ਸ਼੍ਰੀ ਦਸਮ ਗ੍ਰੰਥ

ਅੰਗ - 675


ਭੋਜ ਦਿਲੀਪਤਿ ਕੌਰਵਿ ਕੈ ਨਹੀ ਸਾਥ ਦਯੋ ਰਘੁਨਾਥ ਬਲੀ ਕਉ ॥

(ਰਾਜਾ) ਭੋਜ, ਦਿੱਲੀ ਦੇ ਸੁਆਮੀ ਕੌਰਵ ਅਥਵਾ ਬਲਵਾਨ ਰਘੂਨਾਥ ਨੂੰ ਵੀ (ਜਾਂਦਿਆਂ) ਸਾਥ ਨਹੀਂ ਦਿੱਤਾ।

ਸੰਗਿ ਚਲੀ ਅਬ ਲੌ ਨਹੀ ਕਾਹੂੰ ਕੇ ਸਾਚ ਕਹੌ ਅਘ ਓਘ ਦਲੀ ਸਉ ॥

ਪਾਪਾਂ ਦੇ ਦਲਾਂ ਨੂੰ ਦਲਣ ਵਾਲੇ (ਕਾਲ ਪੁਰਖ) ਦੀ ਸੌਂਹ ਖਾ ਕੇ ਕਹਿੰਦੀ ਹਾਂ ਕਿ (ਮੈਂ) ਅਜ ਤਕ ਕਿਸੇ ਦੇ ਨਾਲ ਨਹੀਂ ਗਈ।

ਚੇਤ ਰੇ ਚੇਤ ਅਚੇਤ ਮਹਾ ਪਸੁ ਕਾਹੂ ਕੇ ਸੰਗਿ ਚਲੀ ਨ ਹਲੀ ਹਉ ॥੪੯੨॥

ਹੇ ਅਚੇਤ ਅਤੇ ਮਹਾ ਪਸ਼ੂ! ਚੇਤੇ ਕਰ, ਚੇਤੇ ਕਰ, ਮੈਂ ਕਿਸੇ ਨਾਲ ਨਾ ਚਲੀ ਹਾਂ ਅਤੇ ਨਾ ਹੀ (ਆਪਣੇ ਨੇਮ ਤੋਂ) ਡੋਲੀ ਹਾਂ ॥੪੯੨॥

ਸਾਚ ਔਰ ਝੂਠ ਕਹੇ ਬਹੁਤੈ ਬਿਧਿ ਕਾਮ ਕਰੋਧ ਅਨੇਕ ਕਮਾਏ ॥

ਸਚ ਅਤੇ ਝੂਠ ਬਹੁਤ ਤਰ੍ਹਾਂ ਨਾਲ ਕਹੇ ਹਨ ਅਤੇ ਅਨੇਕਾਂ ਕਾਮ ਅਤੇ ਕ੍ਰੋਧ (ਵਾਲੇ ਕੰਮ) ਕੀਤੇ ਹਨ।

ਭਾਜ ਨਿਲਾਜ ਬਚਾ ਧਨ ਕੇ ਡਰ ਲੋਕ ਗਯੋ ਪਰਲੋਕ ਗਵਾਏ ॥

ਧਨ ਨੂੰ ਬਚਾਉਣ ਦੇ ਡਰ ਤੋਂ ਨਿਰਲਜ ਹੋ ਕੇ ਭਜਿਆ ਫਿਰਦਾ ਹੈਂ (ਜਿਸ ਦੇ ਫਲਸਰੂਪ) ਲੋਕ ਅਤੇ ਪਰਲੋਕ ਦੋਵੇਂ ਗੰਵਾ ਲਏ ਹਨ।

ਦੁਆਦਸ ਬਰਖ ਪੜਾ ਨ ਗੁੜਿਓ ਜੜ ਰਾਜੀਵਿ ਲੋਚਨ ਨਾਹਿਨ ਪਾਏ ॥

ਹੇ ਮੂਰਖ! (ਤੂੰ) ਬਾਰ੍ਹਾਂ ਵਰ੍ਹੇ ਪੜ੍ਹਦਾ ਰਿਹਾ, ਪਰ ਗੁੜ੍ਹਿਆ ਨਹੀਂ ਅਤੇ ਕਮਲ ਨੈਨ (ਪ੍ਰਭੂ ਨੂੰ) ਪ੍ਰਾਪਤ ਨਹੀਂ ਕੀਤਾ।

