ਬਹੁਤ ਹੀ ਲੋਹਾ ਖੜਕਿਆ ਹੈ, ਕਿਤਨੇ ਹੀ ਡਿਗ ਪਏ ਹਨ (ਜਾਂ ਭਜ ਗਏ ਹਨ)।
ਕਿਤਨੇ ਹੀ ਯੁੱਧ-ਭੂਮੀ ਵਿਚ ਟੋਲੇ ਬਣਾ ਕੇ ਆਏ ਹਨ।
ਗੋਲਿਆਂ ਅਤੇ ਬਾਣਾਂ ਦੀ ਅਜਿਹੀ ਮਾਰ ਪਈ ਹੈ
ਮਾਨੋ ਅਸੂ ਦੇ ਮਹੀਨੇ ਦੇ ਬਦਲਾਂ ਦੀ ਬਰਖਾ ਵਰਗੀ ਹੋਵੇ ॥੨੩॥
ਬਹੁਤ ਮਾਰ ਮਚੀ ਹੈ ਅਤੇ ਖ਼ੂਬ ਲੋਹਾ ਖੜਕਿਆ ਹੈ (ਅਰਥਾਤ-ਸ਼ਸਤ੍ਰਾਂ ਨਾਲ ਸ਼ਸਤ੍ਰ ਵਜੇ ਹਨ)
ਜਿਸ ਕਰ ਕੇ ਯੋਧਿਆਂ ਦੇ ਮਨ ਪ੍ਰਸੰਨ ਹੋਏ ਹਨ।
ਕਿਤੇ ਭੂਤ ਅਤੇ ਪ੍ਰੇਤ ਨਚ ਅਤੇ ਗਾ ਰਹੇ ਹਨ
ਅਤੇ ਕਿਤੇ ਜੋਗਣਾਂ ਲਹੂ ਪੀਂਦੀਆਂ ਦਿਸ ਰਹੀਆਂ ਹਨ ॥੨੪॥
ਕਿਤੇ ਬਾਂਕੇ ਬੀਰ ਬੈਤਾਲ ਵਿਚਰ ਰਹੇ ਹਨ
ਅਤੇ ਕਿਤੇ ਸੂਰਮੇ ਸੂਰਮਿਆਂ ਨੂੰ ਮਾਰ ਕੇ ਸੁਟ ਰਹੇ ਹਨ।
ਕਿਤੇ ਸੂਰਮੇ ਕਮਾਨਾਂ ਖਿਚ ਕੇ ਬਾਣ ਚਲਾ ਰਹੇ ਹਨ
ਅਤੇ ਕਿਤੇ ਯੋਧਿਆਂ ਨੂੰ ਕੇਸਾਂ ਤੋਂ ਪਕੜ ਕੇ ਘਸੀਟ ਰਹੇ ਹਨ ॥੨੫॥
ਕਿਤੇ ਪਾਰਬਤੀ ਸਿਰਾਂ ਦੀ ਮਾਲਾ ਪਰੋ ਰਹੀ ਹੈ,
ਕਿਤੇ ਮਹਾ ਰੁਦ੍ਰ ਮਾਰੂ ਰਾਗ ਗਾ ਰਿਹਾ ਹੈ।
ਕਿਤੇ ਕ੍ਰੋਧਿਤ ਹੋ ਕੇ ਡਾਕਣੀਆਂ ਡਕਾਰ ਰਹੀਆਂ ਹਨ।
ਕਿਤੇ ਬਿਨਾ ਮਾਰਿਆਂ ਹੀ ਯੋਧੇ ਮਾਰੇ ਗਏ ਹਨ ॥੨੬॥
ਕਿਤੇ ਦੁੰਦਭੀ, ਢੋਲ ਅਤੇ ਸ਼ਹਿਨਾਈਆਂ ਵਜ ਰਹੀਆਂ ਹਨ
ਅਤੇ ਕਿਤਨੇ ਹੀ ਯੋਧੇ ਕ੍ਰੋਧਵਾਨ ਹੋ ਕੇ ਗਜ ਰਹੇ ਹਨ।
ਕਿਤਨੇ ਹੀ ਸੂਰਮੇ ਗੱਲ ਵਿਚ ਫਾਹੀ ਪੈਣ ਕਾਰਨ ਮਰ ਗਏ ਹਨ
ਅਤੇ ਸ਼ਰੀਰ ਨੂੰ ਛਡ ਕੇ ਸਵਰਗ ਨੂੰ ਚਲੇ ਗਏ ਹਨ ॥੨੭॥
ਦੇਵਤਿਆਂ ਨੇ ਕਿਤਨੇ ਹੀ ਦੈਂਤ ਯੁੱਧ-ਭੂਮੀ ਵਿਚ ਮਾਰ ਦਿੱਤੇ ਹਨ
ਅਤੇ ਕਿਤਨੇ ਹੀ ਪ੍ਰਾਣ ਤਿਆਗ ਕੇ ਸੁਰ-ਲੋਕ ਵਿਚ ਵਿਚਰ ਰਹੇ ਹਨ।
ਕਿਤਨੇ ਹੀ ਸੂਰਮੇ ਘਾਓ ਲਗਣ ਕਾਰਨ ਝੂੰਮ ਰਹੇ ਹਨ। (ਇੰਜ ਪ੍ਰਤੀਤ ਹੁੰਦਾ ਹੈ)
