ਮਾਨੋ ਪੇਟ ਭਰਨ ਲਈ ਭੁਖੇ ਪਿਆਸੇ (ਵਿਅਕਤੀ) ਨੇ ਪੇਟ ਭਰਨ ਦੀ (ਇੱਛਾ) ਕੀਤੀ ਹੋਵੇ।
(ਫਿਰ) ਮੁਨੀ ਸਿਰ ਨਿਵਾ ਕੇ ਸ੍ਰੀ ਕ੍ਰਿਸ਼ਨ ਦੇ ਚਰਨਾਂ ਵਿਚ ਬੈਠ ਗਿਆ
ਅਤੇ ਮਨ ਦੇ ਵਿਚਾਰ ਨੂੰ ਕ੍ਰਿਸ਼ਨ ਦੇ ਨੇੜੇ ਹੋ ਕੇ ਕਿਹਾ ॥੭੮੩॥
ਮੁਨੀ ਨਾਰਦ ਜੀ ਨੇ ਕ੍ਰਿਸ਼ਨ ਜੀ ਨੂੰ ਕਿਹਾ:
ਸਵੈਯਾ:
ਅਕਰੂਰ ਦੇ ਪਹੁੰਚਣ ਤੋਂ ਪਹਿਲਾਂ ਹੀ ਸ੍ਰੀ ਕ੍ਰਿਸ਼ਨ ਦੇ ਚਰਨੀ ਪੈ ਕੇ ਮੁਨੀ ਨੇ ਇਹ ਗੱਲ ਸੁਣਾਈ।
ਕ੍ਰਿਸ਼ਨ ਦਾ ਸੁੰਦਰ ਰੂਪ ਵੇਖ ਕੇ (ਮੁਨੀ) ਆਪਣੇ ਮਨ ਵਿਚ ਪ੍ਰਸੰਨ ਹੋ ਰਿਹਾ ਹੈ।
'ਬਹੁਤ ਸਾਰੇ ਸੂਰਵੀਰਾਂ ਨੂੰ ਤੁਸੀਂ ਯੁੱਧ-ਭੂਮੀ ਵਿਚ ਮਾਰੋ', ਇਸ ਤਰ੍ਹਾਂ ਕਹਿੰਦੇ ਹੋਇਆਂ ਮੁਨੀ ਨੇ ਬਹੁਤ ਸ਼ੋਭਾ ਪ੍ਰਾਪਤ ਕੀਤੀ।
ਮੈਂ ਬਹੁਤ ਸਾਰੇ ਵੈਰੀ ਘੇਰ ਕੇ ਆਇਆ ਹਾਂ, ਤੁਸੀਂ ਸ਼ਿਕਾਰ ਕਰਨ ਵਾਂਗ ਉਨ੍ਹਾਂ ਨੂੰ ਮਾਰ ਦਿਓ ॥੭੮੪॥
ਤਦ ਵੀ ਮੈਂ ਤੁਹਾਡੀ ਉਪਮਾ ਕਰਾਂਗਾ (ਜਦ) ਤੁਸੀਂ ਕੁਵਲੀਆਪੀੜ ਨੂੰ ਮਾਰ ਦਿਓਗੇ।
ਜਦੋਂ ਮੁਸ਼ਟਕ ਅਤੇ ਚੰਡੂਰ ਨੂੰ ਬਲ ਪੂਰਵਕ ਰੰਗ-ਭੂਮੀ ਵਿਚ ਮਾਰ ਦਿਓਗੇ।
ਫਿਰ ਆਪਣੇ ਵੱਡੇ ਵੈਰੀ ਕੰਸ ਨੂੰ ਕੇਸਾਂ ਤੋਂ ਪਕੜ ਕੇ ਉਸ ਦੇ ਪ੍ਰਾਣ ਹਰ ਲਵੋਗੇ।
ਬਹੁਤ ਸਾਰੇ ਵੈਰੀ ਮਾਰ ਕੇ ਦੈਂਤ ਰੂਪ ਬਨ ਨੂੰ ਵਢ ਕੇ ਧਰਤੀ ਉਤੇ ਸੁਟ ਦਿਓਗੇ ॥੭੮੫॥
ਦੋਹਰਾ:
ਨਾਰਦ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹਿ ਕੇ ਵਿਦਾ ਹੋ ਗਿਆ ਅਤੇ ਫਿਰ ਮਨ ਵਿਚ (ਵਿਚਾਰਨ ਲਗਾ)
