ਇਸ ਲਈ (ਉਸ ਨੇ) ਮੈਨੂੰ ਬੁਲਾਇਆ ਹੈ ॥੧੦॥
ਰਾਣੀ ਨਾਲ ਮੈਂ ਭੋਗ ਕਰਾਂਗਾ
ਅਤੇ ਭਾਂਤ ਭਾਂਤ ਦੇ ਆਸਣ ਧਰਾਂਗਾ।
ਰਾਜੇ ਦੀ ਪਤਨੀ ਨੂੰ ਬਹੁਤ ਪ੍ਰਸੰਨ ਕਰਾਂਗਾ
ਅਤੇ ਜੋ ਮੂੰਹੋਂ ਮੰਗਾਂਗਾ, ਉਹੀ ਪ੍ਰਾਪਤ ਕਰਾਂਗਾ ॥੧੧॥
(ਉਸ ਨੇ) ਸ਼ਾਹ ਦੀ ਪੁੱਤਰੀ ਨਾਲ ਸੰਯੋਗ ਕੀਤਾ
ਅਤੇ ਉਸ ਨੂੰ ਰਾਜੇ ਦੀ ਇਸਤਰੀ ਸਮਝਣ ਲਗਾ।
(ਉਸ) ਮੂਰਖ ਨੇ ਭੇਦ ਅਭੇਦ ਨਾ ਪਛਾਣਿਆ
ਅਤੇ ਇਸ ਛਲ ਨਾਲ ਆਪਣਾ ਸਿਰ ਮੁੰਨਵਾ ਲਿਆ (ਭਾਵ ਆਪਣੇ ਆਪ ਨੂੰ ਛਲਵਾ ਲਿਆ) ॥੧੨॥
ਦੋਹਰਾ:
ਸ਼ਾਹ ਦੀ ਪੁੱਤਰੀ ਨੂੰ ਮਨ ਵਿਚ ਰਾਜੇ ਦੀ ਪਤਨੀ ਸਮਝਦਾ ਸੀ
ਅਤੇ ਪ੍ਰਸੰਨ ਹੋ ਕੇ ਉਸ ਨਾਲ ਰਮਣ ਕਰਦਾ ਸੀ। ਪਰ ਉਸ ਨੇ ਭੇਦ ਨੂੰ ਨਹੀਂ ਪਛਾਣਿਆ ॥੧੩॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੫॥੫੪੨੫॥ ਚਲਦਾ॥
ਭੁਜੰਗ ਪ੍ਰਯਾਤ ਛੰਦ:
ਬਾਰੁਣੀ (ਪੱਛਮ) ਦਿਸ਼ਾ ਵਿਚ ਇਕ ਰਾਜਾ ਰਹਿੰਦਾ ਸੀ।
ਉਸ ਵਰਗਾ ਦੂਜਾ (ਰਾਜਾ) ਵਿਧਾਤਾ ਨੇ ਨਹੀਂ ਸਾਜਿਆ ਸੀ।
ਬਿਖਿਆ ਨਾਂ ਦੀ ਉਸ ਦੀ ਇਕ ਲੜਕੀ ਸ਼ੋਭਦੀ ਸੀ।
(ਉਸ ਦੇ) ਬਰਾਬਰ ਦੇਵ, ਦੈਂਤ ਜਾਂ ਨਾਗ ਇਸਤਰੀ, ਕੋਈ ਵੀ ਨਹੀਂ ਸੀ ॥੧॥
ਪ੍ਰਭਾ ਸੈਨ ਨਾਂ ਦਾ ਉਸ ਦਾ ਪਿਤਾ (ਉਥੇ) ਰਹਿੰਦਾ ਸੀ
ਜੋ ਤਿੰਨਾਂ ਲੋਕਾਂ ਵਿਚ ਬਾਂਕੇ ਸੂਰਵੀਰ ਵਜੋਂ ਪ੍ਰਸਿੱਧ ਸੀ।
ਉਥੇ ਇਕ ਵੱਡਾ ਛਤ੍ਰਧਾਰੀ (ਰਾਜਾ) ਆਇਆ
ਜੋ ਸਾਰੇ ਸ਼ਸਤ੍ਰਾਂ ਵਿਚ ਮਾਹਿਰ ਸੀ ਅਤੇ ਵਿਦਿਆ ਦਾ ਪੂਰਾ ਅਧਿਕਾਰੀ ਸੀ ॥੨॥
(ਇਕ ਵਾਰ) ਪ੍ਰਭਾ ਸੈਨ (ਉਥੇ) ਆਇਆ ਜਿਥੇ ਸੁੰਦਰ ਬਾਗ਼ ਸੀ।
ਉਸ (ਬਾਗ਼) ਦੀ ਸੁੰਦਰਤਾ ਨੂੰ ਵੇਖ ਕੇ (ਰਾਜੇ ਦਾ) ਮਨ ਪ੍ਰਸੰਨ ਹੋ ਗਿਆ।
