ਸ਼੍ਰੀ ਦਸਮ ਗ੍ਰੰਥ

ਅੰਗ - 623


ਆਸਨ ਅਰਧ ਦਯੋ ਤੁਹ ਯਾ ਬ੍ਰਤ ॥

ਇਸ ਨੇ ਨਿਯਮ ਅਨੁਸਾਰ ਤੁਹਾਨੂੰ ਅੱਧਾ ਆਸਨ ਦਿੱਤਾ ਸੀ।

ਹੈ ਲਵਨਾਸ੍ਰ ਮਹਾਸੁਰ ਭੂਧਰਿ ॥

(ਅਜਿਹਾ ਇਸ ਲਈ ਹੋਇਆ) ਕਿਉਂਕਿ ਤੁਸੀਂ ਧਰਤੀ ਉਪਰ 'ਲਵਨਾਸੁਰ' ਨਾਂ ਦੇ

ਤਾਹਿ ਨ ਮਾਰ ਸਕੇ ਤੁਮ ਕਿਉ ਕਰ ॥੧੧੧॥

ਵੱਡੇ ਦੈਂਤ ਨੂੰ ਮਾਰ ਨਹੀਂ ਸਕੇ ਹੋ ॥੧੧੧॥

ਜੌ ਤੁਮ ਤਾਹਿ ਸੰਘਾਰ ਕੈ ਆਵਹੁ ॥

ਜੇ ਕਰ ਤੁਸੀਂ ਉਸ ਨੂੰ ਮਾਰ ਕੇ ਆਵੋਗੇ

ਤੌ ਤੁਮ ਇੰਦ੍ਰ ਸਿੰਘਾਸਨ ਪਾਵਹੁ ॥

ਤਾਂ ਤੁਸੀਂ (ਪੂਰਾ) ਇੰਦਰ ਆਸਨ ਪਾ ਲਵੋਗੇ।

ਐਸੇ ਕੈ ਅਰਧ ਸਿੰਘਾਸਨ ਬੈਠਹੁ ॥

ਇਸ ਲਈ (ਤੁਸੀਂ) ਅੱਧੇ ਸਿੰਘਾਸਨ ਉਤੇ ਬੈਠ ਜਾਓ।

ਸਾਚੁ ਕਹੋ ਪਰ ਨਾਕੁ ਨ ਐਠਹੁ ॥੧੧੨॥

(ਮੈਂ) ਸੱਚ ਕਿਹਾ ਹੈ, ਇਸ ਕਰ ਕੇ ਤੁਸੀਂ ਨਕ ਨਾ ਚੜ੍ਹਾਓ ॥੧੧੨॥

ਅਸਤਰ ਛੰਦ ॥

ਅਸਤਰ ਛੰਦ:

