(ਪਰ ਦੱਤ ਨੇ) ਉਥੇ ਇਕ ਦਾਸੀ ਵੇਖੀ
ਜੋ ਚੰਦਨ ਘਿਸ ਰਹੀ ਸੀ, ਮਾਨੋ ਮਤਵਾਲੀ ਹੋਵੇ ॥੧੯੫॥
(ਉਹ) ਸ਼ੁਭ ਆਚਾਰ ਵਾਲੀ ਇਸਤਰੀ
ਇਕ ਮਨ ਹੋ ਕੇ ਘਰ ਵਿਚ ਚੰਦਨ ਘਸ ਰਹੀ ਸੀ।
ਉਹ ਇਕਾਗਰ ਚਿਤ ਸੀ ਅਤੇ ਚਿਤ ਨੂੰ ਚੰਚਲ ਨਹੀਂ ਹੋਣ ਦੇ ਰਹੀ ਸੀ
ਜਿਸ ਨੂੰ ਵੇਖ ਕੇ ਕਾਗ਼ਜ਼ ਉਤੇ ਬਣੀ ਤਸਵੀਰ ਵੀ ਸ਼ਰਮਿੰਦੀ ਹੁੰਦੀ ਸੀ ॥੧੯੬॥
ਦੱਤ ਸੰਨਿਆਸੀਆਂ ਨੂੰ ਨਾਲ ਲੈ ਕੇ ਉਸ ਕੋਲੋਂ,
ਉਸ ਦਾ ਸ਼ਰੀਰ ਛੋਂਦੇ ਹੋਇਆਂ ਲੰਘ ਗਿਆ।
(ਪਰ) ਉਸ ਨੇ ਸਿਰ ਚੁਕ ਕੇ ਨਹੀਂ ਵੇਖਿਆ
ਕਿ ਕੌਣ ਰਾਜਾ ਜਾਂ ਰੰਕ ਵਿਚਾਰਾ ਕੋਲੋਂ ਲੰਘਿਆ ਹੈ ॥੧੯੭॥
ਉਸ ਨੂੰ ਵੇਖ ਕੇ ਦੱਤ ਪ੍ਰਭਾਵਿਤ ਹੋਇਆ
ਅਤੇ ਉਸ ਨੂੰ ਅੱਠਵਾਂ ਗੁਰੂ ਮੰਨ ਲਿਆ।
ਇਹ ਭਾਗਵਾਨ ਦਾਸੀ ਧੰਨ ਹੈ,
ਜਿਸ ਦੀ ਪ੍ਰੀਤ ਸੁਆਮੀ ਨਾਲ ਲਗੀ ਹੋਈ ਹੈ ॥੧੯੮॥
ਇਸ ਤਰ੍ਹਾਂ ਦੀ ਪ੍ਰੀਤ ਪਰਮਾਤਮਾ ਨਾਲ ਲਗਾਈਏ,
ਤਦ ਹੀ ਨਿਰੰਜਨ ਸੁਆਮੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
(ਪ੍ਰੇਮ ਵਿਚ) ਬਿਨਾ ਚਿਤ ਦਿੱਤਿਆਂ (ਪ੍ਰਭੂ) ਹੱਥ ਨਹੀਂ ਆਉਂਦਾ।
ਇਸ ਤਰ੍ਹਾਂ ਦੀ ਭੇਦ (ਭਰੀ ਗੱਲ) ਚਾਰੇ ਵੇਦ ਦਸਦੇ ਹਨ ॥੧੯੯॥
ਇਥੇ ਦਾਸੀ ਅੱਠਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੮॥
ਹੁਣ ਬਨਜਾਰਾ ਨੌਵੇਂ ਗੁਰੂ ਦਾ ਕਥਨ
ਚੌਪਈ:
ਯੋਗ ਅਤੇ ਜਟਾਂ ਨੂੰ ਧਾਰਨ ਕਰਨ ਵਲਾ (ਮੁਨੀ) ਅਗੇ ਚਲ ਪਿਆ।
(ਉਸ ਨੇ) ਬੇਅੰਤ ਚੇਲੇ ਨਾਲ ਲਏ ਹੋਏ ਸਨ।
(ਉਹ) ਬਨ-ਖੰਡਾਂ, ਨਗਰਾਂ ਅਤੇ ਪਹਾੜਾਂ ਨੂੰ ਵੇਖਦਾ ਚਲਾ ਜਾ ਰਿਹਾ ਸੀ।
