ਸ਼੍ਰੀ ਦਸਮ ਗ੍ਰੰਥ

ਅੰਗ - 1089


ਰੂਮ ਸਹਿਰ ਕੇ ਸਾਹ ਕੀ ਸੁਤਾ ਜਲੀਖਾ ਨਾਮ ॥

ਰੂਮ ਸ਼ਹਿਰ ਦੇ ਬਾਦਸ਼ਾਹ ਦੀ ਜ਼ੁਲੈਖਾਂ ਨਾਂ ਦੀ ਪੁੱਤਰੀ ਸੀ।

ਕਿਧੌ ਕਾਮ ਕੀ ਕਾਮਨੀ ਕਿਧੌ ਆਪ ਹੀ ਕਾਮ ॥੧॥

ਜਾਂ ਤਾਂ ਉਹ ਕਾਮ ਦੇਵ ਦੀ ਪਤਨੀ (ਰਤੀ) ਸੀ ਜਾਂ ਖ਼ੁਦ ਹੀ ਕਾਮ ਦੇਵ ਸੀ ॥੧॥

ਅਤਿ ਜੋਬਨ ਤਾ ਕੈ ਦਿਪੈ ਸਭ ਅੰਗਨ ਕੇ ਸਾਥ ॥

ਉਸ ਦਾ ਅਤਿ ਅਧਿਕ ਜੋਬਨ ਸਾਰਿਆਂ ਅੰਗਾਂ ਉਤੇ ਲਿਸ਼ਕਦਾ ਸੀ।

ਦਿਨ ਆਸਿਕ ਦਿਨਪਤਿ ਰਹੈ ਨਿਸੁ ਆਸਿਕ ਨਿਸਨਾਥ ॥੨॥

ਦਿਨ ਨੂੰ ਸੂਰਜ ਉਸ ਦਾ ਪ੍ਰੇਮੀ ਹੁੰਦਾ ਸੀ ਅਤੇ ਰਾਤ ਨੂੰ ਚੰਦ੍ਰਮਾ ਉਸ ਦਾ ਆਸ਼ਿਕ ਹੁੰਦਾ ਸੀ ॥੨॥

ਸਹਸਾਨਨ ਸੋਭਾ ਭਨੈ ਲਿਖਤ ਸਹਸ ਭੁਜ ਜਾਹਿ ॥

(ਜੇ) ਸ਼ੇਸ਼ਨਾਗ ('ਸਹਸਾਨਨ') ਉਸ ਦੀ ਸ਼ੋਭਾ ਦਾ ਬਖਾਨ ਕਰੇ ਅਤੇ ਸਹਸ੍ਰਬਾਹੁ ਲਿਖੇ।

ਤਦਿਪ ਜਲੀਖਾ ਕੀ ਪ੍ਰਭਾ ਬਰਨਿ ਨ ਆਵਤ ਤਾਹਿ ॥੩॥

ਤਾਂ ਵੀ ਜ਼ੁਲੈਖਾਂ ਦੀ ਸੁੰਦਰਤਾ ਦਾ ਵਰਣਨ ਉਨ੍ਹਾਂ ਤੋਂ ਨਹੀਂ ਹੋ ਸਕਦਾ ॥੩॥

ਚੌਪਈ ॥

ਚੌਪਈ:

ਮਿਸਰ ਸਾਹ ਕੋ ਪੂਤ ਭਣਿਜੈ ॥

ਮਿਸਰ ਦੇਸ਼ ਦੇ ਬਾਦਸ਼ਾਹ ਦਾ ਇਕ ਪੁੱਤਰ ਦਸਿਆ ਜਾਂਦਾ ਸੀ।

ਯੂਸਫ ਖਾ ਤਿਹ ਨਾਮ ਕਹਿਜੈ ॥

ਉਸ ਦਾ ਨਾਮ ਯੂਸਫ਼ ਖ਼ਾਨ ਕਹੀਦਾ ਸੀ।

ਜੋ ਅਬਲਾ ਤਿਹ ਨੈਕੁ ਨਿਹਾਰੈ ॥

ਜੋ ਇਸਤਰੀ ਉਸ ਨੂੰ ਛਿਣ ਭਰ ਲਈ ਵੇਖ ਲੈਂਦੀ,

ਚਟ ਦੈ ਲਾਜ ਬਸਤ੍ਰ ਕੌ ਫਾਰੈ ॥੪॥

ਉਹ ਝਟਪਟ ਲਾਜ ਰੂਪੀ ਬਸਤ੍ਰਾਂ ਨੂੰ ਫਾੜ ਦਿੰਦੀ ॥੪॥

ਦੋਹਰਾ ॥

ਦੋਹਰਾ:

