ਅਤੇ ਸਭ ਨੇ ਸੋਚ ਕੇ ਉਸ ਦਾ ਨਾਮ ਸ਼ੇਰ ਸਿੰਘ ਰਖਿਆ ॥੯॥
ਚੌਪਈ:
ਕੁਝ ਸਮੇਂ ਬਾਦ ਰਾਜਾ ਮਰ ਗਿਆ
ਅਤੇ ਉਥੇ ਸ਼ੇਰ ਸਿੰਘ ਰਾਜਾ ਬਣ ਗਿਆ।
ਉਸ ਨੂੰ ਸਾਰੇ ਲੋਕ ਰਾਜਾ ਰਾਜਾ ਕਹਿਣ ਲਗੇ।
(ਪਰ) ਉਸ ਦੇ ਭੇਦ ਨੂੰ ਕੋਈ ਨਹੀਂ ਜਾਣਦਾ ਸੀ ॥੧੦॥
ਦੋਹਰਾ:
ਕਰਮ ਰੇਖ (ਅਰਥਾਤ ਭਾਗ) ਦੀ ਚਾਲ ਕਰ ਕੇ ਕੰਗਲੇ ਤੋਂ ਰਾਜਾ ਬਣ ਗਿਆ।
ਇਸਤਰੀ ਨੇ ਚਰਿਤ੍ਰ ਕਰ ਕੇ ਮਾਮੂਲੀ ਵਿਅਕਤੀ ਤੋਂ ਰਾਜਾ ਬਣਾ ਦਿੱਤਾ ॥੧੧॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਪੰਜੀਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫॥੫੨੦॥ ਚਲਦਾ॥
ਦੋਹਰਾ:
ਹੇ ਸ੍ਰੇਸ਼ਠ ਰਾਜਨ! ਸੁਣੋ, ਮੈਂ ਤੁਹਾਨੂੰ ਇਕ ਬਨੀਏ ਦੀ ਕਥਾ ਸੁਣਾਉਂਦਾ ਹਾਂ।
ਉਸ ਦੀ ਇਕ ਇਸਤਰੀ ਨੇ ਬਨ ਵਿਚ ਜਾ ਕੇ (ਉਸ ਦੀ) ਗੁਦਾ ਉਤੇ ਪੰਛੀ (ਦਾ ਚਿੰਨ੍ਹ) ਖੋਦਿਆ (ਉਕਰਿਆ) ॥੧॥
ਚੌਪਈ:
ਜਦੋਂ ਵੀ ਬਨੀਆ ਵਣਜ ਕਰ ਕੇ ਪਰਤਦਾ
ਤਾਂ ਕਹਿੰਦਾ ਕਿ ਇਸ ਵਾਰ (ਉਸ ਨੇ) ਵੀਹ ਚੋਰ ਮਾਰੇ ਹਨ।
ਫਿਰ ਸਵੇਰੇ ਆ ਕੇ ਇਸ ਤਰ੍ਹਾਂ ਕਹਿੰਦਾ
ਕਿ ਅਜ ਮੈਂ ਤੀਹ ਚੋਰ ਮਾਰੇ ਹਨ ॥੨॥
ਇਸ ਤਰ੍ਹਾਂ ਉਹ ਨਿੱਤ ਕਹਿੰਦਾ
ਤਾਂ (ਉਸ ਦੀ) ਇਸਤਰੀ ਸੁਣ ਕੇ ਚੁਪ ਕਰ ਜਾਂਦੀ।
(ਉਹ) ਉਸ ਦੇ ਮੂੰਹ ਤੇ ਕੁਝ ਨਾ ਕਹਿੰਦੀ
ਅਤੇ ਸਾਰੀ ਗੱਲ (ਉਹ) ਆਪਣੇ ਚਿਤ ਵਿਚ ਹੀ ਰਖਦੀ ॥੩॥
