ਸ਼੍ਰੀ ਦਸਮ ਗ੍ਰੰਥ

ਅੰਗ - 418


ਸਮੁਹੇ ਹਰਿ ਕੇ ਆਇ ਕੈ ਬੋਲਿਯੋ ਹ੍ਵੈ ਕਰਿ ਢੀਠੁ ॥੧੨੦੪॥

ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆ ਕੇ ਢੀਠਤਾ ਨਾਲ ਬੋਲਣ ਲਗਿਆ ॥੧੨੦੪॥

ਚੌਪਈ ॥

ਚੌਪਈ:

ਹਰਿ ਸਨਮੁਖਿ ਇਹ ਭਾਤਿ ਉਚਾਰਿਓ ॥

ਸ੍ਰੀ ਕ੍ਰਿਸ਼ਨ ਦੇ ਸਨਮੁਖ ਹੋ ਕੇ ਇਸ ਤਰ੍ਹਾਂ ਕਿਹਾ,

ਅਡਰ ਸਿੰਘ ਤੈ ਛਲ ਸੋ ਮਾਰਿਓ ॥

ਤੂੰ ਅਡਰ ਸਿੰਘ ਨੂੰ ਛਲ ਨਾਲ ਮਾਰਿਆ ਹੈ।

ਅਜਬ ਸਿੰਘ ਕਰਿ ਕਪਟ ਖਪਾਯੋ ॥

ਅਜਬ ਸਿੰਘ ਨੂੰ ਕਪਟ ਕਰ ਕੇ ਖਪਾਇਆ ਹੈ।

ਇਹ ਸਭ ਭੇਦ ਹਮੋ ਲਖਿ ਪਾਯੋ ॥੧੨੦੫॥

ਇਹ ਸਾਰਾ ਭੇਦ ਮੈਂ ਪਾ ਲਿਆ ਹੈ ॥੧੨੦੫॥

ਦੋਹਰਾ ॥

ਦੋਹਰਾ:

ਅਘੜ ਸਿੰਘ ਅਤਿ ਨਿਡਰ ਹ੍ਵੈ ਬੋਲਿਯੋ ਹਰਿ ਸਮੁਹਾਇ ॥

ਅਘੜ ਸਿੰਘ ਅਤਿ ਨਿਡਰ ਹੋ ਕੇ ਕ੍ਰਿਸ਼ਨ ਦੇ ਸਾਹਮਣੇ ਆ ਕੇ ਬੋਲਿਆ।

ਬਚਨ ਸ੍ਯਾਮ ਸੋਂ ਜੇ ਕਹੇ ਸੋ ਕਬਿ ਕਹਿਤ ਸੁਨਾਇ ॥੧੨੦੬॥

(ਉਸ ਨੇ) ਸ੍ਰੀ ਕ੍ਰਿਸ਼ਨ ਨੂੰ ਜੋ ਬੋਲ ਕਹੇ, ਉਹ (ਹੁਣ) ਕਵੀ ਕਹਿ ਕੇ ਸੁਣਾਉਂਦਾ ਹੈ ॥੧੨੦੬॥

ਸਵੈਯਾ ॥

ਸਵੈਯਾ:

ਢੀਠ ਹ੍ਵੈ ਬੋਲਤ ਭਯੋ ਰਨ ਮੈ ਹਸਿ ਕੈ ਹਰਿ ਸੋ ਬਤੀਯਾ ਸੁਨਿ ਲੈਹੋ ॥

ਢੀਠ ਹੋ ਕੇ ਯੁੱਧ-ਭੂਮੀ ਵਿਚ ਬੋਲਣ ਲਗਿਆ ਅਤੇ ਹਸ ਕੇ ਕ੍ਰਿਸ਼ਨ ਨੂੰ (ਕਹਿਣ ਲਗਾ, ਮੇਰੀ) ਗੱਲ ਸੁਣ ਲੈ।

