ਸ਼੍ਰੀ ਦਸਮ ਗ੍ਰੰਥ

ਅੰਗ - 730


ਸਕਲ ਨਾਮ ਸ੍ਰੀ ਪਾਸਿ ਕੇ ਚੀਨਹੁ ਚਿਤ ਪਰਬੀਨ ॥੨੭੫॥

(ਇਹ) ਸਾਰੇ ਨਾਮ ਪਾਸ ਦੇ ਹਨ, ਪ੍ਰਬੀਨ ਲੋਗ ਚਿਤ ਵਿਚ ਵਿਚਾਰ ਲੈਣ ॥੨੭੫॥

ਕਾਲ ਪਿਤਾ ਪ੍ਰਥਮੈ ਉਚਰਿ ਅੰਤਿ ਤਨੁਜ ਪਦਿ ਦੇਹੁ ॥

ਪਹਿਲਾਂ 'ਕਾਲ ਪਿਤਾ' ਉਚਾਰੋ, ਫਿਰ 'ਤਨੁਜ' ਪਦ ਕਹੋ,

ਪਤਿ ਕਹਿ ਅਸਤ੍ਰ ਬਖਾਨੀਐ ਨਾਮ ਪਾਸਿ ਲਖਿ ਲੇਹੁ ॥੨੭੬॥

(ਫਿਰ) ਅੰਤ ਉਤੇ 'ਪਤਿ' ਅਤੇ 'ਅਸਤ੍ਰ' ਸ਼ਬਦ ਜੋੜ ਦਿਓ। (ਇਨ੍ਹਾਂ ਨੂੰ) ਪਾਸ ਦੇ ਨਾਮ ਸਮਝ ਲਵੋ ॥੨੭੬॥

ਦਿਵਕਰ ਤਨੁਜਾ ਪ੍ਰਿਥਮ ਕਹਿ ਪਤਿ ਕਹਿ ਸਸਤ੍ਰ ਬਖਾਨ ॥

ਪਹਿਲਾਂ 'ਦਿਵਕਰ ਤਨੁਜਾ' (ਸੂਰਜ ਦੀ ਪੁੱਤਰੀ) ਕਹਿ ਕੇ, ਫਿਰ 'ਪਤੀ' ਅਤੇ 'ਸ਼ਸਤ੍ਰ' ਸ਼ਬਦ ਦਾ ਕਥਨ ਕਰੋ।