ਧਾਯੋ ਅਸਤ੍ਰ ਲੈ ਕੇ ਤਹਾ ॥

(ਰਾਜ ਮਾਨਧਾਤਾ) ਅਸਤ੍ਰ (ਧਨੁਸ਼) ਲੈ ਕੇ ਭਜ ਕੇ ਉਥੇ ਗਿਆ,

ਮਥੁਰਾ ਮੰਡਲ ਦਾਨੋ ਥਾ ਜਹਾ ॥

ਜਿਥੇ ਮਥੁਰਾ ਮੰਡਲ ਵਿਚ (ਉਹ ਲਵਨਾਸੁਰ) ਦੈਂਤ ਰਹਿੰਦਾ ਸੀ।

ਮਹਾ ਗਰਬੁ ਕੈ ਕੈ ਮਹਾ ਮੰਦ ਬੁਧੀ ॥

ਉਸ ਮਹਾ ਮੰਦ ਬੁੱਧੀ ਵਾਲੇ (ਦੈਂਤ ਨੇ) ਹੰਕਾਰ ਕਰ ਕੇ

ਮਹਾ ਜੋਰ ਕੈ ਕੈ ਦਲੰ ਪਰਮ ਕ੍ਰੁਧੀ ॥੧੧੩॥

ਅਤੇ ਬਹੁਤ ਕ੍ਰੋਧ ਕਰ ਕੇ ਬਹੁਤ ਵੱਡਾ ਦਲ ਜੋੜ ਰਖਿਆ ਸੀ ॥੧੧੩॥

ਮਹਾ ਘੋਰ ਕੈ ਕੈ ਘਨੰ ਕੀ ਘਟਾ ਜਿਯੋ ॥

ਬਦਲ ਦੀਆਂ ਕਾਲੀਆਂ ਘਟਾਵਾਂ ਵਾਂਗ ਬਹੁਤ ਗਜ ਵਜ ਕੇ

ਸੁ ਧਾਇਆ ਰਣੰ ਬਿਜੁਲੀ ਕੀ ਛਟਾ ਜਿਯੋ ॥

ਅਤੇ ਲਾਲ ਹੋ ਕੇ ਬਿਜਲੀ ਦੀ ਲਿਸ਼ਕ ਵਾਂਗ ਹਲਾ ਕਰ ਕੇ ਪਿਆ।

ਸੁਨੇ ਸਰਬ ਦਾਨੋ ਸੁ ਸਾਮੁਹਿ ਸਿਧਾਇ ॥

(ਹਮਲੇ ਦੀ ਗੱਲ) ਸੁਣ ਕੇ ਸਾਰੇ ਦਾਨਵ ਚੜ੍ਹ ਕੇ ਸਾਹਮਣੇ ਆ ਢੁਕੇ

ਮਹਾ ਕ੍ਰੋਧ ਕੈ ਕੈ ਸੁ ਬਾਜੀ ਨਚਾਏ ॥੧੧੪॥

ਅਤੇ ਬਹੁਤ ਕ੍ਰੋਧ ਕਰ ਕੇ ਘੋੜਿਆਂ ਨੂੰ ਨਚਾਇਆ ॥੧੧੪॥

ਮੇਦਕ ਛੰਦ ॥

ਮੇਦਕ ਛੰਦ:

