ਸ੍ਰੀ ਕ੍ਰਿਸ਼ਨ ਦਾ ਦੂਜਾ ਸੂਰਮਾ ਧਨੁਸ਼ ਬਾਣ ਲੈ ਕੇ ਕ੍ਰੋਧਿਤ ਹੋ ਗਿਆ ਹੈ।
ਧੀਰਜ ਵਾਲੇ ਬਲਵਾਨ ਧਨ ਸਿੰਘ ਵਲ ਨਿਸੰਗ ਹੋ ਕੇ ਬਾਣ ਚਲਾਉਣ ਲਗ ਗਿਆ ਹੈ।
ਸ੍ਰੀ ਧਨ ਸਿੰਘ ਨੇ ਹੱਥ ਵਿਚ ਤਲਵਾਰ ਲੈ ਕੇ ਵੈਰੀ ਦਾ ਮੱਥਾ ਕਟ ਦਿੱਤਾ ਹੈ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਛੀ ਨੇ ਸਰੋਵਰ ਵਿਚ ਖਿੜੇ ਹੋਏ ਕਮਲ ਦੇ ਫੁਲ ਨੂੰ ਤੋੜ ਲਿਆ ਹੋਵੇ ॥੧੧੦੪॥
ਸ੍ਰੀ ਕ੍ਰਿਸ਼ਨ ਦੇ ਦੋਹਾਂ ਸੂਰਵੀਰਾਂ ਨੂੰ ਮਾਰ ਕੇ ਅਤੇ ਧਨੁਸ਼ ਲੈ ਕੇ ਸੈਨਾ ਨੂੰ ਵੇਖ ਕੇ ਹਮਲਾ ਕਰ ਦਿੱਤਾ।
ਆਉਂਦਿਆਂ ਹੀ ਹਾਥੀ ਅਤੇ ਘੋੜੇ ਮਾਰ ਦਿੱਤੇ, ਰਥਾਂ ਵਾਲੀ ਅਤੇ ਪੈਦਲ (ਸੈਨਾ) ਨੂੰ ਮਾਰ ਦਿੱਤਾ ਅਤੇ ਘੋਰ ਯੁੱਧ ਮਚਾ ਦਿੱਤਾ।
ਤਲਵਾਰ ਚੁਆਤੀ ('ਅਲਾਤ') ਵਾਂਗ ਫਿਰ ਰਹੀ ਸੀ ਜਿਸ ਦੀ ਤੇਜ਼ੀ ਨੂੰ (ਵੇਖ ਕੇ) ਸਾਣ ਅਤੇ ਰਾਜੇ (ਦੇ ਸਿਰ ਉਪਰ ਘੁੰਮਦਾ) ਛੱਤਰ ਵੀ ਸ਼ਰਮਿੰਦੇ ਹੁੰਦੇ ਹਨ।
ਉਸ ਦੀ ਇਕ ਹੋਰ ਉਪਮਾ (ਸੁਝ ਗਈ) ਮਾਨੋ ਭੀਸ਼ਮ ਪਿਤਾਮਾ ਨੂੰ ਵੇਖ ਕੇ ਕ੍ਰਿਸ਼ਨ ਨੇ (ਸੁਦਰਸ਼ਨ) ਚੱਕਰ ਘੁੰਮਾਇਆ ਹੋਵੇ ॥੧੧੦੫॥
ਫਿਰ ਧਨ ਸਿੰਘ ਧਨੁਸ਼ ਲੈ ਕੇ ਅਤੇ ਕ੍ਰੋਧਵਾਨ ਹੋ ਕੇ ਵੈਰੀ ਦੀ ਸੈਨਾ ਵਿਚ ਜਾ ਪਿਆ।
ਬਹੁਤ ਸਾਰੇ ਰਥ ਕਟ ਦਿੱਤੇ, ਹਾਥੀ ਅਤੇ ਘੋੜੇ ਮਾਰ ਦਿੱਤੇ, (ਜਿਨ੍ਹਾਂ ਦੀ) ਗਿਣਤੀ ਨਹੀਂ ਕੀਤੀ ਜਾ ਸਕਦੀ, ਇਸ ਤਰ੍ਹਾਂ ਲੜਿਆ।
ਯਮ ਲੋਕ ਨੂੰ ਕਿਤਨੇ ਹੀ ਯੋਧੇ ਭੇਜ ਦਿੱਤੇ ਅਤੇ ਬਹੁਤ ਅਧਿਕ ਕ੍ਰੋਧ ਕਰ ਕੇ ਸ੍ਰੀ ਕ੍ਰਿਸ਼ਨ ਵਲ ਤੁਰ ਪਿਆ।
