ਸ਼੍ਰੀ ਦਸਮ ਗ੍ਰੰਥ

ਅੰਗ - 682


ਤਸ ਤੁਮ ਰਾਮ ਕ੍ਰਿਸਨ ਕਈ ਕੋਟਿਕ ਬਾਰ ਉਪਾਇ ਮਿਟਾਏ ॥੮੦॥

ਉਸ ਰਾਮ ਅਤੇ ਕ੍ਰਿਸ਼ਨ ਨੂੰ ਤੂੰ ਕਈ ਕਰੋੜਾਂ ਵਾਰ ਪੈਦਾ ਕੀਤਾ ਹੈ, ਫਿਰ ਮਿਟਾ ਦਿੱਤਾ ਹੈ ॥੮੦॥

ਅਨਭਵ ਰੂਪ ਸਰੂਪ ਅਗੰਜਨ ਕਹੋ ਕਵਨ ਬਿਧਿ ਗਈਯੈ ॥

(ਜਿਸ ਦਾ) ਭੈ ਰਹਿਤ ਰੂਪ ਅਤੇ ਨਾ ਗੰਜੇ ਜਾ ਸਕਣ ਵਾਲਾ ਸਰੂਪ ਹੈ, ਦਸੋ (ਉਸ ਨੂੰ) ਕਿਸ ਢੰਗ ਨਾਲ ਗਾਇਆ ਜਾ ਸਕਦਾ ਹੈ।

ਜਿਹਬਾ ਸਹੰਸ੍ਰ ਰਟਤ ਗੁਨ ਥਾਕੀ ਕਬਿ ਜਿਹਵੇਕ ਬਤਈਯੈ ॥

(ਜਿਸ ਦੇ) ਗੁਣਾਂ ਨੂੰ ਗਾਉਂਦਿਆਂ (ਸ਼ੇਸ਼ਨਾਗ ਦੀਆਂ) ਹਜ਼ਾਰ ਜੀਭਾਂ ਥਕ ਗਈਆਂ ਹਨ, (ਪਰ) ਕਵੀ ਦੀ ਤਾਂ ਇਕ ਜੀਭ ਹੈ, ਦਸੋ (ਫਿਰ ਉਹ ਕਿਵੇਂ ਗੁਣਾਂ ਨੂੰ ਗਾ ਸਕੇਗਾ)।

ਭੂਮਿ ਅਕਾਸ ਪਤਾਰ ਜਵਨ ਕਰ ਚਉਦਹਿ ਖੰਡ ਬਿਹੰਡੇ ॥

(ਜੋ) ਭੂਮੀ, ਆਕਾਸ਼ ਅਤੇ ਪਾਤਾਲ ਨੂੰ ਬਣਾ ਕੇ ਅਤੇ ਫਿਰ ਚੌਦਾਂ ਖੰਡਾਂ (ਲੋਕਾਂ) ਨੂੰ ਨਸ਼ਟ ਕਰ ਦਿੰਦੀ ਹੈ,

ਜਗਮਗ ਜੋਤਿ ਹੋਤਿ ਭੂਤਲਿ ਮੈ ਖੰਡਨ ਅਉ ਬ੍ਰਹਮੰਡੇ ॥੮੧॥

(ਉਸੇ ਦੀ) ਜੋਤਿ ਧਰਤੀ, ਖੰਡਾਂ ਅਤੇ ਬ੍ਰਹਿਮੰਡਾਂ ਵਿਚ ਜਗਮਗਾ ਰਹੀ ਹੈ ॥੮੧॥

ਬਿਸਨਪਦ ॥ ਸੋਰਠਿ ॥

ਬਿਸਨਪਦ: ਸੋਰਠ:

ਜੈ ਜੈ ਰੂਪ ਅਰੇਖ ਅਪਾਰ ॥

ਹੇ ਅਰੇਖ ਅਤੇ ਅਪਾਰ ਰੂਪ ਵਾਲੀ!