ਸੂਰਮਿਆਂ ਨੂੰ ਕਹਿ ਕੇ ਉਥੇ ਰਥ ਰੁਕਵਾਇਆ
ਅਤੇ ਬਾਗ਼ ਦੇ ਰਸਤੇ ਉਤੇ ਪੈਦਲ ਚਲ ਪਿਆ ॥੩॥
ਜਦੋਂ ਉਸ ਨੇ ਸੁੰਦਰ ਬਾਗ਼ ਨੂੰ ਵੇਖਿਆ
ਤਾਂ ਆਪਣੇ ਮਨ ਵਿਚ ਇਹ ਵਿਚਾਰਿਆ
ਕਿ ਹੁਣ ਕੁਝ ਸਮੇਂ ਲਈ ਇਥੇ ਆਰਾਮ ਕੀਤਾ ਜਾਏ
ਅਤੇ ਦੋ ਕੁ ਘੜੀਆਂ ਬਾਦ ਨਗਰ ਦੇ ਰਾਹੇ ਪਿਆ ਜਾਏ ॥੪॥
ਘੋੜਿਆਂ ਨੂੰ ਰੋਕ ਕੇ ਉਹ ਦੋ ਕੁ ਘੜੀਆਂ ਸੁਤਾ
ਅਤੇ ਆਪਣੇ ਚਿਤ ਦੇ ਸਾਰੇ ਗ਼ਮ ਦੂਰ ਕਰ ਦਿੱਤੇ।
ਉਥੇ ਬਿਖਿਆ ਨਾਂ ਦੀ ਰਾਜ ਕੁਮਾਰੀ ਆਈ।
ਉਸ (ਛਤ੍ਰਧਾਰੀ ਰਾਜੇ ਨੂੰ) ਵੇਖ ਕੇ ਉਸ ਨੂੰ ਸੁੱਧ ਬੁੱਧ ਭੁਲ ਗਈ ॥੫॥
(ਜਦੋਂ) ਉਸ ਨੇ ਪ੍ਰਭਾ ਸੈਨ ਨੂੰ ਸੁਤਿਆਂ ਹੋਇਆ ਵੇਖਿਆ,
ਤਦੋਂ ਰਾਜ ਕੁਮਾਰੀ ਨੇ ਮਨ ਵਿਚ ਇਸ ਤਰ੍ਹਾਂ ਵਿਚਾਰਿਆ
ਕਿ ਮੈਂ ਇਸ (ਛਤ੍ਰਧਾਰੀ ਰਾਜੇ) ਦੀ ਇਸਤਰੀ ਹਾਂ ਅਤੇ ਇਹ ਮੇਰਾ ਪਤੀ ਹੈ।
ਮੈਂ ਇਸੇ ਨਾਲ ਵਿਆਹ ਕਰਾਂਗੀ, ਮੈਂ (ਇਸ ਦੀ) ਅਜ ਗੋਲੀ ਹੋ ਗਈ ਹਾਂ ॥੬॥
ਬਾਲਿਕਾ ਨੇ ਇਸ (ਵਿਚਾਰ) ਨੂੰ ਬਿਨਾ ਸੰਸੇ ਦੇ ਮਨ ਵਿਚ ਲਿਆਂਦਾ
ਕਿ ਇਸੇ ਨਾਲ ਵਿਆਹ ਕਰਾਂਗੀ, (ਨਹੀਂ ਤਾਂ) ਰਾਜਧਾਨੀ ਛਡ ਦਿਆਂਗੀ।
ਉਥੇ ਉਸ ਨੇ ਇਕ ਚਿੱਠੀ ਪਈ ਹੋਈ ਵੇਖੀ।
ਇਸਤਰੀ ਨੇ ਮਨ ਵਿਚ ਇਹ ਵਿਚਾਰ ਕੀਤਾ ॥੭॥
(ਉਹ) ਚਾਹੁੰਦੀ ਸੀ ਕਿ ਚਿੱਠੀ ਨੂੰ ਲੈ ਕੇ ਖੋਲ੍ਹੇ ਅਤੇ ਪੜ੍ਹੇ।
ਪਰ ਵੇਦ ਦੇ ਦੰਡ ਨੂੰ ਵਿਚਾਰ ਕੇ ਡਰਦੀ ਸੀ।
(ਕਿਉਂਕਿ ਵੇਦ ਅਨੁਸਾਰ) ਪਈ ਹੋਈ ਚਿੱਠੀ ਨੂੰ ਜੋ ਕੋਈ ਖੋਲ੍ਹਦਾ ਹੈ,
ਉਸ ਨੂੰ ਵਿਧਾਤਾ ਨਰਕਾਂ ਵਿਚ ਸੁਟਦਾ ਹੈ ॥੮॥
ਸ਼ੰਕਾ ਵਿਚ ਗ੍ਰਸੀ ਹੋਈ ਨੇ ਉਹ ਚਿੱਠੀ ਹੱਥ ਵਿਚ ਲੈ ਲਈ
ਅਤੇ ਉਸ ਨੂੰ ਮਿਤਰ ਦੀ ਸਮਝ ਕੇ ਛਾਤੀ ਨਾਲ ਲਗਾ ਲਿਆ।