ਸ਼੍ਰੀ ਦਸਮ ਗ੍ਰੰਥ

ਅੰਗ - 564


ਪਾਪ ਹਿਰਦੇ ਮਹਿ ਠਾਨਿ ॥

ਹਿਰਦੇ ਵਿਚ ਪਾਪਾਂ ਨੂੰ ਧਾਰ ਲਿਆ ਹੈ

ਕਰਤ ਧਰਮ ਕੀ ਹਾਨਿ ॥੧੩੧॥

ਅਤੇ ਧਰਮ ਦੀ ਹਾਨੀ ਕਰਦੇ ਹਨ ॥੧੩੧॥

ਅਤਿ ਕੁਚਾਲ ਅਰੁ ਕ੍ਰੂਰ ॥

(ਲੋਕੀਂ) ਅਤਿ ਦੇ ਕੁਚਾਲ ਅਤੇ ਬੇਰਹਿਮ ਹਨ,

ਅਤਿ ਪਾਪਿਸਟ ਕਠੂਰ ॥

ਬਹੁਤ ਹੀ ਪਾਪੀ ਅਤੇ ਕਠੋਰ ਹਨ।

ਥਿਰ ਨਹੀ ਰਹਤ ਪਲਾਧ ॥

ਅੱਧਾ ਪਲ ਵੀ ਟਿਕਦੇ ਨਹੀਂ ਹਨ

ਕਰਤ ਅਧਰਮ ਕੀ ਸਾਧਿ ॥੧੩੨॥

ਅਤੇ ਅਧਰਮ ਦੀ ਹੀ ਸਾਧਨਾ ਕਰਦੇ ਹਨ ॥੧੩੨॥

ਅਤਿ ਪਾਪਿਸਟ ਅਜਾਨ ॥

ਬਹੁਤ ਹੀ ਵੱਡੇ ਪਾਪੀ ਅਤੇ ਮੂਰਖ ਹਨ

ਕਰਤ ਧਰਮ ਕੀ ਹਾਨਿ ॥

ਅਤੇ ਧਰਮ ਦੀ ਹਾਨੀ ਕਰਦੇ ਹਨ।

ਮਾਨਤ ਜੰਤ੍ਰ ਨ ਤੰਤ੍ਰ ॥

ਜੰਤ੍ਰਾਂ ਅਤੇ ਤੰਤ੍ਰਾਂ ਨੂੰ ਨਹੀਂ ਮੰਨਦੇ ਹਨ

ਜਾਪਤ ਕੋਈ ਨ ਮੰਤ੍ਰ ॥੧੩੩॥

ਅਤੇ ਕੋਈ ਵੀ ਮੰਤ੍ਰ ਨਹੀਂ ਜਪਦੇ ਹਨ ॥੧੩੩॥

ਜਹ ਤਹ ਬਡਾ ਅਧਰਮ ॥

ਜਿਥੇ ਕਿਥੇ ਅਧਰਮ ਬਹੁਤ ਵਧ ਗਿਆ ਹੈ

ਧਰਮ ਭਜਾ ਕਰਿ ਭਰਮ ॥

ਅਤੇ ਭਰਮਾਂ ਕਾਰਨ ਧਰਮ ਭਜ ਗਿਆ ਹੈ।

ਨਵ ਨਵ ਕ੍ਰਿਆ ਭਈ ॥

ਨਵੀਂ ਨਵੀਂ ਕ੍ਰਿਆ ਹੋ ਰਹੀ ਹੈ

ਦੁਰਮਤਿ ਛਾਇ ਰਹੀ ॥੧੩੪॥

ਅਤੇ (ਸਭ ਦੇ ਮਨ ਵਿਚ) ਦੁਰਮਤ ਛਾਈ ਹੋਈ ਹੈ ॥੧੩੪॥

ਕੁੰਡਰੀਆ ਛੰਦ ॥

ਕੁੰਡਰੀਆ ਛੰਦ:

ਨਏ ਨਏ ਮਾਰਗ ਚਲੇ ਜਗ ਮੋ ਬਢਾ ਅਧਰਮ ॥

ਜਗਤ ਵਿਚ ਨਵੇਂ ਨਵੇਂ ਮਾਰਗ (ਪੰਥ) ਚਲ ਪਏ ਹਨ ਅਤੇ ਅਧਰਮ ਵਧ ਗਿਆ ਹੈ।

ਰਾਜਾ ਪ੍ਰਜਾ ਸਭੈ ਲਗੇ ਜਹ ਜਹ ਕਰਨ ਕੁਕਰਮ ॥

ਰਾਜਾ ਅਤੇ ਪ੍ਰਜਾ ਸਭ ਜਿਥੇ ਕਿਥੇ ਕੁਕਰਮ ਕਰਨ ਲਗ ਗਏ ਹਨ।

ਜਹ ਤਹ ਕਰਨ ਕੁਕਰਮ ਪ੍ਰਜਾ ਰਾਜਾ ਨਰ ਨਾਰੀ ॥

ਜਿਥੇ ਕਿਥੇ ਰਾਜਾ ਅਤੇ ਪ੍ਰਜਾ, ਔਰਤਾਂ ਅਤੇ ਮਰਦ ਕੁਕਰਮ ਕਰਨ ਲਗ ਗਏ ਹਨ।

ਧਰਮ ਪੰਖ ਕਰ ਉਡਾ ਪਾਪ ਕੀ ਕ੍ਰਿਆ ਬਿਥਾਰੀ ॥੧੩੫॥

ਧਰਮ ਖੰਭ ਲਾ ਕੇ ਉਡ ਗਿਆ ਹੈ ਅਤੇ ਪਾਪ ਦੀ ਕ੍ਰਿਆ ਪਸਾਰ ਦਿੱਤੀ ਹੈ ॥੧੩੫॥

ਧਰਮ ਲੋਪ ਜਗ ਤੇ ਭਏ ਪਾਪ ਪ੍ਰਗਟ ਬਪੁ ਕੀਨ ॥

ਧਰਮ ਜਗਤ ਤੋਂ ਲੁਪਤ ਹੋ ਗਿਆ ਹੈ ਅਤੇ ਪਾਪ ਨੇ ਆਪਣੇ ਆਕਾਰ ('ਬਪੁ') ਨੂੰ ਪ੍ਰਗਟ ਕਰ ਦਿੱਤਾ ਹੈ।

ਊਚ ਨੀਚ ਰਾਜਾ ਪ੍ਰਜਾ ਕ੍ਰਿਆ ਅਧਰਮ ਕੀ ਲੀਨ ॥

ਉੱਚੇ ਨੀਵੇਂ, ਰਾਜਾ ਅਤੇ ਪ੍ਰਜਾ (ਸਭ) ਅਧਰਮ ਦੀ ਕ੍ਰਿਆ ਵਿਚ ਲੀਨ ਹੋ ਗਏ ਹਨ।

ਕ੍ਰਿਆ ਪਾਪ ਕੀ ਲੀਨ ਨਾਰਿ ਨਰ ਰੰਕ ਅਰੁ ਰਾਜਾ ॥

ਪਾਪ ਦੀ ਕ੍ਰਿਆ ਵਿਚ ਰਾਜਾ ਅਤੇ ਕੰਗਾਲ, ਔਰਤਾਂ ਅਤੇ ਮਰਦ (ਸਭ) ਲੀਨ ਹੋ ਗਏ ਹਨ।

ਪਾਪ ਪ੍ਰਚੁਰ ਬਪੁ ਕੀਨ ਧਰਮ ਧਰਿ ਪੰਖਨ ਭਾਜਾ ॥੧੩੬॥

ਪਾਪ ਨੇ (ਆਪਣਾ) ਆਕਾਰ ਬਹੁਤ ਵਧਾ ਲਿਆ ਹੈ ਅਤੇ ਧਰਮ ਖੰਭ ਲਾ ਕੇ ਭਜ ਗਿਆ ਹੈ ॥੧੩੬॥

ਪਾਪਾਕ੍ਰਾਤ ਧਰਾ ਭਈ ਪਲ ਨ ਸਕਤਿ ਠਹਰਾਇ ॥

ਧਰਤੀ ਪਾਪਾਂ ਨਾਲ ਦੁਖੀ ਹੋ ਗਈ ਹੈ ਅਤੇ ਪਲ ਭਰ ਲਈ ਵੀ ਸਥਿਰ ਨਹੀਂ ਹੋ ਰਹੀ।


Flag Counter