ਤਾ ਕੇ ਤਨ ਮੈ ਅਤਿ ਪ੍ਰਭਾ ਆਪਿ ਕਰੀ ਕਰਤਾਰ ॥

ਉਸ ਦੇ ਸ਼ਰੀਰ ਦੀ ਅਤਿ ਸੁੰਦਰਤਾ ਪ੍ਰਭੂ ਨੇ ਆਪ ਸਿਰਜੀ ਸੀ।

ਪੈਗੰਬਰ ਅੰਬਰ ਤਿਸੈ ਕਹਤ ਸੁ ਬੁਧਿ ਬਿਚਾਰਿ ॥੫॥

ਵਿਚਾਰਵਾਨ ਅਤੇ ਬੁੱਧੀਮਾਨ ਉਸ ਨੂੰ ਪੈਗ਼ੰਬਰ ਦੇ ਬਸਤ੍ਰ (ਸ਼ਰੀਰ) ਧਾਰਨ ਕਰਨ ਵਾਲਾ ਕਹਿੰਦੇ ਸਨ। (ਭਾਵ ਉਸ ਨੂੰ ਪੈਗ਼ੰਬਰ ਮੰਨਦੇ ਸਨ) ॥੫॥

ਚੌਪਈ ॥

ਚੌਪਈ:

ਤਾ ਕੇ ਭ੍ਰਾਤ ਸਕਲ ਰਿਸਿ ਧਾਰੈ ॥

ਉਸ ਦੇ ਸਾਰੇ ਭਰਾ (ਉਸ ਨਾਲ) ਵੈਰ ਭਾਵ ਰਖਦੇ ਸਨ

ਹਮ ਕ੍ਯੋਨ ਹੂੰ ਯੂਸਫ ਕੌ ਮਾਰੈ ॥

(ਅਤੇ ਸੋਚਦੇ ਸਨ ਕਿ) ਯੂਸਫ਼ ਨੂੰ ਅਸੀਂ ਕਿਸੇ ਤਰ੍ਹਾਂ ਮਾਰ ਦੇਈਏ।

ਹਮਰੋ ਰੂਪ ਕਰਿਯੋ ਘਟ ਕਰਤਾ ॥

(ਇਹ ਵੀ ਸੋਚਦੇ ਸਨ ਕਿ) ਪਰਮਾਤਮਾ ਨੇ ਸਾਡਾ ਰੂਪ (ਉਸ ਨਾਲੋਂ) ਘਟ (ਸੋਹਣਾ) ਬਣਾਇਆ ਹੈ।

ਯਾ ਕੋ ਰੂਪ ਦੁਖਨ ਕੋ ਹਰਤਾ ॥੬॥

ਇਸ ਦਾ ਰੂਪ ਦੁੱਖਾਂ ਨੂੰ ਨਸ਼ਟ ਕਰਨ ਵਾਲਾ ਹੈ ॥੬॥

ਤਾ ਕੋ ਲੈ ਅਖੇਟ ਕਹਿ ਗਏ ॥

(ਫਿਰ ਉਹ) ਉਸ ਨੂੰ ਲੈ ਕੇ ਸ਼ਿਕਾਰ ਖੇਡਣ ਗਏ

ਬਹੁ ਬਿਧਿ ਮ੍ਰਿਗਨ ਸੰਘਾਰਤ ਭਏ ॥

ਅਤੇ ਬਹੁਤ ਤਰ੍ਹਾਂ ਨਾਲ ਹਿਰਨਾਂ (ਅਥਵਾ ਜੰਗਲੀ ਪਸ਼ੂਆਂ) ਨੂੰ ਮਾਰਦੇ ਰਹੇ।

ਅਧਿਕ ਪ੍ਯਾਸ ਜਬ ਤਾਹਿ ਸਤਾਯੋ ॥

ਜਦ ਉਸ (ਯੱੂਸਫ਼) ਨੂੰ ਪਿਆਸ ਨੇ ਬਹੁਤ ਸਤਾਇਆ,

ਏਕ ਕੂਪ ਭ੍ਰਾਤਾਨ ਤਕਾਯੋ ॥੭॥

ਤਾਂ (ਉਸ ਨੂੰ) ਭਰਾਵਾਂ ਨੇ ਇਕ ਖੂਹ ਵਿਖਾਇਆ ॥੭॥

ਤਹ ਹਮ ਜਾਇ ਪਾਨਿ ਸਭ ਪੀਯੈ ॥

(ਉਨ੍ਹਾਂ ਨੇ ਕਿਹਾ) ਅਸੀਂ ਸਾਰੇ ਉਥੇ ਜਾ ਕੇ ਪਾਣੀ ਪੀਂਦੇ ਹਾਂ

ਸੋਕ ਨਿਵਾਰਿ ਸੁਖੀ ਹ੍ਵੈ ਜੀਯੈ ॥

ਅਤੇ (ਪਿਆਸ ਤੋਂ ਪੈਦਾ ਹੋਏ) ਦੁਖ ਨੂੰ ਦੂਰ ਕਰ ਕੇ ਸੁਖੀ ਹੁੰਦੇ ਹਾਂ।

ਯੂਸਫ ਬਾਤ ਨ ਪਾਵਤ ਭਯੋ ॥

ਯੂਸਫ਼ (ਉਨ੍ਹਾਂ ਦੀ) ਗੱਲ ਸਮਝ ਨਾ ਸਕਿਆ

ਜਹ ਵਹ ਕੂਪ ਹੁਤੋ ਤਹ ਗਯੋ ॥੮॥

ਅਤੇ ਜਿਥੇ ਉਹ ਖੂਹ ਸੀ, ਉਥੇ ਗਿਆ ॥੮॥

ਚਲਿ ਬਨ ਮੈ ਜਬ ਕੂਪ ਨਿਹਾਰਿਯੋ ॥

ਬਨ ਵਿਚ ਚਲ ਕੇ ਜਦ ਖੂਹ ਵੇਖਿਆ