ਕ੍ਰੁਧ ਕੀਏ ਹਮ ਸੰਗਿ ਨਿਸੰਗ ਕਹਾ ਅਬ ਜੁਧ ਕੀਏ ਫਲੁ ਪੈ ਹੋ ॥

ਸਾਡੇ ਨਾਲ ਨਿਸੰਗ ਹੋ ਕੇ (ਤੂੰ) ਕ੍ਰੋਧ ਕੀਤਾ ਹੈ (ਪਰ) ਇਸ ਯੁੱਧ ਕਰਨ ਦਾ ਕੀ ਫਲ ਪਾਵੇਂਗਾ।

ਤਾ ਤੇ ਲਰੋ ਨਹੀ ਮੋ ਸੰਗਿ ਆਇ ਕੈ ਹੋ ਲਰਿਕਾ ਰਨ ਦੇਖਿ ਪਰੈ ਹੋ ॥

ਇਸ ਲਈ ਆ ਕੇ ਮੇਰੇ ਨਾਲ ਨਾ ਲੜ, (ਤੂੰ ਅਜੇ) ਲੜਕਾ ਹੈਂ, ਰਣ ਨੂੰ ਵੇਖ ਕੇ ਭਜ ਜਾਏਂਗਾ।

ਜੋ ਹਠ ਕੈ ਲਰਿ ਹੋ ਮਰਿ ਹੋ ਅਪੁਨੇ ਗ੍ਰਿਹ ਮਾਰਗਿ ਜੀਤਿ ਨ ਜੈਹੋ ॥੧੨੦੭॥

ਜੇ ਹਠ ਕਰ ਕੇ ਲੜੇਂਗਾ (ਤਾਂ) ਮਾਰਿਆ ਜਾਵੇਂਗਾ ਅਤੇ ਆਪਣੇ ਘਰ ਦੇ ਮਾਰਗ ਉਤੇ ਜੀਉਂਦਾ ਨਹੀਂ ਜਾਵੇਂਗਾ ॥੧੨੦੭॥

ਦੋਹਰਾ ॥

ਦੋਹਰਾ:

ਜਿਉ ਬੋਲਿਯੋ ਅਤਿ ਗਰਬ ਸਿਉ ਇਤਿ ਹਰਿ ਐਚਿ ਕਮਾਨ ॥

ਜਿਉਂ ਹੀ (ਉਹ) ਹੰਕਾਰ ਨਾਲ ਬੋਲ ਰਿਹਾ ਸੀ, ਇਧਰੋਂ ਸ੍ਰੀ ਕ੍ਰਿਸ਼ਨ ਨੇ ਧਨੁਸ਼ ਨੂੰ ਖਿਚ ਦਿੱਤਾ।

ਸਰ ਮਾਰਿਯੋ ਅਰਿ ਮੁਖਿ ਬਿਖੈ ਪਰਿਯੋ ਮ੍ਰਿਤਕ ਛਿਤਿ ਆਨਿ ॥੧੨੦੮॥

ਬਾਣ ਵੈਰੀ ਦੇ ਮੁਖ ਵਿਚ ਮਾਰਿਆ (ਅਤੇ ਉਹ) ਮੁਰਦਾ ਹੋ ਕੇ ਧਰਤੀ ਉਤੇ ਡਿਗ ਪਿਆ ॥੧੨੦੮॥

ਅਰਜਨ ਸਿੰਘ ਤਬ ਢੀਠ ਹੁਇ ਕਹੀ ਕ੍ਰਿਸਨ ਸੋ ਬਾਤ ॥

ਤਦ ਅਰਜਨ ਸਿੰਘ ਨੇ ਢੀਠ ਹੋ ਕੇ ਕ੍ਰਿਸ਼ਨ ਨੂੰ (ਇਹ) ਗੱਲ ਕਹੀ।

ਮਹਾਬਲੀ ਹਉ ਆਜ ਹੀ ਕਰਿ ਹੋਂ ਤੇਰੋ ਘਾਤ ॥੧੨੦੯॥

(ਮੈਂ) ਮਹਾ ਬਲਵਾਨ ਹਾਂ, ਤੇਰਾ ਅਜ ਹੀ ਨਾਸ਼ ਕਰ ਦਿਆਂਗਾ ॥੧੨੦੯॥

ਸੁਨਤ ਬਚਨ ਹਰਿ ਖਗੁ ਲੈ ਅਰਿ ਸਿਰਿ ਝਾਰਿਯੋ ਧਾਇ ॥

(ਉਸ ਦੇ) ਬਚਨ ਸੁਣਦਿਆਂ ਹੀ ਸ੍ਰੀ ਕ੍ਰਿਸ਼ਨ ਨੇ ਤਲਵਾਰ ਪਕੜ ਲਈ ਅਤੇ ਭਜ ਕੇ ਵੈਰੀ ਦੇ ਸਿਰ ਉਤੇ ਝਾੜ ਦਿੱਤੀ।

