ਸ਼੍ਰੀ ਦਸਮ ਗ੍ਰੰਥ

ਅੰਗ - 1163


ਬਿਕਟ ਕਰਨ ਇਕ ਹੁਤੋ ਨ੍ਰਿਪਤਿ ਬਰ ॥

ਬਿਕਟ ਕਰਨ ਨਾਂ ਦਾ ਇਕ ਸ੍ਰੇਸ਼ਠ ਰਾਜਾ ਸੀ।

ਜਨੁਕ ਪ੍ਰਿਥੀ ਤਲ ਦੁਤਿਯ ਦਿਵਾਕਰ ॥

ਮਾਨੋ ਪ੍ਰਿਥਵੀ ਉਤੇ (ਉਹ) ਦੂਜਾ ਸੂਰਜ ਹੋਵੇ।

ਸ੍ਰੀ ਮਕਰਾਛ ਕੁਅਰਿ ਬਨਿਤਾ ਤਿਹ ॥

ਉਸ ਦੀ ਮਕਰਾਛ ਕੁਵਰਿ ਨਾਂ ਦੀ ਇਸਤਰੀ ਸੀ।

ਪ੍ਰਗਟ ਚੰਦ੍ਰ ਸੀ ਪ੍ਰਭਾ ਲਗਤ ਜਿਹ ॥੧॥

ਉਹ ਚੰਦ੍ਰਮਾ ਦੀ ਪ੍ਰਭਾ ਵਰਗੀ ਲਗਦੀ ਸੀ ॥੧॥

ਦੋਹਰਾ ॥

ਦੋਹਰਾ:

ਸ੍ਰੀ ਜਲਜਾਛ ਸੁਤਾ ਤਵਨਿ ਜਾ ਕੋ ਰੂਪ ਅਪਾਰ ॥

ਉਨ੍ਹਾਂ ਦੀ ਜਲਜਾਛ ਨਾਂ ਦੀ ਪੁੱਤਰੀ ਸੀ ਜਿਸ ਦਾ ਰੂਪ ਬਹੁਤ ਸੁੰਦਰ ਸੀ।

ਗੜਿ ਤਾ ਸੀ ਤਰੁਨੀ ਬਹੁਰਿ ਗੜਿ ਨ ਸਕਾ ਕਰਤਾਰ ॥੨॥

ਉਸ ਨੂੰ ਘੜਨ ਤੋਂ ਬਾਦ ਫਿਰ ਕਰਤਾਰ ਕੋਈ ਹੋਰ (ਇਸਤਰੀ) ਨਾ ਘੜ ਸਕਿਆ ॥੨॥

ਚੌਪਈ ॥

ਚੌਪਈ:

ਕਲਪ ਬ੍ਰਿਛ ਧੁਜ ਤਹ ਇਕ ਨ੍ਰਿਪ ਬਰ ॥

ਕਲਪ ਬ੍ਰਿਛ ਧੁਜ ਨਾਂ ਦਾ ਉਥੇ ਇਕ ਰਾਜਾ ਸੀ।

ਪ੍ਰਗਟ ਭਯੋ ਜਨੁ ਦੁਤਿਯ ਕਿਰਨਧਰ ॥

(ਇਸ ਤਰ੍ਹਾਂ ਲਗਦਾ ਸੀ) ਮਾਨੋ ਦੂਜਾ ਸੂਰਜ ਪੈਦਾ ਹੋ ਗਿਆ ਹੋਵੇ।

ਅਧਿਕ ਰੂਪ ਜਨਿਯਤ ਜਾ ਕੋ ਜਗ ॥

ਉਸ ਨੂੰ ਜਗਤ ਵਿਚ ਬਹੁਤ ਸੁੰਦਰ ਜਾਣਿਆ ਜਾਂਦਾ ਸੀ।

ਥਕਿਤ ਰਹਤ ਜਿਹ ਨਿਰਖ ਤਰੁਨਿ ਮਗ ॥੩॥

ਉਸ ਦਾ ਰਾਹ ਵੇਖਦੀਆਂ ਇਸਤਰੀਆਂ ਥਕ ਜਾਂਦੀਆਂ ਸਨ ॥੩॥

ਅੜਿਲ ॥

ਅੜਿਲ:

ਰਾਜ ਕੁਅਰਿ ਨਿਰਖਨ ਉਪਬਨ ਇਕ ਦਿਨ ਚਲੀ ॥

ਰਾਜ ਕੁਮਾਰੀ ਇਕ ਦਿਨ ਬਾਗ਼ ਵੇਖਣ ਲਈ ਗਈ

ਲੀਨੋ ਬੀਸ ਪਚਾਸ ਸਹਚਰੀ ਸੰਗ ਭਲੀ ॥

ਅਤੇ ਆਪਣੇ ਨਾਲ ਵੀਹ ਜਾਂ ਪੰਜਾਹ ਚੰਗੀਆਂ ਸਹੇਲੀਆਂ ਵੀ ਲੈ ਲਈਆਂ।

ਉਠਤ ਕਨੂਕਾ ਧੂਰਿ ਉਠਾਏ ਪਾਇ ਤਨ ॥

(ਉਨ੍ਹਾਂ ਦੇ) ਪੈਰ ਉਠਾਉਣ ਨਾਲ ਧੂੜ ਦੇ ਜ਼ੱਰੇ ਵੀ ਉਡਦੇ ਸਨ।

ਹੋ ਜਨੁਕ ਚਲੇ ਹ੍ਵੈ ਸੰਗ ਪ੍ਰਜਾ ਕੇ ਸਕਲ ਮਨ ॥੪॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਪ੍ਰਜਾ ਦੇ ਸਾਰੇ ਮਨ ਨਾਲ ਚਲਦੇ ਹੋਣ ॥੪॥

ਦੋਹਰਾ ॥

ਦੋਹਰਾ:

ਕਲਪ ਬ੍ਰਿਛ ਧੁਜ ਕੁਅਰ ਕੌ ਨਿਰਖਿ ਗਈ ਲਲਚਾਇ ॥

ਕੁੰਵਰ ਕਲਪ ਬ੍ਰਿਛ ਧੁਜ ਨੂੰ ਵੇਖ ਕੇ (ਉਹ) ਲਲਚਾ ਗਈ।

ਠਗ ਨਾਇਕ ਸੇ ਨੈਨ ਦ੍ਵੈ ਠਗ ਜਿਉ ਰਹੀ ਲਗਾਇ ॥੫॥

ਵੱਡੇ ਠਗ ਵਾਂਗ (ਉਸ ਨੂੰ) ਠਗਣ ਲਈ ਦੋ ਨੇਤ੍ਰ ਲਗਾ ਦਿੱਤੇ ॥੫॥

ਅੜਿਲ ॥

ਅੜਿਲ:

ਰਾਜ ਸੁਤਾ ਤਿਹ ਰੂਪ ਅਲੋਕ ਬਿਲੋਕ ਬਰ ॥

ਰਾਜ ਕੁਮਾਰੀ ਨੂੰ ਉਸ ਦਾ ਅਲੌਕਿਕ ਅਤੇ ਸੁੰਦਰ ਰੂਪ ਵੇਖਦਿਆਂ ਹੀ

ਅੰਗ ਅਨੰਗ ਤਬ ਹੀ ਗਯੋ ਬਿਸਿਖ ਪ੍ਰਹਾਰ ਕਰਿ ॥

ਕਾਮ ਦੇਵ ਦਾ ਬਾਣ ਘਾਇਲ ਕਰ ਗਿਆ।

ਕਾਟਿ ਕਾਟਿ ਕਰ ਖਾਇ ਬਸਾਇ ਨ ਕਛੂ ਤਿਹ ॥

ਉਹ ਹੱਥਾਂ ਨੂੰ ਕਟ ਕਟ ਕੇ ਖਾਂਦੀ ਸੀ (ਅਰਥਾਤ ਬਹੁਤ ਵਿਆਕੁਲ ਸੀ) ਪਰ ਉਸ ਦੇ ਕੁਝ ਵਸ ਨਹੀਂ ਸੀ।

ਹੋ ਪੰਖਨਿ ਬਿਧਨਾ ਦਏ ਮਿਲੈ ਉਡਿ ਜਾਇ ਜਿਹ ॥੬॥

ਜੇ ਵਿਧਾਤਾ ਉਸ ਨੂੰ ਖੰਭ ਲਗਾ ਦੇਵੇ ਤਾਂ ਉਸ ਨੂੰ ਉਡ ਕੇ ਜਾ ਮਿਲੇ ॥੬॥

ਯੌ ਲਿਖਿ ਏਕ ਸੰਦੇਸਾ ਤਾਹਿ ਪਠਾਇਯੋ ॥

ਉਸ ਨੇ ਇਕ ਸੁਨੇਹਾ ਲਿਖ ਕੇ ਉਸ ਪਾਸ ਭੇਜਿਆ।

ਭਾਤਿ ਭਾਤਿ ਕਹਿ ਭੇਦ ਤਿਸੈ ਲਲਚਾਇਯੋ ॥

ਭਾਂਤ ਭਾਂਤ ਦੇ ਭੇਦ (ਦੀਆਂ ਗੱਲਾਂ) ਕਹਿ ਕੇ ਉਸ ਨੂੰ ਲਲਚਾਇਆ।

ਡਾਰਿ ਲਯੋ ਡੋਰਾ ਮਹਿ ਕਿਨੂੰ ਨ ਕਿਛੁ ਲਹਿਯੋ ॥

ਉਸ ਨੂੰ ਸੁਖਪਾਲ ਵਿਚ ਬਿਠਾ ਲਿਆ ਅਤੇ ਕਿਸੇ ਨੇ ਕੁਝ ਨਾ ਵੇਖਿਆ।

ਹੋ ਪਰੀ ਲੈ ਗਈ ਤਾਹਿ ਸੁ ਤਹਿ ਪਿਤ ਤ੍ਰਿਯ ਕਹਯੋ ॥੭॥

(ਸਹੇਲੀਆਂ ਨੇ) ਉਸ ਦੇ ਪਿਤਾ ਨੂੰ ਕਹਿ ਦਿੱਤਾ ਕਿ ਉਸ ਨੂੰ ਪਰੀ ਚੁਕ ਕੇ ਲੈ ਗਈ ਹੈ ॥੭॥

ਚੌਪਈ ॥

ਚੌਪਈ:

ਰੋਇ ਪੀਟਿ ਤਾ ਕੋ ਪਿਤੁ ਹਾਰਾ ॥

ਉਸ ਦਾ ਪਿਓ ਰੋ ਪਿਟ ਕੇ ਹਾਰ ਗਿਆ।

ਕਿਨੂੰ ਨ ਤਾ ਕੋ ਸੋਧ ਉਚਾਰਾ ॥

ਉਸ ਦੀ ਖ਼ਬਰ ਕਿਸੇ ਨੇ ਨਾ ਦਸੀ।

ਤਾ ਕੀ ਬਧੂ ਨ੍ਰਿਪਤਿ ਪਹਿ ਗਈ ॥

ਉਸ ਦੀ ਪਤਨੀ ਰਾਜੇ ਕੋਲ ਗਈ

ਪਰੀ ਹਰਤ ਪਤਿ ਮੁਹਿ ਕਹ ਭਈ ॥੮॥

ਕਿ ਮੇਰੇ ਪਤੀ ਨੂੰ ਪਰੀ ਲੈ ਗਈ ਹੈ ॥੮॥

ਨ੍ਰਿਪ ਭਾਖੀ ਤਿਹ ਸੋਧ ਕਰੀਜੈ ॥

ਰਾਜੇ ਨੇ ਕਿਹਾ ਕਿ ਉਸ ਦੀ ਸੋਧ ਕਰੋ

ਸਾਹ ਪੂਤ ਕਹ ਜਾਨ ਨ ਦੀਜੈ ॥

ਅਤੇ ਸ਼ਾਹ ਦੇ ਪੁੱਤਰ ਨੂੰ ਕਿਤੇ ਜਾਣ ਨਾ ਦਿਓ।

ਖੋਜਿ ਥਕੇ ਨਰ ਨਗਰ ਨਦੀ ਮੈ ॥

ਲੋਕੀਂ ਨਗਰ, ਨਦੀ ਆਦਿ ਸਭ ਥਾਈਂ ਵੇਖ ਕੇ ਥਕ ਗਏ,

ਦੁਹਿਤਾ ਭੇਦ ਨ ਜਾਨਾ ਜੀ ਮੈ ॥੯॥

ਪਰ ਕਿਸੇ ਨੇ ਵੀ ਮਨ ਵਿਚ ਲੜਕੀ ਦੇ ਭੇਦ ਨੂੰ ਨਾ ਸਮਝਿਆ ॥੯॥

ਏਕ ਬਰਖ ਰਾਖਾ ਤਾ ਕੌ ਘਰ ॥

ਇਕ ਸਾਲ ਤਕ (ਲੜਕੀ ਨੇ) ਉਸ ਨੂੰ ਘਰ ਵਿਚ ਰਖਿਆ

ਦੁਤਿਯ ਕਾਨ ਕਿਨਹੂੰ ਨ ਸੁਨਾ ਨਰ ॥

ਅਤੇ ਕਿਸੇ ਦੂਜੇ ਬੰਦੇ ਨੂੰ ਕੰਨੀ ਸੁਣਨ ਤਕ ਨਾ ਦਿੱਤਾ।

ਭਾਤਿ ਭਾਤਿ ਕੇ ਭੋਗਨ ਭਰੀ ॥

(ਉਸ ਨੇ) ਭਾਂਤ ਭਾਂਤ ਦੇ ਭੋਗਾਂ ਨਾਲ (ਮਨ ਨੂੰ) ਭਰ ਲਿਆ

ਬਿਬਿਧ ਬਿਧਨ ਤਨ ਕ੍ਰੀੜਾ ਕਰੀ ॥੧੦॥

ਅਤੇ ਕਈ ਤਰੀਕਿਆਂ ਨਾਲ ਕਾਮ-ਕ੍ਰੀੜਾ ਕੀਤੀ ॥੧੦॥

ਅੜਿਲ ॥

ਅੜਿਲ:

ਨਟ ਆਸਨ ਕਰਿ ਪ੍ਰਥਮ ਬਹੁਰਿ ਲਲਿਤਾਸਨ ਲੇਈ ॥

ਪਹਿਲਾਂ ਨਟ ਆਸਣ ਕੀਤਾ ਅਤੇ ਫਿਰ ਲਲਿਤ ਆਸਣ ਲੈ ਲਿਆ।

ਬਹੁਰਿ ਰੀਤਿ ਬਿਪਰੀਤਿ ਕਰੈ ਬਹੁ ਬਿਧਿ ਸੁਖ ਦੇਈ ॥

ਫਿਰ ਰੀਤ ਦੇ ਉਲਟ (ਵਿਪਰੀਤ ਰਤੀ ਦੇ ਆਸਣ) ਕਰ ਕੇ ਬਹੁਤ ਤਰ੍ਹਾਂ ਦਾ ਸੁਖ ਦਿੱਤਾ।

ਲਲਿਤਾਸਨ ਕੌ ਕਰਤ ਮਦਨ ਕੋ ਮਦ ਹਰਹਿ ॥

ਲਲਿਤ ਆਸਨ ਕਰ ਕੇ ਕਾਮ ਦੇਵ ਦਾ ਘਮੰਡ ਤੋੜ ਦਿੱਤਾ।

ਹੋ ਰਮਿਯੋ ਕਰਤ ਦਿਨ ਰੈਨਿ ਤ੍ਰਾਸ ਨ ਰੰਚ ਕਰਹਿ ॥੧੧॥

ਦਿਨ ਰਾਤ ਉਸ ਨਾਲ ਰਮਣ ਕਰਦੀ ਰਹੀ ਅਤੇ ਜ਼ਰਾ ਨਾ ਡਰੀ ॥੧੧॥

ਦੋਹਰਾ ॥

ਦੋਹਰਾ:

ਭਾਤਿ ਅਨਿਕ ਭਾਮਾ ਭਜਤ ਪਾਯੋ ਅਧਿਕ ਅਰਾਮੁ ॥

ਅਨੇਕ ਤਰ੍ਹਾਂ ਨਾਲ ਇਸਤਰੀ ਨਾਲ ਸੰਯੋਗ ਕਰ ਕੇ ਬਹੁਤ ਅਧਿਕ ਆਰਾਮ ਪ੍ਰਾਪਤ ਕੀਤਾ।

ਛਿਨ ਛਿਨ ਛਤਿਯਾ ਸੌ ਲਗੈ ਤਜਤ ਨ ਆਠੋ ਜਾਮ ॥੧੨॥

(ਉਸ ਨੂੰ) ਛਿਣ ਛਿਣ ਛਾਤੀ ਨਾਲ ਲਗਾਈ ਰਖਦੀ ਅਤੇ ਅੱਠੇ ਪਹਿਰ ਉਸ ਨੂੰ ਨਾ ਛਡਦੀ ॥੧੨॥

ਅੜਿਲ ॥

ਅੜਿਲ:

ਬਿਕਟ ਕਰਨ ਇਕ ਦਿਵਸ ਤਹਾ ਚਲਿ ਆਇਯੋ ॥

ਇਕ ਦਿਨ (ਰਾਜਾ) ਬਿਕਟ ਕਰਨ ਉਥੇ ਚਲ ਕੇ ਆ ਗਿਆ।

ਗਹਿ ਬਹਿਯੋ ਤਿਹ ਪੀਯ ਪਿਤਹਿ ਦਿਖਰਾਇਯੋ ॥

ਉਸ ਪ੍ਰੀਤਮ ਦੀ ਬਾਂਹ ਪਕੜ ਕੇ ਪਿਤਾ ਨੂੰ ਵਿਖਾਇਆ।

ਜੋਰਿ ਹਾਥ ਸਿਰੁ ਨਿਯਾਇ ਕਹਿਯੋ ਮੁਸਕਾਇ ਕਰਿ ॥

ਹੱਥ ਜੋੜ ਕੇ ਅਤੇ ਸਿਰ ਨੀਵਾਂ ਕਰ ਕੇ ਹਸਦਿਆਂ ਹੋਇਆਂ ਕਿਹਾ

ਹੋ ਪਰੀ ਡਾਰਿ ਇਹ ਗਈ ਹਮਾਰੇ ਆਜੁ ਘਰ ॥੧੩॥

ਕਿ ਇਸ ਨੂੰ ਅਜ ਇਕ ਪਰੀ ਸਾਡੇ ਘਰ ਸੁਟ ਗਈ ਹੈ ॥੧੩॥

ਚੌਪਈ ॥

ਚੌਪਈ:

ਸਤਿ ਸਤਿ ਤਿਹ ਤਾਤ ਉਚਾਰਾ ॥

ਉਸ ਦੇ ਪਿਤਾ ਨੇ 'ਸਚ ਸਚ' ਕਿਹਾ

ਸ੍ਰੋਨ ਸੁਨਾ ਸੋ ਨੈਨ ਨਿਹਾਰਾ ॥

ਕਿ (ਅਜਿਹਾ ਕੁਝ) ਅਗੇ ਕੰਨਾਂ ਨਾਲ ਸੁਣਿਆ ਸੀ ਹੁਣ ਅੱਖਾਂ ਨਾਲ ਵੇਖ ਲਿਆ ਹੈ।

ਮਨੁਖ ਸੰਗ ਦੈ ਗ੍ਰਿਹ ਪਹੁਚਾਯੋ ॥

ਉਸ ਨਾਲ ਬੰਦਾ ਭੇਜ ਕੇ ਘਰ ਪਹੁੰਚਾਇਆ

ਭੇਦ ਅਭੇਦ ਨ ਕਛੁ ਜੜ ਪਾਯੋ ॥੧੪॥

ਅਤੇ ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ ॥੧੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕ੍ਰਯਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੧॥੪੭੨੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੧॥੪੭੨੨॥ ਚਲਦਾ॥