ਅਤੇ ਫਿਰ ਕਹਿਣ ਲਗਾ ਕਿ ਹੁਣ ਕੰਸ ਦੀ ਮੌਤ ਦੇ ਦਿਨ ਨੇੜੇ ਆ ਗਏ ਹਨ ॥੭੮੬॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦਾ 'ਮੁਨੀ ਨਾਰਦ ਕ੍ਰਿਸ਼ਨ ਜੀ ਨੂੰ ਭੇਦ ਦੇ ਕੇ ਵਿਦਾ ਹੋਇਆ' ਅਧਿਆਇ ਸਮਾਪਤ। ਸਭ ਸ਼ੁਭ ਹੈ।
ਹੁਣ ਬਿਸ੍ਵਾਸੁਰ ਦੈਂਤ ਦੇ ਯੁਧ ਦਾ ਕਥਨ:
ਦੋਹਰਾ:
ਆਦਿ ਨਿਰੰਜਨ ਰੂਪ ਸ੍ਰੀ ਕ੍ਰਿਸ਼ਨ ਗੋਪੀਆਂ ਨਾਲ ਖੇਡ ਰਿਹਾ ਹੈ।
ਕੋਈ (ਗੋਪੀ) ਭੇਡੂ, ਕੋਈ ਚੋਰ ਅਤੇ ਕੋਈ ਪਹਿਰੇਦਾਰ ਬਣੀ ਹੋਈ ਹੈ ॥੭੮੭॥
ਸਵੈਯਾ:
ਸ੍ਰੀ ਕ੍ਰਿਸ਼ਨ ਨੇ ਗਵਾਲਿਆਂ ਨਾਲ ਬ੍ਰਜਭੂਮੀ ਵਿਚ ਬਹੁਤ ਚੰਗੀ ਖੇਡ ਮਚਾਈ ਹੋਈ ਹੈ।
ਗਵਾਲ (ਬਾਲਕਾਂ) ਨੂੰ ਵੇਖ ਕੇ ਤਦੋਂ ਬਿਸ੍ਵਾਸੁਰ ਚੋਰ ਬਣ ਕੇ ਉਨ੍ਹਾਂ ਨੂੰ ਖਾਣ ਲਈ ਆ ਗਿਆ।
ਸ੍ਰੀ ਕ੍ਰਿਸ਼ਨ ਦੇ ਬਹੁਤ ਸਾਰੇ ਗਵਾਲ (ਬਾਲਕ) ਚੁਰਾ ਲਏ, ਉਸ ਨੂੰ ਫਿਰ ਕੇ ਸ੍ਰੀ ਕ੍ਰਿਸ਼ਨ ਨੇ ਵੇਖ ਲਿਆ।
(ਸ੍ਰੀ ਕ੍ਰਿਸ਼ਨ ਨੇ) ਭਜ ਕੇ ਉਸ ਦੀ ਗਰਦਨ ਪਕੜ ਲਈ ਅਤੇ ਬਲ ਪੂਰਵਕ (ਉਸ ਨੂੰ) ਧਰਤੀ ਉਤੇ ਪਟਕਾ ਮਾਰਿਆ ॥੭੮੮॥
ਦੋਹਰਾ:
ਬਿਸ੍ਵਾਸੁਰ ਦੈਂਤ ਨੂੰ ਮਾਰ ਕੇ ਅਤੇ ਸਾਧਾਂ ਦਾ ਕੰਮ ਕਰ ਕੇ
ਬਲਰਾਮ ਅਤੇ ਗਵਾਲ (ਬਾਲਕਾਂ) ਨੂੰ ਨਾਲ ਲੈ ਕੇ ਰਾਤ ਨੂੰ ਘਰ ਆ ਗਏ ॥੭੮੯॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬਿਸ੍ਵਾਸੁਰ ਦੈਂਤ ਦੇ ਬਧ ਵਾਲਾ ਅਧਿਆਇ ਸਮਾਪਤ।
ਹੁਣ ਕ੍ਰਿਸ਼ਨ ਨੂੰ ਅਕਰੂਰ ਮਥੁਰਾ ਨੂੰ ਲੈ ਕੇ ਚਲੇ:
ਸਵੈਯਾ:
ਵੈਰੀ ਨੂੰ ਮਾਰ ਕੇ ਜਦੋਂ ਹੀ ਸ੍ਰੀ ਕ੍ਰਿਸ਼ਨ (ਘਰ) ਗਏ ਤਾਂ ਅਕਰੂਰ ਕਿਧਰੋਂ ਚਲ ਕੇ ਉਥੇ ਆ ਗਿਆ।
ਕ੍ਰਿਸ਼ਨ ਨੂੰ ਵੇਖ ਕੇ ਉਸ ਨੇ ਪ੍ਰਨਾਮ ਕੀਤਾ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
