ਸ਼੍ਰੀ ਦਸਮ ਗ੍ਰੰਥ

ਅੰਗ - 410


ਕਬਿ ਸ੍ਯਾਮ ਨਿਹਾਰ ਕੈ ਰਾਮ ਕੀ ਓਰਿ ਧਵਾਇ ਤਹਾ ਰਥੁ ਜਾਇ ਪਰਿਯੋ ॥

ਕਵੀ ਸ਼ਿਆਮ (ਕਹਿੰਦੇ ਹਨ) ਬਲਰਾਮ ਵਲ ਵੇਖ ਕੇ ਰਥ ਨੂੰ ਭਜਾ ਕੇ ਉਥੇ ਜਾ ਪਿਆ।

ਤਜਿ ਸੰਕ ਨਿਸੰਕ ਹੁਇ ਜੁਧ ਕਰਿਯੋ ਜਦੁਬੀਰ ਕਹਾ ਤਿਨ ਯੌ ਉਚਰਿਯੋ ॥

ਸੰਗ ਨੂੰ ਛਡ ਕੇ ਅਤੇ ਨਿਸੰਗ ਹੋ ਕੇ ਯੁੱਧ ਕੀਤਾ ਅਤੇ ਉਸ ਨੇ ਕਿਹਾ, 'ਕ੍ਰਿਸ਼ਨ ਕਿਥੇ ਹੈ'।

ਧਨਿ ਹੈ ਧਨ ਸਿੰਘ ਬਲੀ ਹਰਿ ਕੇ ਸਮੁਹੇ ਲਰਿ ਕੈ ਭਵ ਸਿੰਧ ਤਰਿਯੋ ॥੧੧੨੧॥

ਉਹ ਬਲਵਾਨ ਧਨ ਸਿੰਘ ਸੂਰਮਾ ਧੰਨ ਹੈ (ਜੋ) ਸ੍ਰੀ ਕ੍ਰਿਸ਼ਨ ਦੇ ਸਾਹਮਣੇ ਲੜ ਕੇ ਭਵ ਸਾਗਰ ਤਰ ਗਿਆ ਹੈ ॥੧੧੨੧॥

ਪ੍ਰੇਮ ਸੋ ਯੌ ਕਹਿ ਕੈ ਮੁਖ ਤੇ ਪਰਲੋਕ ਸੁ ਲੋਕ ਰਹੇ ਸੁ ਬਿਚਾਰਿਯੋ ॥

ਪ੍ਰੇਮ ਨਾਲ ਮੁਖ ਤੋਂ ਇਸ ਤਰ੍ਹਾਂ ਵਿਚਾਰਿਆ ਕਿ ਲੋਕ ਨਾਲੋਂ ਪਰਲੋਕ ਕਿਵੇਂ ਰਹਿ ਆਏ।

ਤੇਜ ਪ੍ਰਚੰਡ ਬਡੋ ਬਰਛਾ ਰਿਸ ਕੈ ਕਰਿ ਮੈ ਗਜ ਸਿੰਘ ਸੰਭਾਰਿਯੋ ॥

ਫਿਰ ਪ੍ਰਚੰਡ ਤੇਜ ਨਾਲ ਕ੍ਰੋਧ ਪੂਰਵਕ ਵੱਡਾ ਬਰਛਾ ਹੱਥ ਵਿਚ ਗਜ ਸਿੰਘ ਨੇ ਸੰਭਾਲ ਲਿਆ।

ਜਾਹੁ ਕਹਾ ਬਲਭਦ੍ਰ ਅਬੈ ਕਬਿ ਸ੍ਯਾਮ ਕਹੈ ਇਹ ਭਾਤਿ ਉਚਾਰਿਯੋ ॥

ਕਵੀ ਸ਼ਿਆਮ ਕਹਿੰਦੇ ਹਨ, 'ਹੁਣ ਬਲਰਾਮ (ਤੂੰ) ਕਿਥੇ ਜਾਂਦਾ ਹੈਂ', ਇਸ ਤਰ੍ਹਾਂ ਕਿਹਾ।

ਸੋ ਬਰ ਕੈ ਕਰ ਕੋ ਤਨ ਕੋ ਜਦੁਬੀਰ ਕੇ ਭ੍ਰਾਤ ਕੇ ਊਪਰਿ ਡਾਰਿਯੋ ॥੧੧੨੨॥

(ਫਿਰ) ਹੱਥ ਦੇ ਬਲ ਨਾਲ (ਉਹ ਬਰਛਾ) ਸ੍ਰੀ ਕ੍ਰਿਸ਼ਨ ਦੇ ਭਰਾ (ਬਲਰਾਮ) ਦੇ ਸ਼ਰੀਰ ਉਤੇ ਦੇ ਮਾਰਿਆ ॥੧੧੨੨॥

ਆਵਤ ਇਉ ਬਰਛਾ ਗਹਿ ਕੈ ਬਲਦੇਵ ਸੁ ਏਕ ਉਪਾਇ ਕਰਿਯੋ ਹੈ ॥

ਇਸ ਤਰ੍ਹਾਂ ਆਉਂਦੇ ਹੋਏ ਬਰਛੇ ਨੂੰ ਪਕੜ ਕੇ ਬਲਰਾਮ ਨੇ ਇਕ ਉਪਾ ਕੀਤਾ।

ਸ੍ਯੰਦਨ ਪੈ ਨਿਹੁਰਿਯੋ ਤਬ ਹੀ ਛਤ੍ਰੀ ਤਰਿ ਹੁਇ ਇਹ ਭਾਤਿ ਅਰਿਯੋ ਹੈ ॥

ਤਦ ਹੀ ਰਥ ਉਤੇ ਝੁਕ ਗਿਆ ਅਤੇ ਬਰਛੇ ਨੂੰ ਛਤਰੀ ਹੇਠਾਂ ਕਰ ਕੇ ਇਸ ਤਰ੍ਹਾਂ ਅੜਾ ਦਿੱਤਾ।

ਫੋਰਿ ਕੈ ਪਾਰਿ ਭਯੋ ਫਲ ਯੌ ਤਿਹ ਕੀ ਉਪਮਾ ਕਬਿ ਯੌ ਉਚਰਿਯੋ ਹੈ ॥

(ਉਸ ਬਰਛੇ ਦਾ) ਫਲ ਛਤਰੀ ਨੂੰ ਫਾੜ ਕੇ ਪਾਰ ਹੋ ਗਿਆ, ਉਸ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਉਚਾਰੀ ਹੈ,

ਮਾਨਹੁ ਕਲਿੰਦ੍ਰ ਕੇ ਸ੍ਰਿੰਗਹੁ ਤੇ ਨਿਕਸਿਯੋ ਅਹਿ ਕੋ ਫਨੁ ਕੋਪ ਭਰਿਯੋ ਹੈ ॥੧੧੨੩॥

ਮਾਨੋ ਕਲਿੰਦ੍ਰੀ (ਜਮਨਾ ਦਾ ਪਰਬਤ-ਸ੍ਰੋਤ) ਦੀ ਚੋਟੀ ਤੋਂ ਕ੍ਰੋਧਿਤ ਹੋਏ ਸੱਪ ਦਾ ਫਣ ਨਿਕਲਿਆ ਹੋਇਆ ਹੋਵੇ ॥੧੧੨੩॥

ਬਲ ਸੋ ਬਲਿ ਖੈਚ ਲਯੋ ਬਰਛਾ ਤਿਹ ਕੇ ਕਰ ਸੋ ਤਿਰਛਾ ਸੁ ਭ੍ਰਮਾਯੋ ॥

ਬਲ ਨਾਲ ਬਲਰਾਮ ਨੇ ਬਰਛਾ ਖਿਚ ਲਿਆ ਅਤੇ ਹੱਥ ਨਾਲ ਉਸ ਨੂੰ ਤਿਰਛਾ ਕਰ ਕੇ ਘੁੰਮਾਇਆ।

ਯੌ ਚਮਕਿਯੋ ਦਮਕਿਯੋ ਨਭ ਮੈ ਚੁਟੀਆ ਉਡ ਤੇਜੁ ਮਨੋ ਦਰਸਾਯੋ ॥

(ਉਹ) ਇਸ ਪ੍ਰਕਾਰ ਚਮਕਿਆ ਮਾਨੋ ਆਕਾਸ਼ ਵਿਚ ਬੋਦੀ ਵਾਲੇ ਤਾਰੇ ਨੇ ਆਪਣਾ ਤੇਜ ਵਿਖਾਇਆ ਹੋਵੇ।

ਸ੍ਰੀ ਬਲਭਦ੍ਰ ਅਯੋਧਨ ਮੈ ਰਿਸ ਕੈ ਗਜ ਸਿੰਘ ਕੀ ਓਰਿ ਚਲਾਯੋ ॥

ਬਲਰਾਮ ਨੇ ਯੁੱਧ-ਭੂਮੀ ਵਿਚ ਕ੍ਰੋਧਿਤ ਹੋ ਕੇ ਗਜ ਸਿੰਘ ਵਲ ਚਲਾ ਦਿੱਤਾ। (ਇੰਜ ਪ੍ਰਤੀਤ ਹੁੰਦਾ ਹੈ)

ਮਾਨਹੁ ਕਾਲ ਪਰੀਛਤ ਕਉ ਜਮਦੰਡ ਪ੍ਰਚੰਡ ਕਿਧੋ ਚਮਕਾਯੋ ॥੧੧੨੪॥

ਮਾਨੋ ਪਰੀਕਸ਼ਿਤ (ਰਾਜੇ) ਨੂੰ (ਮਾਰਨ ਲਈ) ਯਮਰਾਜ ਦਾ ਪ੍ਰਚੰਡ ਡੰਡਾ ਚਮਕਿਆ ਹੋਵੇ ॥੧੧੨੪॥

ਗਜ ਸਿੰਘ ਅਨੇਕ ਉਪਾਇ ਕੀਏ ਨ ਬਚਿਯੋ ਉਰਿ ਆਇ ਲਗਿਯੋ ਬਰਛਾ ਬਰਿ ॥

ਗਜ ਸਿੰਘ ਨੇ ਬਚਣ ਵਾਸਤੇ ਅਨੇਕ ਉਪਾ ਕੀਤੇ, ਪਰ ਬਚ ਨਾ ਸਕਿਆ ਅਤੇ (ਉਹ) ਸ੍ਰੇਸ਼ਠ ਬਰਛਾ ਛਾਤੀ ਵਿਚ ਆ ਲਗਿਆ।

ਭੂਪ ਬਿਲੋਕਤ ਹੈ ਸਿਗਰੇ ਧੁਨਿ ਸੀਸ ਹਹਾ ਕਹਿ ਮੀਚਤ ਹੈ ਕਰ ॥

ਸਾਰੇ ਰਾਜੇ ਵੇਖਦੇ ਹਨ ਅਤੇ ਸਿਰ ਧੁਣਦੇ ਹੋਏ ਹਾਇ-ਹਾਇ ਕਰ ਕੇ ਹੱਥ ਮਲਦੇ ਹਨ।

ਘਾਉ ਪ੍ਰਚੰਡ ਲਗਿਯੋ ਤਿਹ ਕੋ ਮੁਰਛਾਇ ਪਰਿਯੋ ਨ ਤਜ੍ਯੋ ਕਰ ਤੇ ਸਰ ॥

ਉਸ ਨੂੰ ਬਹੁਤ ਵੱਡਾ ਜ਼ਖ਼ਮ ਲਗਿਆ, ਬੇਹੋਸ਼ ਹੋ ਕੇ (ਡਿਗ) ਪਿਆ, ਪਰ ਹੱਥੋਂ ਬਾਣ ਨਾ ਛਡਿਆ।

ਸ੍ਯੰਦਨ ਪੈ ਗਜ ਸਿੰਘ ਗਿਰਿਯੋ ਗਿਰਿ ਊਪਰਿ ਜਿਉ ਗਜਰਾਜ ਕਲੇਵਰ ॥੧੧੨੫॥

ਰਥ ਉਤੇ ਗਜ ਸਿੰਘ ਡਿਗ ਪਿਆ ਜਿਵੇਂ ਪਰਬਤ ਉਤੇ ਵੱਡੇ ਹਾਥੀ ਦਾ ਸ਼ਰੀਰ (ਡਿਗ ਪੈਂਦਾ ਹੈ) ॥੧੧੨੫॥

ਚੇਤ ਭਯੋ ਤਬ ਹੀ ਗਜ ਸਿੰਘ ਸੰਭਾਰਿ ਪ੍ਰਚੰਡ ਕੁਵੰਡ ਚਲਾਯੋ ॥

ਜਦੋਂ ਹੀ ਗਜ ਸਿੰਘ ਸਚੇਤ ਹੋਇਆ, (ਤਦੋਂ ਹੀ) ਪ੍ਰਚੰਡ ਧਨੁਸ਼ ਨੂੰ ਸੰਭਾਲ ਕੇ ਕਸ ਲਿਆ।

ਕਾਨ ਪ੍ਰਮਾਨ ਲਉ ਖੈਂਚ ਕੇ ਆਨਿ ਸੁ ਤਾਨ ਕੈ ਬਾਨ ਪ੍ਰਕੋਪ ਚਲਾਯੋ ॥

ਕੰਨ ਤਕ ਖਿਚ ਕੇ (ਅਤੇ ਸਾਹਮਣੇ) ਆ ਕੇ ਪੂਰੇ ਤਾਣ ਨਾਲ ਬਾਣ ਚਲਾ ਦਿੱਤਾ।

ਏਕ ਤੇ ਹੁਇ ਕੈ ਅਨੇਕ ਚਲੇ ਤਿਹ ਕੀ ਉਪਮਾ ਕਹੁ ਭਾਖਿ ਸੁਨਾਯੋ ॥

(ਉਹ ਬਾਣ) ਇਕ ਤੋਂ ਅਨੇਕ ਹੋ ਕੇ ਚਲੇ, ਉਨ੍ਹਾਂ ਦੀ ਉਪਮਾ (ਕਵੀ) ਕਹਿ ਕੇ ਸੁਣਾਉਂਦਾ ਹੈ।

ਪਉਨ ਕੇ ਭਛਕ ਤਛਕ ਲਛਕ ਲੈ ਬਲਿ ਕੀ ਸਰਨਾਗਤਿ ਆਯੋ ॥੧੧੨੬॥

ਮਾਨੋ ਪੌਣ ਨੂੰ ਭੱਛਣ ਵਾਲੇ (ਅਰਥਾਤ ਫਕਣ ਵਾਲੇ) ਲੱਖਾਂ ਹੀ ਸੱਪਾਂ ਨੂੰ ਨਾਲ ਲੈ ਕੇ ਤੱਛਕ 'ਅਸਤੀਕ' ਰੂਪ ਬਲਰਾਮ ਦੀ ਸ਼ਰਨ ਵਿਚ ਆਇਆ ਹੋਵੇ ॥੧੧੨੬॥

ਬਾਨ ਨ ਏਕ ਲਗਿਯੋ ਬਲਿ ਕੋ ਗਜ ਸਿੰਘ ਤਬੈ ਇਹ ਭਾਤਿ ਕਹਿਯੋ ਹੈ ॥

ਬਲਰਾਮ ਨੂੰ ਇਕ ਵੀ ਬਾਣ ਨਾ ਲਗਿਆ, ਉਸ ਵੇਲੇ ਗਜ ਸਿੰਘ ਨੇ ਇਸ ਤਰ੍ਹਾਂ ਕਿਹਾ,

ਸੇਸ ਸੁਰੇਸ ਧਨੇਸ ਦਿਨੇਸ ਮਹੇਸ ਨਿਸੇਸ ਖਗੇਸ ਗਹਿਯੋ ਹੈ ॥

ਸ਼ੇਸ਼ ਨਾਗ, ਇੰਦਰ, ਸੂਰਜ, ਕੁਬੇਰ, ਸ਼ਿਵ, ਚੰਦ੍ਰਮਾ, ਗਰੁੜ (ਆਦਿਕ) ਨੇ (ਤੈਨੂੰ) ਪਕੜ ਲਿਆ ਹੈ।

ਜੁਧ ਬਿਖੈ ਅਬ ਲਉ ਸੁਨਿ ਲੈ ਸੋਊ ਬੀਰ ਹਨ੍ਯੋ ਮਨ ਮੈ ਜੁ ਚਹਿਯੋ ਹੈ ॥

(ਸਾਰੇ) ਸੁਣ ਲਵੋ, ਹੁਣ ਤਕ ਯੁੱਧ ਵਿਚ ਉਹ ਸੂਰਮੇ ਮਾਰ ਦਿੱਤੇ ਹਨ, ਜੋ ਮੈਂ ਮਨ ਵਿਚ ਚਾਹੇ ਹਨ।

ਏਕ ਅਚੰਭਵ ਹੈ ਮੁਹਿ ਦੇਖਤ ਤੋ ਤਨ ਮੈ ਕਸ ਜੀਵ ਰਹਿਯੋ ਹੈ ॥੧੧੨੭॥

ਤੈਨੂੰ ਵੇਖ ਕੇ ਮੈਨੂੰ ਇਕ ਅਚੰਭਾ ਹੁੰਦਾ ਹੈ ਕਿ ਤੇਰਾ ਸ਼ਰੀਰ ਜੀਉਂਦਾ ਕਿਵੇਂ ਰਿਹਾ ਹੈ ॥੧੧੨੭॥

ਯੌ ਕਹਿ ਕੈ ਬਤੀਯਾ ਬਲਿ ਸੋ ਬਰਛਾ ਧੁਜ ਸੰਜੁਤ ਖੈਂਚਿ ਚਲਾਯੋ ॥

ਇਸ ਤਰ੍ਹਾਂ ਬਲਰਾਮ ਨਾਲ ਗੱਲ ਕਰ ਕੇ ਧੁਜਾ ਨਾਲ ਸੰਯੁਕਤ ਬਰਛਾ ਖਿਚ ਕੇ ਚਲਾ ਦਿੱਤਾ।

ਤਉ ਧਨੁ ਲੈ ਕਰਿ ਮੈ ਮੁਸਲੀ ਸੋਊ ਆਵਤ ਨੈਨਨ ਸੋ ਲਖਿ ਪਾਯੋ ॥

ਤਦ ਬਲਰਾਮ ਨੇ ਹੱਥ ਵਿਚ ਧਨੁਸ਼ ਲੈ ਕੇ ਉਸ (ਬਰਛੇ) ਨੂੰ ਆਉਂਦਿਆਂ ਹੋਇਆਂ ਵੇਖ ਲਿਆ।

ਉਗ੍ਰ ਪਰਾਕ੍ਰਮ ਕੈ ਸੰਗ ਬਾਨ ਅਚਾਨਕ ਸੋ ਕਟਿ ਭੂਮਿ ਗਿਰਾਯੋ ॥

ਬੜੀ ਹਿੰਮਤ ਨਾਲ ਅਚਾਨਕ ਹੀ ਬਾਣ ਨਾਲ ਕਟ ਕੇ ਧਰਤੀ ਉਤੇ ਸੁਟ ਦਿੱਤਾ। (ਇੰਜ ਪ੍ਰਤੀਤ ਹੁੰਦਾ ਹੈ)

ਮਾਨਹੁ ਪੰਖਨ ਕੋ ਅਹਿਵਾ ਖਗਰਾਜ ਕੇ ਹਾਥਿ ਪਰਿਯੋ ਰਿਸਿ ਘਾਯੋ ॥੧੧੨੮॥

ਮਾਨੋ ਖੰਭਾਂ ਵਾਲਾ (ਉਡਣਾ) ਸੱਪ ਗਰੁੜ ਦੇ ਹੱਥ ਆ ਗਿਆ ਹੋਵੇ (ਅਤੇ ਉਸ ਨੇ) ਕ੍ਰੋਧ ਨਾਲ ਮਾਰ ਦਿੱਤਾ ਹੋਵੇ ॥੧੧੨੮॥

ਕੋਪ ਭਰਿਯੋ ਅਤਿ ਹੀ ਗਜ ਸਿੰਘ ਲਯੋ ਬਰਛਾ ਅਰਿ ਓਰ ਚਲਾਯੋ ॥

ਗਜ ਸਿੰਘ ਨੇ ਕ੍ਰੋਧ ਨਾਲ ਭਰ ਕੇ ਬਰਛਾ ਵੈਰੀ ਵਲ ਚਲਾ ਦਿੱਤਾ।

ਜਾਇ ਲਗਿਯੋ ਮੁਸਲੀਧਰ ਕੇ ਤਨਿ ਲਾਗਤ ਤਾ ਅਤਿ ਹੀ ਦੁਖ ਪਾਯੋ ॥

(ਉਹ) ਜਾ ਕੇ ਬਲਰਾਮ ਦੇ ਸ਼ਰੀਰ ਵਿਚ ਲਗਾ, (ਉਸ ਦੇ) ਲਗਦਿਆਂ ਹੀ ਉਸ (ਬਲਰਾਮ) ਨੇ ਬਹੁਤ ਦੁਖ ਪਾਇਆ।

ਪਾਰਿ ਪ੍ਰਚੰਡ ਭਯੋ ਫਲ ਯੌ ਜਸੁ ਤਾ ਛਬਿ ਕੋ ਮਨ ਮੈ ਇਹ ਆਯੋ ॥

ਉਸ ਦਾ ਪ੍ਰਚੰਡ ਫਲ ਪਾਰ ਨਿਕਲ ਗਿਆ, ਉਸ ਦੀ ਛਬੀ ਦਾ ਯਸ਼ (ਕਵੀ) ਦੇ ਮਨ ਵਿਚ ਇਸ ਤਰ੍ਹਾਂ ਆਇਆ।

ਮਾਨਹੁ ਗੰਗ ਕੀ ਧਾਰ ਕੇ ਮਧਿ ਉਤੰਗ ਹੁਇ ਕੂਰਮ ਸੀਸ ਉਚਾਯੋ ॥੧੧੨੯॥

ਮਾਨੋ ਗੰਗਾ ਦੀ ਧਾਰ ਵਿਚ ਉੱਚੇ ਉਠ ਕੇ ਕਛੂਏ ਨੇ ਸਿਰ ਚੁਕਿਆ ਹੋਵੇ ॥੧੧੨੯॥

ਲਾਗਤ ਸਾਗ ਕੀ ਸ੍ਰੀ ਬਲਭਦ੍ਰ ਸੁ ਸਯੰਦਨ ਤੇ ਗਹਿ ਖੈਚ ਕਢਿਯੋ ॥

ਸਾਂਗ ਦੀ (ਸਟ) ਲਗਦਿਆਂ ਹੀ ਬਲਰਾਮ ਨੇ ਉਸ ਨੂੰ ਪਕੜ ਕੇ ਰਥ ਵਿਚੋਂ ਬਾਹਰ ਸੁਟ ਦਿੱਤਾ।

ਮੁਰਝਾਇ ਕੈ ਭੂਮਿ ਪਰਿਯੋ ਨ ਮਰਿਯੋ ਸੁਰ ਬ੍ਰਿਛ ਗਿਰਿਯੋ ਮਨੋ ਜੋਤਿ ਮਢਿਯੋ ॥

ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪਿਆ, (ਪਰ) ਮਰਿਆ ਨਹੀਂ, (ਇੰਜ ਲਗਦਾ ਹੈ) ਮਾਨੋ ਕਲਪ ਬ੍ਰਿਛ ਡਿਗ ਪਿਆ ਹੋਵੇ ਜੋ (ਈਸ਼ਵਰੀ) ਜੋਤਿ ਨਾਲ ਮੜ੍ਹਿਆ ਹੋਇਆ ਹੈ।

ਜਬ ਚੇਤ ਭਯੋ ਭ੍ਰਮ ਛੂਟਿ ਗਯੋ ਉਠਿ ਠਾਢੋ ਭਯੋ ਮਨਿ ਕੋਪੁ ਬਢਿਯੋ ॥

ਜਦੋਂ ਹੋਸ਼ ਆਈ ਤਾਂ ਭਰਮ ਖ਼ਤਮ ਹੋ ਗਿਆ ਅਤੇ ਉਠ ਕੇ ਖੜਾ ਹੋ ਗਿਆ ਅਤੇ ਮਨ ਵਿਚ ਕ੍ਰੋਧ ਵਸ ਗਿਆ।

ਰਥ ਹੇਰ ਕੈ ਧਾਇ ਚੜਿਯੋ ਬਰ ਸੋ ਗਿਰਿ ਪੈ ਮਨੋ ਕੂਦ ਕੈ ਸਿੰਘ ਚਢਿਯੋ ॥੧੧੩੦॥

ਰਥ ਨੂੰ ਵੇਖ ਕੇ ਜ਼ੋਰ ਨਾਲ ਭਜ ਕੇ ਉਪਰ ਚੜ੍ਹ ਗਿਆ। (ਇੰਜ ਲਗਦਾ ਹੈ) ਮਾਨੋ ਸ਼ੇਰ ਕੁਦ ਕੇ ਪਰਬਤ ਉਤੇ ਚੜ੍ਹ ਗਿਆ ਹੋਵੇ ॥੧੧੩੦॥

ਪੁਨਿ ਆਇ ਭਿਰਿਯੋ ਗਜ ਸਿੰਘ ਸੋ ਬੀਰ ਬਲੀ ਮਨ ਮੈ ਨਹੀ ਨੈਕੁ ਡਰਿਯੋ ॥

ਫਿਰ ਬਲਵਾਨ ਸੂਰਮਾ ਆ ਕੇ ਗਜ ਸਿੰਘ ਨਾਲ ਲੜ ਪਿਆ ਅਤੇ ਮਨ ਵਿਚ ਬਿਲਕੁਲ ਨਾ ਡਰਿਆ।

ਧਨੁ ਬਾਨ ਸੰਭਾਰਿ ਕ੍ਰਿਪਾਨ ਗਦਾ ਰਿਸਿ ਬੀਚ ਅਯੋਧਨ ਜੁਧ ਕਰਿਯੋ ॥

ਧਨੁਸ਼, ਬਾਣ, ਕ੍ਰਿਪਾਨ, ਗਦਾ (ਆਦਿਕ ਹਥਿਆਰ) ਸੰਭਾਲ ਕੇ, ਕ੍ਰੋਧਿਤ ਹੋ ਕੇ ਰਣ-ਭੂਮੀ ਵਿਚ ਯੁੱਧ ਕੀਤਾ।

ਜੋਊ ਆਵਤ ਭਯੋ ਸਰੁ ਸਤ੍ਰਨ ਕੋ ਸੰਗਿ ਬਾਨਨ ਕੇ ਸੋਊ ਕਾਟਿ ਡਰਿਯੋ ॥

ਵੈਰੀ ਦਾ ਜੋ ਬਾਣ ਆਉਂਦਾ ਵੇਖਿਆ, ਉਸ ਨੂੰ ਬਾਣਾਂ ਨਾਲ ਹੀ ਕਟ ਕੇ ਸੁਟ ਦਿੱਤਾ।

ਕਬਿ ਸ੍ਯਾਮ ਕਹੈ ਬਲਦੇਵ ਮਹਾ ਰਨ ਕੀ ਛਿਤ ਤੇ ਨਹੀ ਪੈਗ ਟਰਿਯੋ ॥੧੧੩੧॥

ਕਵੀ ਸ਼ਿਆਮ ਕਹਿੰਦੇ ਹਨ, ਮਹਾਨ (ਸੂਰਮਾ) ਬਲਰਾਮ ਰਣ ਦੀ ਭੂਮੀ ਤੋਂ ਇਕ ਕਦਮ ਵੀ ਪਿਛੇ ਨਹੀਂ ਹਟਿਆ ਹੈ ॥੧੧੩੧॥

ਬਹੁਰੋ ਹਲ ਮੂਸਲ ਲੈ ਕਰ ਮੈ ਅਰਿ ਸਿਉ ਅਰ ਕੈ ਅਤਿ ਜੁਧ ਮਚਾਯੋ ॥

ਫਿਰ ਹੱਥ ਵਿਚ ਮੋਹਲਾ ਅਤੇ ਹਲ ਲੈ ਕੇ ਵੈਰੀ ਨਾਲ ਡਟ ਕੇ ਯੁੱਧ ਕੀਤਾ।

ਲੈ ਬਰਛਾ ਗਜ ਸਿੰਘ ਬਲੀ ਬਲਿ ਸਿਉ ਬਲਿਦੇਵ ਕੀ ਓਰਿ ਚਲਾਯੋ ॥

ਬਲਵਾਨ ਗਜ ਸਿੰਘ ਨੇ (ਹੱਥ ਵਿਚ) ਬਰਛਾ ਲੈ ਕੇ ਬਲ ਪੂਰਵਕ ਬਲਰਾਮ ਵਲ ਚਲਾਇਆ।

ਆਵਤ ਸੋ ਲਖਿ ਕੈ ਫਲ ਕੋ ਹਲ ਕਟਿ ਕੈ ਪੁਨ ਭੂਮਿ ਗਿਰਾਯੋ ॥

ਉਸ ਨੇ (ਬਰਛੇ) ਨੂੰ ਆਉਂਦੇ ਹੋਇਆ ਵੇਖ ਕੇ ਉਸ ਦੇ ਫਲ ਨੂੰ ਹਲ ਨਾਲ ਕਟ ਕੇ ਫਿਰ ਭੂਮੀ ਉਤੇ ਡਿਗਾ ਦਿੱਤਾ।

ਸੋ ਫਲ ਹੀਨ ਭਯੋ ਜਬ ਹੀ ਕਸ ਕੈ ਬਲਿਭਦ੍ਰ ਕੇ ਗਾਤਿ ਲਗਾਯੋ ॥੧੧੩੨॥

ਜਦੋਂ ਉਹ ਫਲ ਤੋਂ ਹੀਣਾ ਹੋ ਗਿਆ (ਤਾਂ ਗਜ ਸਿੰਘ ਨੇ) ਕਸ ਕੇ ਬਲਰਾਮ ਦੇ ਸ਼ਰੀਰ ਵਿਚ ਲਗਾ ਦਿੱਤਾ ॥੧੧੩੨॥

ਖਗ ਕਰੰ ਗਹਿ ਕੈ ਗਜ ਸਿੰਘ ਅਨੰਤ ਕੇ ਊਪਰਿ ਕੋਪਿ ਚਲਾਯੋ ॥

ਗਜ ਸਿੰਘ ਨੇ ਹੱਥ ਵਿਚ ਤਲਵਾਰ ਪਕੜ ਕੇ ਬਲਰਾਮ ('ਅਨੰਤ') ਉਪਰ ਚਲਾ ਦਿੱਤੀ।


Flag Counter