ਤਦ ਉਸ ਨੇ ਇਕ ਬਨਜਾਰਾ ਆਉਂਦਾ ਹੋਇਆ ਵੇਖਿਆ ॥੨੦੦॥
ਧਨ ਨਾਲ ਜਿਸ ਦੇ ਸਾਰੇ ਭੰਡਾਰ ਭਰੇ ਹੋਏ ਸਨ।
(ਉਹ) ਬਹੁਤ ਸਾਰੇ (ਸਮਾਨ ਦੇ ਲਦੇ) ਬਲਦਾਂ ਦਾ ਝੁੰਡ ਨਾਲ ਲੈ ਕੇ ਚਲਿਆ ਸੀ।
ਬੇਅੰਤ ਬੋਰੀਆਂ ('ਗਾਵ') ਲੌਂਗਾਂ ਦੀਆਂ ਭਰੀਆਂ ਹੋਈਆਂ ਸਨ।
(ਉਨ੍ਹਾਂ ਦਾ) ਵਿਚਾਰ ਬ੍ਰਹਮਾ ਵੀ ਨਹੀਂ ਕਰ ਸਕਦਾ ਸੀ ॥੨੦੧॥
(ਉਸ ਨੂੰ) ਰਾਤ ਦਿਨ ਧਨ ਦੀ ਇੱਛਾ ਰਹਿੰਦੀ ਸੀ।
(ਇਸ ਲਈ ਸੌਦੇ ਨੂੰ) ਵੇਚਣ ਲਈ ਘਰ ਦਾ ਵਾਸਾ ਛਡ ਕੇ ਚਲਿਆ ਸੀ।
(ਉਸ ਨੂੰ) ਹੋਰ ਕੋਈ ਦੂਜੀ ਆਸ ਨਹੀਂ ਸੀ।
ਇਕੋ ਵਪਾਰ ਕਰਨ ਦੀ ਆਸ ਪਾਲੀ ਹੋਈ ਸੀ ॥੨੦੨॥
(ਉਹ) ਧੁਪ ਛਾਂ ਦਾ ਡਰ ਨਹੀਂ ਮੰਨਦਾ ਸੀ
ਅਤੇ ਰਾਤ ਦਿਨ (ਬਸ) ਚਲਦਾ ਹੀ ਰਹਿੰਦਾ ਸੀ।
(ਉਹ) ਪਾਪ ਪੁੰਨ ਦੀ ਕੋਈ ਹੋਰ ਗੱਲ ਨਹੀਂ ਜਾਣਦਾ ਸੀ
(ਬਸ) ਇਕ ਮਾਇਆ ਦੇ ਰਸ ਵਿਚ ਮਗਨ ਸੀ ॥੨੦੩॥
ਉਸ ਨੂੰ ਵੇਖ ਕੇ ਹਰਿ ਦੇ ਭਗਤ ਦੱਤ ਨੇ (ਵਿਚਾਰਿਆ)
ਕਿ ਜਿਸ ਹਰਿ ਦਾ ਰੂਪ ਜਗਤ ਵਿਚ ਜਗਮਗ ਕਰ ਰਿਹਾ ਹੈ,
ਜੇ ਇਸ ਤਰ੍ਹਾਂ (ਮਗਨਤਾ ਨਾਲ) ਹਰਿ ਦੀ ਆਰਾਧਨਾ ਕਰੀਏ,
ਤਦ ਹੀ ਪਰਮ ਪੁਰਖ ਦੀ ਪ੍ਰਾਪਤੀ ਹੋ ਸਕਦੀ ਹੈ ॥੨੦੪॥
ਇਥੇ 'ਬਨਜਾਰਾ' ਨੌਵੇ ਗੁਰੂ ਦਾ ਪ੍ਰਸੰਗ ਸਮਾਪਤ ॥੯॥
ਹੁਣ ਦਸਵੇਂ ਗੁਰੂ 'ਕਾਛਨ' ਦਾ ਕਥਨ
ਚੌਪਈ:
(ਉਥੋਂ) ਮੁਨੀ ਦੱਤ ਤਿਆਗਣ ਯੋਗ ਆਸ਼ਾ ਨੂੰ ਛਡ ਕੇ ਚਲ ਪਿਆ।
(ਜੋ) ਮਹਾਨ ਮੋਨੀ ਅਤੇ ਮਹਾਨ ਉਦਾਸੀ ਹੈ।
(ਉਹ) ਪਰਮ ਤੱਤ੍ਵ ਨੂੰ ਜਾਣਨ ਵਾਲਾ ਵਡਭਾਗੀ ਹੈ।
(ਉਹ) ਮਹਾਂ ਮੋਨ ਧਾਰੀ ਹਰਿ ਦਾ ਪ੍ਰੇਮੀ ਹੈ ॥੨੦੫॥