ਗਿਰਿਓ ਮਨੋ ਆਂਧੀ ਬਚੇ ਬਡੋ ਬ੍ਰਿਛ ਮੁਰਝਾਇ ॥੧੨੧੦॥

(ਉਹ ਇਸ ਤਰ੍ਹਾਂ ਡਿਗ ਪਿਆ) ਮਾਨੋ ਹਨੇਰੀ ਦੇ ਚਲਣ ਨਾਲ ਵੱਡਾ ਸਾਰਾ ਬ੍ਰਿਛ ਮੁਰਝਾ ਕੇ ਧਰਤੀ ਉਤੇ ਡਿਗ ਪਿਆ ਹੋਵੇ ॥੧੨੧੦॥

ਸਵੈਯਾ ॥

ਸਵੈਯਾ:

ਅਰਜਨ ਸਿੰਘ ਹਨ੍ਯੋ ਅਸਿ ਸਿਉ ਅਮਰੇਸ ਮਹੀਪ ਹਨਿਓ ਤਬ ਹੀ ॥

(ਜਿਸ ਵੇਲੇ) ਅਰਜਨ ਸਿੰਘ ਤਲਵਾਰ ਨਾਲ ਮਾਰਿਆ ਗਿਆ, ਉਸੇ ਵੇਲੇ ਰਾਜਾ ਅਮਰ ਸਿੰਘ ਵੀ ਮਾਰਿਆ ਗਿਆ।

ਅਟਲੇਸ ਪ੍ਰਕੋਪ ਭਯੋ ਲਖਿ ਕੈ ਹਰਿ ਆਪੁਨੇ ਸਸਤ੍ਰ ਲਏ ਸਬ ਹੀ ॥

(ਫਿਰ) ਅਟਲ ਸਿੰਘ ਨੂੰ ਗੁੱਸੇ ਵਿਚ ਆਇਆ ਵੇਖ ਕੇ ਸ੍ਰੀ ਕ੍ਰਿਸ਼ਨ ਨੇ ਆਪਣੇ ਸਾਰੇ ਸ਼ਸਤ੍ਰ ਧਾਰਨ ਕਰ ਲਏ।

ਅਤਿ ਮਾਰ ਹੀ ਮਾਰ ਪੁਕਾਰਿ ਪਰਿਓ ਹਰਿ ਸਾਮੁਹੇ ਆਇ ਅਰਿਓ ਜਬ ਹੀ ॥

ਜਦੇ (ਅਮਰ ਸਿੰਘ) 'ਮਾਰੋ' 'ਮਾਰੋ' ਪੁਕਾਰਦਾ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆ ਕੇ ਡਟ ਗਿਆ।

ਕਲਧਉਤ ਕੇ ਭੂਖਨ ਅੰਗ ਸਜੇ ਜਿਹ ਕੀ ਛਬਿ ਸੋ ਸਵਿਤਾ ਦਬ ਹੀ ॥੧੨੧੧॥

(ਉਸ ਦੇ) ਸ਼ਰੀਰ ਉਤੇ ਸੋਨੇ ਦੇ ਗਹਿਣੇ ਸਜੇ ਹੋਏ ਸਨ, ਜਿਨ੍ਹਾਂ ਦੀ ਛਬੀ ਦੇ ਸਾਹਮਣੇ ਸੂਰਜ ਵੀ ਦਬਕਦਾ ਸੀ ॥੧੨੧੧॥

ਜਾਮ ਪ੍ਰਮਾਨ ਕੀਓ ਘਮਸਾਨ ਬਡੌ ਬਲਵਾਨ ਨ ਜਾਇ ਸੰਘਾਰਿਯੋ ॥

ਇਕ ਪਹਿਰ ਤਕ (ਉਸ ਨੇ) ਘਮਸਾਨ ਯੁੱਧ ਕੀਤਾ, (ਉਹ) ਬਹੁਤ ਬਲਵਾਨ ਹੋਣ ਕਰ ਕੇ ਮਾਰਿਆ ਨਹੀਂ ਜਾਂਦਾ ਸੀ।