ਗਹਿ ਭਇਯਨ ਤਾ ਮੈ ਤਿਹ ਡਾਰਿਯੋ ॥

ਤਾਂ ਭਰਾਵਾਂ ਨੇ ਪਕੜ ਕੇ ਉਸ ਨੂੰ ਖੂਹ ਵਿਚ ਸੁਟ ਦਿੱਤਾ।

ਘਰ ਯੌ ਆਨਿ ਸੰਦੇਸੋ ਦਯੋ ॥

ਘਰ ਆ ਕੇ ਇਹ ਸੁਨੇਹਾ ਦਿੱਤਾ

ਯੂਸਫ ਆਜੁ ਸਿੰਘ ਭਖਿ ਲਯੋ ॥੯॥

ਕਿ ਯੂਸਫ਼ ਨੂੰ ਅਜ ਸ਼ੇਰ ਨੇ ਖਾ ਲਿਆ ਹੈ ॥੯॥

ਖੋਜਿ ਸਕਲ ਯੂਸਫ ਕੋ ਹਾਰੇ ॥

ਸਾਰੇ ਯੂਸਫ਼ ਨੂੰ ਖੋਜ ਖੋਜ ਕੇ ਥਕ ਗਏ

ਅਸੁਖ ਭਏ ਸੁਖ ਸਭੈ ਬਿਸਾਰੇ ॥

ਅਤੇ ਦੁਖੀ ਹੋ ਗਏ, (ਉਨ੍ਹਾਂ ਦਾ) ਸੁਖ ਖ਼ਤਮ ਹੋ ਗਿਆ।

ਤਹਾ ਏਕ ਸੌਦਾਗਰ ਆਯੋ ॥

ਉਥੇ ਇਕ ਸੌਦਾਗਰ ਆਇਆ

ਕੂਪ ਬਿਖੈ ਤੇ ਤਾ ਕਹ ਪਾਯੋ ॥੧੦॥

ਅਤੇ ਉਸ ਨੇ ਯੂਸਫ਼ ਨੂੰ ਖੂਹ ਵਿਚ ਵੇਖਿਆ ॥੧੦॥

ਤਾ ਕਹ ਸੰਗ ਅਪੁਨੇ ਕਰਿ ਲਯੋ ॥

ਉਸ ਨੂੰ (ਖੂਹ ਵਿਚੋਂ ਕਢ ਕੇ) ਆਪਣੇ ਨਾਲ ਲੈ ਲਿਆ

ਬੇਚਨ ਸਾਹ ਰੂਮ ਕੇ ਗਯੋ ॥

ਅਤੇ ਰੂਮ ਦੇਸ਼ ਦੇ ਬਾਦਸ਼ਾਹ ਪਾਸ ਵੇਚਣ ਗਿਆ।

ਅਧਿਕ ਮੋਲ ਕੋਊ ਨਹਿ ਲੇਵੈ ॥

(ਉਹ ਸੌਦਗਾਰ ਯੂਸਫ਼ ਦਾ) ਬਹੁਤ ਜ਼ਿਆਦਾ ਮੁਲ (ਕਰਦਾ ਸੀ ਜਿਸ ਕਰ ਕੇ) ਕੋਈ ਲੈਂਦਾ ਨਹੀਂ ਸੀ।

ਗ੍ਰਿਹ ਕੋ ਕਾਢਿ ਸਕਲ ਧਨੁ ਦੇਵੈ ॥੧੧॥

(ਭਾਵੇਂ) ਕੋਈ ਘਰ ਦਾ ਸਾਰਾ ਧਨ ਕਢ ਕੇ ਕਿਉਂ ਨਾ ਦੇ ਦੇਵੇ ॥੧੧॥

ਦੋਹਰਾ ॥

ਦੋਹਰਾ:

ਜਬੈ ਜਲੀਖਾ ਯੂਸਫਹਿ ਰੂਪ ਬਿਲੋਕ੍ਯੋ ਜਾਇ ॥

ਜਦ ਜ਼ੁਲੈਖਾਂ ਨੇ ਜਾ ਕੇ ਯੂਸਫ਼ ਦਾ ਰੂਪ ਵੇਖਿਆ

ਬਸੁ ਅਸੁ ਦੈ ਤਾ ਕੋ ਤੁਰਤ ਲਿਯੋ ਸੁ ਮੋਲ ਬਨਾਇ ॥੧੨॥

ਅਤੇ ਕਿਸੇ ਨਾ ਕਿਸੇ ਤਰ੍ਹਾਂ ਮੁੱਲ ਤਹਿ ਕਰ ਕੇ ਤੁਰਤ ਲੈ ਲਿਆ ॥੧੨॥

ਚੌਪਈ ॥

ਚੌਪਈ:

ਮੁਖ ਮਾਗ੍ਯੋ ਤਾ ਕੋ ਧਨੁ ਦਿਯੋ ॥

ਮੂੰਹ ਮੰਗਿਆ ਧਨ ਉਸ (ਸੌਦਾਗਰ) ਨੂੰ ਦਿੱਤਾ

ਯੂਸਫ ਮੋਲ ਅਮੋਲਕ ਲਿਯੋ ॥

ਅਤੇ ਅਮੋਲਕ ਯੂਸਫ਼ ਨੂੰ ਮੁਲ ਲੈ ਲਿਆ।

ਭਾਤਿ ਭਾਤਿ ਸੇਤੀ ਤਿਹ ਪਾਰਿਯੋ ॥

ਉਸ ਨੂੰ ਕਈ ਤਰ੍ਹਾਂ ਨਾਲ (ਨਿਘ ਸਹਿਤ) ਪਾਲਿਆ।

ਬਡੋ ਭਯੋ ਇਹ ਭਾਤਿ ਉਚਾਰਿਯੋ ॥੧੩॥

ਜਦੋਂ ਉਹ ਵੱਡਾ ਹੋਇਆ ਤਾਂ ਇਸ ਤਰ੍ਹਾਂ ਕਿਹਾ ॥੧੩॥

ਚਿਤ੍ਰਸਾਲ ਤਾ ਕੌ ਲੈ ਗਈ ॥

ਉਸ ਨੂੰ ਚਿਤ੍ਰਸ਼ਾਲਾ ਵਿਚ ਲੈ ਗਈ

ਨਾਨਾ ਚਿਤ੍ਰ ਦਿਖਾਵਤ ਭਈ ॥

ਅਤੇ ਕਈ ਤਰ੍ਹਾਂ ਦੇ ਚਿਤ੍ਰ ਵਿਖਾਣ ਲਗੀ।

ਅਧਿਕ ਯੂਸਫਹਿ ਜਬੈ ਰਿਝਾਯੋ ॥

ਜਦ (ਉਸ ਨੇ) ਯੂਸਫ਼ ਨੂੰ ਖ਼ੂਬ ਰਿਝਾ ਲਿਆ

ਤਬ ਤਾ ਸੋ ਯੌ ਬਚਨ ਸੁਨਾਯੋ ॥੧੪॥

ਤਦ ਉਸ ਨਾਲ (ਇੰਜ) ਬੋਲ ਸਾਂਝੇ ਕੀਤੇ ॥੧੪॥

ਹਮ ਤੁਮ ਆਜੁ ਕਰੈ ਰਤਿ ਦੋਊ ॥

(ਕਹਿਣ ਲਗੀ) ਅਜ ਮੈਂ ਤੇ ਤੂੰ ਦੋਵੇਂ ਸਹਿਵਾਸ ਕਰੀਏ।

ਹੈ ਨ ਇਹਾ ਠਾਢੋ ਜਨ ਕੋਊ ॥

ਇਥੇ ਕੋਈ ਵੀ ਬੰਦਾ ਖੜੋਤਾ ਹੋਇਆ ਨਹੀਂ ਹੈ।

ਕਵਨ ਲਖੇ ਕਾ ਸੋ ਕੋਊ ਕਹਿ ਹੈ ॥

ਕੌਣ ਵੇਖੇਗਾ ਅਤੇ ਕਿਸ ਨੂੰ ਕਹੇਗਾ।

ਹ੍ਯਾਂ ਕੋ ਆਨਿ ਰਮਤ ਹਮ ਗਹਿ ਹੈ ॥੧੫॥

ਸਾਨੂੰ ਰਮਣ ਕਰਦਿਆਂ ਇਥੇ ਕੌਣ ਆ ਕੇ ਪਕੜੇਗਾ ॥੧੫॥

ਦੋਹਰਾ ॥

ਦੋਹਰਾ:

ਮੈ ਤਰੁਨੀ ਤੁਮ ਹੂੰ ਤਰੁਨ ਦੁਹੂੰਅਨ ਰੂਪ ਅਪਾਰ ॥

ਮੈਂ ਜਵਾਨ ਹਾਂ, ਤੂੰ ਵੀ ਜਵਾਨ ਹੈਂ ਅਤੇ ਦੋਹਾਂ ਦਾ ਅਪਾਰ ਰੂਪ ਹੈ।

ਸੰਕ ਤ੍ਯਾਗਿ ਰਤਿ ਕੀਜਿਯੈ ਕਤ ਜਕਿ ਰਹੇ ਕੁਮਾਰ ॥੧੬॥

ਹੇ ਕੁਮਾਰ! ਸੰਕੋਚ ਨੂੰ ਛਡ ਕੇ ਰਤੀ-ਕ੍ਰੀੜਾ ਕਰ, ਕਿਉਂ ਝਿਝਕ ਰਿਹਾ ਹੈਂ ॥੧੬॥

ਚੌਪਈ ॥

ਚੌਪਈ:

ਤੈ ਜੁ ਕਹਤ ਨਹਿ ਕੋਊ ਨਿਹਾਰੈ ॥

(ਯੂਸਫ਼ ਨੇ ਉੱਤਰ ਦਿੱਤਾ) ਤੂੰ ਜੋ ਕਹਿੰਦੀ ਹੈਂ ਕਿ (ਸਾਨੂੰ) ਕੋਈ ਨਹੀਂ ਵੇਖ ਰਿਹਾ,

ਆਂਧਰ ਜ੍ਯੋਂ ਤੈ ਬਚਨ ਉਚਾਰੈ ॥

ਇਹ ਤਾਂ ਤੂੰ ਅੰਨ੍ਹਿਆਂ ਵਰਗੀ ਗੱਲ ਕੀਤੀ ਹੈ।

ਸਾਖੀ ਸਾਤ ਸੰਗ ਕੇ ਲਹਿ ਹੈ ॥

(ਅਸੀਂ ਜੋ) ਸੱਤ ਸਾਖੀ (ਜਲ, ਅਗਨੀ, ਵਾਯੂ, ਆਕਾਸ਼, ਧਰਤੀ, ਸੂਰਜ ਅਤੇ ਚੰਦ੍ਰਮਾ) ਨਾਲ ਲਏ ਹੋਏ ਹਨ।

