ਸਿੰਘ-ਨਾਦ ਕਰਕੇ ਹੱਠੀ ਯੋਧੇ ਰਣਭੂਮੀ ਵਿੱਚ ਫਿਰਨ ਲਗ ਗਏ।
(ਜਿਸ ਨੂੰ) ਤੀਰ ਲਗਾਉਂਦੇ ਸਨ, ਕਵਚ ਨੂੰ ਭੰਨ ਕੇ ਦੂਜੇ ਪਾਸੇ ਵੱਲ ਕੱਢ ਦਿੰਦੇ ਸਨ,
ਮਾਨੋ (ਤੀਰਾਂ ਨੇ) ਤੱਛਕ ਦੇ ਬੱਚਿਆਂ ਦਾ ਰੂਪ ਧਾਰਨ ਕਰ ਰੱਖਿਆ ਹੋਵੇ ॥੩੪੩॥
ਬੜੇ ਨਿਡਰ ਹੋ ਕੇ ਤਲਵਾਰਾਂ ਚਲਾਉਂਦੇ ਹਨ,
ਯੁੱਧ ਵਿਚ ਸੂਰਮੇ ਨੂੰ ਸੂਰਮਾ ਲਲਕਾਰਦਾ ਹੈ।
(ਯੋਧੇ) ਪੱਥਰ 'ਤੇ ਘਿਸਾ ਕੇ ਚਿੱਟੇ ਕੀਤੇ ਤੀਰ ਛੱਡਦੇ ਹਨ
ਅਤੇ ਦਿਲ ਵਿੱਚ ਗੁੱਸੇ ਦੀ ਜ਼ਹਿਰ ਨੂੰ ਘੋਲਦੇ ਹਨ ॥੩੪੪॥
ਰਣਧੀਰ ਯੋਧੇ ਯੁੱਧ ਵਿੱਚ ਲੜਦੇ ਹਨ,
ਦੰਦ ਪੀਂਹਦੇ ਹੋਏ ਚੰਗੀ ਤਰ੍ਹਾਂ ਜੂਝਦੇ ਹਨ।
ਦੇਵਤੇ ਤੇ ਦੈਂਤ ਯੁੱਧ ਨੂੰ ਵੇਖਦੇ ਹਨ,
ਜੈ-ਜੈ ਸਦ ਇਕ ਸਾਰ ਬੋਲਦੇ ਹਨ ॥੩੪੫॥
ਵੱਡੀਆਂ ਗਿਰਝਾਂ ਦੇ ਝੁੰਡ ਆਕਾਸ਼ ਵਿੱਚ ਬੋਲਦੇ ਹਨ।
ਡਾਕਣੀਆਂ ਉੱਚੀ ਆਵਾਜ਼ ਨਾਲ ਕਿਲਕਾਰੀਆਂ ਮਾਰਦੀਆਂ ਹਨ।
ਭਰਮ ਨੂੰ ਛੱਡ ਕੇ ਧਰਤੀ ਉਤੇ ਭੂਤ ਵੀ ਭਕਾਰ ਰਹੇ ਹਨ।
ਦੋਵੇਂ ਭਾਈ (ਰਾਮ ਤੇ ਲੱਛਮਣ) ਰਣ-ਭੂਮੀ ਵਿੱਚ ਮੌਜ ਨਾਲ ਫਿਰ ਰਹੇ ਹਨ ॥੩੪੬॥
(ਰਾਮ ਚੰਦਰ ਨੇ) ਖਰ ਤੇ ਦੂਖਣ ਨੂੰ ਮਾਰ ਕੇ (ਮੌਤ ਰੂਪ ਨਦੀ ਵਿੱਚ) ਰੋਹੜ ਦਿਤਾ।
ਜੈ ਦੇ ਬੇਹਦ ਸ਼ਬਦ ਇਕਸਾਰ ਹੋਏ।
ਦੇਵਤਿਆਂ ਨੇ ਫੁੱਲਾਂ ਦਾ ਮੀਂਹ ਵਸਾਇਆ।
ਰਣ ਵਿੱਚ ਧੀਰਜ ਵਾਲੇ ਤੇ ਧੀਰਜ ਤੋਂ ਰਹਿਤ ਦੋਵੇਂ ਪਰਖੇ ਗਏ ॥੩੪੭॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮ ਅਵਤਾਰ ਦੀ ਕਥਾ ਵਿਚਲੇ ਖਰ ਦੂਖਨ ਦੈਂਤ ਬਧਹ ਅਧਿਆਇ ਦੀ ਸਮਾਪਤੀ ॥੬॥