ਜੋ ਗੱਲ ਕੰਸ ਨੇ ਕਹੀ ਸੀ, ਓਹੀ ਬੇਨਤੀ ਕਰ ਕੇ (ਉਸ ਨੇ) ਆਪਣੇ ਪ੍ਰੇਮ ਨਾਲ ਸ੍ਰੀ ਕ੍ਰਿਸ਼ਨ ਨੂੰ ਪ੍ਰਸੰਨ ਕਰ ਲਿਆ।
ਜਿਸ ਤਰ੍ਹਾਂ ਅੰਕਸ਼ ਨਾਲ ਹਾਥੀ ਨੂੰ ਮੋੜ ਲਈਦਾ ਹੈ, ਉਸੇ ਤਰ੍ਹਾਂ ਗੱਲਾਂ ਨਾਲ ਸ੍ਰੀ ਕ੍ਰਿਸ਼ਨ ਨੂੰ ਹਰ ਲਿਆਇਆ ॥੭੯੦॥
ਉਸ ਦੀ ਗੱਲ ਸੁਣ ਕੇ, ਕ੍ਰਿਸ਼ਨ ਜੀ ਪਿਤਾ ਦੇ ਘਰ ਚਲੇ ਗਏ
ਅਤੇ ਇਹ (ਸਾਰੀ) ਗੱਲ ਜਾ ਦਸੀ ਕਿ ਮੈਨੂੰ ਮਥੁਰਾ ਦੇ ਰਾਜੇ (ਕੰਸ) ਨੇ ਹੁਣੇ ਅਕਰੂਰ ਦੇ ਹੱਥੀਂ ਸਦ ਭੇਜਿਆ ਹੈ।
ਉਸ ਦੇ ਸਰੂਪ ਨੂੰ ਵੇਖਦਿਆਂ ਹੀ ਨੰਦ ਨੇ ਕਿਹਾ ਕਿ ਤੇਰੇ ਸ਼ਰੀਰ ਦੀ ਖ਼ੈਰ ਖ਼ੈਰੀਅਤ ਤਾਂ ਹੈ।
ਬਲਰਾਮ ਨੇ ਕਿਹਾ - ਕਾਹਦੀ ਖ਼ੈਰ ਕਿ ਇਸ ਤਰ੍ਹਾਂ (ਉਸ ਨੇ) ਬੁਲਾ ਭੇਜਿਆ ਹੈ ॥੭੯੧॥
ਹੁਣ ਮਥਰਾ ਵਿਚ ਸ੍ਰੀ ਕ੍ਰਿਸ਼ਨ ਦੇ ਆਗਮਨ ਦਾ ਕਥਨ:
ਸਵੈਯਾ:
(ਅਕਰੂਰ ਦੀ) ਗੱਲ ਸੁਣ ਕੇ ਗਵਾਲ (ਬਾਲਕਾਂ) ਨੂੰ ਨਾਲ ਲੈ ਕੇ ਉਸੇ ਵੇਲੇ ਸ੍ਰੀ ਕ੍ਰਿਸ਼ਨ ਮਥੁਰਾ ਨੂੰ ਚਲ ਪਏ।
(ਭੇਟ ਕਰਨ ਲਈ) ਬਹੁਤ ਸਾਰੇ ਬਕਰੇ ਅਤੇ ਕਾਫੀ ਸਾਰਾ ਦੁੱਧ ਲੈ ਕੇ ਕ੍ਰਿਸ਼ਨ ਅਤੇ ਬਲਰਾਮ ਨੂੰ ਅਗੇ ਕਰ ਕੇ ਤੁਰ ਪਏ।
ਉਨ੍ਹਾਂ ਨੂੰ ਵੇਖ ਕੇ ਬਹੁਤ ਸੁਖ ਪ੍ਰਾਪਤ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਤਕ ਕੇ ਸ਼ਰੀਰ ਦੇ ਪਾਪ ਭਜ ਜਾਂਦੇ ਹਨ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਗਵਾਲਿਆਂ ਦੇ ਸੁੰਦਰ ਬਨ ਵਿਚ ਸ੍ਰੀ ਕ੍ਰਿਸ਼ਨ ਸ਼ੇਰ ਵਾਂਗ ਲਗਦੇ ਹੋਣ ॥੭੯੨॥
ਦੋਹਰਾ:
(ਜਦੋਂ) ਜਸੋਧਾ ਨੇ ਕ੍ਰਿਸ਼ਨ ਦੇ ਮਥੁਰਾ ਜਾਣ ਦੀ ਗੱਲ ਸੁਣੀ,