ਮੂੰਹ ਤੋਂ 'ਮਾਰ ਲੌ, ਮਾਰ ਲੌ' ਹੀ ਪੁਕਾਰ ਰਿਹਾ ਹੈ, (ਜਿਸ ਨੂੰ ਸੁਣ ਕੇ) ਯਾਦਵਾਂ ਦਾ ਸਾਰਾ ਦਲ ਘਬਰਾ ਗਿਆ ਹੈ ॥੧੧੦੬॥
ਦੋਹਰਾ:
(ਜਦ) ਧਨ ਸਿੰਘ ਨੇ ਯਾਦਵਾਂ ਦੀ ਬਹੁਤ ਸੈਨਾ ਖਪਾ ਦਿੱਤੀ,
ਤਦ ਸ੍ਰੀ ਕ੍ਰਿਸ਼ਨ ਕ੍ਰੋਧਿਤ ਹੋ ਕੇ ਅਤੇ ਅੱਖਾਂ ਨੂੰ ਤਰੇੜ ਕੇ ਕਹਿਣ ਲਗੇ ॥੧੧੦੭॥
ਕ੍ਰਿਸ਼ਨ ਨੇ ਸੈਨਾ ਪ੍ਰਤਿ ਕਿਹਾ:
ਸਵੈਯਾ:
ਹੇ ਸੂਰਮਿਓ! ਖੜੋਤੇ ਹੋਏ ਕੀ ਵੇਖ ਰਹੇ ਹੋ, ਮੈਂ ਜਾਣਦਾ ਹਾਂ, ਤੁਸੀਂ ਬਲ ਹਾਰ ਗਏ ਹੋ।
ਸ੍ਰੀ ਧਨ ਸਿੰਘ ਦੇ ਬਾਣ ਛੁਟਦਿਆਂ ਹੀ (ਤੁਸਾਂ) ਸਾਰਿਆਂ ਨੇ ਰਣ-ਭੂਮੀ ਵਿਚੋਂ ਪੈਰ ਪਿਛੇ ਹਟਾ ਲਏ ਹਨ।
ਸ਼ੇਰ ਦੇ ਅਗੇ ਜਿਵੇਂ ਬਕਰੀਆਂ ਦਾ ਇਜੜ (ਭਜ ਤੁਰਦਾ ਹੈ) ਉਸੇ ਤਰ੍ਹਾਂ (ਤੁਸੀਂ) ਭਜੇ ਹੋ ਅਤੇ ਸ਼ਸਤ੍ਰਾਂ ਨੂੰ ਵੀ ਨਹੀਂ ਸੰਭਾਲਿਆ ਹੈ।
ਕਾਇਰ ਹੋ ਕੇ ਉਸ ਨੂੰ ਵੇਖ ਕੇ ਡਰ ਗਏ ਹੋ, (ਯੁੱਧ ਵਿਚ) ਨਾ ਆਪ ਮਰੇ ਹੋ ਅਤੇ ਨਾ ਹੀ ਉਸ ਨੂੰ ਮਾਰਿਆ ਹੈ ॥੧੧੦੮॥
ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਦੀ ਗੱਲ ਸੁਣ ਕੇ, ਸੂਰਵੀਰ ਦੰਦਾਂ ਨੂੰ ਪੀਹ ਕੇ ਕ੍ਰੋਧ ਨਾਲ ਭਰ ਗਏ।
ਧਨੁਸ਼ ਬਾਣ ਸੰਭਾਲ ਕੇ ਧਨ ਸਿੰਘ ਉਤੇ ਟੁਟ ਪਏ ਅਤੇ (ਉਸ ਤੋਂ) ਬਿਲਕੁਲ ਨਾ ਡਰੇ।
ਧਨ ਸਿੰਘ ਨੇ ਧਨੁਸ਼ ਹੱਥ ਵਿਚ ਲੈ ਕੇ, ਦੈਂਤਾਂ ਦੇ ਸਿਰ ਕਟ ਕੇ ਧਰਤੀ ਉਤੇ ਸੁਟ ਦਿੱਤੇ ਹਨ।