ਹੁਣ ਸੀਤਾ ਦੇ ਹਰਨ ਦਾ ਕਥਨ
ਮਨੋਹਰ ਛੰਦ
ਨੀਚ ਰਾਵਣ ਮਾਰੀਚ ਦੇ ਘਰ ਗਿਆ ਅਤੇ (ਉਸ ਨੂੰ) ਭਰਾਵਾਂ (ਖਰ-ਦੂਖਣ) ਦੇ ਮਰਨ ਦਾ ਹਾਲ ਸੁਣਾਇਆ।
ਵੀਹਾਂ ਹੱਥਾਂ ਵਿੱਚ ਰਾਵਣ ਨੇ ਹਥਿਆਰ ਫੜੇ ਹੋਏ ਹਨ, ਪਰ ਗੁੱਸੇ ਵਿੱਚ ਮਨ ਨੂੰ ਮਾਰ ਕੇ (ਆਪਣੇ) ਦਸ ਸਿਰ ਧੁਣਦਾ ਹੈ (ਅਤੇ ਕਹਿੰਦਾ ਹੈ-)
ਜਿਸ ਨੇ ਸ਼ੂਰਪਣਖਾ ਦਾ ਨੱਕ ਕੱਟਿਆ ਹੈ, ਉਸ ਨੂੰ ਦੁੱਖ ਤੇ ਕਲੰਕ ਲਗਾਉਣਾ ਚਾਹੀਦਾ ਹੈ।
(ਮੈਂ) ਜੋਗੀ ਦਾ ਰੂਪ ਬਣਾ ਕੇ, ਪਲ ਵਿੱਚ ਉਸ ਦੀ ਇਸਤਰੀ ਨੂੰ ਛਲ ਕੇ ਧਰ ਲਿਆਵਾਂਗਾ ॥੩੪੮॥
ਮਾਰੀਚ ਨੇ ਕਿਹਾ-
ਮਨੋਹਰ ਛੰਦ
ਹੇ ਨਾਥ! (ਜੋ ਤੁਸੀਂ) ਵੱਡੀ ਕ੍ਰਿਪਾ ਕਰਕੇ ਮੇਰੇ (ਘਰ) ਆਏ ਹੋ, (ਇਸ ਤਰ੍ਹਾਂ ਤੁਸੀਂ ਮੈਂ) ਅਨਾਥ ਨੂੰ ਸਨਾਥ ਕੀਤਾ ਹੈ।
ਹੇ ਪ੍ਰਭੂ! (ਮੇਰਾ) ਘਰ ਬਾਰ, ਭਵਨ, ਖ਼ਜ਼ਾਨਾ ਅਤੇ ਬਿਖੜੀ ਉਜਾੜ ਸਭ ਕੁਝ ਸੁਹਾਵਨਾ ਹੋ ਗਿਆ ਹੈ
ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਹੇ ਮਹਾਰਾਜ! ਸੁਣ ਕੇ ਬੁਰਾ ਨਾ ਮਨਾਉਣਾ।
ਸ੍ਰੀ ਰਾਮ ਚੰਦਰ ਸੱਚ-ਮੁੱਚ ਅਵਤਾਰ ਹਨ, ਉਨ੍ਹਾਂ ਨੂੰ ਤੁਸੀਂ ਮਨੁੱਖ ਕਰਕੇ ਨਾ ਸਮਝੋ ॥੩੪੯॥
(ਮਾਰੀਚ ਦੀ ਇਹ ਗੱਲ ਸੁਣ ਕੇ ਰਾਵਣ) ਕ੍ਰੋਧ ਨਾਲ ਭਰ ਗਿਆ, (ਉਸ ਦੇ) ਸਾਰੇ ਅੰਗ ਸੜਣ ਲੱਗੇ, ਮੂੰਹ ਲਾਲ ਕਰ ਲਿਆ ਅਤੇ ਦੋਹਾਂ ਅੱਖਾਂ ਨਾਲ ਘੂਰਣ ਲੱਗਾ। (ਕਹਿਣ ਲੱਗਾ-)
ਹੇ ਮੂਰਖ! ਮੇਰੇ ਬੋਲ ਤੇਰੇ ਮਨ ਨਹੀਂ ਲਗੇ ਅਤੇ ਦੋਹਾਂ ਮਨੁੱਖਾਂ ਨੂੰ ਅਵਤਾਰ ਗਿਣਦਾ ਹੈਂ?