ਅਬ ਏਕ ਕੀਏ ਬਿਨੁ ਯੌ ਨ ਟਰੈ ॥

ਹੁਣ (ਦੋਹਾਂ ਤੋਂ) ਇਕ ਕੀਤੇ ਬਿਨਾ ਇਸ ਤਰ੍ਹਾਂ ਨਹੀਂ ਟਲਣਗੇ।

ਦੋਊ ਦਾਤਨ ਪੀਸ ਹੰਕਾਰਿ ਪਰੈ ॥

ਦੋਵੇਂ ਦੰਦਾਂ ਨੂੰ ਪੀਹ ਕੇ ਹੰਕਾਰ ਨਾਲ (ਇਕ ਦੂਜੇ ਉਤੇ) ਪੈ ਗਏ ਹਨ।

ਜਬ ਲੌ ਨ ਸੁਨੋ ਲਵ ਖੇਤ ਮਰਾ ॥

ਜਦ ਤਕ ਨਹੀਂ ਸੁਣਦਾ ਕਿ 'ਲਵਨਾਸੁਰ ਯੁੱਧ ਵਿਚ ਮਰ ਗਿਆ ਹੈ',

ਤਬ ਲਉ ਨ ਲਖੋ ਰਨਿ ਬਾਜ ਟਰਾ ॥੧੧੫॥

ਤਦ ਤਕ (ਮੇਰੇ) ਘੋੜੇ ਨੂੰ ਰਣਭੂਮੀ ਵਿਚੋਂ ਪਿਛੇ ਹਟਦਾ ਨਹੀਂ ਵੇਖੋਗੇ ॥੧੧੫॥

ਅਬ ਹੀ ਰਣਿ ਏਕ ਕੀ ਏਕ ਕਰੈ ॥

ਹੁਣੇ ਹੀ ਉਹ ਰਣ ਵਿਚ ਇਕੋ ਇਕ ਕਰ ਦੇਣਾ (ਚਾਹੁੰਦੇ ਹਨ)।

ਬਿਨੁ ਏਕ ਕੀਏ ਰਣਿ ਤੇ ਨ ਟਰੈ ॥

ਇਕ ਕੀਤੇ ਬਿਨਾ ਰਣ ਤੋਂ ਟਲਦੇ ਨਹੀਂ ਹਨ।

ਬਹੁ ਸਾਲ ਸਿਲਾ ਤਲ ਬ੍ਰਿਛ ਛੁਟੇ ॥

ਬਹੁਤ ਸਾਰੇ ਸਾਲ ਦੇ ਬ੍ਰਿਛ ਅਤੇ ਪੱਥਰ ਹੇਠਾਂ ਆ ਪਏ ਹਨ

ਦੁਹੂੰ ਓਰਿ ਜਬੈ ਰਣ ਬੀਰ ਜੁਟੇ ॥੧੧੬॥

ਜਦ ਕਿ ਦੋਹਾਂ ਪਾਸਿਆਂ ਤੋਂ ਰਣ ਵਿਚ ਬੀਰ ਜੁਟ ਗਏ ਹਨ ॥੧੧੬॥

ਕੁਪ ਕੈ ਲਵ ਪਾਨਿ ਤ੍ਰਿਸੂਲ ਲਯੋ ॥

ਲਵਨਾਸੁਰ ਨੇ ਕ੍ਰੋਧਿਤ ਹੋ ਕੇ ਹੱਥ ਵਿਚ ਤ੍ਰਿਸ਼ੂਲ ਧਾਰਨ ਕਰ ਲਿਆ

ਸਿਰਿ ਧਾਤਯਮਾਨ ਦੁਖੰਡ ਕਿਯੋ ॥

ਅਤੇ (ਰਾਜਾ) ਮਾਨਧਾਤਾ ਦੇ ਸਿਰ ਦੋ ਟੋਟੇ ਕਰ ਦਿੱਤਾ।

ਬਹੁ ਜੂਥਪ ਜੂਥਨ ਸੈਨ ਭਜੀ ॥

ਸਾਰੇ ਸੈਨਾਪਤੀ ਅਤੇ ਫ਼ੌਜ ਦੀਆਂ ਬਹੁਤ ਟੁਕੜੀਆਂ ਭਜ ਗਈਆਂ

ਨ ਉਚਾਇ ਸਕੈ ਸਿਰੁ ਐਸ ਲਜੀ ॥੧੧੭॥

ਅਤੇ (ਸੈਨਾ) ਅਜਿਹੀ ਸ਼ਰਮਿੰਦਗੀ ਹੋਈ ਕਿ ਰਾਜੇ ਦਾ ਸਿਰ ਤਕ ਨਾ ਚੁਕ ਸਕੇ ॥੧੧੭॥

ਘਨ ਜੈਸੇ ਭਜੇ ਘਨ ਘਾਇਲ ਹੁਐ ॥

(ਹਵਾ ਨਾਲ) ਜਿਵੇਂ ਬਦਲ ਭਜ ਜਾਂਦੇ ਹਨ, ਉਸੇ ਤਰ੍ਹਾਂ ਬਹੁਤ ਸਾਰੇ ਜ਼ਖ਼ਮੀ ਹੋ ਕੇ (ਭਜੀ ਜਾ ਰਹੇ ਹਨ)।

