ਹੇ ਚਾਂਦੀ ਦੇ ਰੰਗ ਵਾਲੇ ਸ਼ਰੀਰ ਵਾਲੀ ਇਸਤਰੀ! ॥੧੩੨॥
ਜੋ ਕੁਝ ਤੂੰ ਚਾਹੁੰਦੀ ਹੈਂ ਦਸ, ਤਾਂ ਜੋ ਤੈਨੂੰ ਦੇ ਦਿਆਂ।
ਹੇ ਸ਼ੇਰ-ਦਿਲ ਇਸਤਰੀ! ਮੈਂ ਤੇਰਾ ਗ਼ੁਲਾਮ ਹਾਂ ॥੧੩੩॥
(ਰਾਜ ਕੁਮਾਰੀ ਨੇ ਉੱਤਰ ਦਿੱਤਾ) ਹੇ ਜੰਗ ਵਰਗਾ ਕਠੋਰ ਕਰਮ ਕਰਨ ਵਾਲੇ!
ਤੂੰ ਮੇਰਾ ਸੁਆਮੀ (ਪਤੀ) ਬਣ ਕੇ ਮੈਨੂੰ ਭਾਗਸ਼ਾਲੀ ਬਣਾ ਦੇ ॥੧੩੪॥
(ਸੁਭਟ ਸਿੰਘ ਨੇ) ਦੋਵੇਂ ਅੱਖਾਂ ਖੋਲ੍ਹੀਆਂ ਅਤੇ (ਪਛਤਾਵੇ ਵਜੋਂ) ਦੋਵੇਂ ਪੈਰ ਧਰਤੀ ਉਤੇ ਮਾਰੇ।
ਫਿਰ ਪੁਰਾਤਨ ਬਾਦਸ਼ਾਹਾਂ ਵਾਲੀ ਰੀਤ ਨੂੰ ਅਪਣਾਇਆ ॥੧੩੫॥
(ਸੁਭਟ ਸਿੰਘ ਨੂੰ ਉਸ ਨੇ) ਰਥ ਉਤੇ ਲੰਬਾ ਪਾ ਲਿਆ ਅਤੇ ਆਪਣੇ ਘਰ ਲੈ ਆਈ
ਅਤੇ ਜ਼ਮਾਨੇ ਦੇ ਬਾਦਸ਼ਾਹਾਂ ਦੇ ਬਾਦਸ਼ਾਹ ਨੇ (ਖ਼ੁਸ਼ੀ ਵਿਚ) ਨਗਾਰੇ ਵਜਾ ਦਿੱਤੇ ॥੧੩੬॥
ਜਦ (ਸੁਭਟ ਸਿੰਘ) ਹੋਸ਼ ਵਿਚ ਆਇਆ ਅਤੇ ਅੱਖਾਂ ਖੋਲ੍ਹੀਆਂ ਤਾਂ ਕਹਿਣ ਲਗਿਆ
ਕਿ ਮੈਨੂੰ ਕਿਸ ਦੇ ਘਰ ਲਿਆ ਕੇ ਰਖਿਆ ਗਿਆ ਹੈ ॥੧੩੭॥
(ਰਾਜ ਕੁਮਾਰੀ ਨੇ) ਜਵਾਬ ਦਿੱਤਾ ਕਿ ਮੈਂ ਤੁਹਾਨੂੰ ਜੰਗ ਵਿਚ ਜਿਤ ਕੇ ਪ੍ਰਾਪਤ ਕੀਤਾ ਹੈ
ਅਤੇ ਤੁਹਾਨੂੰ ਜੰਗ ਵਿਚ ਪਤੀ ਵਜੋਂ ਹਾਸਲ ਕੀਤਾ ਹੈ ॥੧੩੮॥
(ਸੁਭਟ ਸਿੰਘ) ਆਪਣੇ ਵਿਅਰਥ ਦੇ ਬੋਲਾਂ ਉਤੇ ਸ਼ਰਮਿੰਦਾ ਹੋਇਆ ਅਤੇ ਕਹਿਣ ਲਗਿਆ।