(ਇੰਜ ਲਗਦਾ ਹੈ) ਮਾਨੋ ਹਵਾ ਦੇ ਜ਼ੋਰਦਾਰ ਬੁਲ੍ਹਿਆਂ ਨਾਲ ਲਗ ਕੇ ਫੁਲਵਾੜੀ ਵਿਚੋਂ ਟੁੱਟ ਕੇ ਫੁਲ ਝੜੇ ਹੋਣ ॥੧੧੦੯॥
ਕਬਿੱਤ:
ਕ੍ਰੋਧ ਨਾਲ ਭਰੇ ਹੋਏ ਸੂਰਮੇ ਆਏ ਹਨ, ਰਣ-ਭੂਮੀ ਵਿਚ ਕਟ ਕਟ ਕੇ ਡਿਗ ਪਏ ਹਨ; ਧਨ ਸਿੰਘ ਨਾਲ ਬਿਲਕੁਲ ਸਾਹਮਣੇ ਹੋ ਕੇ ਯੁੱਧ ਕਰਦੇ ਹਨ।
ਹੱਥ ਵਿਚ ਹਥਿਆਰ ਲੈ ਕੇ ਅੰਤ ਦਾ ਯੁੱਧ ਸਮਝ ਕੇ ਅਤੇ ਮਨ ਵਿਚ ਵੀਰਤਾ ਨੂੰ ਵਧਾ ਕੇ ਹੋਰ ਵੀ ਅਧਿਕ ਦੌੜ ਪਏ ਹਨ।
ਧਨ ਸਿੰਘ ਨੇ ਕ੍ਰੋਧਵਾਨ ਹੋ ਕੇ ਧਨੁਸ਼ ਉਤੇ ਬਾਣ ਕਸ ਕੇ, ਉਨ੍ਹਾਂ ਦੇ ਸ਼ਰੀਰਾਂ ਨਾਲੋਂ ਸਿਰ ਵਖਰੇ ਕਰ ਦਿੱਤੇ ਹਨ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਧਰਤੀ ਦੇ ਧੀਰਜ ਨੂੰ ਵੇਖ ਕੇ ਇੰਦਰ ਨੇ ਆਪ ਕਮਲ ਦੇ ਫੁਲਾਂ ਨਾਲ (ਉਸ ਦੀ) ਪੂਜਾ ਕੀਤੀ ਹੋਵੇ ॥੧੧੧੦॥
ਸਵੈਯਾ:
ਸ੍ਰੀ ਧਨ ਸਿੰਘ ਨੇ ਰਣ-ਭੂਮੀ ਵਿਚ ਬਹੁਤ ਕ੍ਰੋਧ ਕੀਤਾ ਹੈ ਅਤੇ ਬਹੁਤ ਸਾਰੇ ਯੋਧੇ ਮਾਰ ਸੁਟੇ ਹਨ।
ਹੋਰ ਵੀ ਜਿਤਨੇ ਬਲਵਾਨ ਆਉਂਦੇ ਹਨ, ਉਹ ਵੀ ਮਾਰ ਦਿੱਤੇ ਹਨ, ਮਾਨੋ ਹਵਾ ਨੇ ਬਦਲ ਉਡਾ ਦਿੱਤੇ ਹੋਣ।
ਯਾਦਵਾਂ ਦੀ ਸੈਨਾ ਦੇ ਹਾਥੀਆਂ ਦੇ ਘੇਰਿਆਂ (ਟੋਲਿਆਂ) ਨੂੰ ਦਰੜ ਕੇ ਹੌਲੇ (ਅਰਥਾਤ ਵਿਰਲੇ) ਕਰ ਦਿੱਤੇ ਹਨ।
(ਉਹ) ਧਰਤੀ ਉਤੇ ਇਸ ਤਰ੍ਹਾਂ ਘੁੰਮੇਰੀ ਖਾ ਕੇ ਡਿਗ ਪਏ ਹਨ, ਮਾਨੋ ਇੰਦਰ ਦੇ ਬਜ੍ਰ ਦੇ ਲਗਣ ਨਾਲ ਭਾਰੇ ਪਰਬਤ (ਡਿਗੇ ਹੋਣ) ॥੧੧੧੧॥
ਕ੍ਰੋਧਿਤ ਹੋ ਕੇ ਅਤੇ ਹੱਥ ਵਿਚ ਤਲਵਾਰ ਲੈ ਕੇ ਧਨ ਸਿੰਘ ਨੇ ਵੈਰੀ ਦੇ ਵੱਡੇ ਵੱਡੇ ਹਾਥੀ ਮਾਰ ਦਿੱਤੇ ਹਨ।