ਲਾਜ ਬਿਹੀਨ ਅਧੀਨ ਗਹੇ ਜਮ ਅੰਤ ਕੇ ਨਾਗੇ ਹੀ ਪਾਇ ਸਿਧਾਏ ॥੪੯੩॥

ਲਾਜ ਤੋਂ ਸੁੰਨਾ ਅਤੇ ਯਮ ਦੇ ਅਧੀਨ, ਅੰਤ ਕਾਲ ਵੇਲੇ ਪਕੜਿਆ ਹੋਇਆ ਨੰਗੇ ਪੈਰੀਂ ਹੀ ਜਾਏਂਗਾ ॥੪੯੩॥

ਕਾਹੇ ਕਉ ਬਸਤ੍ਰ ਧਰੋ ਭਗਵੇ ਮੁਨਿ ਤੇ ਸਬ ਪਾਵਕ ਬੀਚ ਜਲੈਗੀ ॥

ਹੇ ਮੁਨੀ! (ਤੂੰ) ਕਿਸ ਲਈ ਭਗਵੇ ਬਸਤ੍ਰ ਧਾਰਨ ਕੀਤੇ ਹਨ? (ਕਿਉਂਕਿ) ਉਹ ਸਾਰੇ ਅੱਗ ਦੇ ਵਿਚ ਸੜਨਗੇ।