(ਹੇ ਰਾਜ ਕੁਮਾਰੀ!) ਤੂੰ ਜੋ ਕਹੇਂ, ਮੈਨੂੰ ਮਨਜ਼ੂਰ ਹੈ ॥੧੩੯॥
ਹੇ ਸਾਕੀ! ਤੂੰ ਮੈਨੂੰ ਹਰੇ ਰੰਗ (ਹਰਿਨਾਮ) (ਦਾ ਸ਼ਰਾਬ)
ਦਾ ਪਿਆਲਾ ਦੇ, ਜੋ ਮੈਨੂੰ ਸਦਾ ਹੀ ਚਾਹੀਦਾ ਹੈ ॥੧੪੦॥
ਤੂੰ ਮੈਨੂੰ (ਉਹ ਪਿਆਲਾ) ਦੇ ਕਿ ਮੇਰਾ ਦਿਲ ਤਾਜ਼ਾ ਹੋਵੇ
ਅਤੇ (ਵਿਕਾਰਾਂ ਦੇ) ਚਿਕੜ ਵਿਚੋਂ (ਆਤਮਾ ਰੂਪੀ) ਮੋਤੀ ਨੂੰ ਕਢ ਲਿਆਵਾਂ ॥੧੪੧॥੪॥
(ਹੇ ਪ੍ਰਭੂ!) ਤੂੰ ਹੀ ਰਾਹ ਦਸਣ ਵਾਲਾ ਹੈਂ, ਤੂੰ ਹੀ ਦਿਲ ਨੂੰ ਖੋਲਣ ਵਾਲਾ ਹੈਂ।
ਤੂੰ ਹੀ ਦੋਹਾਂ ਲੋਕਾਂ ਵਿਚ ਹੱਥ ਫੜਨ ਵਾਲਾ ਹੈਂ ॥੧॥
ਤੂੰ ਹੀ ਧਨ ਅਤੇ ਰੋਜ਼ੀ ਦੇਣ ਵਾਲਾ ਅਤੇ ਬਾਂਹ ਪਕੜਨ ਵਾਲਾ ਹੈਂ।
ਤੂੰ ਕ੍ਰਿਪਾ ਕਰਨ ਵਾਲਾ, ਖਿਮਾ ਕਰਨ ਵਾਲਾ ਅਤੇ ਅੰਦਰ ਦੀਆਂ ਜਾਣਨ ਵਾਲਾ ਹੈਂ ॥੨॥
ਮੈਂ ਇਕ ਕਾਜ਼ੀ ਬਾਰੇ ਕਹਾਣੀ ਸੁਣੀ ਹੈ
ਕਿ ਉਸ ਤੋਂ ਚੰਗਾ ਹੋਰ ਕੋਈ ਨਹੀਂ ਸੀ ॥੩॥
ਉਸ ਦੇ ਘਰ ਇਕ ਸੁੰਦਰ ਨੌਜਵਾਨ ਇਸਤਰੀ ਸੀ।
ਹਾਵ-ਭਾਵ ਨੂੰ ਸਮਝਣ ਵਾਲਾ ਹਰ ਵਿਅਕਤੀ ਉਸ ਤੋਂ ਕੁਰਬਾਨ ਜਾਂਦਾ ਸੀ ॥੪॥
(ਉਸ ਨੂੰ ਵੇਖ ਕੇ) ਲਿਲੀ ਦਾ ਫੁਲ ਆਪਣਾ ਸਿਰ ਨੀਵਾਂ ਕਰ ਲੈਂਦਾ ਸੀ
ਅਤੇ ਪੋਸਤ ਦੇ ਫੁਲ ਦੇ ਦਿਲ ਵਿਚ ਕਾਲਾ ਦਾਗ਼ ਪੈ ਜਾਂਦਾ ਸੀ ॥੫॥
ਉਸ ਦੀ ਸੂਰਤ ਨੂੰ ਵੇਖ ਕੇ ਚੰਦ੍ਰਮਾ ਨੂੰ ਵੀ ਡਰ ਲਗਦਾ ਸੀ
ਅਤੇ ਈਰਖਾ ਦੀ ਅੱਗ ਵਿਚ ਸੜ ਕੇ ਅੱਧਾ ਹੋ ਗਿਆ ਸੀ ॥੬॥
