(ਜੋ) ਇੰਦਰ ਨੂੰ ਰਾਜ ਦਿਵਾਉਣ ਵਾਲੀ ਹੈ ਅਤੇ ਸੁੰਭ ਤੇ ਨਿਸੁੰਭ ਦੋਹਾਂ (ਦੈਂਤਾਂ ਨੂੰ) ਮਾਰਨ ਵਾਲੀ ਹੈ।
ਜੋ (ਕੋਈ ਕਾਲੀ ਨੂੰ) ਜਪ ਕੇ ਉਸ ਦੀ ਸੇਵਾ ਕਰਦਾ ਹੈ, ਉਹ ਮਨ ਭਾਉਂਦੇ ਵਰ ਪ੍ਰਾਪਤ ਕਰਦਾ ਹੈ।
ਜਗਤ ਵਿਚ ਉਸ ਦੇ ਬਰਾਬਰ ਕੋਈ ਦੂਜਾ ਗ਼ਰੀਬ-ਨਿਵਾਜ਼ ਨਹੀਂ ਹੈ ॥੮॥
ਇਥੇ ਸ੍ਰੀ ਦੇਵੀ ਜੀ ਦੀ ਉਸਤਤ ਸਮਾਪਤ ਹੁੰਦੀ ਹੈ।
ਹੁਣ ਪ੍ਰਿਥਮੀ ਨੇ ਬ੍ਰਹਮਾ ਕੋਲ ਪੁਕਾਰ ਕੀਤੀ:
ਸਵੈਯਾ:
ਦੈਂਤਾਂ ਦੇ ਭਾਰ ਅਤੇ ਡਰ ਨਾਲ ਜੋ ਧਰਤੀ ਬਹੁਤ ਭਾਰ ਕਰ ਕੇ ਭਾਰੀ ਹੋ ਗਈ ਸੀ,
(ਉਸ ਨੇ) ਗਊ ਦਾ ਰੂਪ ਧਾਰ ਕੇ ਬ੍ਰਹਮਾ ਕੋਲ ਜਾ ਕੇ ਪੁਕਾਰ ਕੀਤੀ।
ਬ੍ਰਹਮਾ (ਨੇ ਉਸ ਨੂੰ) ਕਿਹਾ ਤੂੰ ਤੇ ਮੈਂ ਇਕੱਠੇ ਮਿਲ ਕੇ ਉਥੇ ਜਾਈਏ, ਜਿਥੇ ਵਿਸ਼ਣੂ ਰਹਿੰਦਾ ਹੈ।
ਜਾ ਕੇ ਉਸ ਨੂੰ ਬੇਨਤੀ ਕਰੀਏ, "ਹੇ ਰਘੂਨਾਥ! ਸਾਡੀ ਇਹ ਬੇਨਤੀ ਸੁਣੋ" ॥੯॥
ਸਾਰੇ (ਦੇਵਤੇ) ਬ੍ਰਹਮਾ ਨੂੰ ਅਗੇ ਕਰ ਕੇ ਤਨ ਦੇ ਬਲ ਨਾਲ ਉਥੋਂ ਤੁਰ ਪਏ।
ਤਦੋਂ ਉਸ ਦੇ ਸਾਹਮਣੇ (ਮੁਨੀ ਆਦਿ ਨੇ) ਜਾ ਕੇ ਪੁਕਾਰ ਕੀਤੀ ਅਤੇ ਮੁਨੀ (ਇੰਜ ਰੋਣ ਲਗੇ) ਜਿਵੇਂ ਕਿਸੇ ਨੇ ਮਾਰਿਆ ਹੁੰਦਾ ਹੈ।
ਉਸ ਦ੍ਰਿਸ਼ ਦੀ ਬਹੁਤ (ਹੀ ਚੰਗੀ) ਉਪਮਾ ਕਵੀ ਨੇ (ਆਪਣੇ) ਮਨ ਵਿਚ ਇਸ ਤਰ੍ਹਾਂ ਵਿਚਾਰੀ ਹੈ