ਕਿਯੋਂ ਇਮ ਰੀਤ ਚਲਾਵਤ ਹੋ ਦਿਨ ਦ੍ਵੈਕ ਚਲੈ ਸ੍ਰਬਦਾ ਨ ਚਲੈਗੀ ॥

ਇਹ ਨਵੀਂ ਰੀਤ ਕਿਉਂ ਚਲਾ ਰਹੇ ਹੋ, ਦੋ ਕੁ ਦਿਨ ਚਲੇਗੀ, ਸਦਾ ਲਈ ਨਹੀਂ ਚਲੇਗੀ।

ਕਾਲ ਕਰਾਲ ਕੀ ਰੀਤਿ ਮਹਾ ਇਹ ਕਾਹੂੰ ਜੁਗੇਸਿ ਛਲੀ ਨ ਛਲੈਗੀ ॥

ਭਿਆਨਕ ਕਾਲ ਦੀ ਇਹ ਮਹਾਨ ਰੀਤ ਨਾ ਕਿਸੇ ਯੋਗੀ ਨੇ ਛਲੀ ਹੈ ਅਤੇ ਨਾ ਹੀ ਛਲੀ ਜਾ ਸਕੇਗੀ।

ਸੁੰਦਰਿ ਦੇਹ ਤੁਮਾਰੀ ਮਹਾ ਮੁਨਿ ਅੰਤ ਮਸਾਨ ਹ੍ਵੈ ਧੂਰਿ ਰਲੈਗੀ ॥੪੯੪॥

ਹੇ ਮਹਾ ਮੁਨੀ! ਤੇਰੀ ਇਹ ਸੁੰਦਰ ਦੇਹੀ ਅੰਤ ਵਿਚ ਲੋਥ ਹੋ ਕੇ ਧੂੜ ਵਿਚ ਰਲ ਜਾਏਗੀ ॥੪੯੪॥

ਕਾਹੇ ਕੋ ਪਉਨ ਭਛੋ ਸੁਨਿ ਹੋ ਮੁਨਿ ਪਉਨ ਭਛੇ ਕਛੂ ਹਾਥਿ ਨ ਐ ਹੈ ॥

ਹੇ ਮੁਨੀ! ਸੁਣੋ, ਕਿਸ ਲਈ ਪੌਣ ਭੱਛਦੇ ਹੋ? (ਕਿਉਂਕਿ) ਪੌਣ ਦੇ ਭੱਛਣ ਨਾਲ ਕੁਝ ਹੱਥ ਨਹੀਂ ਆਉਂਦਾ।

ਕਾਹੇ ਕੋ ਬਸਤ੍ਰ ਕਰੋ ਭਗਵਾ ਇਨ ਬਾਤਨ ਸੋ ਭਗਵਾਨ ਨ ਹ੍ਵੈ ਹੈ ॥

ਕਿਸ ਲਈ ਭਗਵੇ ਬਸਤ੍ਰ ਧਾਰਨ ਕਰਦੇ ਹੋ, ਇਨ੍ਹਾਂ ਗੱਲਾਂ ਨਾਲ ਭਗਵਾਨ ਨਹੀਂ ਹੋ ਜਾਓਗੇ।

ਬੇਦ ਪੁਰਾਨ ਪ੍ਰਮਾਨ ਕੇ ਦੇਖਹੁ ਤੇ ਸਬ ਹੀ ਬਸ ਕਾਲ ਸਬੈ ਹੈ ॥

ਵੇਦਾਂ ਪੁਰਾਣਾਂ ਦੇ ਪ੍ਰਮਾਣਾਂ ਨੂੰ ਵੇਖ ਲਵੋ, ਉਹ ਸਾਰੇ ਸਭ ਤਰ੍ਹਾਂ ਨਾਲ ਕਾਲ ਦੇ ਵਸ ਵਿਚ ਹਨ।

ਜਾਰਿ ਅਨੰਗ ਨ ਨੰਗ ਕਹਾਵਤ ਸੀਸ ਕੀ ਸੰਗਿ ਜਟਾਊ ਨ ਜੈ ਹੈ ॥੪੯੫॥

(ਮਨ ਅੰਦਰੋਂ) ਕਾਮ ਨੂੰ ਤਾਂ ਸਾੜਿਆ ਨਹੀਂ ਅਤੇ ਨਾਂਗੇ ਅਖਵਾਉਂਦੇ ਹੋ, (ਸਿਰ ਦੀਆਂ) ਜਟਾਵਾਂ ਵੀ ਸਿਰ ਦੇ ਨਾਲ ਨਹੀਂ ਜਾਣਗੀਆਂ ॥੪੯੫॥

ਕੰਚਨ ਕੂਟ ਗਿਰ੍ਯੋ ਕਹੋ ਕਾਹੇ ਨ ਸਾਤਓ ਸਾਗਰ ਕਿਯੋਂ ਨ ਸੁਕਾਨੋ ॥

ਸੋਨੇ ਦਾ ਪਰਬਤ ਕਿਉਂ ਨਾ ਡਿਗ ਪਿਆ ਹੋਵੇ ਅਤੇ ਸੱਤੇ ਸਮੁੰਦਰ ਕਿਉਂ ਨਾ ਸੁਕ ਗਏ ਹੋਣ।

ਪਸਚਮ ਭਾਨੁ ਉਦ੍ਰਯੋ ਕਹੁ ਕਾਹੇ ਨ ਗੰਗ ਬਹੀ ਉਲਟੀ ਅਨੁਮਾਨੋ ॥

ਪੱਛਮ ਵਲੋਂ ਸੂਰਜ ਕਿਉਂ ਨਾ ਚੜ੍ਹ ਪਿਆ ਹੋਵੇ ਅਤੇ (ਇਹ ਵੀ) ਅਨੁਮਾਨ ਕਰ ਲਵੋ ਕਿ ਕਦੇ ਗੰਗਾ ਉਲਟੀ ਵਗ ਪਈ ਹੋਵੇ।

ਅੰਤਿ ਬਸੰਤ ਤਪ੍ਯੋ ਰਵਿ ਕਾਹੇ ਨ ਚੰਦ ਸਮਾਨ ਦਿਨੀਸ ਪ੍ਰਮਾਨੋ ॥

ਬਸੰਤ ਰੁਤ ਵਿਚ ਸੂਰਜ ਕਿਉਂ ਨਾ ਅਤਿਅੰਤ ਤਪ ਗਿਆ ਹੋਵੇ ਅਤੇ ਚੰਦ੍ਰਮਾ ਵਾਂਗ ਸੂਰਜ (ਸੀਤਲ) ਕਿਉਂ ਨਾ ਮੰਨ ਲਿਆ ਗਿਆ ਹੋਵੇ।