ਚੌਪਈ ॥

ਚੌਪਈ:

ਹੰਸ ਧੁਜਾ ਰਾਜਾ ਇਕ ਅਤਿ ਬਲ ॥

ਹੰਸ ਧੁਜਾ ਨਾਂ ਦਾ ਇਕ ਬਲਵਾਨ ਰਾਜਾ ਸੀ

ਅਰਿ ਅਨੇਕ ਜੀਤੇ ਜਿਨ ਦਲਿ ਮਲਿ ॥

ਜਿਸ ਨੇ ਅਨੇਕ ਵੈਰੀਆਂ ਨੂੰ ਦਲਮਲ ਕੇ ਜਿਤ ਲਿਆ ਸੀ।

ਸੁਖਦ ਮਤੀ ਤਾ ਕੀ ਰਾਨੀ ਇਕ ॥

ਉਸ ਦੀ ਸੁਖਦ ਮਤੀ ਨਾਂ ਦੀ ਇਕ ਰਾਨੀ ਸੀ

ਜਾ ਕੀ ਪ੍ਰਭਾ ਕਹਤ ਬਨਿਤਾਨਿਕ ॥੧॥

ਜਿਸ ਦੀ ਪ੍ਰਭਾ ਦਾ ਵਰਣਨ ਅਨੇਕ ('ਨਿਕ') ਇਸਤਰੀਆਂ ਕਰਦੀਆਂ ਸਨ ॥੧॥

ਤਾ ਕੀ ਸੁਤਾ ਸੁਖ ਮਤੀ ਸੁਨੀ ॥

ਉਸ ਦੀ ਸੁਖ ਮਤੀ ਨਾਂ ਦੀ ਇਕ ਪੁੱਤਰੀ ਸੁਣੀਂਦੀ ਸੀ

ਜਾ ਸਮ ਔਰ ਨ ਅਬਲਾ ਗੁਨੀ ॥

ਜਿਸ ਵਰਗੀ ਗੁਣਵਾਨ ਕੋਈ ਹੋਰ ਇਸਤਰੀ ਨਹੀਂ ਸੀ।

ਜੋਬਨ ਅਧਿਕ ਤਵਨ ਕੋ ਰਾਜਤ ॥

ਉਸ ਉਤੇ ਜੋਬਨ ਨੇ ਰੀਝ ਨਾਲ ਪ੍ਰਗਟਾਵਾ ਕੀਤਾ ਸੀ

ਜਿਹ ਮੁਖਿ ਨਿਰਖਿ ਚੰਦ੍ਰਮਾ ਲਾਜਤ ॥੨॥

ਅਤੇ ਉਸ ਦੇ ਮੁਖ ਨੂੰ ਵੇਖ ਕੇ ਚੰਦ੍ਰਮਾ ਵੀ ਲਜਿਤ ਹੁੰਦਾ ਸੀ ॥੨॥

ਨਾਗਰ ਕੁਅਰ ਨਗਰ ਕੋ ਰਾਜਾ ॥

ਨਾਗਰ ਕੁੰਵਰ (ਉਸ) ਨਗਰ ਦਾ ਰਾਜਾ ਸੀ।

ਜਾ ਸਮ ਦੁਤਿਯ ਨ ਬਿਧਨਾ ਸਾਜਾ ॥

ਉਸ ਵਰਗਾ ਵਿਧਾਤਾ ਨੇ ਹੋਰ ਕੋਈ ਨਹੀਂ ਸਾਜਿਆ ਸੀ।