(ਰਾਜੇ ਨੇ) ਸਾਰਾ ਰਾਜ-ਸਾਜ ਛਡ ਕੇ ਜੋਗੀ ਦਾ ਭੇਖ ਬਣਾ ਲਿਆ
ਅਤੇ ਉਸ ਦੇ ਝਰੋਖੇ ਹੇਠਾਂ ਧੂੰਣੀ ਰਮਾ ਕੇ ਬੈਠ ਗਿਆ ॥੨੨॥
ਚੌਪਈ:
ਰਾਜ-ਪੁੱਤਰੀ ਭਿਖਿਆ ਲੈ ਕੇ ਆਉਂਦੀ
ਅਤੇ ਉਸ ਨੂੰ ਆਪਣੇ ਹੱਥ ਨਾਲ ਖਵਾਉਂਦੀ।
ਰਾਤ ਨੂੰ ਜਦ ਸਾਰੇ ਲੋਕ ਸੌਂ ਜਾਂਦੇ
ਤਾਂ ਲਿਪਟ ਲਿਪਟ ਕੇ ਦੋਵੇਂ ਭੋਗ ਕਰਦੇ ॥੨੩॥
ਇਸ ਤਰ੍ਹਾਂ ਨਾਲ ਕੁਮਾਰੀ ਨੇ ਬਹੁਤ ਸੁਖ ਪ੍ਰਾਪਤ ਕੀਤੇ
ਅਤੇ ਸਾਰਿਆਂ ਲੋਕਾਂ ਨੂੰ ਵਿਸ਼ਵਸਤ ਕਰ ਦਿੱਤਾ।
ਸਾਰੇ ਲੋਕ ਉਸ ਨੂੰ ਜੋਗੀ ਕਹਿੰਦੇ ਸਨ
ਅਤੇ ਰਾਜੇ ਵਜੋਂ (ਉਸ ਨੂੰ) ਕੋਈ ਵੀ ਨਹੀਂ ਪਛਾਣਦਾ ਸੀ ॥੨੪॥
ਇਕ ਦਿਨ ਕੁਮਾਰੀ ਪਿਤਾ ਕੋਲ ਗਈ
(ਅਤੇ ਉਸ ਨੂੰ) ਕਠੋਰ ਬਚਨ ਕਹਿਣ ਲਗੀ।
ਤਦ ਰਾਜਾ ਬਹੁਤ ਗੁੱਸੇ ਹੋ ਗਿਆ
ਅਤੇ ਪੁੱਤਰੀ ਨੂੰ ਬਨਵਾਸ ਦੇ ਦਿੱਤਾ ॥੨੫॥
ਬਨਵਾਸ (ਦੀ ਗੱਲ ਸੁਣ ਕੇ) ਉਪਰੋਂ ਬਹੁਤ ਰੋਂਦੀ ਸੀ,
ਪਰ ਚਿਤ ਵਿਚੋਂ ਸਾਰੇ ਦੁਖ ਖ਼ਤਮ ਕਰਦੀ ਸੀ (ਭਾਵ ਖ਼ੁਸ਼ ਹੁੰਦੀ ਸੀ ਅਤੇ ਕਹਿੰਦੀ ਸੀ ਕਿ)
ਪਰਮਾਤਮਾ ਨੇ ਮੇਰਾ ਕਾਰਜ ਸਿਧ ਕਰ ਦਿੱਤਾ ਹੈ
ਕਿ ਪਿਤਾ ਨੇ ਮੈਨੂੰ ਬਨਵਾਸ ਦੇ ਦਿੱਤਾ ਹੈ ॥੨੬॥
ਰਾਜੇ ਨੇ ਸੇਵਕਾਂ ਨੂੰ ਇਸ ਤਰ੍ਹਾਂ ਕਿਹਾ
ਕਿ ਇਸ ਕੰਨਿਆ ਨੂੰ (ਇਥੋਂ) ਜਲਦੀ ਕਢ ਦਿਓ।
ਜਿਥੇ ਘੋਰ ਭਿਆਨਕ ਬਨ ਹੋਵੇ,
ਉਥੇ ਇਸ ਨੂੰ ਤੁਰਤ ਛਡ ਆਓ ॥੨੭॥
ਸੇਵਕ ਉਸ ਨੂੰ ਨਾਲ ਲੈ ਕੇ ਗਏ
ਅਤੇ ਉਸ ਨੂੰ ਬਨ ਵਿਚ ਛਡ ਆਏ।
ਉਹ ਰਾਜਾ ਵੀ ਉਥੇ ਆ ਗਿਆ
ਅਤੇ ਉਥੇ ਹੀ ਉਸ ਨੇ ਆਸਣ ਲਗਾ ਲਿਆ ॥੨੮॥
