ਸ਼੍ਰੀ ਦਸਮ ਗ੍ਰੰਥ

ਅੰਗ - 429


ਬਿਕ੍ਰਤਾਨਨ ਕੋ ਬਧ ਪੇਖਿ ਕੁਰੂਪ ਸੁ ਕਾਲ ਕੋ ਪ੍ਰੇਰਿਓ ਅਕਾਸ ਤੇ ਆਯੋ ॥

ਬਿਕ੍ਰਤਾਨਨ ਦੇ ਬਧ ਨੂੰ ਵੇਖ ਕੇ ਕੁਰੂਪ, ਕਾਲ ਦਾ ਪ੍ਰੇਰਿਆ ਹੋਇਆ ਆਕਾਸ਼ ਤੋਂ ਆ ਗਿਆ।

ਬਾਨ ਕਮਾਨ ਕ੍ਰਿਪਾਨ ਗਦਾ ਗਹਿ ਲੈ ਕਰ ਮੈ ਅਤਿ ਜੁਧ ਮਚਾਯੋ ॥

ਬਾਣ, ਕਮਾਨ, ਕ੍ਰਿਪਾਨ, ਗਦਾ (ਆਦਿਕ ਸ਼ਸਤ੍ਰ) ਹੱਥ ਵਿਚ ਪਕੜ ਕੇ (ਉਸ ਨੇ) ਬਹੁਤ ਯੁੱਧ ਮਚਾਇਆ।

ਸ੍ਰੀ ਸਕਤੇਸ ਬਡੁ ਧਨੁ ਤਾਨ ਕੈ ਬਾਨ ਮਹਾ ਅਰਿ ਗ੍ਰੀਵ ਲਗਾਯੋ ॥

ਸ੍ਰੀ ਸ਼ਕਤਿ ਸਿੰਘ ਨੇ ਵੱਡਾ ਧਨੁਸ਼ ਖਿਚ ਕੇ (ਇਕ) ਤਿਖਾ ਬਾਣ ਵੈਰੀ ਦੀ ਗਰਦਨ ਵਿਚ ਮਾਰ ਦਿੱਤਾ।

ਸੀਸ ਪਰਿਓ ਕਟਿ ਕੈ ਧਰਨੀ ਸੁ ਕਬੰਧ ਲਏ ਅਸਿ ਕੋ ਰਨਿ ਧਾਯੋ ॥੧੩੨੦॥

(ਉਸ ਦਾ) ਸਿਰ ਕਟਿਆ ਹੋਇਆ ਧਰਤੀ ਉਤੇ ਡਿਗ ਪਿਆ ਅਤੇ ਧੜ ਤਲਵਾਰ ਲੈ ਕੇ ਯੁੱਧ ਕਰਨ ਲਈ ਦੌੜ ਪਿਆ ॥੧੩੨੦॥

ਕਬਿਯੋ ਬਾਚ ਦੋਹਰਾ ॥

ਕਵੀ ਨੇ ਕਿਹਾ ਦੋਹਰਾ:

ਸਕਤਿ ਸਿੰਘ ਕੇ ਸਾਮੁਹੇ ਗਯੋ ਲੀਏ ਕਰਵਾਰ ॥

(ਕੁਰੂਪ) ਤਲਵਾਰ ਲੈ ਕੇ ਸ਼ਕਤਿ ਸਿੰਘ ਦੇ ਸਾਹਮਣੇ ਗਿਆ।

ਏਕ ਬਾਨ ਨ੍ਰਿਪ ਨੇ ਹਨਿਯੋ ਗਿਰਿਯੋ ਭੂਮਿ ਮਝਾਰਿ ॥੧੩੨੧॥

ਰਾਜੇ ਨੇ ਇਕ ਬਾਣ ਚਲਾਇਆ, (ਜਿਸ ਨਾਲ ਉਹ) ਧਰਤੀ ਉਤੇ ਡਿਗ ਪਿਆ ॥੧੩੨੧॥

ਜਬ ਕੁਰੂਪ ਸੈਨਾ ਸਹਿਤ ਭੂਪਤਿ ਦਯੋ ਸੰਘਾਰ ॥

ਜਦ ਰਾਜਾ (ਸ਼ਕਤਿ ਸਿੰਘ) ਨੇ ਕੁਰੂਪ ਨੂੰ ਸੈਨਾ ਸਹਿਤ ਮਾਰ ਦਿੱਤਾ,

ਤਬ ਜਾਦਵ ਲਖ ਸਮਰ ਮੈ ਕੀਨੋ ਹਾਹਾਕਾਰ ॥੧੩੨੨॥

ਤਦ ਯਾਦਵਾਂ ਨੇ ਯੁੱਧ ਨੂੰ ਵੇਖ ਕੇ ਹਾਹਾਕਾਰ ਮਚਾ ਦਿੱਤੀ ॥੧੩੨੨॥

ਬਹੁਤੁ ਲਰਿਯੋ ਅਰਿ ਬੀਰ ਰਨਿ ਕਹਿਓ ਸ੍ਯਾਮ ਸੋ ਰਾਮ ॥

ਬਲਰਾਮ ਨੇ ਕ੍ਰਿਸ਼ਨ ਨੂੰ ਕਿਹਾ ਕਿ ਵੈਰੀ ਸੂਰਮਾ ਰਣ ਵਿਚ ਬਹੁਤ ਲੜਿਆ ਹੈ।

ਕਿਉ ਨ ਲਰੈ ਕਹਿਯੋ ਕ੍ਰਿਸਨ ਜੂ ਸਕਤਿ ਸਿੰਘ ਜਿਹ ਨਾਮ ॥੧੩੨੩॥

(ਉੱਤਰ ਵਿਚ) ਕ੍ਰਿਸ਼ਨ ਜੀ ਨੇ ਕਿਹਾ, ਜਿਸ ਦਾ ਨਾਂ ਹੀ ਸ਼ਕਤਿ ਸਿੰਘ ਹੈ, ਉਹ ਕਿਉਂ ਨਾ ਲੜਦਾ ॥੧੩੨੩॥