ਜਾਸਿ ਪਾਇ ਭ੍ਰਮਾਇ ਜਹ ਤਹ ਭੀਖ ਕੋ ਸਿਵ ਦੁਆਰ ॥

(ਤੇਰੀ) ਜੈ-ਜੈ ਹੋਵੇ। ਜਿਸ ਦੀ (ਆਗਿਆ ਨੂੰ) ਪ੍ਰਾਪਤ ਕਰ ਕੇ ਸ਼ਿਵ ਜਿਥੇ ਕਿਥੇ ਦੁਆਰ ਦੁਆਰ ਤੇ ਭਿਖਿਆ ਲੈਣ ਲਈ ਭਰਮਦਾ ਫਿਰਦਾ ਹੈ,

ਜਾਸਿ ਪਾਇ ਲਗ੍ਯੋ ਨਿਸੇਸਿਹ ਕਾਰਮਾ ਤਨ ਏਕ ॥

ਜਿਸ ਦੀ (ਆਗਿਆ ਦੀ) ਪ੍ਰਾਪਤੀ ਨਾਲ ਚੰਦ੍ਰਮਾ ਦੇ ਸ਼ਰੀਰ ਉਤੇ ਇਕ ਕਲੰਕ ਲਗਿਆ ਹੈ,

ਦੇਵਤੇਸ ਸਹੰਸ੍ਰ ਭੇ ਭਗ ਜਾਸਿ ਪਾਇ ਅਨੇਕ ॥੮੨॥

ਜਿਸ ਦੀ (ਆਗਿਆ ਨੂੰ) ਪਾ ਕੇ ਇੰਦਰ (ਦੇ ਸ਼ਰੀਰ ਉਤੇ) ਹਜ਼ਾਰ ਭਗ (ਚਿੰਨ੍ਹ) ਹੋਏ ਸਨ ॥੮੨॥

ਕ੍ਰਿਸਨ ਰਾਮ ਭਏ ਕਿਤੇ ਪੁਨਿ ਕਾਲ ਪਾਇ ਬਿਹਾਨ ॥

ਜਿਸ ਦੀ (ਆਗਿਆ ਨੂੰ) ਪ੍ਰਾਪਤ ਕਰ ਕੇ ਕਿਤਨੇ ਹੀ ਰਾਮ ਅਤੇ ਕ੍ਰਿਸ਼ਨ ਹੋਏ ਅਤੇ ਫਿਰ ਸਮਾ ਆਉਣ ਤੇ ਨਸ਼ਟ ਹੋ ਗਏ।

ਕਾਲ ਕੋ ਅਨਕਾਲ ਕੈ ਅਕਲੰਕ ਮੂਰਤਿ ਮਾਨ ॥

'ਕਾਲ' ਨੂੰ ਕਾਲ ਤੋਂ ਮੁਕਤ ਕਰ ਕੇ ਕਲੰਕ ਰਹਿਤ ਸਰੂਪ ਵਾਲਾ ਮਨੋ।

ਜਾਸਿ ਪਾਇ ਭਯੋ ਸਭੈ ਜਗ ਜਾਸ ਪਾਇ ਬਿਲਾਨ ॥

ਜਿਸ ਦੀ (ਆਗਿਆ ਨੂੰ) ਪ੍ਰਾਪਤ ਕਰ ਕੇ ਸਾਰਾ ਜਗਤ ਹੋਂਦ ਵਿਚ ਆਇਆ ਹੈ ਅਤੇ ਜਿਸ ਦੀ (ਆਗਿਆ ਨੂੰ) ਪਾ ਕੇ ਨਸ਼ਟ ਹੋ ਜਾਂਦਾ ਹੈ,