ਬਰਖਾ ਜਿਮਿ ਸ੍ਰੋਣਤ ਧਾਰ ਚੁਐ ॥

ਮੀਂਹ ਦੇ ਵਰ੍ਹਨ ਵਾਂਗ (ਉਨ੍ਹਾਂ ਦੇ ਜ਼ਖ਼ਮਾਂ ਵਿਚੋਂ) ਲਹੂ ਦੀ ਧਾਰ ਚੋ ਰਹੀ ਸੀ।

ਸਭ ਮਾਨ ਮਹੀਪਤਿ ਛੇਤ੍ਰਹਿ ਦੈ ॥

ਸ੍ਰੇਸ਼ਠ ਮਾਨਧਾਤਾ ਰਾਜੇ ਨੂੰ ਯੁੱਧ-ਭੂਮੀ ਦੀ ਭੇਟਾ ਚੜ੍ਹਾ ਕੇ

ਸਬ ਹੀ ਦਲ ਭਾਜਿ ਚਲਾ ਜੀਅ ਲੈ ॥੧੧੮॥

ਸਾਰਾ ਸੈਨਾਦਲ (ਆਪਣਾ) ਜੀਅ ਬਚਾ ਕੇ ਚਲਾ ਗਿਆ ॥੧੧੮॥

ਇਕ ਘੂਮਤ ਘਾਇਲ ਸੀਸ ਫੁਟੇ ॥

ਇਕ ਜ਼ਖ਼ਮੀ ਹੋਏ ਘੁੰਮ ਰਹੇ ਹਨ, ਇਕਨਾਂ ਦੇ ਸਿਰ ਪਾਟੇ ਹੋਏ ਹਨ,

ਇਕ ਸ੍ਰੋਣ ਚੁਚਾਵਤ ਕੇਸ ਛੁਟੇ ॥

ਇਕਨਾਂ (ਦੇ ਜ਼ਖ਼ਮਾਂ ਵਿਚੋਂ) ਲਹੂ ਵਗ ਰਿਹਾ ਹੈ (ਅਤੇ ਇਕਨਾਂ ਦੇ) ਕੇਸ ਖੁਲੇ ਹੋਏ ਹਨ।

ਰਣਿ ਮਾਰ ਕੈ ਮਾਨਿ ਤ੍ਰਿਸੂਲ ਲੀਏ ॥

ਰਣ-ਭੂਮੀ ਵਿਚ ਤ੍ਰਿਸ਼ੂਲ ਮਾਰ ਕੇ ਮਾਨਧਾਤਾ ਰਾਜੇ ਨੂੰ ਮਾਰ ਲਿਆ ਗਿਆ ਹੈ

ਭਟ ਭਾਤਹਿ ਭਾਤਿ ਭਜਾਇ ਦੀਏ ॥੧੧੯॥

ਅਤੇ ਤਰ੍ਹਾਂ ਤਰ੍ਹਾਂ ਦੇ ਸੂਰਮੇ ਭਜਾ ਦਿੱਤੇ ਗਏ ਹਨ ॥੧੧੯॥

ਇਤਿ ਮਾਨਧਾਤਾ ਰਾਜ ਸਮਾਪਤੰ ॥੭॥੫॥

ਇਥੇ ਮਾਨਧਾਤਾ ਦੇ ਰਾਜ ਦੀ ਸਮਾਪਤੀ।

ਅਥ ਦਲੀਪ ਕੋ ਰਾਜ ਕਥਨੰ ॥

ਹੁਣ ਦਲੀਪ ਰਾਜਾ ਦੇ ਰਾਜ ਦਾ ਕਥਨ:

ਤੋਟਕ ਛੰਦ ॥

ਤੋਟਕ ਛੰਦ:

ਰਣ ਮੋ ਮਾਨ ਮਹੀਪ ਹਏ ॥

ਜਦ ਯੁੱਧ-ਭੂਮੀ ਵਿਚ ਮਾਨਧਾਤਾ ਰਾਜਾ ਮਾਰਿਆ ਗਿਆ,

ਤਬ ਆਨਿ ਦਿਲੀਪ ਦਿਲੀਸ ਭਏ ॥

ਤਾਂ ਦਲੀਪ (ਨਾਂ ਦਾ ਰਾਜਾ) ਦਿੱਲੀ-ਪਤੀ ਬਣਿਆ।

ਬਹੁ ਭਾਤਿਨ ਦਾਨਵ ਦੀਹ ਦਲੇ ॥

(ਉਸ ਨੇ) ਬਹੁਤ ਤਰ੍ਹਾਂ ਨਾਲ ਵੱਡੇ ਦਾਨਵਾਂ ਨੂੰ ਦਲ ਦਿੱਤਾ

ਸਬ ਠੌਰ ਸਬੈ ਉਠਿ ਧਰਮ ਪਲੇ ॥੧੨੦॥

ਅਤੇ ਸਭ ਥਾਂਵਾਂ ਤੇ ਸਾਰੇ (ਲੋਕ) ਉਠ ਕੇ ਧਰਮ ਦੇ ਪਾਲਨ ਵਿਚ ਲਗ ਗਏ ॥੧੨੦॥

ਚੌਪਈ ॥

ਚੌਪਈ:

ਜਬ ਨ੍ਰਿਪ ਹਨਾ ਮਾਨਧਾਤਾ ਬਰ ॥

ਜਦ ਲਵਨਾਸੁਰ ਨੇ ਹੱਥ ਵਿਚ ਸ਼ਿਵ ਦਾ ਦਿੱਤਾ

ਸਿਵ ਤ੍ਰਿਸੂਲ ਕਰਿ ਧਰਿ ਲਵਨਾਸੁਰ ॥

ਤ੍ਰਿਸ਼ੂਲ ਲੈ ਕੇ ਸ੍ਰੇਸ਼ਠ ਮਾਨਧਾਤਾ ਰਾਜੇ ਨੂੰ ਮਾਰ ਦਿੱਤਾ,

ਭਯੋ ਦਲੀਪ ਜਗਤ ਕੋ ਰਾਜਾ ॥

ਤਦ ਦਲੀਪ ਜਗਤ ਦਾ ਰਾਜਾ ਬਣਿਆ,

ਭਾਤਿ ਭਾਤਿ ਜਿਹ ਰਾਜ ਬਿਰਾਜਾ ॥੧੨੧॥

ਜੋ ਭਾਂਤ ਭਾਂਤ ਦੇ ਰਾਜਾਂ ਉਤੇ ਬਰਾਜਮਾਨ ਸੀ ॥੧੨੧॥

ਮਹਾਰਥੀ ਅਰੁ ਮਹਾ ਨ੍ਰਿਪਾਰਾ ॥

(ਉਹ) ਮਹਾ ਰਥੀ ਅਤੇ ਮਹਾਨ ਰਾਜਾ (ਅਜਿਹਾ ਸੁੰਦਰ ਸੀ)

