ਸ਼੍ਰੀ ਦਸਮ ਗ੍ਰੰਥ

ਅੰਗ - 1353


ਜਿਹ ਸਮਾਨ ਭੀ ਔਰ ਨ ਬਾਮਾ ॥

ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਹੋਈ ਸੀ।

ਸੋ ਕਾਰੂੰ ਕੀ ਛਬਿ ਲਖਿ ਅਟਿਕੀ ॥

ਉਹ ਕਾਰੂੰ (ਬਾਦਸ਼ਾਹ) ਦੀ ਸੁੰਦਰਤਾ ਨੂੰ ਵੇਖ ਕੇ ਅਟਕ ਗਈ।

ਬਿਸਰਿ ਗਈ ਸਭ ਹੀ ਸੁਧਿ ਘਟ ਕੀ ॥੩॥

ਉਸ ਨੂੰ (ਆਪਣੇ) ਸ਼ਰੀਰ ਦੀ ਸਾਰੀ ਸੁੱਧ ਬੁੱਧ ਭੁਲ ਗਈ ॥੩॥

ਅੜਿਲ ॥

ਅੜਿਲ:

ਸਖੀ ਸੁਭੂਖਨ ਦੇ ਤਹ ਦਈ ਪਠਾਇ ਕੈ ॥

ਸੁਭੂਖਨ ਦੇ (ਦੇਈ) ਨਾਂ ਦੀ ਸਖੀ ਨੂੰ ਉਥੇ ਭੇਜਿਆ

ਮੋਰੀ ਕਹੀ ਸਜਨ ਸੌ ਕਹਿਯਹੁ ਜਾਇ ਕੈ ॥

(ਅਤੇ ਕਿਹਾ ਕਿ) ਮੇਰੀ ਕਹੀ ਹੋਈ ਗੱਲ ਸੱਜਨ ਨੂੰ ਜਾ ਕੇ ਕਹਿ।

ਪ੍ਰਣਤਿ ਹਮਾਰੀ ਮੀਤ ਕਹਾ ਸੁਨਿ ਲੀਜਿਯੈ ॥

(ਅਤੇ ਇਹ ਵੀ) ਕਹਿਣਾ, ਹੇ ਮਿਤਰ! ਮੇਰੀ ਬੇਨਤੀ ਸੁਣ ਲਵੋ।

ਹੋ ਜਸਿ ਤਵ ਤ੍ਰਿਯ ਗ੍ਰਿਹ ਏਕ ਦੁਤਿਯ ਮੁਹਿ ਕੀਜਿਯੈ ॥੪॥

ਜੇ ਤੁਹਾਡੇ ਘਰ ਇਕ ਇਸਤਰੀ ਹੋਵੇ, ਤਾਂ ਮੈਨੂੰ ਦੂਜੀ ਵਜੋਂ ਰਖ ਲਵੋ ॥੪॥

ਚੌਪਈ ॥

ਚੌਪਈ:

ਕੁਅਰਿ ਕੁਅਰਿ ਕੀ ਬਾਤ ਬਖਾਨੀ ॥

ਇਸਤਰੀ (ਦਾਸੀ) ਨੇ ਰਾਜ ਕੁਮਾਰੀ ਦੀ ਗੱਲ ਬਖਾਨ ਕੀਤੀ।

ਰਾਜ ਕੁਅਰਿ ਕਰਿ ਏਕ ਨ ਮਾਨੀ ॥

(ਪਰ ਬਾਦਸ਼ਾਹ ਨੇ) ਰਾਜ ਕੁਮਾਰੀ ਦੀ ਇਕ ਨਾ ਮੰਨੀ।

ਇਮਿ ਸਖਿ ਜਾਇ ਤਾਹਿ ਸੁਧਿ ਦਈ ॥

ਇਸ ਗੱਲ ਦੀ ਸਾਰੀ ਖ਼ਬਰ (ਦਾਸੀ ਨੇ) ਰਾਜ ਕੁਮਾਰੀ ਨੂੰ ਜਾ ਕੇ ਦਿੱਤੀ,

ਕੁਅਰਿ ਬਸੰਤ ਰਿਸਾਕੁਲ ਭਈ ॥੫॥

ਤਾਂ ਬਸੰਤ ਕੁਮਾਰੀ ਰੋਹ ਨਾਲ ਵਿਆਕੁਲ ਹੋ ਗਈ ॥੫॥

ਤਤਛਿਨ ਸੁਰੰਗ ਧਾਮ ਨਿਜੁ ਦਈ ॥

(ਤਦ ਉਸ ਨੇ) ਤੁਰਤ ਆਪਣੇ ਘਰ ਵਿਚ ਸੁਰੰਗ ਬਣਾਈ

ਨ੍ਰਿਪ ਕੇ ਸਦਨ ਨਿਕਾਰਤ ਭਈ ॥

ਅਤੇ ਰਾਜੇ ਦੇ ਮਹੱਲ ਵਿਚ ਜਾ ਕਢੀ।

ਚਾਲਿਸ ਗੰਜ ਦਰਬ ਕੇ ਜੇਤੇ ॥

ਧਨ-ਦੌਲਤ ਦੇ ਜਿਤਨੇ ਵੀ ਚਾਲ੍ਹੀ ਖ਼ਜਾਨੇ ਸਨ,

ਨਿਜੁ ਆਲੈ ਰਾਖੇ ਲੈ ਤੇਤੇ ॥੬॥

ਉਤਨਿਆਂ ਨੂੰ ਹੀ ਲਿਆ ਕੇ ਆਪਣੇ ਘਰ ਰਖ ਲਿਆ ॥੬॥

ਮੂੜ ਭੂਪ ਕਛੁ ਬਾਤ ਨ ਪਾਈ ॥

ਮੂਰਖ ਰਾਜੇ ਨੇ ਕੁਝ ਵੀ ਗੱਲ ਨਾ ਸਮਝੀ

ਕਿਹ ਬਿਧਿ ਧਨ ਤ੍ਰਿਯ ਲਿਯਾ ਚੁਰਾਈ ॥

ਕਿ ਇਸਤਰੀ ਨੇ ਕਿਵੇਂ ਧਨ ਚੁਰਾ ਲਿਆ।

ਛੋਰਿ ਭੰਡਾਰ ਬਿਲੋਕੈ ਕਹਾ ॥

ਭੰਡਾਰ ਖੋਲ੍ਹ ਕੇ ਕੀ ਵੇਖਿਆ

ਪੈਸਾ ਏਕ ਨ ਧਨ ਗ੍ਰਿਹ ਰਹਾ ॥੭॥

ਕਿ ਘਰ ਵਿਚ ਧਨ ਦਾ ਇਕ ਪੈਸਾ ਵੀ ਨਹੀਂ ਰਿਹਾ ॥੭॥

ਅੜਿਲ ॥

ਅੜਿਲ:

ਅਧਿਕ ਦੁਖਿਤ ਹ੍ਵੈ ਲੋਗਨ ਲਿਯਾ ਬੁਲਾਇ ਕੈ ॥

ਅਧਿਕ ਦੁਖੀ ਹੋ ਕੇ (ਬਾਦਸ਼ਾਹ ਨੇ) ਲੋਕਾਂ ਨੂੰ ਬੁਲਾ ਲਿਆ

ਭਾਤਿ ਭਾਤਿ ਤਿਨ ਪ੍ਰਤਿ ਕਹ ਦੂਖ ਬਨਾਇ ਕੈ ॥

ਅਤੇ ਦੁਖੀ ਹੋ ਕੇ ਤਰ੍ਹਾਂ ਤਰ੍ਹਾਂ ਨਾਲ ਲੋਕਾਂ ਨੂੰ ਕਿਹਾ ਕਿ ਦਸੋ,

ਐਸਾ ਕਵਨ ਕੁਕਰਮ ਕਹੋ ਹਮ ਤੇ ਭਯੋ ॥

ਮੇਰੇ ਤੋਂ ਅਜਿਹਾ ਕਿਹੜਾ ਕੁਕਰਮ ਹੋਇਆ ਹੈ

ਹੋ ਜਿਹ ਕਾਰਨ ਤੇ ਗ੍ਰਿਹ ਚਾਲਿਸ ਕਾ ਧਨ ਗਯੋ ॥੮॥

ਜਿਸ ਕਰ ਕੇ ਚਾਲ੍ਹੀ ਖ਼ਜ਼ਾਨਿਆਂ ਦਾ ਧਨ ਚਲਿਆ ਗਿਆ ਹੈ ॥੮॥

ਚੌਪਈ ॥

ਚੌਪਈ:

ਸਭ ਲੋਗਨ ਇਹ ਭਾਤਿ ਬਿਚਾਰੀ ॥

ਸਾਰਿਆਂ ਲੋਕਾਂ ਨੇ ਇਸ ਤਰ੍ਹਾਂ ਸੋਚਿਆ

ਪ੍ਰਗਟ ਰਾਵ ਕੇ ਸਾਥ ਉਚਾਰੀ ॥

ਅਤੇ ਰਾਜੇ ਨੂੰ ਸਾਫ਼ ਸਾਫ਼ ਕਿਹਾ,

ਦਾਨ ਪੁੰਨ੍ਯ ਤੈ ਕਛੂ ਨ ਦਯੋ ॥

ਤੂੰ ਦਾਨ ਪੁੰਨ ਕੁਝ ਨਹੀਂ ਕੀਤਾ,

ਤਿਹ ਤੇ ਗ੍ਰਿਹ ਕੋ ਸਭ ਧਨ ਗਯੋ ॥੯॥

ਇਸ ਲਈ ਘਰ ਦਾ ਸਾਰਾ ਧਨ ਚਲਾ ਗਿਆ ਹੈ ॥੯॥

ਸੁਨਿ ਜੁਹਾਕੁ ਪਾਯੋ ਇਹ ਬਿਧਿ ਜਬ ॥

ਜਦ ਜੁਹਾਕ (ਬਾਦਸ਼ਾਹ) ਨੇ ਇਸ ਤਰ੍ਹਾਂ ਸੁਣਿਆ,

ਧਾਵਤ ਭਲੋ ਅਮਿਤ ਲੈ ਦਲ ਤਬ ॥

ਤਦ ਬਹੁਤ ਸੈਨਾ ਲੈ ਕੇ ਚੜ੍ਹ ਆਇਆ।

ਛੀਨਿ ਲਈ ਤਾ ਕੀ ਸਭ ਸਾਹੀ ॥

ਉਸ ਦੀ ਸਾਰੀ ਬਾਦਸ਼ਾਹੀ ਖੋਹ ਲਈ

ਕੁਅਰਿ ਬਸੰਤ ਨਾਰਿ ਕਰ ਬ੍ਯਾਹੀ ॥੧੦॥

ਅਤੇ ਬਸੰਤ ਕੁਮਾਰੀ ਨੂੰ ਵਿਆਹ ਕੇ ਆਪਣੀ ਇਸਤਰੀ ਬਣਾ ਲਿਆ ॥੧੦॥

ਦੋਹਰਾ ॥

ਦੋਹਰਾ:

ਇਹ ਚਰਿਤ੍ਰ ਤਿਨ ਚੰਚਲਾ ਸਕਲ ਦਰਬ ਹਰਿ ਲੀਨ ॥

ਉਸ ਇਸਤਰੀ ਨੇ ਇਹ ਚਰਿਤ੍ਰ ਕਰ ਕੇ ਸਾਰਾ ਧਨ ਹਰ ਲਿਆ।

ਇਹ ਬਿਧਿ ਕੈ ਕਾਰੂੰ ਹਨਾ ਨਾਥ ਜੁਹਾਕਹਿ ਕੀਨ ॥੧੧॥

ਇਸ ਤਰ੍ਹਾਂ ਨਾਲ ਕਾਰੂੰ (ਬਾਦਸ਼ਾਹ) ਨੂੰ ਮਾਰ ਦਿੱਤਾ ਅਤੇ ਜੁਹਾਕ ਨੂੰ ਪਤੀ ਬਣਾ ਲਿਆ ॥੧੧॥

ਚੌਪਈ ॥

ਚੌਪਈ:

ਲੋਗ ਆਜੁ ਲਗਿ ਬਾਤ ਨ ਜਾਨਤ ॥

ਲੋਕੀਂ ਅਜ ਤਕ ਅਸਲ ਗੱਲ ਨਹੀਂ ਜਾਣਦੇ

ਗੜਾ ਗੰਜ ਆਜੁ ਲੌ ਬਖਾਨਤ ॥

ਅਤੇ ਹੁਣ ਤਕ ਖ਼ਜ਼ਾਨਾ ਦਬਿਆ ਹੋਇਆ ਦਸਦੇ ਹਨ।

ਐਸੇ ਚਰਿਤ ਚੰਚਲਾ ਕਰਾ ॥

ਇਸਤਰੀ ਨੇ ਅਜਿਹਾ ਚਰਿਤ੍ਰ ਕੀਤਾ।

ਕਾਰੂੰ ਮਾਰ ਜੁਹਾਕਹਿ ਬਰਾ ॥੧੨॥

ਕਾਰੂੰ ਨੂੰ ਮਾਰ ਕੇ ਜੁਹਾਕ ਨੂੰ ਵਰ ਲਿਆ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੧॥੭੦੯੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦੧॥੭੦੯੪॥ ਚਲਦਾ॥

ਚੌਪਈ ॥

ਚੌਪਈ:

ਚਿੰਜੀ ਸਹਰ ਬਸਤ ਹੈ ਜਹਾ ॥

ਜਿਥੇ ਚਿੰਜੀ ਨਾਂ ਦਾ ਨਗਰ ਵਸਦਾ ਸੀ,

ਚਿੰਗਸ ਸੈਨ ਨਰਾਧਿਪ ਤਹਾ ॥

ਉਥੇ ਚਿੰਗਸ ਸੈਨ ਨਾਂ ਦਾ ਰਾਜਾ (ਰਾਜ ਕਰਦਾ) ਸੀ।

ਗੈਹਰ ਮਤੀ ਨਾਰਿ ਤਿਹ ਕਹਿਯਤ ॥

ਉਸ ਦੀ ਪਤਨੀ ਗੈਹਰ ਮਤੀ ਕਹੀ ਜਾਂਦੀ ਸੀ,