ਹੋਰ ਵੀ ਜਿਤਨੇ ਵੱਡੀਆਂ ਧੁਜਾਂ ਵਾਲੇ ਹਾਥੀਆਂ ਦੇ ਟੋਲੇ ਸਨ, ਡਰ ਮੰਨ ਕੇ ਭਜ ਗਏ ਹਨ।
ਕਵੀ ਸ਼ਿਆਮ ਕਹਿੰਦੇ ਹਨ, ਉਸ ਦੀ ਛਬੀ ਦੀ ਉਪਮਾ ਇਸ ਤਰ੍ਹਾਂ ਵਿਚਾਰ ਕੇ ਮਨ ਤੋਂ ਕਹੀ ਜਾ ਸਕਦੀ ਹੈ।
ਮਾਨੋ ਇੰਦਰ ਦੇ ਆਉਣ ਦੇ ਡਰ ਕਰ ਕੇ ਪਰਬਤ ਖੰਭ ਲਾ ਕੇ ਉਡ ਗਏ ਹੋਣ ॥੧੧੧੨॥
ਧਨ ਸਿੰਘ ਨੇ ਬਹੁਤ ਯੁੱਧ ਕੀਤਾ, ਉਸ ਦੇ ਸਾਹਮਣੇ ਕੋਈ ਸੂਰਮਾ ਨਾ ਆਇਆ।
ਜੋ ਕ੍ਰੋਧ ਨਾਲ ਰਣ-ਭੂਮੀ ਵਿਚ ਆ ਪਿਆ, ਉਸ ਨੂੰ ਜਾਣ ਨਹੀਂ ਦਿੱਤਾ, ਮਾਰ ਕੇ ਡਿਗਾ ਦਿੱਤਾ।
ਜਿਸ ਤਰ੍ਹਾਂ ਰਾਮ ਚੰਦ੍ਰ ਦੀ ਸੈਨਾ ਨਾਲ ਰਾਵਣ ਨੇ ਕ੍ਰੋਧ ਨਾਲ ਭਰ ਕੇ ਬਹੁਤ ਯੁੱਧ ਮਚਾਇਆ ਸੀ,
ਉਸੇ ਤਰ੍ਹਾਂ ਬਲਵਾਨ ਧਨ ਸਿੰਘ ਲੜਿਆ ਹੈ, (ਜੋ) ਚਤੁਰੰਗਨੀ ਸੈਨਾ ਮਾਰ ਕੇ ਫਿਰ ਭਜਿਆ ਫਿਰਦਾ ਹੈ ॥੧੧੧੩॥
ਬਲਵਾਨ ਧਨ ਸਿੰਘ ਨੇ ਲਲਕਾਰਾ ਮਾਰ ਕੇ, ਹੇ ਕ੍ਰਿਸ਼ਨ! ਸੁਣੋ, ਰਣ ਨੂੰ ਤਿਆਗ ਕੇ ਭਜ ਨਾ ਜਾਣਾ।
ਇਸ ਲਈ (ਖ਼ੁਦ ਨੂੰ) ਸੰਭਾਲ ਕੇ (ਮੇਰੇ ਨਾਲ) ਆ ਕੇ ਲੜੋ, ਵਿਅਰਥ ਵਿਚ ਆਪਣੇ ਲੋਕਾਂ ਨੂੰ ਨਾ ਮਰਵਾਓ।
ਹੇ ਬਲਦੇਵ! ਧਨੁਸ਼ ਲੈ ਕੇ ਮੇਰੇ ਨਾਲ ਸਾਹਮਣੇ ਹੋ ਕੇ ਯੁੱਧ ਕਰੋ।
ਯੁੱਧ ਦੇ ਸਮਾਨ ਹੋਰ ਕੋਈ (ਧਰਮ-ਕਰਮ) ਨਹੀਂ ਹੈ, ਜਿਸ ਕਰ ਕੇ ਦੋਹਾਂ ਲੋਕਾਂ ਵਿਚ ਯਸ਼ ਖਟੀਂਦਾ ਹੈ ॥੧੧੧੪॥
ਇਸ ਤਰ੍ਹਾਂ ਵੈਰੀ ਦੀਆਂ ਗੱਲਾਂ ਅਤੇ ਵਿਅੰਗ ('ਤਰਕੀ') ਸੁਣ ਕੇ (ਕ੍ਰਿਸ਼ਨ ਦੇ) ਮਨ ਵਿਚ ਬਹੁਤ ਕ੍ਰੋਧ ਭਰ ਗਿਆ ਹੈ।