ਮਾਨੋ ਮਲੰਗ ਲੋਕ ਭੰਗ ਪੀ ਕੇ ਘੁੰਮ ਰਹੇ ਹੋਣ ॥੨੮॥
ਸ਼ੂਰਵੀਰਾਂ ਨੇ 'ਮਾਰੋ ਮਾਰੋ' ਪੁਕਾਰ ਕੇ
ਕਈ ਆਕੜਖਾਂ ਛਤ੍ਰਧਾਰੀਆਂ ਨੂੰ ਮਾਰ ਦਿੱਤਾ ਹੈ।
ਉਥੇ ਕਈ ਕਰੋੜ 'ਪਤ੍ਰੀ' (ਖੰਭਾਂ ਵਾਲੇ ਤੀਰ) ਛੁਟੇ ਹਨ
ਅਤੇ ਜਲਦੀ ਹੀ ਪੱਤਰਾਂ ਵਾਂਗ ਛਤ੍ਰਾਂ ਦੇ ਟੋਟੇ ਉਡੇ ਗਏ ਹਨ ॥੨੯॥
ਮਹਾਨ ਯੋਧਿਆਂ ਨੇ ਬੜਾ ਤਕੜਾ ਯੁੱਧ ਮਚਿਆ ਹੋਇਆ ਹੈ
ਅਤੇ ਚੌਹਾਂ ਪਾਸਿਆਂ ਤੋਂ ਕ੍ਰੋਧ ਭਰੀਆਂ ਵੰਗਾਰਾਂ ਪੈ ਰਹੀਆਂ ਹਨ।
(ਬਹੁਤ ਯੋਧੇ) ਜੰਗ ਵਿਚ ਲੜ ਕੇ ਪਵਿਤ੍ਰ ਸ਼ਹਾਦਤ ਪ੍ਰਾਪਤ ਕਰ ਗਏ ਹਨ।
ਸ਼ਿਆਮ ਕਵੀ ਦਸਦੇ ਹਨ ਕਿ ਉਥੇ ਬਹੁਤ ਯੋਧੇ ਜੂਝ ਗਏ ਹਨ ॥੩੦॥
ਚੌਪਈ:
ਜਿਥੇ ਦਸ਼ਰਥ ਦਾ ਚਿਤ ਜਾਣਾ ਚਾਹੁੰਦਾ,
ਉਥੇ ਹੀ ਕੈਕਈ (ਰਥ ਨੂੰ) ਲੈ ਕੇ ਪਹੁੰਚਾ ਦਿੰਦੀ।
(ਦਸਰਥ ਨੂੰ ਕੋਈ) ਜ਼ਖ਼ਮ ਨਾ ਲੱਗਣ ਦਿੱਤਾ ਅਤੇ (ਉਸ ਨੇ) ਇਸ ਤਰ੍ਹਾਂ ਨਾਲ ਰਥ ਚਲਾਇਆ
ਕਿ ਉਸ ਦੇ ਪ੍ਰੀਤਮ ਦਾ ਕੋਈ ਵਾਲ ਵਿੰਗਾ ਨਾ ਹੋਇਆ ॥੩੧॥
ਜਿਨ੍ਹਾਂ ਉਤੇ ਵੀ ਕੈਕਈ (ਉਸ ਨੂੰ) ਲੈ ਕੇ ਪਹੁੰਚਾਉਂਦੀ,
ਉਨ੍ਹਾਂ ਨੂੰ ਦਸ਼ਰਥ ਮਾਰ ਸੁਟਦਾ।
(ਉਸ) ਯੋਧੇ ਨੇ ਅਜਿਹਾ ਯੁੱਧ ਕੀਤਾ
ਕਿ (ਉਸ ਦੀਆਂ) ਖ਼ਬਰਾਂ ਰੂਮ ਅਤੇ ਸ਼ਿਆਮ ਤਕ ਪਹੁੰਚ ਗਈਆਂ ॥੩੨॥
ਇਸ ਤਰ੍ਹਾਂ ਨਾਲ ਬਹੁਤ ਦੁਸ਼ਟ ਮਾਰ ਦਿੱਤੇ
ਅਤੇ ਇੰਦਰ ('ਬਾਸਵ') ਦੇ ਸਾਰੇ ਦੁਖ ਦੂਰ ਕਰ ਦਿੱਤੇ।
(ਜਿਸ ਨੇ) ਦੰਦਾਂ ਵਿਚ ਤੀਲਾ ਲੈ ਲਿਆ, ਉਹੀ ਬਚ ਸਕਿਆ,
ਨਹੀਂ ਤਾਂ ਕੋਈ ਵੀ ਜੀਉਂਦਾ ਬਚ ਨਾ ਸਕਿਆ ॥੩੩॥
ਦੋਹਰਾ:
(ਕੈਕਈ ਨੇ) ਪਤੀ ਦੀ ਰਖਿਆ ਕੀਤੀ, ਰਥ ਨੂੰ ਹਕਿਆ ਅਤੇ ਸੂਰਮਿਆਂ ਨੂੰ ਖਪਾ ਦਿੱਤਾ।