ਸਕਲ ਨਾਮ ਸ੍ਰੀ ਪਾਸਿ ਕੇ ਲੀਜਹੁ ਚਤੁਰ ਪਛਾਨ ॥੨੭੭॥

ਇਹ ਪਾਸ ਦੇ ਨਾਮ ਹਨ, ਚਤੁਰ ਲੋਗ ਪਛਾਣ ਲੈਣ ॥੨੭੭॥

ਪਾਸਿ ਗ੍ਰੀਵਹਾ ਕੰਠ ਰਿਪੁ ਬਰੁਣਾਯੁਧ ਜਿਹ ਨਾਮ ॥

ਜਿਸ ਦੇ 'ਪਾਸਿ', 'ਗ੍ਰੀਵਹਾ', 'ਕੰਠ ਰਿਪੁ' ਅਤੇ 'ਬਰੁਣਾਯੁਧ' ਨਾਮ ਹਨ,

ਪਰੋ ਦੁਸਟ ਕੇ ਕੰਠ ਮੈ ਕਰੋ ਹਮਾਰੋ ਕਾਮ ॥੨੭੮॥

ਉਹ ਦੁਸ਼ਟ ਦੇ ਗਲੇ ਵਿਚ ਪੈਂਦੀ ਹੈ ਅਤੇ ਮੇਰੇ ਕੰਮ ਸੰਵਾਰਦੀ ਹੈ ॥੨੭੮॥

ਆਦਿ ਕੰਠ ਕੇ ਨਾਮ ਲੈ ਗ੍ਰਾਹਕ ਪਦ ਕਹਿ ਅੰਤਿ ॥

ਪਹਿਲਾਂ 'ਕੰਠ' ਦੇ ਨਾਮ ਲੈ ਕੇ ਅੰਤ ਉਤੇ 'ਗ੍ਰਾਹਕ' ਪਦ ਕਹਿ ਦਿਓ।

ਬਰੁਣਾਯੁਧ ਕੇ ਨਾਮ ਸਭੁ ਨਿਕਸਤ ਚਲਤ ਬਿਅੰਤ ॥੨੭੯॥

(ਇਸ ਤਰ੍ਹਾਂ) ਪਾਸ (ਬਰੁਣਾਯੁਧ) ਦੇ ਨਾਮ ਬਣਦੇ ਜਾਂਦੇ ਹਨ ॥੨੭੯॥

ਨਾਰਿ ਕੰਠ ਗਰ ਗ੍ਰੀਵ ਭਨਿ ਗ੍ਰਹਿਤਾ ਬਹੁਰਿ ਬਖਾਨ ॥

ਪਹਿਲਾਂ 'ਨਾਰਿ', 'ਕੰਠ', 'ਗਰ', 'ਗ੍ਰੀਵ' (ਸਾਰੇ ਗਰਦਨ ਦੇ ਨਾਮ) ਸ਼ਬਦ ਕਹਿ ਕੇ ਫਿਰ 'ਗ੍ਰਹਿਤਾ' ਸ਼ਬਦ ਕਥਨ ਕਰੋ।