ਜਦੋਂ ਕਿਸੇ ਕੰਮ ਲਈ ਉਹ ਘਰ ਤੋਂ ਬਾਹਰ ਜਾਂਦੀ,
ਤਾਂ ਮੋਢਿਆਂ ਉਤੇ ਲਟਕਦੀਆਂ ਜ਼ੁਲਫ਼ਾਂ ਨੂੰ ਵੇਖ ਕੇ ਇਸ਼ਕ-ਪੇਚੇ ਦੀ ਵੇਲ ਵੀ ਤੜਪ ਉਠਦੀ ਸੀ ॥੭॥
ਜੇ ਕਰ ਉਹ ਆਪਣੇ ਮੂੰਹ ਨੂੰ ਦਰਿਆ ਦੇ ਪਾਣੀ ਵਿਚ ਧੋਂਦੀ ਸੀ,
ਤਾਂ ਮੱਛੀਆਂ ਦੇ ਸਾਰੇ ਕੰਡੇ ਫੁਲਾਂ ਵਰਗੇ ਹੋ ਜਾਂਦੇ ਸਨ ॥੮॥
ਜੇ ਉਸ ਦੀ ਪਰਛਾਈ ਪਾਣੀ ਦੇ ਘੜੇ ਉਤੇ ਪੈ ਜਾਂਦੀ, ਤਾਂ ਉਹ ਨਸ਼ੀਲਾ ਹੋ ਜਾਂਦਾ।
ਉਸ ਦਾ ਨਾਂ 'ਨਰਗਸੀ ਸ਼ਰਾਬ' ਪੈ ਜਾਂਦਾ ॥੯॥
ਉਸ ਨੇ ਇਕ ਨੌਜਵਾਨ ਰਾਜੇ ਨੂੰ ਵੇਖਿਆ
ਜੋ ਆਪਣੀ ਸੁੰਦਰਤਾ ਕਰ ਕੇ ਸਾਰੇ ਸੰਸਾਰ ਵਿਚ ਪ੍ਰਸਿੱਧ ਸੀ ॥੧੦॥
ਉਸ ਨੇ ਕਿਹਾ, ਹੇ ਨੇਕ ਭਾਗਾਂ ਵਾਲੇ ਰਾਜੇ!
ਤੂੰ ਮੈਨੂੰ ਆਪਣੇ ਤਖ਼ਤ ਕੋਲ ਬੈਠਣ ਲਈ ਥਾਂ ਦੇ (ਅਰਥਾਤ-ਮੈਨੂੰ ਵਿਆਹ ਲੈ) ॥੧੧॥
(ਰਾਜੇ ਨੇ ਉੱਤਰ ਦਿੱਤਾ) ਪਹਿਲਾਂ ਤੂੰ ਆਪਣੇ ਪਤੀ ਕਾਜ਼ੀ ਦਾ ਸਿਰ ਕਟ ਲਿਆ,
ਉਸ ਪਿਛੋਂ ਮੇਰਾ ਇਹ ਘਰ ਤੇਰਾ ਹੋ ਜਾਏਗਾ ॥੧੨॥
ਉਸ ਨੇ (ਰਾਜੇ ਦਾ ਇਹ ਬੋਲ) ਸੁਣ ਕੇ ਆਪਣੇ ਅੰਦਰ ਹੀ ਰਖਿਆ
ਅਤੇ ਕਿਸੇ ਹੋਰ ਅਗੇ ਇਹ ਭੇਦ ਪ੍ਰਗਟ ਨਾ ਕੀਤਾ ॥੧੩॥
ਜਦ ਉਸ ਨੇ ਆਪਣੇ ਪਤੀ ਨੂੰ ਮਿਠੀ (ਡੂੰਘੀ) ਨੀਂਦਰ ਵਿਚ ਸੁੱਤਾ ਵੇਖਿਆ
ਤਾਂ ਆਪਣੇ ਹੱਥ ਵਿਚ ਤਲਵਾਰ ਲੈ ਕੇ ਅਜਿਹੀ ਮਾਰੀ ਕਿ ਉਸ ਦਾ ਸਿਰ ਕਟ ਦਿੱਤਾ ॥੧੪॥