ਤਾਹਿ ਤੈ ਅਬਿਚਾਰ ਜੜ ਕਰਤਾਰ ਕਾਹਿ ਨ ਜਾਨ ॥੮੩॥

ਉਸ ਨੂੰ ਹੇ ਵਿਚਾਰ ਰਹਿਤ ਮੂਰਖ! ਕਰਤਾਰ ਕਰ ਕੇ ਕਿਉਂ ਨਹੀਂ ਜਾਣਦਾ ॥੮੩॥

ਨਰਹਰਿ ਜਾਨ ਕਾਹਿ ਨ ਲੇਤ ॥

(ਹੇ ਪ੍ਰਾਣੀ! ਤੂੰ) ਉਸ ਨਰਹਰਿ ਨੂੰ ਕਿਉਂ ਨਹੀਂ ਜਾਣ ਲੈਂਦਾ।

ਤੈ ਭਰੋਸ ਪਰ੍ਯੋ ਪਸੂ ਜਿਹ ਮੋਹਿ ਬਧਿ ਅਚੇਤ ॥

ਹੇ ਪਸ਼ੂ! (ਤੂੰ ਮਾਇਆ ਦੇ) ਮੋਹ ਵਿਚ ਅਚੇਤ ਹੋਇਆ ਜਿਸ ਦੇ ਭਰੋਸੇ ਪਿਆ ਹੋਇਆ ਹੈਂ

ਰਾਮ ਕ੍ਰਿਸਨ ਰਸੂਲ ਕੋ ਉਠਿ ਲੇਤ ਨਿਤਪ੍ਰਤਿ ਨਾਉ ॥

ਅਤੇ ਰੋਜ਼ ਉਠ ਕੇ ਰਾਮ, ਕ੍ਰਿਸ਼ਨ ਅਤੇ ਰਸੂਲ ਦਾ ਨਾਮ ਲੈਂਦਾ ਹੈਂ,

ਕਹਾ ਵੈ ਅਬ ਜੀਅਤ ਜਗ ਮੈ ਕਹਾ ਤਿਨ ਕੋ ਗਾਉ ॥੮੪॥

ਪਰ ਉਹ ਹੁਣ ਜਗ ਵਿਚ ਕਿਥੇ ਜੀਉਂਦੇ ਹਨ ਅਤੇ ਉਨ੍ਹਾਂ ਦਾ ਕਿਹੜਾ ਪਿੰਡ ਹੈ? ॥੮੪॥

ਸੋਰਠਿ ॥

ਸੋਰਠਿ:

ਤਾਸ ਕਿਉ ਨ ਪਛਾਨਹੀ ਜੇ ਹੋਹਿ ਹੈ ਅਬ ਹੈ ॥

ਉਸ ਨੂੰ ਕਿਉਂ ਨਹੀਂ ਪਛਾਣਦਾ, ਜੋ ਹੁਣ ਹੈ ਅਤੇ (ਭਵਿਸ਼ ਵਿਚ) ਹੋਵੇਗਾ।

ਨਿਹਫਲ ਕਾਹੇ ਭਜਤ ਪਾਹਨ ਤੋਹਿ ਕਛੁ ਫਲਿ ਦੈ ॥

ਵਿਅਰਥ ਵਿਚ ਪੱਥਰਾਂ ਨੂੰ ਕਿਉਂ ਪੂਜਦਾ ਹੈਂ, (ਕੀ) ਤੈਨੂੰ (ਉਹ) ਕੁਝ ਫਲ ਦੇਣਗੇ?

ਤਾਸੁ ਸੇਵਹੁ ਜਾਸ ਸੇਵਤਿ ਹੋਹਿ ਪੂਰਣ ਕਾਮ ॥

ਉਸ ਦੀ ਸੇਵਾ ਕਰੋ ਜਿਸ ਦੀ ਸੇਵਾ ਕੀਤਿਆਂ ਕਾਮਨਾਵਾਂ (ਮਨੋਰਥ) ਪੂਰਨ ਹੋ ਜਾਣ,

ਹੋਹਿ ਮਨਸਾ ਸਕਲ ਪੂਰਣ ਲੈਤ ਜਾ ਕੇ ਨਾਮ ॥੮੫॥

ਜਿਸ ਦਾ ਨਾਮ ਲਿਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣ ॥੮੫॥

ਬਿਸਨਪਦ ॥ ਰਾਮਕਲੀ ॥ ਤ੍ਵਪ੍ਰਸਾਦਿ ॥

ਬਿਸਨਪਦ: ਰਾਮਕਲੀ: ਤੇਰੀ ਕ੍ਰਿਪਾ ਨਾਲ:

ਇਹ ਬਿਧਿ ਕੀਨੀ ਜਬੈ ਬਡਾਈ ॥

ਇਸ ਤਰ੍ਹਾਂ ਜਦੋਂ ਵਡਿਆਈ ਕੀਤੀ,

ਰੀਝੇ ਦੇਵ ਦਿਆਲ ਤਿਹ ਉਪਰ ਪੂਰਣ ਪੁਰਖ ਸੁਖਦਾਈ ॥

(ਤਾਂ) ਪੂਰਨ ਪੁਰਖ, ਸੁਖਦਾਇਕ ਦਿਆਲੂ ਦੇਵ ਉਸ ਉਤੇ ਪ੍ਰਸੰਨ ਹੋ ਗਏ।

ਆਪਨਿ ਮਿਲੇ ਦੇਵਿ ਦਰਸਨਿ ਭਯੋ ਸਿੰਘ ਕਰੀ ਅਸਵਾਰੀ ॥

ਆਪ ਹੀ ਦੇਵੀ ਆ ਕੇ ਮਿਲ ਪਈ ਅਤੇ ਦਰਸ਼ਨ ਹੋ ਗਏ। (ਉਸ ਨੇ) ਸ਼ੇਰ ਦੀ ਸਵਾਰੀ ਕੀਤੀ ਹੋਈ ਹੈ,

ਲੀਨੇ ਛਤ੍ਰ ਲੰਕੁਰਾ ਕੂਦਤ ਨਾਚਤ ਗਣ ਦੈ ਤਾਰੀ ॥੮੬॥

(ਹੱਥ ਵਿਚ) (ਗਣ ਅਥਵਾ ਹਨੂਮਾਨ) ਛਤ੍ਰ ਧਾਰਨ ਕਰ ਕੇ (ਅਗੇ) ਕੁਦਦਾ ਫਿਰਦਾ ਹੈ ਅਤੇ ਗਣ ਤਾੜੀਆਂ ਵਜਾ ਵਜਾ ਕੇ ਨਚ ਰਹੇ ਹਨ ॥੮੬॥

