ਸ਼੍ਰੀ ਦਸਮ ਗ੍ਰੰਥ

ਅੰਗ - 612


ਕਈ ਸੂਰ ਚੰਦ ਸਰੂਪ ॥

ਸੂਰਜਾਂ ਅਤੇ ਚੰਦ੍ਰਮਾਂ ਦੇ ਕਿਤਨੇ ਹੀ ਸਰੂਪ ਹਨ।

ਕਈ ਇੰਦ੍ਰ ਕੀ ਸਮ ਭੂਪ ॥

ਇੰਦਰ ਵਰਗੇ ਕਿਤਨੇ ਰਾਜੇ ਹਨ।

ਕਈ ਇੰਦ੍ਰ ਉਪਿੰਦ੍ਰ ਮੁਨਿੰਦ੍ਰ ॥

ਕਿਤਨੇ ਹੀ ਇੰਦਰ, ਉਪਿੰਦ੍ਰ (ਬਾਵਨ ਅਵਤਾਰ) ਅਤੇ ਕਿਤਨੇ ਹੀ ਮਹਾ ਮੁਨੀ ਹਨ।

ਕਈ ਮਛ ਕਛ ਫਨਿੰਦ੍ਰ ॥੧੦॥

ਕਿਤਨੇ ਹੀ ਮੱਛ ਅਵਤਾਰ, ਕੱਛ ਅਵਤਾਰ ਅਤੇ ਸ਼ੇਸ਼ਨਾਗ ਹਨ ॥੧੦॥

ਕਈ ਕੋਟਿ ਕ੍ਰਿਸਨ ਅਵਤਾਰ ॥

ਕਈ ਕਰੋੜ ਕ੍ਰਿਸ਼ਨ ਅਵਤਾਰ ਹਨ।

ਕਈ ਰਾਮ ਬਾਰ ਬੁਹਾਰ ॥

ਕਿਤਨੇ ਹੀ ਰਾਮ (ਉਸ ਦੇ) ਦੁਆਰ ਉਤੇ ਝਾੜੂ ਦਿੰਦੇ ਹਨ।

ਕਈ ਮਛ ਕਛ ਅਨੇਕ ॥

ਕਿਤਨੇ ਹੀ ਮੱਛ ਅਤੇ ਅਨੇਕ ਹੀ ਕੱਛ (ਅਵਤਾਰ) ਹਨ

ਅਵਿਲੋਕ ਦੁਆਰਿ ਬਿਸੇਖ ॥੧੧॥

ਜੋ (ਉਸ ਦੇ) ਵਿਸ਼ੇਸ਼ ਦੁਆਰ ਨੂੰ ਵੇਖ ਰਹੇ ਹਨ ॥੧੧॥

ਕਈ ਸੁਕ੍ਰ ਬ੍ਰਸਪਤਿ ਦੇਖਿ ॥

ਕਿਤਨੇ ਹੀ ਸ਼ੁਕ੍ਰ ਅਤੇ ਬ੍ਰਹਮਪਤੀ ਵੇਖੇ ਜਾਂਦੇ ਹਨ।

ਕਈ ਦਤ ਗੋਰਖ ਭੇਖ ॥

ਕਿਤਨੇ ਹੀ ਦੱਤਾਤ੍ਰੇਯ ਅਤੇ ਗੋਰਖ ਦੇ ਭੇਖ ਹਨ।

ਕਈ ਰਾਮ ਕ੍ਰਿਸਨ ਰਸੂਲ ॥

ਕਈ ਰਾਮ, ਕ੍ਰਿਸ਼ਨ ਅਤੇ ਰਸੂਲ (ਮੁਹੰਮਦ) ਹਨ,

ਬਿਨੁ ਨਾਮ ਕੋ ਨ ਕਬੂਲ ॥੧੨॥

ਪਰ ਨਾਮ ਤੋਂ ਬਿਨਾ (ਉਸ ਦੇ ਦੁਆਰ ਤੇ) ਕੋਈ ਵੀ ਪ੍ਰਵਾਨ ਨਹੀਂ ਹੈ ॥੧੨॥

ਬਿਨੁ ਏਕੁ ਆਸ੍ਰੈ ਨਾਮ ॥

ਇਕ (ਪ੍ਰਭੂ ਦੇ) ਨਾਮ ਦੇ ਆਸਰੇ ਤੋਂ ਬਿਨਾ

ਨਹੀ ਔਰ ਕੌਨੈ ਕਾਮ ॥

ਹੋਰ ਸਾਰੇ (ਸਾਧਨ, ਧਰਮ-ਕਰਮ) ਕਿਸੇ ਕੰਮ ਦੇ ਨਹੀਂ ਹਨ।

ਜੇ ਮਾਨਿ ਹੈ ਗੁਰਦੇਵ ॥

ਜੋ ਗੁਰੂ ਦੇ ਉਪਦੇਸ਼ ਨੂੰ ਮੰਨਦੇ ਹਨ,

ਤੇ ਜਾਨਿ ਹੈ ਅਨਭੇਵ ॥੧੩॥