ਕਿ ਜਿਵੇਂ (ਕੋਈ) ਬਾਣੀਆ ਲੁਟੇ ਜਾਣ ਤੇ ਚੌਧਰੀ ਨੂੰ ਅਗੇ ਕਰ ਕੇ ਕੋਤਵਾਲ ਕੋਲ ਪੁਕਾਰ ਕਰਦਾ ਹੈ ॥੧੦॥
ਬ੍ਰਹਮਾ (ਆਪਣੇ ਨਾਲ) ਦੇਵਤਿਆਂ ਦੇ ਸਾਰੇ ਦਲ ਲੈ ਕੇ, ਭਜ ਕੇ ਉਥੇ ਗਿਆ, ਜਿਥੇ ਭਾਰੀ (ਛੀਰ) ਸਮੁੰਦਰ ਸੀ।
(ਧਰਤੀ ਰੂਪੀ) ਗਊ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ, ਅਤੇ ਆਪਣੇ ਨੇਤ੍ਰਾਂ ('ਲਖਿ') ਦੇ ਜਲ ('ਬਾਰਨਿ') ਨਾਲ (ਉਨ੍ਹਾਂ ਦੇ) ਦਰ ਨੂੰ ਧੋ ਦਿੱਤਾ।
ਉਥੇ ਵਿਮਾਨ ਵਿਚ (ਬੈਠੇ) ਵਿਸ਼ਣੂ ਨੂੰ ਵੇਖ ਕੇ ਉਨ੍ਹਾਂ ਦੇ ਚਰਨਾਂ ਉਤੇ ਬ੍ਰਹਮਾ ਡਿਗ ਪਿਆ।
ਪਰਮ ਸੱਤਾ ਨੇ ਬ੍ਰਹਮਾ ਨੂੰ ਕਿਹਾ, "ਤੂੰ ਜਾ, ਮੈਂ ਅਵਤਾਰ ਧਾਰ ਕੇ, ਦੈਂਤਾਂ ਦੀ ਜੜ੍ਹ ਪੁਟ ਦਿਆਂਗਾ" ॥੧੧॥
ਪਰਮਾਤਮਾ ਦੀ ਗੱਲ ਨੂੰ ਕੰਨੀ ਸੁਣ ਕੇ ਸਾਰਿਆਂ ਦੇਵਤਿਆਂ ਦੇ ਮਨ ਪ੍ਰਸੰਨ ਹੋ ਗਏ।
ਸਾਰੇ ਦੇਵਤੇ ਪ੍ਰਣਾਮ ਕਰ ਕੇ ਆਪਣੇ ਘਰਾਂ ਨੂੰ ਤੁਰ ਗਏ ਅਤੇ ਸਾਰਿਆਂ ਲੋਕਾਂ ਨੂੰ ਆਪਣਾ ਕਰ ਕੇ ਮੰਨ ਲਿਆ।
ਉਸ ਦ੍ਰਿਸ਼ ਦੀ ਉਪਮਾ ਨੂੰ ਮਹਾ ਕਵੀ ਨੇ ਆਪਣੇ ਮਨ ਵਿਚ (ਇਸ ਤਰ੍ਹਾਂ) ਪਛਾਣਿਆ
ਮਾਨੋ ਸਾਰੇ ਲੋਕ ਗਊਆਂ ਦੇ ਵਗ ('ਗੋਧਨ') ਵਾਂਗ (ਗੁੰਮ ਗਏ ਹੋਣ ਅਤੇ) ਦੇਵਤਿਆਂ ਨੇ ਮੋੜ ਕੇ ਲਿਆਂਦਾ ਹੋਵੇ ॥੧੨॥
ਬ੍ਰਹਮਾ ਨੇ ਕਿਹਾ:
ਦੋਹਰਾ: