ਬਾਣ, ਕਮਾਨ, ਕ੍ਰਿਪਾਨ, ਗਦਾ (ਆਦਿ ਸ਼ਸਤ੍ਰ) ਪਕੜ ਕੇ ਸ੍ਰੀ ਕ੍ਰਿਸ਼ਨ ਧਾਵਾ ਕਰ ਕੇ ਪੈ ਗਏ ਹਨ।
ਧਨ ਸਿੰਘ ਯੁੱਧ ਲਈ ਫਿਰ ਪਰਤਿਆ ਹੈ ਅਤੇ ਧਨੁਸ਼ ਲੈ ਕੇ ਬਿਲਕੁਲ ਨਹੀਂ ਡਰਿਆ ਹੈ।
ਬਾਣਾਂ ਦੀ ਬਰਖਾ ਕਰ ਕੇ (ਪਹਿਲਾਂ) ਸ੍ਰੀ ਕ੍ਰਿਸ਼ਨ ਨਾਲ ਲੜ ਕੇ (ਫਿਰ) ਬਲਰਾਮ ਨਾਲ ਡਟਿਆ ਹੋਇਆ ਹੈ ॥੧੧੧੫॥
ਇਧਰੋ ਬਲਰਾਮ ਗੁੱਸੇ ਨਾਲ ਭਰਿਆ ਹੋਇਆ ਹੈ ਉਧਰੋਂ ਧਨ ਸਿੰਘ ਵੀ ਬਹੁਤ ਤੱਤਾ ਹੋਇਆ ਹੈ।
ਕ੍ਰੋਧਿਤ ਹੋ ਕੇ (ਦੋਹਾਂ ਨੇ) ਯੁੱਧ ਕੀਤਾ ਹੈ ਅਤੇ ਜ਼ਖ਼ਮਾਂ ਨਾਲ ਦੋਹਾਂ ਦੇ ਸ਼ਰੀਰ ਲਾਲ ਹੋ ਗਏ ਹਨ।
'ਮਾਰੋ-ਮਾਰੋ' ਦੀ ਪੁਕਾਰ ਹੋ ਰਹੀ ਹੈ। ਵੈਰੀ ਮਨ ਦੀਆਂ ਸੱਤੇ ਸੁਧਾਂ ਭੁਲ ਗਿਆ ਹੈ।
(ਕਵੀ) ਰਾਮ ਕਹਿੰਦੇ ਹਨ, ਇਸ ਤਰ੍ਹਾਂ ਲੜੇ ਹਨ ਜਿਉਂ ਸ਼ੇਰ ਨਾਲ ਸ਼ੇਰ ਅਤੇ ਹਾਥੀ ਨਾਲ ਹਾਥੀ ਲੜਦਾ ਹੈ ॥੧੧੧੬॥
ਜੋ ਬਲਰਾਮ (ਵਾਰ ਕਰਦਾ ਹੈ) ਉਸ ਨੂੰ ਬਚਾ ਕੇ (ਧਨ ਸਿੰਘ) ਆਪਣੇ ਆਪ ਨੂੰ ਸੰਭਾਲਦਾ ਹੈ।
ਤਦ ਹੱਥ ਵਿਚ ਤਲਵਾਰ ਲੈ ਕੇ ਅਤੇ ਦੌੜ ਕੇ ਬਲ ਪੂਰਵਕ ਖਿਚ ਕੇ ਬਲਰਾਮ ਉਪਰ ਪ੍ਰਹਾਰ ਕਰਦਾ ਹੈ।
(ਜਿਸ ਵੇਲੇ) ਸ੍ਰੀ ਕ੍ਰਿਸ਼ਨ ਨੇ ਭਰਾ ਉਤੇ ਭੀੜ ਬਣੀ ਵੇਖੀ, ਤਾਂ ਯਾਦਵ ਸੈਨਾ ਨੂੰ ਲੈ ਕੇ ਵੈਰੀ ਵਲ ਚਲ ਪਏ।
ਤਦ (ਜਾ ਕੇ) ਧਨ ਸਿੰਘ ਨੂੰ ਘੇਰ ਲਿਆ, ਜਿਵੇਂ ਰਾਤ ਨੂੰ ਚੰਦ੍ਰਮਾ ਦੇ ਨੇੜੇ ਲੱਖਾਂ ਤਾਰੇ (ਇਕੱਠੇ ਹੋਏ ਹੁੰਦੇ ਹਨ) ॥੧੧੧੭॥
ਜਦੋਂ ਧਨ ਸਿੰਘ ਨੂੰ ਘੇਰਾ ਪਾ ਲਿਆ, (ਤਾਂ) ਗਜ ਸਿੰਘ ਜੋ (ਉਥੇ) ਖੜੋਤਾ ਹੋਇਆ ਸੀ, ਉਹ ਭਜ ਕੇ ਆ ਗਿਆ।
ਉਹ ਉਸੇ ਵੇਲੇ ਬਲਰਾਮ ਨੇ ਵੇਖ ਲਿਆ ਅਤੇ ਰਥ ਉਤੇ ਚੜ੍ਹ ਕੇ ਉਸ ਵਲ ਭਜਾ ਦਿੱਤਾ।
ਉਸ ਨੂੰ ਕ੍ਰਿਸ਼ਨ ਦੇ ਕੋਲ ਆਉਣ ਨਾ ਦਿੱਤਾ, ਅੱਧ ਵਿਚਾਲਿਓਂ ਹੀ ਬਾਣਾਂ ਨਾਲ ਉਲਝਾ ਲਿਆ।
ਗਜ ਸਿੰਘ ਉਥੇ ਹੀ ਖੜੋਤਾ ਰਿਹਾ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਹਾਥੀ ਦੇ ਪੈਰਾਂ ਵਿਚ ਸੰਗਲ ਪਾ ਦਿੱਤਾ ਹੋਵੇ ॥੧੧੧੮॥
ਕਵੀ ਰਾਮ ਕਹਿੰਦੇ ਹਨ, ਧਨ ਸਿੰਘ ਨਾਲ ਸ੍ਰੀ ਕ੍ਰਿਸ਼ਨ ਯੁੱਧ ਕਰਦੇ ਹਨ, ਕੋਈ (ਕਿਸੇ ਤੋਂ) ਮਾਰਿਆ ਨਹੀਂ ਜਾ ਰਿਹਾ।
ਕ੍ਰਿਸ਼ਨ ਜੀ ਕ੍ਰੋਧ ਨਾਲ ਭਰ ਗਏ ਅਤੇ ਹੱਥ ਵਿਚ ਆਪਣਾ ਚੱਕਰ ਸੰਭਾਲ ਲਿਆ।
ਬਲ ਪੂਰਵਕ ਰਣ-ਭੂਮੀ ਵਿਚ ਛਡ ਦਿੱਤਾ ਅਤੇ ਧਨ ਸਿੰਘ ਦਾ ਸਿਰ ਕਟ ਕੇ ਉਤਾਰ ਦਿੱਤਾ।
(ਧਨ ਸਿੰਘ ਦਾ) ਧੜ ਭੂਮੀ ਉਤੇ ਇਸ ਤਰ੍ਹਾਂ ਤੜਪ ਰਿਹਾ ਹੈ, ਮਾਨੋ ਮੱਛਲੀ ਨੂੰ ਸਰੋਵਰ ਵਿਚੋਂ ਬਾਹਰ ਕਢ ਕੇ ਸੁਟਿਆ ਗਿਆ ਹੋਵੇ ॥੧੧੧੯॥
ਜਦ ਧਨ ਸਿੰਘ ਨੂੰ ਮਾਰ ਲਿਆ, ਤਦ ਹੀ ਯਾਦਵਾਂ ਨੇ ਵੇਖ ਕੇ ਸੰਖ ਵਜਾ ਦਿੱਤੇ।
ਕਿਤਨੇ ਹੀ ਅਕੱਟ ਵੀਰ ਕਟੇ ਗਏ ਅਤੇ ਸ੍ਰੀ ਕ੍ਰਿਸ਼ਨ ਨਾਲ ਲੜ ਕੇ ਸਵਰਗ ਚਲੇ ਗਏ।
ਜਿਥੇ ਗਜ ਸਿੰਘ ਖੜੋਤਾ ਸੀ, ਇਹ ਕੌਤਕ ਵੇਖ ਕੇ ਬਹੁਤ ਹੈਰਾਨ ਹੋਇਆ।
ਤਦ ਤਕ ਭਗੌੜਿਆਂ ਨੇ ਆ ਕੇ ਕਿਹਾ, ਜੋ (ਬਚ) ਰਹੇ ਹਨ, ਭਜ ਕੇ ਤੁਹਾਡੇ ਪਾਸ ਆ ਗਏ ਹਨ ॥੧੧੨੦॥
ਉਨ੍ਹਾਂ ਦੇ ਮੂੰਹ ਤੋਂ ਇਸ ਪ੍ਰਕਾਰ ਸੁਣ ਕੇ ਬਲਵਾਨ ਗਜ ਸਿੰਘ ਬਹੁਤ ਕ੍ਰੋਧ ਨਾਲ ਭਰ ਗਿਆ।