤਿ ਜਗਮਗੇ ਜਗਤ ਮੈ ਚੰਡ ਚਮੁੰਡ ਪ੍ਰਚੰਡ ॥

(ਜਿਸ ਦੀ) ਜੋਤਿ ਜਗਤ ਵਿਚ ਜਗਮਗਾ ਰਹੀ ਹੈ, (ਜੋ) ਚੰਡ ਅਤੇ ਮੁੰਡ (ਨੂੰ ਮਾਰਨ ਵਾਲੀ ਬਹੁਤ) ਪ੍ਰਚੰਡ ਹੈ,

ਭੁਜ ਦੰਡਨ ਦੰਡਨਿ ਅਸੁਰ ਮੰਡਨ ਭੁਇ ਨਵ ਖੰਡ ॥੩॥

(ਜਿਸ ਦੀਆਂ) ਭੁਜਾਵਾਂ ਦੇ ਡੰਡੇ ਦੈਂਤਾਂ ਨੂੰ ਦੰਡ ਦੇਣ ਵਾਲੇ ਹਨ ਅਤੇ (ਜੋ) ਧਰਤੀ ਦੇ ਨੌਂ ਖੰਡਾਂ ਨੂੰ ਸੁਸੱਜਿਤ ਕਰਨ ਵਾਲੀ ਹੈ ॥੩॥

ਸ੍ਵੈਯਾ ॥

ਸ੍ਵੈਯਾ:

ਤਾਰਨ ਲੋਕ ਉਧਾਰਨ ਭੂਮਹਿ ਦੈਤ ਸੰਘਾਰਨ ਚੰਡਿ ਤੁਹੀ ਹੈ ॥

ਲੋਕਾਂ ਨੂੰ ਤਾਰਨ ਵਾਲੀ, ਪ੍ਰਿਥਵੀ ਦਾ ਉੱਧਾਰ ਕਰਨ ਵਾਲੀ, ਦੈਂਤਾਂ ਨੂੰ ਸੰਘਾਰਨ ਵਾਲੀ ਅਤੇ ਪ੍ਰਚੰਡ (ਸਰੂਪ ਵਾਲੀ) ਤੂੰ ਹੀ ਹੈਂ।

ਕਾਰਨ ਈਸ ਕਲਾ ਕਮਲਾ ਹਰਿ ਅਦ੍ਰਸੁਤਾ ਜਹ ਦੇਖੋ ਉਹੀ ਹੈ ॥

(ਜਗਤ ਦੇ) ਕਾਰਨ ਰੂਪ ਵਿਸ਼ਣੂ ਦੀ ਸ਼ਕਤੀ ਲੱਛਮੀ ਅਤੇ ਸ਼ਿਵ ਦੀ ਸ਼ਕਤੀ ਰੂਪ ਪਾਰਬਤੀ ਜਿਥੇ ਵੇਖੋ ਉਹੀ ਹੈ।

ਤਾਮਸਤਾ ਮਮਤਾ ਨਮਤਾ ਕਵਿਤਾ ਕਵਿ ਕੇ ਮਨ ਮਧਿ ਗੁਹੀ ਹੈ ॥

(ਤੂੰ ਹੀ) ਤਮੋ, ਰਜੋ ਅਤੇ ਸਤੋ ਤਿੰਨਾਂ ਗੁਣਾਂ (ਦੇ ਸਾਰ ਰੂਪ) ਕਵਿਤਾ ਕਵੀ ਦੇ ਮਨ ਵਿਚ ਗੁੰਦੀ ਹੈ।

ਕੀਨੋ ਹੈ ਕੰਚਨ ਲੋਹ ਜਗਤ੍ਰ ਮੈ ਪਾਰਸ ਮੂਰਤਿ ਜਾਹਿ ਛੁਹੀ ਹੈ ॥੪॥

(ਤੂੰ) ਪਾਰਸ-ਮੂਰਤੀ (ਜਿਸ ਨੂੰ) ਜਗਤ ਵਿਚ ਛੋਹ ਗਈ, ਉਹ ਲੋਹੇ ਤੋਂ ਸੋਨਾ ਬਣ ਗਿਆ ॥੪॥

ਦੋਹਰਾ ॥

ਦੋਹਰਾ:

ਪ੍ਰਮੁਦ ਕਰਨ ਸਭ ਭੈ ਹਰਨ ਨਾਮੁ ਚੰਡਿਕਾ ਜਾਸੁ ॥

(ਜੋ) ਸਭ ਨੂੰ ਪ੍ਰਸੰਨ ਕਰਨ ਵਾਲੀ ਅਤੇ ਸਭ ਦੇ ਭੈ ਨੂੰ ਦੂਰ ਕਰਨ ਵਾਲੀ ਹੈ ਅਤੇ ਜਿਸ ਦਾ ਨਾਂ ਚੰਡਿਕਾ ਹੈ,

ਰਚੋ ਚਰਿਤ੍ਰ ਬਚਿਤ੍ਰ ਤੁਅ ਕਰੋ ਸਬੁਧਿ ਪ੍ਰਕਾਸ ॥੫॥

(ਉਸ ਦੇ) ਅਲੌਕਿਕ ਚਰਿਤ੍ਰ ਦੀ ਰਚਨਾ ਕਰਾਂ ਜੇ ਤੂੰ (ਮੈਨੂੰ) ਉੱਤਮ ਬੁੱਧੀ ਦਾ ਪ੍ਰਕਾਸ਼ ਕਰੇਂ ॥੫॥

ਪੁਨਹਾ ॥

ਪੁਨਹਾ:

ਆਇਸ ਅਬ ਜੋ ਹੋਇ ਗ੍ਰੰਥ ਤਉ ਮੈ ਰਚੌ ॥

ਹੁਣ ਜੇ (ਤੇਰੀ) ਆਗਿਆ ਹੋਏ, ਤਾਂ ਮੈਂ ਗ੍ਰੰਥ ਦੀ ਰਚਨਾ ਕਰਾਂ।

ਰਤਨ ਪ੍ਰਮੁਦ ਕਰ ਬਚਨ ਚੀਨਿ ਤਾ ਮੈ ਗਚੌ ॥

ਪ੍ਰਸੰਨ ਕਰਨ ਵਾਲੇ ਰਤਨਾਂ ਦੇ ਤੁਲ ਬਚਨਾਂ ਨੂੰ ਚੁਣ ਕੇ ਉਸ ਵਿਚ ਜੜ੍ਹਾਂ।

ਭਾਖਾ ਸੁਭ ਸਭ ਕਰਹੋ ਧਰਿਹੋ ਕ੍ਰਿਤ ਮੈ ॥

ਸਭ ਸ਼ੁਭ ਭਾਖਾ ਕਰ ਕੇ (ਇਸ) ਰਚਨਾ ਵਿਚ ਧਰਾਂ।

ਅਦਭੁਤਿ ਕਥਾ ਅਪਾਰ ਸਮਝ ਕਰਿ ਚਿਤ ਮੈ ॥੬॥

(ਅਤੇ) ਅਪਾਰ ਤੇ ਅਨੋਖੀ ਕਥਾ ਨੂੰ ਚਿਤ ਵਿਚ ਸਮਝ ਕੇ (ਉਸ ਦੀ ਰਚਨਾ ਕਰਾਂ) ॥੬॥