ਕਿਯੋਂ ਡਮਡੋਲ ਡੁਬੀ ਨ ਧਰਾ ਮੁਨਿ ਰਾਜ ਨਿਪਾਤਨਿ ਤਿਯੋਂ ਜਗ ਜਾਨੋ ॥੪੯੬॥

ਡਾਵਾਂ ਡੋਲ ਹੋ ਕੇ ਧਰਤੀ ਕਿਉਂ ਨਾ ਡੁਬ ਗਈ ਹੋਵੇ, ਹੇ ਮੁਨੀ ਰਾਜ! ਇਸੇ ਤਰ੍ਹਾਂ ਜਗਤ ਦਾ ਨਾਸ਼ ਅਟਲ ਸਮਝੋ ॥੪੯੬॥

ਅਤ੍ਰਿ ਪਰਾਸਰ ਨਾਰਦ ਸਾਰਦ ਬ੍ਯਾਸ ਤੇ ਆਦਿ ਜਿਤੇ ਮੁਨ ਭਾਏ ॥

ਅਤ੍ਰੀ ਰਿਸ਼ੀ, ਪਰਾਸ਼ਰ, ਨਾਰਦ, ਸ਼ਾਰਦਾ ਅਤੇ ਬਿਆਸ ਜਿਤਨੇ ਵੀ ਮੁਨੀ ਹੋਏ ਹਨ।

ਗਾਲਵ ਆਦਿ ਅਨੰਤ ਮੁਨੀਸ੍ਵਰ ਬ੍ਰਹਮ ਹੂੰ ਤੇ ਨਹੀ ਜਾਤ ਗਨਾਏ ॥

ਗਾਲਵ ਆਦਿ ਬੇਅੰਤ ਸ੍ਰੇਸ਼ਠ ਮੁਨੀ (ਹੋ ਗੁਜ਼ਰੇ ਹਨ, ਜਿਨ੍ਹਾਂ ਦੀ) ਗਿਣਤੀ ਬ੍ਰਹਮਾ ਤੋਂ ਵੀ ਨਹੀਂ ਹੋ ਸਕਦੀ।

ਅਗਸਤ ਪੁਲਸਤ ਬਸਿਸਟ ਤੇ ਆਦਿ ਨ ਜਾਨ ਪਰੇ ਕਿਹ ਦੇਸ ਸਿਧਾਏ ॥

ਅਗਸਤ, ਪੁਲਸਤ, ਬਸਿਸਟ ਆਦਿਕ ਬਾਰੇ ਇਹ ਪਤਾ ਨਹੀਂ ਚਲਦਾ ਕਿ (ਉਹ) ਕਿਹੜੇ ਦੇਸ ਨੂੰ ਚਲੇ ਗਏ ਹਨ।

ਮੰਤ੍ਰ ਚਲਾਇ ਬਨਾਇ ਮਹਾ ਮਤਿ ਫੇਰਿ ਮਿਲੇ ਪਰ ਫੇਰ ਨ ਆਏ ॥੪੯੭॥

ਮੰਤ੍ਰ (ਦੇ ਕੇ ਸੇਵਕ) ਬਣਾਏ ਸਨ ਅਤੇ ਵੱਡੇ ਵੱਡੇ ਮਤ ਚਲਾਏ ਸਨ, (ਉਹ ਆਵਾਗਵਣ ਦੇ) ਫੇਰ (ਵਿਚ ਮਿਲ ਗਏ) ਪਰ ਫਿਰ ਇਥੇ ਨਹੀਂ ਆਏ ॥੪੯੭॥

ਬ੍ਰਹਮ ਨਿਰੰਧ੍ਰ ਕੋ ਫੋਰਿ ਮੁਨੀਸ ਕੀ ਜੋਤਿ ਸੁ ਜੋਤਿ ਕੇ ਮਧਿ ਮਿਲਾਨੀ ॥

ਬ੍ਰਹਮ ਰੰਧ੍ਰ ਨੂੰ ਫੋੜ ਕੇ ਮਹਾ ਮੁਨੀ (ਦੱਤ) ਦੀ ਜੋਤਿ (ਆਤਮਾ) ਮਹਾ ਜੋਤਿ (ਅਰਥਾਤ ਪਰਮਾਤਮਾ) ਵਿਚ ਮਿਲ ਗਈ।