ਤਦ ਨਿਰਤ ਮਤੀ ਨੇ ਇਸ ਤਰ੍ਹਾਂ ਕੀਤਾ
ਕਿ ਘੋੜਸਾਲ ਤੋਂ ਇਕ ਘੋੜਾ ਲੈ ਲਿਆ।
ਸਿਰ ਉਤੇ ਪਗੜੀ ਬੰਨ੍ਹ ਕੇ (ਹੱਥ ਵਿਚ) ਤਲਵਾਰ ਚੁਕ ਲਈ
ਅਤੇ ਸਾਰਾ ਮਰਦਾਵਾਂ ਭੇਸ ਬਣਾ ਲਿਆ ॥੪॥
(ਉਸ ਦੇ) ਸੱਜੇ ਹੱਥ ਵਿਚ ਸੈਹਥੀ ਸੋਭਦੀ ਹੈ।
ਉਸ ਦੇ ਸਾਹਮਣੇ ਸਿਪਾਹੀ ਕੀ ਚੀਜ਼ ਹੈ।
(ਉਸ ਨੇ) ਸਾਰੀ ਮਰਦਾਵੀਂ ਸਜ-ਧਜ ਬਣਾ ਲਈ,
ਮਾਨੋ ਮਹਾਰਾਜੇ ਦੀ ਸੈਨਾਪਤੀ ਹੋਵੇ ॥੫॥
ਦੋਹਰਾ:
ਢਾਲ, ਤਲਵਾਰ, ਬਰਛੀ ਅਤੇ ਝੂਲਦੇ ਝੰਡੇ ਨਾਲ
ਉਹ ਸੂਰਵੀਰ ਜਿਹੀ ਲਗਦੀ ਸੀ, ਇਸਤਰੀ ਨਹੀਂ ਸਮਝੀ ਜਾ ਸਕਦੀ ਸੀ ॥੬॥
ਬਹੁਤ ਪ੍ਰਸੰਨ ਚਿਤ ਹੋ ਕੇ ਵਣਜ ਕਰਨ ਲਈ ਬਨੀਆ ਚਲਿਆ
ਅਤੇ ਗੀਤ ਗਾਉਂਦਾ ਹੋਇਆ ਜੰਗਲ ਵਿਚ ਨਿਸੰਗ ਚਲਾ ਗਿਆ ॥੭॥
ਚੌਪਈ:
ਇਕਲੇ ਬਾਨੀਏ ਨੂੰ ਜਾਂਦਿਆਂ ਵੇਖ ਕੇ
(ਉਸ) ਇਸਤਰੀ ਨੇ ਉਸ ਨੂੰ ਛਲਣ ਦਾ ਵਿਚਾਰ ਕੀਤਾ।
ਮਾਰੋ ਮਾਰ ਕਰਦੀ (ਉਸ ਦੇ) ਸਾਹਮਣੇ ਆਈ
ਅਤੇ ਕ੍ਰਿਪਾਨ ਕਢ ਕੇ (ਉਸ ਦੇ ਨੇੜੇ) ਡਟ ਗਈ ॥੮॥
ਦੋਹਰਾ:
ਹੇ ਮੂਰਖ! ਕਿਥੇ ਜਾ ਰਿਹਾ ਹੈਂ। ਡਰ ਨੂੰ ਛਡ ਕੇ (ਮੇਰੇ ਨਾਲ) ਯੁੱਧ ਕਰ।
(ਮੈਨੂੰ) ਪਗੜੀ ਅਤੇ ਬਸਤ੍ਰ ਉਤਾਰ (ਕੇ ਦੇ ਦੇ) ਨਹੀਂ ਤਾਂ ਅਜ ਤੈਨੂੰ ਮਾਰ ਦਿਆਂਗੀ ॥੯॥
ਚੌਪਈ:
ਬਨੀਏ ਨੇ ਬਚਨ ਸੁਣ ਕੇ ਬਸਤ੍ਰ ਉਤਾਰ ਦਿੱਤੇ
ਅਤੇ ਦੰਦਾਂ ਵਿਚ ਘਾਹ ਲੈ ਕੇ ਰਾਮ ਰਾਮ ਉਚਾਰਨ ਲਗਾ।
ਹੇ ਚੋਰ! ਮੈਂ ਤੇਰਾ ਦਾਸ ਹਾਂ,
ਮੈਨੂੰ ਆਪਣਾ ਦਾਸ ਸਮਝ ਕੇ ਅਜ ਛਡ ਦਿਓ ॥੧੦॥