ਕਨਕ ਅਵਟਿ ਸਾਚੇ ਜਨੁ ਢਾਰਾ ॥

ਮਾਨੋ ਸੋਨੇ ਨੂੰ ਪੰਘਾਰ ਕੇ ਕਿਸੇ ਨੇ ਸੱਚੇ ਵਿਚ ਢਾਲਿਆ ਹੋਵੇ।

ਅਤਿ ਸੁੰਦਰ ਜਨੁ ਮਦਨ ਸਰੂਪਾ ॥

(ਉਹ) ਬਹੁਤ ਸੁੰਦਰ ਸੀ ਮਾਨੋ ਕਾਮ ਦੇਵ ਦਾ ਹੀ ਰੂਪ ਹੋਵੇ

ਜਾਨੁਕ ਬਨੇ ਰੂਪ ਕੋ ਭੂਪਾ ॥੧੨੨॥

ਜਾਂ ਮਾਨੋ ਰੂਪ ਦਾ ਹੀ ਰਾਜਾ ਬਣਿਆ ਹੋਇਆ ਹੋਵੇ ॥੧੨੨॥

ਬਹੁ ਬਿਧਿ ਕਰੇ ਜਗ ਬਿਸਥਾਰਾ ॥

(ਉਸ ਨੇ) ਬਹੁਤ ਸਾਰੇ ਯੱਗਾਂ ਦਾ ਵਿਸਤਾਰ ਕਰ ਦਿੱਤਾ

ਬਿਧਵਤ ਹੋਮ ਦਾਨ ਮਖਸਾਰਾ ॥

ਅਤੇ ਯੱਗ-ਸ਼ਾਲਾ ਵਿਚ ਮਰਯਾਦਾ ਪੂਰਵਕ ਹੋਮ ਅਤੇ ਦਾਨ ਹੋਣ ਲਗੇ।

ਧਰਮ ਧੁਜਾ ਜਹ ਤਹ ਬਿਰਾਜੀ ॥

ਜਿਥੇ ਕਿਥੇ ਧਰਮ-ਧੁਜਾਵਾਂ ਸ਼ੋਭ ਰਹੀਆਂ ਸਨ

ਇੰਦ੍ਰਾਵਤੀ ਨਿਰਖਿ ਦੁਤਿ ਲਾਜੀ ॥੧੨੩॥

(ਜਿਨ੍ਹਾਂ ਦੀ) ਸਜਧਜ ਨੂੰ ਵੇਖ ਕੇ ਇੰਦਰਪੁਰੀ ਵੀ ਸ਼ਰਮਸਾਰ ਹੁੰਦੀ ਸੀ ॥੧੨੩॥

ਪਗ ਪਗ ਜਗਿ ਖੰਭ ਕਹੁ ਗਾਡਾ ॥

ਕਦਮ ਕਦਮ ਉਤੇ ਯੱਗ ਦੇ ਥਮਲੇ ਗਡੇ ਹੋਏ ਸਨ।

ਘਰਿ ਘਰਿ ਅੰਨ ਸਾਲ ਕਰਿ ਛਾਡਾ ॥

ਘਰ ਘਰ ਨੂੰ (ਰਾਜੇ ਨੇ) ਅੰਨ ਦੇ ਭੰਡਾਰ ਬਣਾ ਛਡਿਆ ਸੀ।

ਭੂਖਾ ਨਾਗ ਜੁ ਆਵਤ ਕੋਈ ॥

ਜੇ ਕੋਈ ਭੁਖਾ ਨੰਗਾ (ਕਿਸੇ ਦੇ ਘਰ) ਆਉਂਦਾ,

ਤਤਛਿਨ ਇਛ ਪੁਰਾਵਤ ਸੋਈ ॥੧੨੪॥

ਉਸੇ ਵੇਲੇ ਉਸ ਦੀ ਇੱਛਾ ਪੂਰੀ ਕਰ ਦਿੱਤੀ ਜਾਂਦੀ ॥੧੨੪॥

ਜੋ ਜਿਹੰ ਮੁਖ ਮਾਗਾ ਤਿਹ ਪਾਵਾ ॥

ਜਿਸ ਨੇ ਜੋ ਮੂੰਹੋਂ ਮੰਗਿਆ, (ਉਸ ਨੂੰ) ਉਹੀ ਕੁਝ ਮਿਲ ਗਿਆ।

ਬਿਮੁਖ ਆਸ ਫਿਰਿ ਭਿਛਕ ਨ ਆਵਾ ॥

ਕੋਈ ਭਿਖਾਰੀ ਵੀ ਇੱਛਾ ਪੂਰੀ ਕੀਤੇ ਬਿਨਾ ਫਿਰਦਾ ਨਹੀਂ ਸੀ (ਅਰਥਾਤ-ਜੋ ਕੁਝ ਮੰਗਦਾ, ਉਹੀ ਕੁਝ ਉਸ ਨੂੰ ਮਿਲ ਜਾਂਦਾ)।

ਧਾਮਿ ਧਾਮਿ ਧੁਜਾ ਧਰਮ ਬਧਾਈ ॥

ਘਰ ਘਰ ਵਿਚ ਧਰਮ ਦੀਆਂ ਧੁਜਾਵਾਂ ਬੰਨ੍ਹੀਆਂ ਹੋਈਆਂ ਸਨ

ਧਰਮਾਵਤੀ ਨਿਰਖਿ ਮੁਰਛਾਈ ॥੧੨੫॥

(ਜਿਨ੍ਹਾਂ ਦੀ ਸ਼ੋਭਾ ਨੂੰ) ਵੇਖ ਕੇ ਧਰਮ-ਪੁਰੀ ਵੀ ਮੂਰਛਿਤ ਹੋ ਜਾਂਦੀ ਸੀ ॥੧੨੫॥

ਮੂਰਖ ਕੋਊ ਰਹੈ ਨਹਿ ਪਾਵਾ ॥

(ਸਾਰੇ ਦੇਸ਼ ਵਿਚ) ਕੋਈ ਮੂਰਖ ਰਹਿਣ ਨਹੀਂ ਦਿੱਤਾ ਗਿਆ ਸੀ।

ਬਾਰ ਬੂਢ ਸਭ ਸੋਧਿ ਪਢਾਵਾ ॥

ਬਾਲਕ ਅਤੇ ਬੁਢਿਆਂ ਨੂੰ ਲਭ ਲਭ ਕੇ ਪੜ੍ਹਾ ਦਿੱਤਾ ਗਿਆ ਸੀ।

ਘਰਿ ਘਰਿ ਹੋਤ ਭਈ ਹਰਿ ਸੇਵਾ ॥

ਘਰ ਘਰ ਵਿਚ ਹਰਿ ਦੀ ਸੇਵਾ ਹੋਣ ਲਗੀ ਸੀ,

ਜਹ ਤਹ ਮਾਨਿ ਸਬੈ ਗੁਰ ਦੇਵਾ ॥੧੨੬॥

ਜਿਥੇ ਕਿਥੇ ਸਾਰੇ ਗੁਰਦੇਵ (ਪ੍ਰਭੂ) ਨੂੰ ਮੰਨਣ ਲਗ ਗਏ ਸਨ ॥੧੨੬॥

ਇਹ ਬਿਧਿ ਰਾਜ ਦਿਲੀਪ ਬਡੋ ਕਰਿ ॥

ਇਸ ਤਰ੍ਹਾਂ ਦਲੀਪ ਨੇ ਬੜਾ ਮਹਾਨ ਰਾਜ ਕੀਤਾ

ਮਹਾਰਥੀ ਅਰੁ ਮਹਾ ਧਨੁਰ ਧਰ ॥

(ਜੋ) ਮਹਾਨ ਰਥੀ ਅਤੇ ਮਹਾਨ ਧਨੁਸ਼ਧਾਰੀ ਸੀ।

ਕੋਕ ਸਾਸਤ੍ਰ ਸਿਮ੍ਰਿਤਿ ਸੁਰ ਗਿਆਨਾ ॥

ਕੋਕ ਸ਼ਾਸਤ੍ਰ, ਸਿਮ੍ਰਿਤੀਆਂ ਆਦਿ ਦਾ ਸ੍ਰੇਸ਼ਠ ਗਿਆਨੀ,


Flag Counter