ਸ਼੍ਰੀ ਦਸਮ ਗ੍ਰੰਥ

ਅੰਗ - 70


ਘਨਿਯੋ ਕਾਲ ਕੈ ਕੈ ॥

ਬਹੁਤਿਆਂ ਦੀ ਮੌਤ (ਦਾ ਕਾਰਨ) ਬਣ ਕੇ,

ਚਲੈ ਜਸ ਲੈ ਕੈ ॥੬੧॥

ਯਸ਼ ਹਾਸਲ ਕਰਦਾ (ਖ਼ੁਦ ਵੀ ਕਾਲ ਵਸ ਹੋ ਕੇ) ਚਲਾ ਗਿਆ ॥੬੧॥

ਬਜੇ ਸੰਖ ਨਾਦੰ ॥

ਸੰਖ ਅਤੇ ਧੌਂਸੇ ਵਜਦੇ ਹਨ

ਸੁਰੰ ਨਿਰਬਿਖਾਦੰ ॥

ਅਤੇ ਲਗਾਤਾਰ ਧੁਨਾਂ ਨਿਕਲ ਰਹੀਆਂ ਹਨ।

ਬਜੇ ਡੌਰ ਡਢੰ ॥

ਡੌਰੂ ਅਤੇ ਡੱਫਾਂ ਵੱਜਦੀਆਂ ਹਨ।

ਹਠੇ ਸਸਤ੍ਰ ਕਢੰ ॥੬੨॥

ਹਠੀਲੇ ਸੂਰਮੇ ਸ਼ਸਤ੍ਰ ਕਢਦੇ ਹਨ ॥੬੨॥

ਪਰੀ ਭੀਰ ਭਾਰੀ ॥

ਬਹੁਤ ਭੀੜ ਮਚ ਗਈ ਹੈ।

ਜੁਝੈ ਛਤ੍ਰ ਧਾਰੀ ॥

ਕਈ ਛਤ੍ਰਧਾਰੀ (ਰਾਜੇ) ਮਾਰੇ ਗਏ ਹਨ।

ਮੁਖੰ ਮੁਛ ਬੰਕੰ ॥

ਮੂੰਹ ਉਤੇ ਸੁੰਦਰ ਮੁੱਛਾਂ ਵਾਲੇ

ਮੰਡੇ ਬੀਰ ਹੰਕੰ ॥੬੩॥

ਸੂਰਵੀਰ ਲਲਕਾਰੇ ਮਾਰ ਰਹੇ ਹਨ ॥੬੩॥

ਮੁਖੰ ਮਾਰਿ ਬੋਲੈ ॥

ਮੂੰਹੋ ਮਾਰੋ-ਮਾਰੋ ਬੋਲਦੇ ਹਨ।

ਰਣੰ ਭੂਮਿ ਡੋਲੈ ॥

ਰਣ-ਭੂਮੀ ਵਿਚ ਵਿਚਰ ਰਹੇ ਹਨ।

ਹਥਿਯਾਰੰ ਸੰਭਾਰੈ ॥

ਹਥਿਆਰਾਂ ਨੂੰ ਸੰਭਾਲ ਕੇ

ਉਭੈ ਬਾਜ ਡਾਰੈ ॥੬੪॥

ਦੋਹਾਂ ਪਾਸਿਆਂ (ਦੇ ਸੂਰਮੇ) ਘੋੜੇ ਭਜਾਉਂਦੇ ਹਨ ॥੬੪॥

ਦੋਹਰਾ ॥

ਦੋਹਰਾ:

ਰਣ ਜੁਝਤ ਕਿਰਪਾਲ ਕੈ ਨਾਚਤ ਭਯੋ ਗੁਪਾਲ ॥

ਰਣ-ਭੂਮੀ ਵਿਚ ਕ੍ਰਿਪਾਲ ਚੰਦ ਦੇ ਜੂਝਣ ਨਾਲ ਗੋਪਾਲ ਚੰਦ (ਖੁਸ਼ੀ ਨਾਲ) ਨਚਣ ਲਗਿਆ।

ਸੈਨ ਸਬੈ ਸਿਰਦਾਰ ਦੈ ਭਾਜਤ ਭਈ ਬਿਹਾਲ ॥੬੫॥

ਦੋਹਾਂ ਸਰਦਾਰਾਂ (ਹੁਸੈਨੀ ਅਤੇ ਕ੍ਰਿਪਾਲ ਚੰਦ) ਦੀ ਸਾਰੀ ਸੈਨਾ ਬੇਹਾਲ ਹੋ ਕੇ ਭਜ ਗਈ ॥੬੫॥

ਖਾਨ ਹੁਸੈਨ ਕ੍ਰਿਪਾਲ ਕੇ ਹਿੰਮਤ ਰਣਿ ਜੂਝੰਤ ॥

ਹੁਸੈਨੀ ਖ਼ਾਨ, ਕ੍ਰਿਪਾਲ ਚੰਦ ਅਤੇ ਹਿੰਮਤ ਦੇ ਰਣ ਵਿਚ ਮਾਰੇ ਜਾਣ ਕਰ ਕੇ

ਭਾਜਿ ਚਲੇ ਜੋਧਾ ਸਬੈ ਜਿਮ ਦੇ ਮੁਕਟ ਮਹੰਤ ॥੬੬॥

ਸਾਰੇ ਯੋਧੇ (ਉਥੋਂ) ਭਜ ਚਲੇ ਜਿਵੇਂ (ਕਿਸੇ) ਮਹੰਤ ਨੂੰ ਮੁਕਟ ਦੇ ਕੇ ਲੋਕੀਂ ਚਲੇ ਜਾਂਦੇ ਹਨ ॥੬੬॥

ਚੌਪਈ ॥

ਚੌਪਈ:

ਇਹ ਬਿਧਿ ਸਤ੍ਰ ਸਬੈ ਚੁਨਿ ਮਾਰੇ ॥

ਇਸ ਤਰ੍ਹਾਂ (ਗੋਪਾਲ ਚੰਦ ਨੇ) ਸਾਰੇ ਵੈਰੀ ਚੁਣ ਚੁਣ ਕੇ ਮਾਰੇ

ਗਿਰੇ ਆਪਨੇ ਸੂਰ ਸੰਭਾਰੇ ॥

(ਅਤੇ ਫਿਰ) ਡਿਗੇ ਹੋਏ ਆਪਣੇ ਸੂਰਮੇ ਸੰਭਾਲੇ।

ਤਹ ਘਾਇਲ ਹਿਮੰਤ ਕਹ ਲਹਾ ॥

ਉਥੇ ਘਾਇਲ ਹੋਏ ਹਿੰਮਤ ਨੂੰ ਵੇਖ ਕੇ

ਰਾਮ ਸਿੰਘ ਗੋਪਾਲ ਸਿਉ ਕਹਾ ॥੬੭॥

ਰਾਮ ਸਿੰਘ ਨੇ ਗੋਪਾਲ ਚੰਦ ਨੂੰ ਕਿਹਾ ॥੬੭॥

ਜਿਨਿ ਹਿੰਮਤ ਅਸ ਕਲਹ ਬਢਾਯੋ ॥

ਜਿਸ ਹਿੰਮਤ ਨੇ ਅਜਿਹਾ ਵੈਰ ਵਧਾਇਆ ਸੀ,

ਘਾਇਲ ਆਜੁ ਹਾਥ ਵਹ ਆਯੋ ॥

ਅਜ ਉਹ ਘਾਇਲ (ਅਵਸਥਾ ਵਿਚ ਸਾਡੇ) ਹੱਥ ਲਗਾ ਹੈ।

ਜਬ ਗੁਪਾਲ ਐਸੇ ਸੁਨਿ ਪਾਵਾ ॥

ਜਦ ਗੋਪਾਲ ਚੰਦ ਨੇ ਅਜਿਹਾ ਸੁਣਿਆ

ਮਾਰਿ ਦੀਯੋ ਜੀਅਤ ਨ ਉਠਾਵਾ ॥੬੮॥

ਤਾਂ (ਉਸ ਨੇ ਹਿੰਮਤ ਨੂੰ) ਮਾਰ ਦਿੱਤਾ ਅਤੇ ਜੀਉਂਦਾ ਨਾ ਉਠਣ ਦਿੱਤਾ ॥੬੮॥

ਜੀਤ ਭਈ ਰਨ ਭਯੋ ਉਜਾਰਾ ॥

(ਪਹਾੜੀ ਰਾਜਿਆਂ ਦੀ) ਜਿਤ ਹੋ ਗਈ ਅਤੇ ਰਣ-ਭੂਮੀ ਖਿੰਡ ਗਈ।

ਸਿਮ੍ਰਿਤ ਕਰਿ ਸਭ ਘਰੋ ਸਿਧਾਰਾ ॥

(ਯੁੱਧ ਦੀਆਂ ਘਟਨਾਵਾਂ ਨੂੰ) ਚੇਤੇ ਕਰਦੇ ਸਭ (ਸੈਨਿਕ) ਘਰੋ-ਘਰੀਂ ਚਲੇ ਗਏ।

ਰਾਖਿ ਲੀਯੋ ਹਮ ਕੋ ਜਗਰਾਈ ॥

ਸਾਨੂੰ ਪਰਮਾਤਮਾ ਨੈ ਰਖ ਲਿਆ

ਲੋਹ ਘਟਾ ਅਨ ਤੇ ਬਰਸਾਈ ॥੬੯॥

ਅਤੇ ਸ਼ਸਤ੍ਰਾਂ ਦਾ ਬਦਲ (ਲੋਹ-ਘਟਾ) ਹੋਰ ਥਾਂ ਤੇ ਵਰ੍ਹਾ ਦਿੱਤਾ ॥੬੯॥

ਇਤਿ ਸ੍ਰੀ ਬਚਿਤ੍ਰ ਨਾਟਕ ਗੰਥੇ ਹੁਸੈਨ ਬਧਹ ਕ੍ਰਿਪਾਲ ਹਿੰਮਤ ਸੰਗਤੀਆ ਬਧ ਬਰਨਨੰ ਨਾਮ ਗਿਆਰਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੧॥ਅਫਜੂ॥੪੨੩॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਹੁਸੈਨੀ ਬਧ ਕ੍ਰਿਪਾਲ ਹਿੰਮਤ ਸੰਗਤੀਆਂ ਬਧ ਬਰਨਨੰ' ਨਾਂ ਦਾ ਗਿਆਰ੍ਹਵਾਂ ਅਧਿਆਇ ਸਮਾਪਤ ਹੁੰਦਾ ਹੈ, ਸਭ ਸ਼ੁਭ ਹੈ ॥੧੧॥ਅਫਜੂ॥੪੨੩॥

ਚੌਪਈ ॥

ਚੌਪਈ:

ਜੁਧ ਭਯੋ ਇਹ ਭਾਤਿ ਅਪਾਰਾ ॥

ਇਸ ਤਰ੍ਹਾਂ ਨਾਲ ਵਡਾ ਯੁੱਧ ਹੋਇਆ

ਤੁਰਕਨ ਕੋ ਮਾਰਿਯੋ ਸਿਰਦਾਰਾ ॥

ਜਿਸ ਵਿਚ ਤੁਰਕਾਂ ਦੇ ਮੁੱਖੀਆਂ ਨੂੰ ਮਾਰ ਦਿੱਤਾ ਗਿਆ।

ਰਿਸ ਤਨ ਖਾਨ ਦਿਲਾਵਰ ਤਏ ॥

(ਫਲਸਰੂਪ) ਦਿਲਾਵਰ ਖ਼ਾਨ ਨੇ ਕ੍ਰੋਧ ਨਾਲ ਲਾਲ-ਪੀਲਾ ਹੋ ਕੇ

ਇਤੈ ਸਊਰ ਪਠਾਵਤ ਭਏ ॥੧॥

ਇਧਰ ਸਵਾਰਾਂ (ਦਾ ਦਲ) ਭੇਜ ਦਿੱਤਾ ॥੧॥

ਉਤੈ ਪਠਿਓ ਉਨਿ ਸਿੰਘ ਜੁਝਾਰਾ ॥

ਉਥੋਂ (ਦੂਜੇ ਪਾਸਿਓਂ) ਉਨ੍ਹਾਂ ਨੇ ਜੁਝਾਰ ਸਿੰਘ ਨੂੰ ਭੇਜਿਆ।

ਤਿਹ ਭਲਾਨ ਤੇ ਖੇਦਿ ਨਿਕਾਰਾ ॥

(ਉਸ ਨੇ) ਭਲਾਨ (ਨਾਮਕ ਕਸਬੇ) ਤੋਂ ਉਨ੍ਹਾਂ ਨੂੰ (ਸ਼ਾਹੀ ਫੌਜ ਨੂੰ) ਭਜਾ ਦਿੱਤਾ।

ਇਤ ਗਜ ਸਿੰਘ ਪੰਮਾ ਦਲ ਜੋਰਾ ॥

ਇਧਰੋਂ ਗਜ ਸਿੰਘ ਅਤੇ ਪੰਮਾ (ਪਰਮਾਨੰਦ) ਨੇ ਸੈਨਾ ਇਕੱਠੀ ਕੀਤੀ

ਧਾਇ ਪਰੇ ਤਿਨ ਉਪਰ ਭੋਰਾ ॥੨॥

ਅਤੇ ਪ੍ਰਭਾਤ ਵੇਲੇ ਉਨ੍ਹਾਂ ਉਤੇ ਜਾ ਪਏ ॥੨॥

ਉਤੈ ਜੁਝਾਰ ਸਿੰਘ ਭਯੋ ਆਡਾ ॥

ਉਧਰ ਜੁਝਾਰ ਸਿੰਘ (ਰਣ-ਭੂਮੀ ਵਿਚ) ਇੰਜ ਡਟ ਗਿਆ

ਜਿਮ ਰਨ ਖੰਭ ਭੂਮਿ ਰਨਿ ਗਾਡਾ ॥

ਮਾਨੋ ਯੁੱਧ-ਭੂਮੀ ਵਿਚ ਕਿਸੇ ਨੇ ਖੰਭਾ ਗਡ ਦਿੱਤਾ ਹੋਵੇ।

ਗਾਡਾ ਚਲੈ ਨ ਹਾਡਾ ਚਲਿ ਹੈ ॥

ਗਡਿਆ ਹੋਇਆ (ਝੰਡਾ) ਤਾਂ ਭਾਵੇਂ ਹਿਲ ਜਾਏ, ਪਰ ਹਾਡਾ (ਜਾਤਿ ਦਾ ਰਾਜਪੂਤ ਯੁੱਧ-ਭੂਮੀ ਵਿਚੋਂ) ਹਿਲਣ ਵਾਲਾ ਨਹੀਂ ਹੈ।

ਸਾਮੁਹਿ ਸੇਲ ਸਮਰ ਮੋ ਝਲਿ ਹੈ ॥੩॥

ਯੁੱਧ ਵਿਚ ਸਾਹਮਣਿਓਂ ਬਰਛੇ ਨੂੰ ਝਲਦਾ ਹੈ ॥੩॥

ਬਾਟਿ ਚੜੈ ਦਲ ਦੋਊ ਜੁਝਾਰਾ ॥

ਸੂਰਮਿਆਂ ਦੇ ਦੋਵੇਂ ਦਲ ਵੰਡ ਕੇ (ਇਕ ਦੂਜੇ ਉਤੇ) ਚੜ੍ਹ ਆਏ।

ਉਤੇ ਚੰਦੇਲ ਇਤੇ ਜਸਵਾਰਾ ॥

ਉਧਰੋਂ ਚੰਦੇਲ (ਜਾਤਿ ਦਾ ਰਾਜਾ) ਅਤੇ ਇਧਰੋਂ ਜਸਵਾਲ ਦਾ ਰਾਜਾ ਸੀ।