ਪ੍ਰੀਤਿ ਰਲੀ ਪਰਮੇਸਰ ਸੋ ਇਮ ਬੇਦਨ ਸੰਗਿ ਮਿਲੈ ਜਿਮ ਬਾਨੀ ॥

ਪ੍ਰੇਮ ਕਰਨ ਵਾਲੀ ਆਤਮਾ ਪਰਮੇਸ਼ਵਰ ਵਿਚ ਇਸ ਤਰ੍ਹਾਂ ਮਿਲ ਗਈ ਜਿਵੇਂ ਵੇਦਾਂ ਨਾਲ ਬਾਣੀ ਮਿਲ ਜਾਂਦੀ ਹੈ।

ਪੁੰਨ ਕਥਾ ਮੁਨਿ ਨੰਦਨ ਕੀ ਕਹਿ ਕੈ ਮੁਖ ਸੋ ਕਬਿ ਸ੍ਯਾਮ ਬਖਾਨੀ ॥

(ਅਤ੍ਰੀ) ਮੁਨੀ ਦੇ ਪੁੱਤਰ ਦੀ ਇਹ ਪਵਿਤ੍ਰ ਕਥਾ ਮੁਖ ਤੋਂ ਕਹਿ ਕੇ ਕਵੀ ਸ਼ਿਆਮ ਨੇ ਬਿਆਨ ਕੀਤੀ ਹੈ।

ਪੂਰਣ ਧਿਆਇ ਭਯੋ ਤਬ ਹੀ ਜਯ ਸ੍ਰੀ ਜਗਨਾਥ ਭਵੇਸ ਭਵਾਨੀ ॥੪੯੮॥

ਤਦੋਂ (ਇਹ) ਅਧਿਆਇ ਪੂਰਨ ਹੋ ਗਿਆ ਹੈ। ਜਗਤ ਦੇ ਸ਼ੋਭਾਸ਼ਾਲੀ ਸੁਆਮੀ ਰੁਦ੍ਰ ('ਭਵੇਸ') ਅਤੇ ਭਵਾਨੀ ਦੀ ਜੈ ਹੋਵੇ ॥੪੯੮॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦਤ ਮਹਾਤਮੇ ਰੁਦ੍ਰਵਤਾਰ ਪ੍ਰਬੰਧ ਸਮਾਪਤੰ ॥ ਸੁਭੰ ਭਵੇਤ ਗੁਰੂ ਚਉਬੀਸ ॥੨੪॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਦੱਤ ਮਹਾਤਮ ਰੁਦ੍ਰ ਅਵਤਾਰ ਪ੍ਰਬੰਧ' ਦੀ ਸਮਾਪਤੀ। ਸ਼ੁਭ ਹੋਏ ਚੌਬੀਸ ਗੁਰੂ ॥੨੪॥

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਥ ਪਾਰਸ ਨਾਥ ਰੁਦ੍ਰ ਅਵਤਾਰ ਕਥਨੰ ॥

ਹੁਣ ਪਾਰਸ ਨਾਥ ਰੁਦ੍ਰ ਅਵਤਾਰ ਦਾ ਕਥਨ:

ਪਾਤਸਾਹੀ ੧੦ ॥

ਪਾਤਸ਼ਾਹੀ ੧੦:

ਚੌਪਈ ॥

ਚੌਪਈ:

ਇਹ ਬਿਧਿ ਦਤ ਰੁਦ੍ਰ ਅਵਤਾਰਾ ॥

ਇਸ ਤਰ੍ਹਾਂ ਰੁਦ੍ਰ ਦਾ ਦੱਤ ਅਵਤਾਰ ਹੋਇਆ

ਪੂਰਣ ਮਤ ਕੋ ਕੀਨ ਪਸਾਰਾ ॥

(ਜਿਸ ਨੇ) ਪੂਰੇ (ਜਗਤ ਵਿਚ ਆਪਣੇ) ਮਤ ਦਾ ਪਸਾਰ ਕੀਤਾ।

ਅੰਤਿ ਜੋਤਿ ਸੋ ਜੋਤਿ ਮਿਲਾਨੀ ॥

ਅੰਤ ਵਿਚ ਜੋਤਿ ਨਾਲ ਜੋਤਿ ਮਿਲ ਗਈ,

ਜਿਹ ਬਿਧਿ ਸੋ ਪਾਰਬ੍ਰਹਮ ਭਵਾਨੀ ॥੧॥

ਜਿਸ ਤਰ੍ਹਾਂ ਪਾਰਬ੍ਰਹਮ ਨਾਲ ਭਵਾਨੀ ਮਿਲ ਜਾਂਦੀ ਹੈ ॥੧॥

ਏਕ ਲਛ ਦਸ ਬਰਖ ਪ੍ਰਮਾਨਾ ॥

ਇਕ ਲੱਖ ਦਸ ਵਰ੍ਹੇ ਤਕ (ਉਸ ਦੇ)