ਚੌਪਈ ॥

ਚੌਪਈ:

ਤਬ ਹਰਿ ਜੂ ਸਬ ਸੋ ਇਮ ਕਹਿਯੋ ॥

ਤਦ ਸ੍ਰੀ ਕ੍ਰਿਸ਼ਨ ਨੇ ਸਾਰਿਆਂ ਨੂੰ ਇਸ ਤਰ੍ਹਾਂ ਕਿਹਾ

ਸਕਤਿ ਸਿੰਘ ਬਧ ਹਮ ਤੇ ਰਹਿਯੋ ॥

ਕਿ ਸ਼ਕਤਿ ਸਿੰਘ ਸਾਡੇ ਤੋਂ ਮਾਰਿਆ ਨਹੀਂ ਜਾ ਸਕਿਆ।

ਇਨ ਅਤਿ ਹਿਤ ਸੋ ਚੰਡਿ ਮਨਾਈ ॥

ਇਸ ਨੇ ਬੜੇ ਹਿਤ ਨਾਲ ਚੰਡੀ ਨੂੰ ਮੰਨਾਇਆ ਹੋਇਆ ਹੈ।

ਤਾ ਤੇ ਹਮਰੀ ਸੈਨ ਖਪਾਈ ॥੧੩੨੪॥

ਇਸ ਲਈ ਸਾਡੀ ਸੈਨਾ ਨਸ਼ਟ ਕਰ ਦਿੱਤੀ ਹੈ ॥੧੩੨੪॥

ਦੋਹਰਾ ॥

ਦੋਹਰਾ:

ਤਾ ਤੇ ਤੁਮ ਹੂੰ ਚੰਡਿ ਕੀ ਸੇਵ ਕਰਹੁ ਚਿਤੁ ਲਾਇ ॥

ਇਸ ਲਈ ਤੁਸੀਂ ਵੀ ਚਿਤ ਲਾ ਕੇ ਚੰਡੀ ਦੀ ਸੇਵਾ ਕਰੋ।

ਜੀਤਨ ਕੋ ਬਰੁ ਦੇਇਗੀ ਅਰਿ ਤਬ ਲੀਜਹੁ ਘਾਇ ॥੧੩੨੫॥

(ਜਦ ਉਹ ਤੁਹਾਨੂੰ) ਜਿਤਣ ਦਾ ਵਰ ਦੇਵੇਗੀ, ਤਦ (ਤੁਸੀਂ) ਵੈਰੀ ਨੂੰ ਮਾਰ ਲੈਣਾ ॥੧੩੨੫॥

ਜਾਗਤ ਜਾ ਕੀ ਜੋਤਿ ਜਗਿ ਜਲਿ ਥਲਿ ਰਹੀ ਸਮਾਇ ॥

ਜਿਸ ਦੀ ਜੋਤਿ ਜਗਤ ਵਿਚ ਜਗ ਰਹੀ ਹੈ ਅਤੇ ਜੋ ਜਲ ਥਲ ਵਿਚ ਸਮਾਈ ਹੋਈ ਹੈ,

ਬ੍ਰਹਮ ਬਿਸਨੁ ਹਰ ਰੂਪ ਮੈ ਤ੍ਰਿਗੁਨਿ ਰਹੀ ਠਹਰਾਇ ॥੧੩੨੬॥

(ਉਹ) ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਦੇ ਰੂਪ ਵਿਚ ਤਿੰਨ ਗੁਣਾਂ (ਰਜੋ, ਸਤੋ ਅਤੇ ਤਮੋ) ਵਿਚ ਸਥਿਤ ਹੋ ਰਹੀ ਹੈ ॥੧੩੨੬॥

ਸਵੈਯਾ ॥

ਸਵੈਯਾ:

ਜਾ ਕੀ ਕਲਾ ਬਰਤੈ ਜਗ ਮੈ ਅਰੁ ਜਾ ਕੀ ਕਲਾ ਸਬ ਰੂਪਨ ਮੈ ॥

ਜਿਸ ਦੀ ਸ਼ਕਤੀ ('ਕਲਾ') ਜਗਤ ਵਿਚ ਵਰਤ ਰਹੀ ਹੈ ਅਤੇ ਜਿਸ ਦੀ ਕਲਾ ਸਾਰਿਆਂ ਰੂਪਾਂ ਵਿਚ ਪ੍ਰਗਟ ਹੋ ਰਹੀ ਹੈ।

ਅਰੁ ਜਾ ਕੀ ਕਲਾ ਬਿਮਲਾ ਹਰ ਕੇ ਕਮਲਾ ਪਤਿ ਕੇ ਕਮਲਾ ਤਨ ਮੈ ॥

ਅਤੇ ਜਿਸ ਦੀ ਕਲਾ ਸ਼ਿਵ ਪਾਰਬਤੀ ਰੂਪ ਹੋ ਕੇ, ਵਿਸ਼ਣੂ ਦੇ ਤਨ ਵਿਚ ਲੱਛਮੀ ਰੂਪ ਹੋ ਕੇ ਬਿਰਾਜ ਰਹੀ ਹੈ।


Flag Counter