ਮੇਘ ਜਿਉ ਗਾਜਿ ਮੁਰਾਰਿ ਤਬੈ ਅਸਿ ਲੈ ਕਰਿ ਮੈ ਅਰਿ ਊਪਰਿ ਝਾਰਿਯੋ ॥

ਉਸ ਵੇਲੇ ਬਦਲ ਵਾਂਗ ਗਜ ਕੇ ਅਤੇ ਤਲਵਾਰ ਹੱਥ ਵਿਚ ਲੈ ਕੇ ਸ੍ਰੀ ਕਿਸ਼ਨ ਨੇ ਵੈਰੀ ਉਤੇ ਝਾੜ ਦਿੱਤੀ।

ਹੁਇ ਮ੍ਰਿਤ ਭੂਮਿ ਪਰਿਯੋ ਤਬ ਹੀ ਜਦੁਬੀਰ ਜਬੈ ਸਿਰੁ ਕਾਟਿ ਉਤਾਰਿਯੋ ॥

ਉਸੇ ਵੇਲੇ ਉਹ ਮੁਰਦਾ ਹੋ ਕੇ ਧਰਤੀ ਉਤੇ ਡਿਗ ਪਿਆ, ਜਦੋਂ ਸ੍ਰੀ ਕ੍ਰਿਸ਼ਨ ਨੇ ਉਸ ਦਾ ਸਿਰ ਕਟ ਕੇ ਉਤਾਰ ਦਿੱਤਾ।

ਧੰਨਿ ਹੀ ਧੰਨਿ ਕਹੈ ਸਬ ਦੇਵ ਬਡੋ ਹਰਿ ਜੂ ਭਵ ਭਾਰ ਉਤਾਰਿਯੋ ॥੧੨੧੨॥

ਸਾਰੇ ਦੇਵਤੇ ਸ੍ਰੀ ਕ੍ਰਿਸ਼ਨ ਨੂੰ ਧੰਨ ਧੰਨ ਕਹਿਣ ਲਗੇ (ਕਿਉਂਕਿ ਉਸ ਨੇ) ਧਰਤੀ ਦਾ ਬਹੁਤ ਭਾਰ ਉਤਾਰਿਆ ਸੀ ॥੧੨੧੨॥

ਦੋਹਰਾ ॥

ਦੋਹਰਾ:

ਅਟਲ ਸਿੰਘ ਜਬ ਮਾਰਿਓ ਬਹੁ ਬੀਰਨ ਕੋ ਰਾਉ ॥

ਜਦ ਬਹੁਤ ਸੂਰਮਿਆਂ ਦਾ ਰਾਜਾ ਅਟਲ ਸਿੰਘ ਮਾਰਿਆ ਗਿਆ,

ਅਮਿਟ ਸਿੰਘ ਤਬ ਅਮਿਟ ਹੁਇ ਕੀਨੋ ਜੁਧ ਉਪਾਉ ॥੧੨੧੩॥

ਤਦ ਅਮਿਟ ਸਿੰਘ ਨੇ ਅਮਿਟ (ਅਡੋਲ) ਹੋ ਕੇ ਯੁੱਧ ਦਾ ਉਪਾ ਕੀਤਾ ॥੧੨੧੩॥

ਸਵੈਯਾ ॥

ਸਵੈਯਾ:

ਬੋਲਤ ਇਉ ਹਠਿ ਕੈ ਹਰਿ ਸੋ ਭਟ ਤਉ ਲਖਿ ਹੋ ਜਬ ਮੋ ਸੋ ਲਰੈਗੋ ॥

(ਉਹ) ਹਠ ਕਰ ਕੇ ਸ੍ਰੀ ਕ੍ਰਿਸ਼ਨ ਨਾਲ ਬੋਲਣ ਲਗਾ ਕਿ ਮੈ ਤੈਨੂੰ ਸੂਰਮਾ ਉਦੋਂ ਮੰਨਾਗਾ ਜਦ ਮੇਰੇ ਨਾਲ ਲੜੇਂਗਾ।