ਪਾਛੇ ਚਲਾ ਜੋਗ ਕੋ ਬਾਨਾ ॥

ਪਿਛੋਂ (ਜਗਤ ਵਿਚ) ਯੋਗ ਦਾ ਭੇਖ ਚਲਿਆ।

ਗ੍ਰਯਾਰਵ ਬਰਖ ਬਿਤੀਤਤ ਭਯੋ ॥

(ਜਦ) ਯਾਰ੍ਹਵਾਂ ਵਰ੍ਹਾ ਬੀਤ ਰਿਹਾ ਸੀ,

ਪਾਰਸਨਾਥ ਪੁਰਖ ਭੂਅ ਵਯੋ ॥੨॥

(ਤਦ) ਪਾਰਸ ਨਾਥ ਨਾਂ ਦਾ ਪੁਰਖ ਧਰਤੀ ਉਤੇ ਪੈਦਾ ਹੋਇਆ ॥੨॥

ਰੋਹ ਦੇਸ ਸੁਭ ਦਿਨ ਭਲ ਥਾਨੁ ॥

ਰੋਹ ਦੇਸ ਵਰਗੀ ਚੰਗੀ ਥਾਂ 'ਤੇ ਸ਼ੁਭ ਦਿਨ ਨੂੰ

ਪਰਸ ਨਾਥ ਭਯੋ ਸੁਰ ਗ੍ਰਯਾਨੁ ॥

ਦੈਵੀ ਗਿਆਨ ਵਾਲਾ ਪਾਰਸ ਨਾਥ ਹੋਇਆ।

ਅਮਿਤ ਤੇਜ ਅਸਿ ਅਵਰ ਨ ਹੋਊ ॥

(ਉਸ ਦੇ ਮੁਖ ਉਤੇ) ਅਮਿਤ ਤੇਜ ਸੀ, (ਉਸ ਵਰਗਾ) ਕੋਈ ਹੋਰ ਨਹੀਂ ਹੋਵੇਗਾ।

ਚਕ੍ਰਤ ਰਹੇ ਮਾਤ ਪਿਤ ਦੋਊ ॥੩॥

(ਉਸ ਤੇਜ ਨੂੰ ਵੇਖ ਕੇ) ਮਾਤਾ ਅਤੇ ਪਿਤਾ ਦੋਵੇਂ ਹੈਰਾਨ ਹੋ ਗਏ ॥੩॥

ਦਸਊ ਦਿਸਨਿ ਤੇਜ ਅਤਿ ਬਢਾ ॥

ਦਸ ਦਿਸ਼ਾਵਾਂ ਵਿਚ ਹੀ ਤੇਜ ਬਹੁਤ ਵੱਧ ਗਿਆ।

ਦ੍ਵਾਦਸ ਭਾਨ ਏਕ ਹ੍ਵੈ ਚਢਾ ॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬਾਰ੍ਹਾਂ ਸੂਰਜ ਇਕੋ ਵਾਰ ਚੜ੍ਹ ਪਏ ਹੋਣ।

ਦਹ ਦਿਸ ਲੋਕ ਉਠੇ ਅਕੁਲਾਈ ॥

ਦਸਾਂ ਦਿਸਾਵਾਂ ਦੇ ਲੋਕ ਵਿਆਕੁਲ ਹੋ ਕੇ ਉਠ ਪਏ

ਭੂਪਤਿ ਤੀਰ ਪੁਕਾਰੇ ਜਾਈ ॥੪॥

ਅਤੇ ਰਾਜੇ ਕੋਲ ਜਾ ਕੇ ਪੁਕਾਰ ਕਰਨ ਲਗੇ ॥੪॥