ਸਾਰੇ ਨਗਰ ਵਿੱਚ ਰੌਲ਼ਾ ਪੈ ਗਿਆ
(ਕਿ ਸ੍ਰੀ ਰਾਮ ਬ੍ਰਹਮਲੀਨ ਹੋ ਗਏ ਹਨ)। ਕਿਸੇ ਨੂੰ ਕੋਈ ਸੁੱਧ ਨਾ ਰਹੀ।
ਇਸਤਰੀ-ਪੁਰਸ਼ ਸਭ ਦੁਖੀ ਹੋ ਕੇ ਇੰਜ ਫਿਰਨ ਲੱਗੇ,
ਮਾਨੋ ਸੂਰਮੇ ਲੜ ਕੇ ਡਿੱਗ ਪਏ ਹੋਣ ॥੮੫੧॥
ਸਾਰੇ ਸ਼ਹਿਰ ਵਿੱਚ ਕੁਹਰਾਮ ਮਚ ਗਿਆ,
ਵਿਆਕੁਲ ਹੋ ਕੇ ਹਾਥੀ ਅਤੇ ਘੋੜੇ ਵੀ ਡਿਗਣ ਲੱਗ ਪਏ।
ਇਸਤਰੀਆਂ ਪੁਰਸ਼ ਮਨ ਵਿੱਚ ਉਦਾਸ ਹੋ ਗਏ ਹਨ
(ਅਤੇ ਸੋਚਦੇ ਹਨ ਕਿ) ਰਾਮ ਕੀ ਕੌਤਕ ਵਰਤਾ ਗਏ ਹਨ ॥੮੫੨॥
(ਸ੍ਰੀ ਰਾਮ ਦੇ ਗੁਜ਼ਰਨ ਕਰਕੇ) ਭਰਤ ਨੇ ਵੀ ਯੋਗ ਸਾਧਨਾ ਕੀਤੀ
ਅਤੇ ਆਪਣੇ ਸਰੀਰ ਤੋਂ ਯੋਗ-ਅਗਨੀ ਪੈਦਾ ਕਰ ਲਈ।
ਝਟਪਟ ਬ੍ਰਹਮ ਰੰਧ੍ਰ ਫੋੜ ਕੇ
ਸ੍ਰੀ ਰਾਮ ਦੇ ਨਾਲ ਜਾਣੋਂ ਮੂੰਹ ਨਹੀਂ ਮੋੜਿਆ ॥੮੫੩॥
ਯੋਗ ਦੇ ਸਾਰੇ ਢੰਗ (ਲੱਛਮਣ ਨੇ ਵੀ) ਕੀਤੇ
ਲੱਛਮਣ ਨੇ ਵੀ ਉਸੇ ਤਰ੍ਹਾਂ ਹੀ ਪ੍ਰਾਣ ਤਿਆਗ ਦਿੱਤੇ।
ਫਿਰ ਸ਼ਤਰੂਘਨ (ਲਵਅਰਿ) ਦਾ ਬ੍ਰਹਮ-ਰੰਧ੍ਰ ਫਟ ਗਿਆ
ਅਤੇ ਸ੍ਰੀ ਰਾਮ ਦੇ ਚਰਨਾਂ ਵਿੱਚ ਪ੍ਰਾਣਾਂ ਨੂੰ ਖ਼ਤਮ ਕਰ ਦਿੱਤਾ ॥੮੫੪॥
ਲਵ ਤੇ ਕੁਸ਼ ਦੋਵੇਂ ਉਥੇ ਚਲੇ ਗਏ
ਅਤੇ ਸ੍ਰੀ ਰਾਮ ਤੇ ਸੀਤਾ ਦਾ ਦਾਹ ਸੰਸਕਾਰ ਕੀਤਾ
ਅਤੇ ਪਿਤਾ ਦੇ ਤਿੰਨਾਂ ਭਰਾਵਾਂ ਦਾ ਸਸਕਾਰ ਕੀਤਾ।
ਲਵ ਦੇ ਸਿਰ 'ਤੇ ਰਾਜ ਛੱਤਰ ਝੁਲਣ ਲੱਗਿਆ ॥੮੫੫॥
ਤਿੰਨਾਂ ਦੀਆਂ ਇਸਤਰੀਆਂ ਉਥੇ ਆ ਗਈਆਂ
ਅਤੇ (ਪਤੀਆਂ) ਨਾਲ ਸਤੀ ਹੋ ਕੇ ਸੁਅਰਗ ਨੂੰ ਚਲੀਆਂ ਗਈਆਂ।
ਲਵ ਦੇ ਸਿਰ ਉਤੇ (ਕੋਸ਼ਲ ਦੇਸ਼ ਦਾ) ਰਾਜ-ਸਾਜ ਧਰਿਆ ਗਿਆ।
ਤਿੰਨਾਂ (ਭਰਾਵਾਂ ਦੀ ਸੰਤਾਨ ਨੇ) ਤਿੰਨਾਂ ਕੁੰਟਾਂ ਵਿੱਚ ਰਾਜ ਕੀਤਾ ॥੮੫੬॥
ਉੱਤਰ ਦੇਸ਼ (ਦਾ ਰਾਜ) ਆਪ ਕੁਸ਼ ਨੇ ਲਿਆ,