ਮੋ ਕੋ ਕਹਾ ਹਨਿ ਰਾਜਨ ਜ੍ਯੋ ਛਲ ਮੂਰਤਿ ਹੁਇ ਛਲ ਸਾਥ ਛਰੈਗੋ ॥

ਕੀ ਮੈਨੂੰ ਵੀ ਇਨ੍ਹਾਂ ਰਾਜਿਆਂ ਵਾਂਗ ਛਲ ਦਾ ਸਰੂਪ ਹੋ ਕੇ ਧੋਖੇ ਨਾਲ ਛਲ ਲਵੇਂਗਾ।

ਮੋ ਅਤਿ ਕੋਪ ਭਰੋ ਲਖਿ ਕੈ ਰਹਿ ਹੋ ਨਹਿ ਆਹਵ ਹੂੰ ਤੇ ਟਰੈਗੋ ॥

ਮੈਨੂੰ ਬਹੁਤ ਕ੍ਰੋਧ ਨਾਲ ਭਰਿਆ ਹੋਇਆ ਵੇਖ ਕੇ (ਤੂੰ) ਯੁੱਧ-ਭੂਮੀ ਵਿਚ (ਖੜੋਤਾ) ਨਹੀਂ ਰਹੇਂਗਾ ਅਤੇ (ਇਥੋਂ) ਟਲ ਜਾਵੇਂਗਾ।

ਜਉ ਕਬਹੂੰ ਭਿਰ ਹੋ ਹਮ ਸੋ ਨਿਸਚੈ ਨਿਜ ਦੇਹ ਕੋ ਤਿਆਗੁ ਕਰੈਗੋ ॥੧੨੧੪॥

ਜੇ ਕਦੇ ਮੇਰੇ ਨਾਲ ਲੜੇਂਗਾ, (ਤਾਂ) ਨਿਸਚੇ ਹੀ ਆਪਣੀ ਦੇਹ ਦਾ ਤਿਆਗ ਕਰੇਂਗਾ ॥੧੨੧੪॥

ਕਾਹੇ ਕਉ ਕਾਨ੍ਰਹ ਅਯੋਧਨ ਮੈ ਹਿਤ ਔਰਨ ਕੇ ਰਿਸ ਕੈ ਰਨ ਪਾਰੋ ॥

ਹੇ ਕ੍ਰਿਸ਼ਨ! ਯੁੱਧ-ਭੂਮੀ ਵਿਚ ਹੋਰਨਾਂ ਲਈ ਕਿਸ ਵਾਸਤੇ ਕ੍ਰੋਧ ਕਰ ਕੇ ਯੁੱਧ ਕਰਦਾ ਹੈਂ।

ਕਾਹੇ ਕਉ ਘਾਇ ਸਹੋ ਤਨ ਮੈ ਪੁਨਿ ਕਾ ਕੇ ਕਹੇ ਅਰਿ ਭੂਪਨਿ ਮਾਰੋ ॥

ਕਿਸ ਵਾਸਤੇ ਸ਼ਰੀਰ ਉਤੇ ਘਾਓ ਸਹਿੰਦਾ ਹੈਂ, ਅਤੇ ਫਿਰ ਕਿਸ ਦੇ ਕਹੇ ਤੇ ਵੈਰੀ ਰਾਜਿਆਂ ਨੂੰ ਮਾਰਦਾ ਹੈਂ।