ਅਬ ਹੀ ਜਾਇ ਧਰਮ ਤਨ ਕਹਿ ਹੈ ॥੧੭॥

ਇਹ ਹੁਣੇ ਧਰਮਰਾਜ ਨੂੰ ਜਾ ਕਹਿਣਗੇ ॥੧੭॥

ਅੜਿਲ ॥

ਅੜਿਲ:

ਧਰਮਰਾਇ ਕੀ ਸਭਾ ਜਬੈ ਦੋਊ ਜਾਇ ਹੈਂ ॥

ਜਦੋਂ (ਅਸੀਂ) ਦੋਵੇਂ ਧਰਮਰਾਜ ਦੀ ਸਭਾ ਵਿਚ ਜਾਵਾਂਗੇ

ਕਹਾ ਬਦਨ ਲੈ ਤਾ ਸੌ ਉਤ੍ਰ ਦਿਯਾਇ ਹੈ ॥

ਤਾਂ ਕਿਹੜਾ ਮੂੰਹ ਲੈ ਕੇ ਉਸ ਨੂੰ ਉੱਤਰ ਦਿਆਂਗੇ।

ਇਨ ਬਾਤਨ ਕੌ ਤੈ ਤ੍ਰਿਯ ਕਹਾ ਬਿਚਾਰਈ ॥

ਇਨ੍ਹਾਂ ਗੱਲਾਂ ਨੂੰ, ਹੇ ਇਸਤ੍ਰੀ! ਤੂੰ ਕੀ ਵਿਚਾਰ ਕਰ ਰਹੀ ਹੈਂ।

ਹੋ ਮਹਾ ਨਰਕ ਕੇ ਬੀਚ ਨ ਮੋ ਕੌ ਡਾਰਈ ॥੧੮॥

ਮੈਨੂੰ ਮਹਾ ਨਰਕ ਵਿਚ ਨਾ ਸੁਟ ॥੧੮॥

ਸਾਲਗ੍ਰਾਮ ਪਰਮੇਸ੍ਰ ਇਹੀ ਗਤਿ ਤੇ ਭਏ ॥

ਇਸੇ ਚਾਲ ('ਗਤਿ') ਕਰ ਕੇ ਪਰਮੇਸ਼੍ਵਰ ਸਾਲਗ੍ਰਾਮ ਬਣੇ।

ਦਸ ਰਾਵਨ ਕੇ ਸੀਸ ਇਹੀ ਬਾਤਨ ਗਏ ॥

ਇਨ੍ਹਾਂ ਗੱਲਾਂ ਕਰ ਕੇ ਰਾਵਣ ਦੇ ਦਸ ਸਿਰ ਗਏ।

ਸਹਸ ਭਗਨ ਬਾਸਵ ਯਾਹੀ ਤੇ ਪਾਇਯੋ ॥

ਇਸੇ ਕਰ ਕੇ ਇੰਦਰ ਨੇ (ਆਪਣੇ ਸ਼ਰੀਰ ਉਤੇ) ਹਜ਼ਾਰ ਭਗ-ਚਿੰਨ੍ਹ ਪ੍ਰਾਪਤ ਕੀਤੇ।

ਹੋ ਇਨ ਬਾਤਨ ਤੇ ਮਦਨ ਅਨੰਗ ਕਹਾਇਯੋ ॥੧੯॥

ਇਨ੍ਹਾਂ ਗੱਲਾਂ ਕਰ ਕੇ ਹੀ ਕਾਮ ਦੇਵ ਅਨੰਗ (ਅੰਗ ਹੀਨ) ਅਖਵਾਇਆ ॥੧੯॥