ਪੂਰਬ (ਦੇਸ਼ ਦਾ ਰਾਜ) ਭਰਤ ਦੇ ਪੁੱਤਰ ਨੂੰ ਦੇ ਦਿੱਤਾ।
ਦੱਖਣ (ਦੇਸ਼ ਦਾ ਰਾਜ) ਲੱਛਮਣ ਦੇ ਪੁੱਤਰਾਂ ਨੂੰ ਦਿੱਤਾ
ਅਤੇ ਪੱਛਮ (ਦੇਸ਼ ਦੇ ਰਾਜ-ਤਖ਼ਤ ਉਤੇ) ਸ਼ਤਰੂਘਨ ਦੇ ਪੁੱਤਰਾਂ ਨੂੰ ਬਿਠਾਇਆ ॥੮੫੭॥
ਉੱਤਰ ਦੇਸ਼ (ਦਾ ਰਾਜ) ਆਪ ਕੁਸ਼ ਨੇ ਲਿਆ,
ਪੂਰਬ (ਦੇਸ਼ ਦਾ ਰਾਜ) ਭਰਤ ਦੇ ਪੁੱਤਰ ਨੂੰ ਦੇ ਦਿੱਤਾ।
ਦੱਖਣ (ਦੇਸ਼ ਦਾ ਰਾਜ) ਲੱਛਮਣ ਦੇ ਪੁੱਤਰਾਂ ਨੂੰ ਦਿੱਤਾ
ਅਤੇ ਪੱਛਮ (ਦੇਸ਼ ਦੇ ਰਾਜ-ਤਖ਼ਤ ਉਤੇ) ਸ਼ਤਰੂਘਨ ਦੇ ਪੁੱਤਰਾਂ ਨੂੰ ਬਿਠਾਇਆ ॥੮੫੭॥
ਦੋਹਰਾ
ਸ੍ਰੀ ਰਾਮ ਦੀ ਕਥਾ ਯੁਗਾਂ-ਯੁਗਾਂ ਵਿੱਚ ਅਟਲ ਹੈ, (ਉਸ ਕਥਾ ਨੂੰ) ਸਭ ਕੋਈ ਸਦੀਵੀ ਕਹਿੰਦਾ ਹੈ।
ਸ੍ਰੀ ਰਾਮ ਨੇ ਸਾਰੀ ਨਗਰੀ ਸਹਿਤ ਸੁਅਰਗ ਵਿੱਚ ਨਿਵਾਸ ਕੀਤਾ ॥੮੫੮॥
ਇਥੇ ਰਾਮ ਭ੍ਰਾਤ ਇਸਤਰੀਆਂ ਸਹਿਤ ਸ੍ਵਰਗ ਗਏ ਅਤੇ ਰਾਮ ਸਗਰੀ ਪੁਰੀ ਸਹਿਤ ਸ੍ਵਰਗ ਗਏ ਅਧਿਆਇ ਦੀ ਸਮਾਪਤੀ।
ਚੌਪਈ
ਜੇ ਕੋਈ ਇਸ ਰਾਮ ਕਥਾ ਨੂੰ ਸੁਣੇਗਾ ਅਤੇ ਪੜ੍ਹੇਗਾ,
ਦੁੱਖ ਅਤੇ ਪਾਪ ਉਸ ਦੇ ਨੇੜੇ ਨਹੀਂ ਆਣਗੇ।
ਵਿਸ਼ਣੂ ਭਗਤੀ ਕਰਨ ਦਾ (ਇਹੀ ਫਲ) ਪ੍ਰਾਪਤ ਹੋਵੇਗਾ
ਕਿ ਕੋਈ ਆਧਿ ਜਾਂ ਬਿਆਧਿ (ਉਸ ਭਗਤ ਨੂੰ) ਛੋਹ ਵੀ ਨਹੀਂ ਸਕੇਗੀ ॥੮੫੯॥
ਸੰਮਤ ੧੭੫੫ ਦੀ
ਸੁਖਦਾਇਕ ਹਾੜ ਵਦੀ ਏਕਮ ਨੂੰ
ਤੇਰੀ ਕ੍ਰਿਪਾ ਨਾਲ ਗ੍ਰੰਥ ਪੂਰਾ ਕੀਤਾ ਹੈ।
(ਜਿਥੇ ਕੋਈ) ਭੁੱਲ ਹੋਈ ਵੇਖੋ ਤਾਂ ਉਸ ਨੂੰ ਸੋਧ ਲਵੋ ॥੮੬੦॥
ਦੋਹਰਾ
ਨੈਣਾ ਦੇਵੀ ਪਰਬਤ ਦੇ ਪੈਰਾਂ ਹੇਠ ਲਹਿਰਾਂ ਵਾਲੀ ਸਤਲੁਜ ਨਦੀ ਦੀ ਕੰਢੇ ਉਤੇ (ਅਨੰਦਪੁਰ ਵਿੱਚ)
ਸ੍ਰੀ ਭਗਵਾਨ (ਨੇ ਮਿਹਰ ਕਰਕੇ) ਸ੍ਰੀ ਰਾਮ ਦਾ ਕਥਾ-ਪ੍ਰਸੰਗ ਪੂਰਾ ਕੀਤਾ ॥੮੬੧॥