ਜੀਵਤ ਹੋ ਤਬ ਲਉ ਜਗ ਮੈ ਜਬ ਲਉ ਮੁਹਿ ਸੰਗਿ ਭਿਰਿਓ ਨ ਬਿਚਾਰੋ ॥

ਉਦੋਂ ਤਕ ਹੀ (ਤੂੰ) ਜਗਤ ਵਿਚ ਜੀਉਂਦਾ ਹੈਂ ਜਦ ਤਕ ਮੇਰੇ ਨਾਲ ਲੜਨ ਦਾ ਵਿਚਾਰ ਨਹੀਂ ਬਣਾਇਆ ਹੈ।

ਸੁੰਦਰ ਜਾਨ ਕੈ ਛਾਡਤ ਹੋ ਤਜਿ ਕੈ ਰਨ ਸ੍ਯਾਮ ਜੂ ਧਾਮਿ ਸਿਧਾਰੋ ॥੧੨੧੫॥

(ਤੈਨੂੰ) ਸੁੰਦਰ ਸਮਝ ਕੇ ਛਡਦਾ ਹਾਂ, ਹੇ ਕ੍ਰਿਸ਼ਨ! ਰਣ-ਭੂਮੀ ਨੂੰ ਛਡ ਕੇ ਘਰ ਚਲਾ ਜਾ ॥੧੨੧੫॥

ਫੇਰਿ ਅਯੋਧਨ ਮੈ ਰਿਸਿ ਕੇ ਅਮਿਟੇਸ ਬਲੀ ਇਹ ਭਾਤਿ ਉਚਾਰੋ ॥

ਫਿਰ ਯੁੱਧ-ਖੇਤਰ ਵਿਚ ਬਲਵਾਨ ਅਮਿਟ ਸਿੰਘ ਨੇ ਕ੍ਰੋਧ ਨਾਲ ਇਸ ਤਰ੍ਹਾਂ ਕਿਹਾ,

ਬੈਸ ਕਿਸੋਰ ਮਨੋਹਰਿ ਮੂਰਤਿ ਲੈ ਹੋ ਕਹਾ ਲਖਿ ਜੁਧ ਹਮਾਰੋ ॥

(ਹੇ ਕ੍ਰਿਸ਼ਨ!) ਤੇਰੀ ਉਮਰ ਛੋਟੀ ਹੈ, ਸ਼ਕਲ ਮਨ ਨੂੰ ਮੋਹਣ ਵਾਲੀ ਹੈ, ਕੀ ਲਏਂਗਾ ਮੇਰੇ ਨਾਲ ਯੁੱਧ ਕਰ ਕੇ।

ਹਉ ਤੁਮ ਸਿਉ ਹਰਿ ਸਾਚ ਕਹਿਓ ਤੁਮ ਜਉ ਜੀਯ ਮੈ ਕਛੁ ਅਉਰ ਬਿਚਾਰੋ ॥

ਹੇ ਕ੍ਰਿਸ਼ਨ! ਮੈਂ ਤੈਨੂੰ ਸਚ ਕਹਿੰਦਾ ਹਾਂ, ਜੇ ਤੂੰ ਮਨ ਵਿਚ ਕੁਝ ਹੋਰ ਵਿਚਾਰਿਆ ਹੋਇਆ ਹੈ (ਤਾਂ ਛਡ ਦੇ)।

ਕੈ ਹਮ ਸੰਗਿ ਲਰੋ ਤਜਿ ਕੈ ਡਰ ਕੈ ਅਪੁਨੇ ਸਭ ਆਯੁਧ ਡਾਰੋ ॥੧੨੧੬॥

ਜਾਂ ਤਾਂ ਡਰ ਦਾ ਤਿਆਗ ਕਰ ਕੇ ਮੇਰੇ ਨਾਲ ਲੜ, ਜਾਂ ਆਪਣੇ ਸਾਰੇ ਹਥਿਆਰ ਸੁਟ ਦੇ ॥੧੨੧੬॥

ਆਜੁ ਆਯੋਧਨ ਮੈ ਤੁਮ ਕੋ ਹਨਿ ਹੋ ਤੁਮਰੀ ਸਭ ਹੀ ਪ੍ਰਿਤਨਾ ਕੋ ॥

ਅਜ ਯੁੱਧ-ਭੂਮੀ ਵਿਚ ਤੈਨੂੰ ਅਤੇ ਤੇਰੀ ਸਾਰੀ ਸੈਨਾ ਨੂੰ ਮਾਰ ਦਿਆਂਗਾ।

ਜਉ ਰੇ ਕੋਊ ਤੁਮ ਮੈ ਭਟ ਹੈ ਬਹੁ ਆਵਤ ਹੈ ਬਿਧਿ ਆਹਵ ਜਾ ਕੋ ॥

ਓਇ! ਜੇ ਤੇਰੇ ਕੋਲ ਕੋਈ ਸੂਰਮਾ ਹੈ ਜਿਸ ਨੂੰ ਯੁੱਧ ਕਰਨ ਦੀਆਂ ਬਹੁਤ ਜੁਗਤਾਂ ਆਉਂਦੀਆਂ ਹੋਣ।


Flag Counter