ਸ਼੍ਰੀ ਦਸਮ ਗ੍ਰੰਥ

ਅੰਗ - 36


ਧੂਮ੍ਰਾਛ ਬਿਧੁੰਸਨ ਪ੍ਰਲੈ ਪ੍ਰਜੁੰਸਨ ਜਗ ਬਿਧੁੰਸਨ ਸੁਧ ਮਤੇ ॥

ਧੂਮ੍ਰਨੈਨ ਰਾਖਸ਼ ਦਾ ਨਾਸ਼ ਕਰਨ ਵਾਲੀ, ਪਰਲੋ ਪੈਦਾ ਕਰਨ ਵਾਲੀ (ਪਰਲੋ ਮਚਾਉਣ ਵਾਲੀ) ਜਗਤ ਦਾ ਵਿਨਾਸ਼ ਕਰਨ ਵਾਲੀ, ਸ਼ੁੱਧ ਮਤ ਵਾਲੀ,

ਜਾਲਪਾ ਜਯੰਤੀ ਸਤ੍ਰ ਮਥੰਤੀ ਦੁਸਟ ਪ੍ਰਦਾਹਨ ਗਾੜ੍ਹ ਮਤੇ ॥

ਜਾਲਪਾ ਪਰਬਤ ਨੂੰ ਜਿਤਣ ਵਾਲੀ (ਭਾਵ ਜਾਲਪਾ ਦੇਵੀ) ਵੈਰੀਆਂ ਨੂੰ ਬਰਬਾਦ ਕਰਨ ਵਾਲੀ, ਦੁਸ਼ਟਾਂ ਨੂੰ ਸਾੜਨ ਵਾਲੀ, ਅਤੇ ਅਤਿ ਅਧਿਕ ਮਸਤੀ ਵਾਲੀ,

ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਜੁਗਾਦਿ ਅਗਾਧਿ ਗਤੇ ॥੧੪॥੨੨੪॥

ਮਹਿਖਾਸੁਰ ਨੂੰ ਮਾਰਨ ਵਾਲੀ, ਆਦਿ-ਜੁਗਾਦਿ ਤੋਂ ਅਗਾਧ ਗਤੀ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੪॥੨੨੪॥

ਖਤ੍ਰਿਆਣ ਖਤੰਗੀ ਅਭੈ ਅਭੰਗੀ ਆਦਿ ਅਨੰਗੀ ਅਗਾਧਿ ਗਤੇ ॥

(ਹੇ) ਛਤ੍ਰੀਆਂ ਵਰਗੇ ਬਾਣਾਂ ਵਾਲੀ, ਭੈ ਨੂੰ ਨਾ ਮੰਨਣ ਵਾਲੀ, ਨਸ਼ਟ ਨਾ ਹੋ ਸਕਣ ਵਾਲੀ, ਮੁੱਢ ਤੋਂ ਹੀ ਸ਼ਰੀਰ-ਰਹਿਤ ਰੂਪ ਵਾਲੀ ਅਤੇ ਅਗਾਧ ਚਾਲ-ਢਾਲ ਵਾਲੀ,

ਬ੍ਰਿੜਲਾਛ ਬਿਹੰਡਣਿ ਚਛੁਰ ਦੰਡਣਿ ਤੇਜ ਪ੍ਰਚੰਡਣਿ ਆਦਿ ਬ੍ਰਿਤੇ ॥

ਬ੍ਰਿੜਲਾਛ ਦੈਂਤ ਨੂੰ ਮਾਰਨ ਵਾਲੀ, ਚਿੱਛਰ ਰਾਖਸ਼ ਨੂੰ ਦੰਡ ਦੇਣ ਵਾਲੀ, ਪ੍ਰਚੰਡ ਤੇਜ ਵਾਲੀ, ਸ਼ਰੂ ਤੋਂ ਹੀ ਅਜਿਹੀ ਬਿਰਤੀ ਵਾਲੀ,

ਸੁਰ ਨਰ ਪ੍ਰਤਿਪਾਰਣਿ ਪਤਿਤ ਉਧਾਰਣਿ ਦੁਸਟ ਨਿਵਾਰਣਿ ਦੋਖ ਹਰੇ ॥

ਦੇਵਤਿਆਂ ਅਤੇ ਮਨੁੱਖਾਂ ਨੂੰ ਪਾਲਣ ਵਾਲੀ, ਪਤਿਤਾਂ ਦਾ ਉੱਧਾਰ ਕਰਨ ਵਾਲੀ, ਦੁਸ਼ਟਾਂ ਨੂੰ ਖ਼ਤਮ ਕਰਨ ਵਾਲੀ ਅਤੇ ਦੋਖਾਂ ਨੂੰ ਹਰਨ ਵਾਲੀ,

ਜੈ ਜੈ ਹੋਸੀ ਮਹਿਖਾਸੁਰ ਮਰਦਨਿ ਬਿਸ੍ਵ ਬਿਧੁੰਸਨਿ ਸ੍ਰਿਸਟਿ ਕਰੇ ॥੧੫॥੨੨੫॥

ਮਹਿਖਾਸੁਰ ਨੂੰ ਮਾਰਨ ਵਾਲੀ, ਵਿਸ਼ਵ ਨੂੰ ਨਸ਼ਟ ਕਰਨ ਵਾਲੀ ਅਤੇ ਸ੍ਰਿਸ਼ਟੀ ਦੀ ਸਿਰਜਨਾ ਕਰਨ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੫॥੨੨੫॥

ਦਾਮਨੀ ਪ੍ਰਕਾਸੇ ਉਨਤਨ ਨਾਸੇ ਜੋਤਿ ਪ੍ਰਕਾਸੇ ਅਤੁਲ ਬਲੇ ॥

(ਹੇ) ਬਿਜਲੀ ਵਰਗੇ ਪ੍ਰਕਾਸ਼ ਵਾਲੀ, ਉਚੇ-ਲੰਬੇ ਨਕ ਵਾਲੀ, ਚਮਕਦੇ (ਚੇਹਰੇ ਦੇ) ਪ੍ਰਕਾਸ਼ ਵਾਲੀ ਅਤੇ ਅਤੁੱਲ ਬਲ ਵਾਲੀ,

ਦਾਨਵੀ ਪ੍ਰਕਰਖਣਿ ਸਰ ਵਰ ਵਰਖਣਿ ਦੁਸਟ ਪ੍ਰਧਰਖਣਿ ਬਿਤਲ ਤਲੇ ॥

ਦੈਂਤਾਂ ਦੀ ਫ਼ੌਜ ਨੂੰ (ਯੁੱਧ-ਭੂਮੀ ਵਿਚ) ਮਧੋਲਣ ਵਾਲੀ, ਚੰਗੇ ਤੀਰਾਂ ਦੀ ਵਰਖਾ ਕਰਨ ਵਾਲੀ, ਦੁਸ਼ਟਾਂ ਨੂੰ ਧਮਕਾਉਣ ਵਾਲੀ ਅਤੇ ਵਿਤਲ (ਦੂਜਾ ਪਾਤਾਲ) ਤਕ ਪਸਰਨ ਵਾਲੀ,

ਅਸਟਾਇਧ ਬਾਹਣਿ ਬੋਲ ਨਿਬਾਹਣਿ ਸੰਤ ਪਨਾਹਣਿ ਗੂੜ੍ਹ ਗਤੇ ॥

ਅੱਠ ਕਿਸਮਾਂ ਦੇ ਹੱਥਿਆਰਾਂ ਨੂੰ ਚਲਾਉਣ ਵਾਲੀ, ਬੋਲਾਂ ਨੂੰ ਨਿਭਾਉਣ ਵਾਲੀ, ਸੰਤਾਂ ਨੂੰ ਓਟ ਦੇਣ ਵਾਲੀ ਅਤੇ ਗੰਭੀਰ ਗਤੀ ਵਾਲੀ,

ਜੈ ਜੈ ਹੋਸੀ ਮਹਿਖਾਸੁਰ ਮਰਦਨਿ ਆਦਿ ਅਨਾਦਿ ਅਗਾਧਿ ਬ੍ਰਿਤੇ ॥੧੬॥੨੨੬॥

ਮਹਿਖਾਸੁਰ ਨੂੰ ਮਾਰਨ ਵਾਲੀ, ਆਦਿ-ਅਨਾਦਿ ਕਾਲ ਤੋਂ ਅਗਾਧ ਸੁਭਾ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੬॥੨੨੬॥

ਦੁਖ ਦੋਖ ਪ੍ਰਭਛਣਿ ਸੇਵਕ ਰਛਣਿ ਸੰਤ ਪ੍ਰਤਛਣਿ ਸੁਧ ਸਰੇ ॥

(ਹੇ) ਦੁਖਾਂ ਅਤੇ ਦੋਖਾਂ ਨੂੰ ਖਾ ਜਾਣ ਵਾਲੀ, ਸੇਵਕਾਂ ਦੀ ਰਖਿਆ ਕਰਨ ਵਾਲੀ, ਸੰਤਾਂ ਨੂੰ ਪ੍ਰਤੱਖ ਹੋਣ ਵਾਲੀ, ਤਿਖੇ ਤੀਰਾਂ ਵਾਲੀ (ਜਾਂ ਸ਼ੁੱਧ ਸਰੋਵਰ ਵਾਲੀ)

ਸਾਰੰਗ ਸਨਾਹੇ ਦੁਸਟ ਪ੍ਰਦਾਹੇ ਅਰਿ ਦਲ ਗਾਹੇ ਦੋਖ ਹਰੇ ॥

ਤਲਵਾਰ ਅਤੇ ਕਵਚ ਧਾਰਨ ਕਰਨ ਵਾਲੀ, ਦੁਸ਼ਟਾਂ ਨੂੰ ਸਾੜਨ ਵਾਲੀ, ਵੈਰੀਆਂ ਦੇ ਦਲ ਨੂੰ ਲਿਤਾੜਨ ਵਾਲੀ, ਦੋਖਾਂ ਨੂੰ ਦੂਰ ਕਰਨ ਵਾਲੀ,

ਗੰਜਨ ਗੁਮਾਨੇ ਅਤੁਲ ਪ੍ਰਵਾਨੇ ਸੰਤ ਜਮਾਨੇ ਆਦਿ ਅੰਤੇ ॥

ਹੰਕਾਰ ਨੂੰ ਨਸ਼ਟ ਕਰਨ ਵਾਲੀ, ਅਤੁੱਲ ਪ੍ਰਵਾਨਿਆਂ ਵਾਲੀ, ਅੰਤ ਸਮੇਂ ਜ਼ਾਮਨ ਵਜੋਂ ਪੇਸ਼ ਆਉਣ ਵਾਲੀ, ਆਦਿ ਤੋਂ ਅੰਤ ਤਕ ਪਸਰਨ ਵਾਲੀ,

ਜੈ ਜੈ ਹੋਸੀ ਮਹਿਖਾਸੁਰ ਮਰਦਨ ਸਾਧ ਪ੍ਰਦਛਨ ਦੁਸਟ ਹੰਤੇ ॥੧੭॥੨੨੭॥

ਮਹਿਖਾਸੁਰ ਨੂੰ ਮਾਰਨ ਵਾਲੀ, ਸਾਧੂ ਰੁਚੀਆਂ ਵਾਲਿਆਂ ਨੂੰ ਪ੍ਰਤੱਖ ਹੋਣ ਵਾਲੀ ਅਤੇ ਦੁਸ਼ਟਾਂ ਨੂੰ ਮਾਰਨ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੭॥੨੨੭॥

ਕਾਰਣ ਕਰੀਲੀ ਗਰਬ ਗਹੀਲੀ ਜੋਤਿ ਜਤੀਲੀ ਤੁੰਦ ਮਤੇ ॥

(ਹੇ) ਸਭ ਕਾਰਨਾਂ ਨੂੰ ਕਰਨ ਵਾਲੀ, ਹੰਕਾਰ ਨੂੰ ਨਾਸ਼ ਕਰਨ ਵਾਲੀ, ਜੋਤਿ ਵਾਲੇ (ਸੂਰਜ) ਨੂੰ ਜਿਤਣ ਵਾਲੀ ਅਤੇ ਤੀਖਣ ਮਤ ਵਾਲੀ,

ਅਸਟਾਇਧ ਚਮਕਣਿ ਸਸਤ੍ਰ ਝਮਕਣਿ ਦਾਮਨ ਦਮਕਣਿ ਆਦਿ ਬ੍ਰਿਤੇ ॥

ਅੱਠ ਸ਼ਸਤ੍ਰਾਂ ਨੂੰ ਚਮਕਾਉਣ ਵਾਲੀ, ਸ਼ਸਤ੍ਰਾਂ ਨੂੰ ਦਮਕਾਉਣ ਵਾਲੀ, ਬਿਜਲੀ ਵਾਂਗ ਲਿਸ਼ਕਣ ਵਾਲੀ, ਆਦਿ ਕਾਲ ਤੋਂ ਅਜਿਹੇ ਸੁਭਾ ਵਾਲੀ,

ਡੁਕਡੁਕੀ ਦਮੰਕੈ ਬਾਘ ਬਬੰਕੈ ਭੁਜਾ ਫਰੰਕੈ ਸੁਧ ਗਤੇ ॥

ਹੱਥ ਨਾਲ ਡੁਗਡੁਗੀ ਵਜਾਉਣ ਵਾਲੀ, ਸ਼ੇਰ ਨੂੰ ਬੁਕਾਉਣ ਵਾਲੀ, ਫੜਕਦੀਆਂ ਬਾਂਹਵਾਂ ਵਾਲੀ ਅਤੇ ਸ਼ੁੱਧ ਚਾਲ ਵਾਲੀ,

ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਜੁਗਾਦਿ ਅਨਾਦਿ ਮਤੇ ॥੧੮॥੨੨੮॥

ਮਹਿਖਾਸੁਰ ਦਾ ਮਰਦਨ ਕਰਨ ਵਾਲੀ ਅਤੇ ਆਦਿ ਅਨਾਦਿ ਜੁਗਾਦਿ (ਇਕ-ਸਮਾਨ) ਮਤ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੮॥੨੨੮॥

ਚਛਰਾਸੁਰ ਮਾਰਣਿ ਨਰਕ ਨਿਵਾਰਣਿ ਪਤਿਤ ਉਧਾਰਣਿ ਏਕ ਭਟੇ ॥

(ਹੇ) ਚਿੱਛਰ ਦੈਂਤ ਨੂੰ ਮਾਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ, ਪਤਿਤਾਂ ਦਾ ਉੱਧਾਰ ਕਰਨ ਵਾਲੀ, ਸੁਭਟ ਸ਼ਕਤੀ ਵਾਲੀ,

ਪਾਪਾਨ ਬਿਹੰਡਣਿ ਦੁਸਟ ਪ੍ਰਚੰਡਣਿ ਖੰਡ ਅਖੰਡਣਿ ਕਾਲ ਕਟੇ ॥

ਪਾਪਾਂ ਨੂੰ ਨਸ਼ਟ ਕਰਨ ਵਾਲੀ, ਦੁਸ਼ਟਾਂ ਨੂੰ ਚੰਡਣ ਵਾਲੀ, ਨਾ ਖੰਡਿਤ ਹੋ ਸਕਣ ਵਾਲਿਆਂ ਦਾ ਖੰਡਨ ਕਰਨ ਵਾਲੀ ਅਤੇ ਮ੍ਰਿਤੂ ਨੂੰ ਵੀ ਕਟਣ ਵਾਲੀ,

ਚੰਦ੍ਰਾਨਨ ਚਾਰੇ ਨਰਕ ਨਿਵਾਰੇ ਪਤਿਤ ਉਧਾਰੇ ਮੁੰਡ ਮਥੇ ॥

ਚੰਦ੍ਰਮਾ ਨਾਲੋਂ ਵੀ ਸੁੰਦਰ ਮੁਖ ਵਾਲੀ, ਨਰਕਾਂ ਤੋਂ ਛੁਟਕਾਰਾ ਦਿਵਾਉਣ ਵਾਲੀ, ਪਾਪੀਆਂ ਨੂੰ ਤਾਰਨ ਵਾਲੀ, ਮੁੰਡ ਦੈਂਤ ਦਾ ਵਿਨਾਸ਼ ਕਰਨ ਵਾਲੀ,

ਜੈ ਜੈ ਹੋਸੀ ਮਹਿਖਾਸੁਰ ਮਰਦਨ ਧੂਮ੍ਰ ਬਿਧੁੰਸਨਿ ਆਦਿ ਕਥੇ ॥੧੯॥੨੨੯॥

ਮਹਿਖਾਸੁਰ ਨੂੰ ਮਾਰਨ ਵਾਲੀ, ਧੂਮ੍ਰਲੋਚਨ ਦਾ ਵਿਨਾਸ਼ ਕਰਨ ਵਾਲੀ, ਆਦਿ ਕਾਲ ਤੋਂ ਇਸੇ ਪ੍ਰਸੰਗ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੯॥੨੨੯॥

ਰਕਤਾਸੁਰ ਮਰਦਨ ਚੰਡ ਚਕਰਦਨ ਦਾਨਵ ਅਰਦਨ ਬਿੜਾਲ ਬਧੇ ॥

(ਹੇ) ਰਕਤ ਬੀਜ ਰਾਖਸ਼ ਨੂੰ ਮਾਰਨ ਵਾਲੀ, ਚੰਡ ਦੈਂਤ ਨੂੰ ਚੀਰਨ ਵਾਲੀ, ਦਾਨਵਾਂ ਨੂੰ ਦਲਣ ਵਾਲੀ, ਬਿੜਾਲ ਦੈਂਤ ਦਾ ਬੱਧ ਕਰਨ ਵਾਲੀ,

ਸਰ ਧਾਰ ਬਿਬਰਖਣ ਦੁਰਜਨ ਧਰਖਣ ਅਤੁਲ ਅਮਰਖਣ ਧਰਮ ਧੁਜੇ ॥

ਤੇਜ਼ ਤੀਰਾਂ ਦੀ ਝੜੀ ਲਗਾਉਣ ਵਾਲੀ, ਦੁਰਜਨਾਂ ਨੂੰ ਧਮਕਾਉਣ ਵਾਲੀ, ਅਤੁਲ ਕ੍ਰੋਧ ਵਾਲੀ ਅਤੇ ਧਰਮ ਦੀ ਧੁਜਾ ਮੰਨੀ ਜਾਣ ਵਾਲੀ,

ਧੂਮ੍ਰਾਛ ਬਿਧੁੰਸਨਿ ਸ੍ਰੌਣਤ ਚੁੰਸਨ ਸੁੰਭ ਨਪਾਤ ਨਿਸੁੰਭ ਮਥੇ ॥

ਧੂਮ੍ਰ-ਨੈਨ ਦਾ ਨਾਸ਼ ਕਰਨ ਵਾਲੀ (ਰਕਤ ਬੀਜ ਦਾ) ਲਹੂ ਪੀਣ ਵਾਲੀ, ਸੁੰਭ ਨੂੰ ਮਾਰਨ ਵਾਲੀ, ਨਿਸੁੰਭ ਨੂੰ ਮੱਥਣ ਵਾਲੀ,

ਜੈ ਜੈ ਹੋਸੀ ਮਹਿਖਾਸੁਰ ਮਰਦਨ ਆਦਿ ਅਨੀਲ ਅਗਾਧ ਕਥੇ ॥੨੦॥੨੩੦॥

ਮਹਿਖਾਸੁਰ ਨੂੰ ਮਾਰਨ ਵਾਲੀ ਅਤੇ ਆਦਿਕਾਲ ਤੋਂ ਅਣਗਿਣਤ ਅਤੇ ਅਗਾਧ ਪ੍ਰਸੰਗ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੨੦॥੨੩੦॥

ਤ੍ਵ ਪ੍ਰਸਾਦਿ ॥ ਪਾਧੜੀ ਛੰਦ ॥

ਤੇਰੀ ਕ੍ਰਿਪਾ ਨਾਲ: ਪਾਧੜੀ ਛੰਦ:

ਤੁਮ ਕਹੋ ਦੇਵ ਸਰਬੰ ਬਿਚਾਰ ॥

ਹੇ ਦੇਵ! ਤੁਸੀਂ ਇਹ ਸਭ ਵਿਚਾਰ ਪੂਰਵਕ ਦਸੋ

ਜਿਮ ਕੀਓ ਆਪ ਕਰਤੇ ਪਸਾਰ ॥

ਕਿ ਕਰਤੇ ਨੇ (ਸਾਰੀ ਸ੍ਰਿਸ਼ਟੀ ਦਾ) ਪਸਾਰ ਕਿਵੇਂ ਕੀਤਾ ਹੈ?

ਜਦਪਿ ਅਭੂਤ ਅਨਭੈ ਅਨੰਤ ॥

ਭਾਵੇਂ (ਉਹ) ਭੌਤਿਕ ਤੱਤ੍ਵਾਂ ਤੋਂ ਪਰੇ, ਭੈ-ਰਹਿਤ ਅਤੇ ਬੇਅੰਤ ਹੈ

ਤਉ ਕਹੋ ਜਥਾ ਮਤ ਤ੍ਰੈਣ ਤੰਤ ॥੧॥੨੩੧॥

ਤਾਂ ਵੀ ਆਪਣੀ ਜਿਹੋ ਜਿਹੀ ਬੁੱਧੀ ਹੈ, ਉਸ ਦੀ ਵਿਵਸਥਾ ਦਸਦਾ ਹਾਂ ॥੧॥੨੩੧॥

ਕਰਤਾ ਕਰੀਮ ਕਾਦਰ ਕ੍ਰਿਪਾਲ ॥

(ਉਹ ਪਰਮਾਤਮਾ ਸਭ ਦਾ) ਕਰਤਾ ਹੈ, ਬਖਸ਼ਿਸ਼ ਕਰਨ ਵਾਲਾ ਹੈ, ਸ਼ਕਤੀ ਵਾਲਾ ਹੈ, ਕ੍ਰਿਪਾਲੂ ਹੈ,

ਅਦ੍ਵੈ ਅਭੂਤ ਅਨਭੈ ਦਿਆਲ ॥

ਅਦ੍ਵੈਤ ਰੂਪ ਹੈ, ਤੱਤ੍ਵਾਂ ਦੀ ਰਚਨਾ ਤੋਂ ਪਰੇ ਹੈ, ਡਰ ਤੋਂ ਰਹਿਤ ਹੈ, ਦਇਆ ਕਰਨ ਵਾਲਾ ਹੈ,

ਦਾਤਾ ਦੁਰੰਤ ਦੁਖ ਦੋਖ ਰਹਤ ॥

ਬੇਅੰਤ ਦਾਤਾ ਹੈ, ਦੁਖਾਂ-ਦੋਖਾਂ ਤੋਂ ਰਹਿਤ ਹੈ,

ਜਿਹ ਨੇਤਿ ਨੇਤਿ ਸਭ ਬੇਦ ਕਹਤ ॥੨॥੨੩੨॥

ਜਿਸ ਨੂੰ ਸਾਰੇ ਵੇਦ ਬੇਅੰਤ ਬੇਅੰਤ ਕਹਿੰਦੇ ਹਨ ॥੨॥੨੩੨॥

ਕਈ ਊਚ ਨੀਚ ਕੀਨੋ ਬਨਾਉ ॥

(ਉਸ ਨੇ) ਕਈ ਉਚੇ ਤੇ ਨੀਵੇਂ ਬਣਾਉ ਬਣਾਏ ਹਨ,

ਸਭ ਵਾਰ ਪਾਰ ਜਾ ਕੋ ਪ੍ਰਭਾਉ ॥

ਉਰਾਰ ਪਾਰ (ਉਸੇ ਦਾ) ਪ੍ਰਭਾਵ ਹੈ,

ਸਭ ਜੀਵ ਜੰਤ ਜਾਨੰਤ ਜਾਹਿ ॥

ਜੋ ਸਾਰੇ ਜੀਵਾਂ ਜੰਤੂਆਂ ਦੀ ਗਤਿਵਿਧੀ ਨੂੰ ਜਾਣਦਾ ਹੈ।

ਮਨ ਮੂੜ ਕਿਉ ਨ ਸੇਵੰਤ ਤਾਹਿ ॥੩॥੨੩੩॥

(ਹੇ) ਮੂਰਖ ਮਨ! (ਫਿਰ) ਉਸ ਨੂੰ ਕਿਉਂ ਨਹੀਂ ਸਿਮਰਦਾ ॥੩॥੨੩੩॥

ਕਈ ਮੂੜ੍ਹ ਪਾਤ੍ਰ ਪੂਜਾ ਕਰੰਤ ॥

ਕਈ ਮੂਰਖ (ਬਿਲ ਜਾਂ ਤੁਲਸੀ ਦੇ) ਪੱਤਰਾਂ ਨਾਲ (ਉਸ ਦੀ) ਪੂਜਾ ਕਰਦੇ ਹਨ;

ਕਈ ਸਿਧ ਸਾਧ ਸੂਰਜ ਸਿਵੰਤ ॥

ਕਈ ਸਿੱਧ ਸਾਧਕ ਸੂਰਜ ਦੀ ਸੇਵਾ ਕਰਦੇ ਹਨ;

ਕਈ ਪਲਟ ਸੂਰਜ ਸਿਜਦਾ ਕਰਾਇ ॥

ਕਈ ਸੂਰਜ ਦੇ ਉਲਟ (ਪੱਛਮ) ਵਲ ਸਿਜਦਾ ਕਰਦੇ ਹਨ;

ਪ੍ਰਭ ਏਕ ਰੂਪ ਦ੍ਵੈ ਕੈ ਲਖਾਇ ॥੪॥੨੩੪॥

ਪ੍ਰਭੂ ਤਾਂ ਇਕ ਰੂਪ ਵਾਲਾ ਹੈ, (ਫਿਰ ਉਸ ਨੂੰ) ਦ੍ਵੈਤ ਰੂਪ ਵਿਚ ਕਿਵੇਂ ਵੇਖਿਆ ਜਾ ਸਕਦਾ ਹੈ ॥੪॥੨੩੪॥

ਅਨਛਿਜ ਤੇਜ ਅਨਭੈ ਪ੍ਰਕਾਸ ॥

(ਉਹ ਪ੍ਰਭੂ) ਨਾ ਛਿੱਜਣ ਵਾਲੇ ਤੇਜ ਵਾਲਾ ਹੈ ਅਤੇ ਉਹ ਸੁਤਹ-ਸਿੱਧ ਪ੍ਰਕਾਸ਼ਿਤ ਹੋਣ ਵਾਲਾ ਹੈ;

ਦਾਤਾ ਦੁਰੰਤ ਅਦ੍ਵੈ ਅਨਾਸ ॥

ਬੇਅੰਤ ਦਾਤਾ ਹੈ, ਅਦ੍ਵੈਤ ਸਰੂਪ ਅਤੇ ਨਾਸ਼-ਰਹਿਤ ਹੈ;

ਸਭ ਰੋਗ ਸੋਗ ਤੇ ਰਹਤ ਰੂਪ ॥

ਉਹ ਸਭ ਰੋਗਾਂ ਸੋਗਾਂ ਤੋਂ ਰਹਿਤ ਰੂਪ ਵਾਲਾ ਹੈ;

ਅਨਭੈ ਅਕਾਲ ਅਛੈ ਸਰੂਪ ॥੫॥੨੩੫॥

ਭੈ-ਰਹਿਤ, ਕਾਲ-ਰਹਿਤ, ਨਾਸ਼-ਰਹਿਤ ਸਰੂਪ ਵਾਲਾ ਹੈ ॥੫॥੨੩੫॥


Flag Counter