ਰਾਮਕਲੀ ॥

ਰਾਮਕਲੀ।

ਝਮਕਤ ਅਸਤ੍ਰ ਛਟਾ ਸਸਤ੍ਰਨਿ ਕੀ ਬਾਜਤ ਡਉਰ ਅਪਾਰ ॥

ਸ਼ਸਤ੍ਰਾਂ ਅਤੇ ਅਸਤ੍ਰਾਂ ਦੀ ਛਟਾ ਝਿਲਮਿਲ ਕਰ ਰਹੀ ਹੈ ਅਤੇ ਅਪਾਰ ਡੌਰੂ ਵਜ ਰਹੇ ਹਨ।

ਨਿਰਤਤ ਭੂਤ ਪ੍ਰੇਤ ਨਾਨਾ ਬਿਧਿ ਡਹਕਤ ਫਿਰਤ ਬੈਤਾਰ ॥

ਭੂਤ ਅਤੇ ਪ੍ਰੇਤ ਅਨੇਕ ਤਰ੍ਹਾਂ ਨਾਲ ਨਚ ਰਹੇ ਹਨ ਅਤੇ ਬੈਤਾਲ ਡਕਾਰਦੇ ਫਿਰਦੇ ਹਨ।

ਕੁਹਕਤਿ ਫਿਰਤਿ ਕਾਕਣੀ ਕੁਹਰਤ ਡਹਕਤ ਕਠਨ ਮਸਾਨ ॥

ਕਾਕਣੀਆਂ ਕੂਕਦੀਆਂ ਫਿਰਦੀਆਂ ਹਨ ਅਤੇ ਕਠਿਨ ਮਸਾਣ (ਭੂਤਨੇ) ਕੂਕਦੇ ਅਤੇ ਹਸਦੇ ਫਿਰਦੇ ਹਨ।

ਘਹਰਤਿ ਗਗਨਿ ਸਘਨ ਰਿਖ ਦਹਲਤ ਬਿਚਰਤ ਬ੍ਯੋਮ ਬਿਵਾਨ ॥੮੭॥

ਆਕਾਸ਼ ਵਿਚ ਘਣੇ ਬਦਲਾਂ ਅੰਦਰ ਬਿਜਲੀ ਚਮਕ ਰਹੀ ਹੈ। ਰਿਸ਼ੀ ਲੋਕ (ਡਰ ਦੇ ਮਾਰੇ) ਦਹਿਲ ਗਏ ਹਨ ਅਤੇ ਬਿਮਾਨਾਂ ਵਿਚ (ਬੈਠੇ ਹੋਏ) ਡਰਦੇ ਆਕਾਸ਼ ਵਿਚ ਘੁੰਮ ਰਹੇ ਹਨ ॥੮੭॥

ਦੇਵੀ ਬਾਚ ॥

ਦੇਵੀ ਨੇ ਕਿਹਾ:

ਬਿਸਨਪਦ ॥ ਸਾਰੰਗ ॥ ਤ੍ਵਪ੍ਰਸਾਦਿ ॥

ਸਾਰੰਗ: ਬਿਸਨਪਦ: ਤੇਰੀ ਕ੍ਰਿਪਾ ਨਾਲ:

ਕਛੂ ਬਰ ਮਾਗਹੁ ਪੂਤ ਸਯਾਨੇ ॥

ਹੇ ਸਿਆਣੇ ਪੁੱਤਰ! ਕੁਝ ਵਰ ਮੰਗੋ।

ਭੂਤ ਭਵਿਖ ਨਹੀ ਤੁਮਰੀ ਸਰ ਸਾਧ ਚਰਿਤ ਹਮ ਜਾਨੇ ॥

ਅਸੀਂ ਜਾਣ ਲਿਆ ਹੈ ਕਿ ਭੂਤ ਕਾਲ ਅਤੇ ਭਵਿਖਤ ਕਾਲ ਵਿਚ ਤੇਰੇ ਵਰਗਾ ਕੋਈ ਸਾਧੂ ਚਰਿਤ੍ਰ ਵਾਲਾ ਨਹੀਂ ਹੋਇਆ।

ਜੋ ਬਰਦਾਨ ਚਹੋ ਸੋ ਮਾਗੋ ਸਬ ਹਮ ਤੁਮੈ ਦਿਵਾਰ ॥

ਜੋ ਵਰਦਾਨ ਚਾਹੋ, ਮੰਗ ਲਵੋ, ਅਸੀਂ ਤੈਨੂੰ ਸਭ ਕੁਝ ਦੇਣ ਲਈ ਤਿਆਰ ਹਾਂ।

ਕੰਚਨ ਰਤਨ ਬਜ੍ਰ ਮੁਕਤਾਫਲ ਲੀਜਹਿ ਸਕਲ ਸੁ ਧਾਰ ॥੮੮॥

ਸੋਨਾ, ਹੀਰੇ, ਜਵਾਹਰਾਤ, ਮੋਤੀ ਆਦਿ ਸਾਰੀਆਂ (ਵਸਤੂਆਂ) ਮਨ ਭਰ ਕੇ ਲੈ ਲਵੋ ॥੮੮॥

ਪਾਰਸ ਨਾਥ ਬਾਚ ॥

ਪਾਰਸ ਨਾਥ ਨੇ ਕਿਹਾ:

ਬਿਸਨਪਦ ॥ ਸਾਰੰਗ ॥

ਬਿਸਨਪਦ: ਸਾਰੰਗ:

ਸਬ ਹੀ ਪੜੋ ਬੇਦ ਬਿਦਿਆ ਬਿਧਿ ਸਬ ਹੀ ਸਸਤ੍ਰ ਚਲਾਊ ॥

(ਮੈਨੂੰ ਵਰ ਦਿਓ ਕਿ) ਸਾਰੀ ਵੇਦ ਵਿਦਿਆ ਨੂੰ ਪੜ੍ਹ ਲਵਾਂ ਅਤੇ ਸਭ ਤਰ੍ਹਾਂ ਦੇ ਸ਼ਸਤ੍ਰਾਂ ਨੂੰ ਚਲਾ ਲਵਾਂ।

ਸਬ ਹੀ ਦੇਸ ਜੇਰ ਕਰਿ ਆਪਨ ਆਪੇ ਮਤਾ ਮਤਾਊ ॥

ਸਾਰੇ ਹੀ ਦੇਸ਼ਾਂ (ਨੂੰ ਜਿਤ ਕੇ ਆਪਣੇ) ਅਧੀਨ ਕਰ ਲਵਾਂ ਅਤੇ (ਆਪਣੀ) ਮਰਜ਼ੀ ਅਨੁਸਾਰ ਸ਼ਾਸਨ ਕਰਾਂ।

ਕਹਿ ਤਥਾਸਤੁ ਭਈ ਲੋਪ ਚੰਡਿਕਾ ਤਾਸ ਮਹਾ ਬਰ ਦੈ ਕੈ ॥

'ਤਥਾਸਤੁ' (ਇੰਜ ਹੀ ਹੋਵੇਗਾ) ਕਹਿ ਕੇ ਅਤੇ ਉਸ ਨੂੰ ਬਹੁਤ ਵੱਡਾ ਵਰ ਦੇ ਕੇ ਚੰਡੀ ਲੋਪ ਹੋ ਗਈ।

ਅੰਤ੍ਰ ਧ੍ਯਾਨ ਹੁਐ ਗਈ ਆਪਨ ਪਰ ਸਿੰਘ ਅਰੂੜਤ ਹੁਐ ਕੈ ॥੮੯॥

ਆਪਣੇ ਸਿੰਘ ਉਤੇ ਸਵਾਰ ਹੋ ਕੇ (ਦੇਵੀ) ਉਥੋਂ ਅੰਤਰ ਧਿਆਨ ਹੋ ਗਈ ॥੮੯॥

ਬਿਸਨਪਦ ॥ ਗਉਰੀ ॥ ਤ੍ਵਪ੍ਰਸਾਦਿ ॥

ਬਿਸਨਪਦ: ਗਉਰੀ: ਤੇਰੀ ਕ੍ਰਿਪਾ ਨਾਲ:

ਪਾਰਸ ਕਰਿ ਡੰਡੌਤ ਫਿਰਿ ਆਏ ॥

ਪਾਰਸ ਨਾਥ (ਚੰਡੀ ਨੂੰ) ਡੰਡੌਤ ਕਰ ਕੇ (ਘਰ ਨੂੰ) ਪਰਤ ਆਏ।

ਆਵਤ ਬੀਰ ਦੇਸ ਦੇਸਨ ਤੇ ਮਾਨੁਖ ਭੇਜ ਬੁਲਾਏ ॥

ਆਉਂਦਿਆਂ ਹੀ (ਆਪਣੇ) ਬੰਦਿਆਂ ਨੂੰ ਭੇਜ ਕੇ ਦੇਸਾਂ ਦੇਸਾਂ ਦੇ ਸੂਰਮੇ ਬੁਲਾ ਲਏ।


Flag Counter