ਪਹਿਲਾਂ ਉਸ ਨਾਲ ਚੰਗੀ ਤਰ੍ਹਾਂ ਰਤੀ-ਕ੍ਰੀੜਾ ਕੀਤੀ
ਅਤੇ ਭਾਂਤ ਭਾਂਤ ਦੇ ਭੋਗ ਕਰ ਕੇ (ਮਨ ਨੂੰ) ਭਰ ਲਿਆ।
ਫਿਰ ਉਸ ਨੂੰ ਘੋੜੇ ਉਤੇ ਚੜ੍ਹਾਇਆ
ਅਤੇ ਆਪਣੇ ਸ਼ਹਿਰ ਦਾ ਰਾਹ ਫੜਿਆ ॥੨੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੭॥੪੮੫੬॥ ਚਲਦਾ॥
ਚੌਪਈ:
ਇਕ ਹੰਸਾ ਧੁਜ ਨਾਂ ਦਾ ਰਾਜਾ ਸੁਣੀਂਦਾ ਸੀ
ਜਿਸ ਦੇ ਬਲ ਅਤੇ ਪ੍ਰਤਾਪ ਨੂੰ ਸਾਰਾ ਜਗਤ ਮੰਨਦਾ ਸੀ।
ਕੇਸੋਤਮਾ ਨਾਂ ਦੀ ਉਸ ਦੇ ਘਰ ਇਸਤਰੀ ਸੀ।
ਉਸ ਵਰਗੀ (ਸੁੰਦਰ ਇਸਤਰੀ) ਨਾ ਪਹਿਲਾਂ ਸੁਣੀ ਸੀ ਅਤੇ ਨਾ ਅੱਖਾਂ ਨਾਲ ਵੇਖੀ ਹੈ ॥੧॥
ਉਨ੍ਹਾਂ ਦੇ ਘਰ ਹੰਸ ਮਤੀ ਨਾਂ ਦੀ ਇਕ ਲੜਕੀ ਸੀ।
(ਉਹ) ਵਿਆਕਰਣ, ਕੋਕ ਅਤੇ ਹੋਰ ਅਨੇਕ ਸ਼ਾਸਤ੍ਰ ਪੜ੍ਹੀ ਹੋਈ ਸੀ।
ਉਸ ਵਰਗਾ ਸੰਸਾਰ ਵਿਚ ਹੋਰ ਕੋਈ ਨਹੀਂ ਸੀ।
ਉਸ ਨੂੰ ਵੇਖਦੇ ਹੋਇਆਂ ਸੂਰਜ ਵੀ ਰਸਤੇ ਵਿਚ ਥਕ ਜਾਂਦਾ ਸੀ ॥੨॥
ਅੜਿਲ:
ਉਸ ਇਸਤਰੀ ਨੂੰ ਸੰਸਾਰ ਵਿਚ ਅਤਿ ਸੁੰਦਰ ਸਮਝਿਆ ਜਾਂਦਾ ਸੀ।
ਉਸ ਵਰਗੀ ਹੋਰ ਕੋਈ ਸੁੰਦਰੀ ਦਸੀ ਨਹੀਂ ਜਾਂਦੀ ਸੀ।
ਜੋਬਨ ਅਤੇ ਸੁੰਦਰਤਾ ਉਸ ਦੇ ਸ਼ਰੀਰ ਉਤੇ ਬਹੁਤ ਸੁਸ਼ੋਭਿਤ ਸਨ।
ਉਸ ਦੀ ਛਬੀ ਨੂੰ ਸੂਰਜ, ਚੰਦ੍ਰਮਾ ਅਤੇ ਕਾਮ ਦੇਵ ਵੀ ਵੇਖ ਕੇ ਸ਼ਰਮਾਉਂਦੇ ਸਨ ॥੩॥
(ਇਕ ਦਿਨ) ਜਦ ਇਸਤਰੀ ਨੇ ਕੋਮਲ ਕੁੰਵਰ ਦਾ ਰੂਪ ਵੇਖਿਆ
(ਤਾਂ ਸੋਚਣ ਲਗੀ ਕਿ) ਇਸ ਵਰਗਾ (ਸੁੰਦਰ) ਨਾ ਕੋਈ ਵੇਖਿਆ ਹੈ ਅਤੇ ਨਾ ਹੀ ਕਿਸੇ ਨੇ ਕਿਹਾ ਹੈ।