ਮਾਤਾ ਦੀ ਇਕ ਗੱਲ ਕਹਿਣ ਨਾਲ, (ਉਨ੍ਹਾਂ ਨੂੰ) ਪਿਉ ਨੇ ਤਿਆਗ ਦਿੱਤਾ ਅਤੇ ਘਿਰਣਾ ਕਰਕੇ ਬਨਵਾਸ (ਲਈ ਘਰੋਂ) ਕੱਢ ਦਿੱਤਾ।
(ਇਸ ਤਰ੍ਹਾਂ ਦੇ) ਉਹ ਦੇਵੋਂ ਦੀਨ ਅਧੀਨ ਜੋਗੀ ਕਿਸ ਤਰ੍ਹਾਂ ਮੇਰੇ ਨਾਲ ਆ ਕੇ ਲੜ ਸਕਦੇ ਹਨ ॥੩੫੦॥
ਹੇ ਮੂਰਖ! ਤੂੰ ਕਹਿ ਜੋ ਉਥੇ ਨਹੀਂ ਜਾਂਦਾ, (ਤਾਂ ਹੁਣੇ ਹੀ) ਤੇਰੀਆਂ ਜੱਟਾਵਾਂ ਦਾ ਜੂੜਾ ਪੁੱਟਦਾ ਹਾਂ।
ਸੋਨੇ ਦੇ ਕਿਲੇ ਉਪਰੋਂ ਤੈਨੂੰ ਸੁੱਟ ਕੇ ਸਮੁੰਦਰ ਵਿੱਚ ਡਬੋਂਦਾ ਹਾਂ।
(ਇਹ ਸੁਣਦੇ ਮਾਰੀਚ) ਚਿੱਤ ਵਿੱਚ ਤਾਂ ਖਿਝਿਆ ਪਰ ਵਸ ਵਿੱਚ ਕੁਝ ਨਾ ਹੋਣ ਕਾਰਨ, ਵਕਤ ਦੀ ਨਜ਼ਾਕਤ ਨੂੰ ਸਮਝਦਾ ਹੋਇਆ ਮੁਨੀ ਗੁੱਸੇ ਨਾਲ (ਭਰਿਆ) ਤੁਰ ਪਿਆ।
(ਉਸ ਨੇ ਸਮਝ ਲਿਆ) ਕਿ ਰਾਵਣ ਹੱਥੋਂ ਪ੍ਰਾਪਤ ਕੀਤੀ ਮੌਤ ਨੀਚ ਗਤਿ ਦੇਵੇਗੀ ਅਤੇ ਰਾਮ ਚੰਦਰ ਹੱਥੋਂ (ਮਿਲੀ ਮੌਤ) ਸੁਅਰਗ ਪੁਰੀ ਵਿੱਚ ਮਾਣ ਵਧਾਏਗੀ ॥੩੫੧॥
(ਫਲਸਰੂਪ ਮਾਰੀਚ) ਸੋਨੇ ਦਾ ਹਿਰਨ ਬਣ ਕੇ, ਜਿਥੇ ਬਲਵਾਨ ਰਾਮ ਬੈਠੇ ਸਨ, ਉਥੇ ਚਲਾ ਆਇਆ।
ਉਧਰੋਂ ਰਾਵਣ ਜੋਗੀ ਹੋ ਕੇ ਸੀਤਾ ਨੂੰ ਲੈਣ ਤੁਰ ਪਿਆ, ਮਾਨੋ ਮੌਤ ਨੇ ਪ੍ਰੇਰ ਕੇ ਤੋਰਿਆ ਹੋਵੇ।
(ਉਸ) ਹਿਰਨ ਦੀ ਸੁੰਦਰਤਾ ਨੂੰ ਵੇਖ ਕੇ ਸੀਤਾ ਮੋਹਿਤ ਹੋ ਗਈ ਅਤੇ ਪਤੀ ਕੋਲ ਕਹਿਣ ਲਗੀ-
ਹੇ ਮੁਰ (ਦੈਂਤ) ਨੂੰ ਮਾਰਨ ਵਾਲੇ! ਹੇ ਮੁਕਤੀ ਦਾਤੇ! ਹੇ ਅਯੁਧਿਆ ਦਾ ਸਵਾਮੀ! (ਮੇਰੀ ਬੇਨਤੀ) ਸੁਣੋ ਅਤੇ ਮੈਨੂੰ ਉਹ ਹਿਰਨ ਲਿਆ ਦਿਓ ॥੩੫੨॥
ਰਾਮ ਚੰਦਰ ਨੇ ਕਿਹਾ-
ਹੇ ਸੀਤਾ! ਸੋਨੇ ਦਾ ਹਿਰਨ ਅਸੀਂ ਕਦੀ ਵੀ ਕੰਨੀ ਨਹੀਂ ਸੁਣਿਆ ਅਤੇ ਨਾ ਹੀ ਵਿਧਾਤਾ ਨੇ ਬਣਾਇਆ ਹੈ।
ਵੀਹ ਬਿਸਵੇ ਇਹ ਕਿਸੇ ਦੈਂਤ ਦਾ ਛਲਾਵਾ ਹੈ ਜਿਸ ਨੇ ਜੰਗਲ ਵਿੱਚ ਤੈਨੂੰ ਭੁਲੇਖੇ ਵਿੱਚ ਪਾ ਦਿੱਤਾ ਹੈ।
ਪਰ ਪਿਆਰੀ ਸੀਤਾ ਨੂੰ ਬਹੁਤ ਆਤੁਰ ਵੇਖ ਕੇ, ਰਾਮ ਚੰਦਰ ਉਸ ਦੀ ਆਗਿਆ ਨੂੰ ਮੋੜ ਨਾ ਸਕੇ।