ਉਹੀ (ਉਸ) ਭੇਦ ਰਹਿਤ (ਪ੍ਰਭੂ) ਨੂੰ ਪਛਾਣ ਸਕਦੇ ਹਨ ॥੧੩॥

ਬਿਨੁ ਤਾਸੁ ਔਰ ਨ ਜਾਨੁ ॥

ਉਸ ਤੋਂ ਬਿਨਾ ਕਿਸੇ ਨੂੰ (ਕੁਝ) ਨਾ ਸਮਝੋ

ਚਿਤ ਆਨ ਭਾਵ ਨ ਆਨੁ ॥

ਅਤੇ ਚਿਤ ਵਿਚ ਹੋਰ ਭਾਵ (ਦ੍ਵੈਤ ਭਾਵ) ਨਾ ਲਿਆਓ।

ਇਕ ਮਾਨਿ ਜੈ ਕਰਤਾਰ ॥

(ਸਦਾ) ਇਕ ਕਰਤਾਰ ਦੀ ਜੈ ਨੂੰ ਹੀ ਮੰਨੋ,

ਜਿਤੁ ਹੋਇ ਅੰਤਿ ਉਧਾਰੁ ॥੧੪॥

ਜਿਸ ਕਰ ਕੇ ਅੰਤ ਵਿਚ ਉੱਧਾਰ ਹੋਏਗਾ ॥੧੪॥

ਬਿਨੁ ਤਾਸ ਯੌ ਨ ਉਧਾਰੁ ॥

ਉਸ ਤੋਂ ਬਿਨਾ ਇਸ ਤਰ੍ਹਾਂ (ਦੇ ਕਰਮ ਕਰਨ ਨਾਲ) ਉੱਧਾਰ ਨਹੀਂ ਹੋਵੇਗਾ।

ਜੀਅ ਦੇਖਿ ਯਾਰ ਬਿਚਾਰਿ ॥

ਹੇ ਮਿਤਰ! ਮਨ ਵਿਚ ਵਿਚਾਰ ਪੂਰਵਕ ਵੇਖ ਲੈ।

ਜੋ ਜਾਪਿ ਹੈ ਕੋਈ ਔਰ ॥

ਜੋ ਕਿਸੇ ਹੋਰ ਦਾ ਜਾਪ ਕਰਦਾ ਹੈ,

ਤਬ ਛੂਟਿ ਹੈ ਵਹ ਠੌਰ ॥੧੫॥

ਤਦ (ਉਸ ਪਾਸੋਂ) ਉਹ ਸਥਾਨ (ਪ੍ਰਭੂ ਦੀ ਦਰਗਾਹ) ਛੁਟ ਜਾਂਦੀ ਹੈ ॥੧੫॥

ਜਿਹ ਰਾਗ ਰੰਗ ਨ ਰੂਪ ॥

ਜਿਸ ਦਾ (ਕੋਈ) ਰਾਗ, ਰੰਗ ਅਤੇ ਰੂਪ ਨਹੀਂ ਹੈ,

ਸੋ ਮਾਨੀਐ ਸਮ ਰੂਪ ॥

ਉਸ ਨੂੰ (ਸਭ ਲਈ) ਸਮਾਨ ਰੂਪ ਵਿਚ ਮੰਨਣਾ ਚਾਹੀਦਾ ਹੈ।

ਬਿਨੁ ਏਕ ਤਾ ਕਰ ਨਾਮ ॥

ਉਸ ਇਕ (ਪ੍ਰਭੂ) ਦੇ ਨਾਮ ਤੋਂ ਬਿਨਾ

ਨਹਿ ਜਾਨ ਦੂਸਰ ਧਾਮ ॥੧੬॥

ਕਿਸੇ ਹੋਰ ਘਰ ਨੂੰ ਨਾ ਪਛਾਣੋ ॥੧੬॥

ਜੋ ਲੋਕ ਅਲੋਕ ਬਨਾਇ ॥

ਜੋ ਲੋਕ ਅਤੇ ਪਰਲੋਕ ('ਅਲੋਕ') ਨੂੰ ਸਿਰਜਦਾ ਹੈ

ਫਿਰ ਲੇਤ ਆਪਿ ਮਿਲਾਇ ॥

ਅਤੇ ਫਿਰ (ਸਭ ਨੂੰ) ਆਪਣੇ ਵਿਚ ਮਿਲਾ ਲੈਂਦਾ ਹੈ।

ਜੋ ਚਹੈ ਦੇਹ ਉਧਾਰੁ ॥

ਜੋ ਆਪਣੇ ਸ਼ਰੀਰ ਦੇ ਉੱਧਾਰ ਦੀ ਇੱਛਾ ਰਖਦਾ ਹੈ,

ਸੋ ਭਜਨ ਏਕੰਕਾਰ ॥੧੭॥