ਸਕਲ ਨਾਮ ਏ ਪਾਸਿ ਕੇ ਨਿਕਸਤ ਚਲਤ ਅਪ੍ਰਮਾਨ ॥੨੮੦॥

(ਇਸ ਤਰ੍ਹਾਂ) ਪਾਸ ਦੇ ਸਾਰੇ ਨਾਮ ਬਣਦੇ ਜਾਣਗੇ ॥੨੮੦॥

ਜਮੁਨਾ ਪ੍ਰਿਥਮ ਬਖਾਨਿ ਕੈ ਏਸਰਾਯੁਧਹਿਾਂ ਬਖਾਨ ॥

ਪਹਿਲਾਂ 'ਜਮੁਨਾ' ਪਦ ਕਹਿ ਕੇ (ਫਿਰ) 'ਏਸਰਾਯੁਧ' ਬਖਾਨ ਕਰੋ।

ਸਕਲ ਨਾਮ ਸ੍ਰੀ ਪਾਸਿ ਕੇ ਚੀਨਹੁ ਚਤੁਰ ਸੁਜਾਨ ॥੨੮੧॥

(ਇਹ) ਸਾਰੇ ਨਾਮ ਪਾਸ ਦੇ ਹਨ। ਵਿਦਵਾਨ ਲੋਗ ਮਨ ਵਿਚ ਵਿਚਾਰ ਲੈਣ ॥੨੮੧॥

ਕਾ ਬਰਣਾਦਿ ਬਖਾਨਿ ਕੈ ਮੰਦ ਬਹੁਰ ਪਦ ਦੇਹੁ ॥

ਪਹਿਲਾਂ 'ਕ' ਅੱਖਰ ਕਹਿ ਕੇ ਫਿਰ 'ਮੰਦ' ਸ਼ਬਦ ਜੋੜ ਦਿਓ।

ਹੋਤ ਹੈ ਨਾਮ ਕਮੰਦ ਕੇ ਚੀਨ ਚਤੁਰ ਚਿਤਿ ਲੇਹੁ ॥੨੮੨॥

ਇਹ ਨਾਮ ਪਾਸ (ਕਮੰਦ) ਦੇ ਹੋ ਜਾਂਦੇ ਹਨ। ਚਤੁਰ ਲੋਗ ਮਨ ਵਿਚ ਵਿਚਾਰ ਲੈਣ ॥੨੮੨॥

ਕਿਸਨ ਆਦਿ ਪਦ ਉਚਰਿ ਕੈ ਬਲਭਾਤਿ ਪਦ ਦੇਹੁ ॥

ਪਹਿਲਾਂ 'ਕਿਸਨ' ਸ਼ਬਦ ਉਚਾਰ ਕੇ ਫਿਰ 'ਬਲਭਾਂਤਿ' ਪਦ ਕਹਿ ਦਿਓ।

ਪਤਿ ਅਸਤ੍ਰਾਤਿ ਉਚਾਰੀਐ ਨਾਮ ਪਾਸਿ ਲਖਿ ਲੇਹੁ ॥੨੮੩॥

(ਮਗਰੋਂ) ਅੰਤ ਤੇ 'ਪਤਿ' ਅਤੇ 'ਅਸਤ੍ਰ' ਉਚਾਰਨ ਕਰੋ। (ਇਹ) ਪਾਸ ਦਾ ਨਾਮ ਸਮਝ ਲਵੋ ॥੨੮੩॥

ਬੀਰ ਗ੍ਰਸਤਨੀ ਸੁਭਟਹਾ ਕਾਲਾਯੁਧ ਜਿਹ ਨਾਮ ॥

'ਬੀਰ ਗ੍ਰਸਤਨੀ', 'ਸੁਭਟਹਾ' ਅਤੇ 'ਕਾਲਾਯੁਧ' ਜਿਸ ਦੇ ਨਾਮ ਹਨ,

ਪਰੋ ਦੁਸਟ ਕੇ ਕੰਠ ਮੈ ਕਰੋ ਹਮਾਰੋ ਕਾਮ ॥੨੮੪॥

(ਉਹ) ਵੈਰੀ ਦੇ ਗਲੇ ਵਿਚ ਪੈ ਜਾਂਦੀ ਹੈ ਅਤੇ ਮੇਰੇ ਕੰਮ ਸੰਵਾਰਦੀ ਹੈ ॥੨੮੪॥

ਕਾਲ ਅਕਾਲ ਕਰਾਲ ਭਨਿ ਆਯੁਧ ਬਹੁਰਿ ਬਖਾਨੁ ॥

ਕਾਲ, ਅਕਾਲ ਅਤੇ ਕਰਾਲ ਕਹਿ ਕੇ, ਫਿਰ 'ਆਯੁਧ' ਪਦ ਦਾ ਕਥਨ ਕਰੋ।

ਸਕਲ ਨਾਮ ਏ ਪਾਸਿ ਕੇ ਚਤੁਰ ਚਿਤ ਮਹਿ ਜਾਨੁ ॥੨੮੫॥

(ਇਹ) ਸਾਰੇ ਨਾਮ ਪਾਸ ਦੇ ਹਨ, ਚਤੁਰ ਲੋਗ ਸਮਝ ਲੈਣ ॥੨੮੫॥

ਆਦਿ ਉਚਰੀਐ ਸੂਰਜ ਪਦ ਪੂਤ ਉਚਰੀਐ ਅੰਤਿ ॥

ਪਹਿਲਾਂ 'ਸੂਰਜ' ਸ਼ਬਦ ਉਚਾਰੋ, (ਫਿਰ) 'ਪੂਤ' ਤੋਂ ਬਾਦ 'ਸਸਤ੍ਰ' ਪਦ ਅੰਤ ਤੇ ਉਚਾਰੋ।

ਸਸਤ੍ਰ ਭਾਖੀਐ ਪਾਸਿ ਕੇ ਨਿਕਸਹਿ ਨਾਮ ਬਿਅੰਤ ॥੨੮੬॥

(ਇਸ ਤਰ੍ਹਾਂ) ਬੇਅੰਤ ਨਾਮ ਪਾਸ ਦੇ ਬਣ ਜਾਂਦੇ ਹਨ ॥੨੮੬॥

ਸਕਲ ਸੂਰਜ ਕੇ ਨਾਮ ਲੈ ਸੁਤ ਪਦ ਅਸਤ੍ਰ ਬਖਾਨ ॥

(ਪਹਿਲਾਂ) ਸੂਰਜ ਦੇ ਸਾਰੇ ਨਾਮ ਲੈ ਕੇ, (ਫਿਰ) 'ਸੁਤ' ਅਤੇ 'ਅਸਤ੍ਰ' ਸ਼ਬਦਾਂ ਦਾ ਕਥਨ ਕਰੋ।