ਉਸ ਨੂੰ ਇਕ ਪਰਮਸੱਤਾ ਦਾ ਭਜਨ ਕਰਨਾ ਚਾਹੀਦਾ ਹੈ ॥੧੭॥

ਜਿਨਿ ਰਾਚਿਯੋ ਬ੍ਰਹਮੰਡ ॥

ਜਿਸ ਨੇ ਬ੍ਰਹਮੰਡ,

ਸਬ ਲੋਕ ਔ ਨਵ ਖੰਡ ॥

ਸਾਰੇ ਲੋਕਾਂ ਅਤੇ ਨੌਂ ਖੰਡਾਂ ਦੀ ਰਚਨਾ ਕੀਤੀ ਹੈ,

ਤਿਹ ਕਿਉ ਨ ਜਾਪ ਜਪੰਤ ॥

ਉਸ ਦੇ ਜਾਪ ਨੂੰ ਕਿਉਂ ਨਹੀਂ ਜਪਦਾ

ਕਿਮ ਜਾਨ ਕੂਪਿ ਪਰੰਤ ॥੧੮॥

ਅਤੇ ਕਿਉਂ (ਆਪਣੀ) ਜਾਨ ਨੂੰ ਖੂਹ ਵਿਚ ਪਾਉਂਦਾ ਹੈ ॥੧੮॥

ਜੜ ਜਾਪ ਤਾ ਕਰ ਜਾਪ ॥

ਹੇ ਮੂਰਖ! ਉਸ ਦੇ ਜਾਪ ਨੂੰ ਜਪ

ਜਿਨਿ ਲੋਕ ਚਉਦਹੰ ਥਾਪ ॥

ਜਿਸ ਨੇ ਚੌਦਾਂ ਲੋਕਾਂ ਦੀ ਸਥਾਪਨਾ ਕੀਤੀ ਹੈ।

ਤਿਸੁ ਜਾਪੀਐ ਨਿਤ ਨਾਮ ॥

ਉਸ ਦੇ ਨਾਮ ਨੂੰ ਨਿੱਤ ਜਪਣਾ ਚਾਹੀਦਾ ਹੈ।

ਸਭ ਹੋਹਿ ਪੂਰਨ ਕਾਮ ॥੧੯॥

(ਜਿਸ ਦੇ ਫਲਸਰੂਪ) ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ॥੧੯॥

ਗਨਿ ਚਉਬਿਸੈ ਅਵਤਾਰ ॥

(ਜੋ) ਚੌਬੀਸ ਅਵਤਾਰ ਗਿਣੇ ਜਾਂਦੇ ਹਨ,

ਬਹੁ ਕੈ ਕਹੇ ਬਿਸਥਾਰ ॥

(ਉਨ੍ਹਾਂ ਨੂੰ ਮੈਂ) ਬਹੁਤ ਵਿਸਥਾਰ ਨਾਲ ਕਿਹਾ ਹੈ।

ਅਬ ਗਨੋ ਉਪ ਅਵਤਾਰ ॥

ਹੁਣ ਉਪ-ਅਵਤਾਰਾਂ ਦਾ ਵਰਣਨ ਕਰਦਾ ਹਾਂ

ਜਿਮਿ ਧਰੇ ਰੂਪ ਮੁਰਾਰ ॥੨੦॥

ਜਿਵੇਂ ਮੁਰਾਰ (ਪ੍ਰਭੂ) ਨੇ (ਉਹ) ਰੂਪ ਧਾਰਨ ਕੀਤੇ ਹਨ ॥੨੦॥

ਜੇ ਧਰੇ ਬ੍ਰਹਮਾ ਰੂਪ ॥

ਬ੍ਰਹਮਾ ਨੇ ਜੋ ਰੂਪ ਧਾਰਨ ਕੀਤੇ ਹਨ,

ਤੇ ਕਹੋਂ ਕਾਬਿ ਅਨੂਪ ॥

ਉਨ੍ਹਾਂ ਨੂੰ ਅਨੂਪਮ ਕਵਿਤਾ ਵਿਚ ਕਹਿੰਦਾ ਹਾਂ।

ਜੇ ਧਰੇ ਰੁਦ੍ਰ ਅਵਤਾਰ ॥

ਜੋ ਰੁਦ੍ਰ ਨੇ ਅਵਤਾਰ ਧਾਰਨ ਕੀਤੇ ਹਨ,

ਅਬ ਕਹੋਂ ਤਾਹਿ ਬਿਚਾਰ ॥੨੧॥

ਹੁਣ ਉਨ੍ਹਾਂ ਨੂੰ ਵੀ ਵਿਚਾਰ ਕੇ ਕਹਿੰਦਾ ਹਾਂ ॥੨੧॥


Flag Counter