ਸ਼੍ਰੀ ਦਸਮ ਗ੍ਰੰਥ

ਅੰਗ - 411


ਤਉ ਮਸਲੀ ਕਰਿ ਚਰਮ ਲੀਯੋ ਧਰਿ ਯੌ ਅਰਿ ਕਉ ਬਲਿ ਘਾਉ ਬਚਾਯੋ ॥

ਤਦ ਫਿਰ ਬਲਰਾਮ ਨੇ ਹੱਥ ਵਿਚ ਢਾਲ ਲੈ ਕੇ ਵੈਰੀ ਦੇ ਵਾਰ ਨੂੰ ਬਚਾ ਲਿਆ।

ਢਾਲ ਕੇ ਫੂਲ ਪੈ ਧਾਰ ਬਹੀ ਚਿਨਗਾਰ ਉਠੀ ਕਬਿ ਯੌ ਗੁਨ ਗਾਯੋ ॥

ਢਾਲ ਦੇ ਫਲ ਉਤੇ ਤਲਵਾਰ ਦੀ ਧਾਰ ਵਜੀ (ਤਾਂ ਉਸ ਵਿਚੋਂ) ਚਿੰਗਾਰੀ ਉਠੀ, ਜਿਸ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਕੀਤੀ।

ਮਾਨਹੁ ਪਾਵਸ ਕੀ ਨਿਸਿ ਮੈ ਬਿਜੁਰੀ ਦੁਤਿ ਤਾਰਨ ਕੋ ਪ੍ਰਗਟਾਯੋ ॥੧੧੩੩॥

ਮਾਨੋ ਬਰਖਾ ਰੁਤ ਦੀ ਰਾਤ ਵਿਚ ਬਿਜਲੀ ਦੀ ਲਿਸ਼ਕ ਨੇ ਤਾਰਿਆਂ ਨੂੰ ਪ੍ਰਗਟ ਕਰ ਦਿੱਤਾ ਹੋਵੇ ॥੧੧੩੩॥

ਘਾਇ ਹਲੀ ਸਹਿ ਕੈ ਰਿਪੁ ਕੋ ਗਹਿ ਕੈ ਕਰਵਾਰ ਸੁ ਬਾਰ ਕਰਿਯੋ ਹੈ ॥

ਵੈਰੀ ਦਾ ਘਾਓ ਸਹਾਰ ਕੇ, ਫਿਰ ਹੱਥ ਵਿਚ ਤਲਵਾਰ ਪਕੜ ਕੇ ਵੈਰੀ ਉਤੇ ਵਾਰ ਕੀਤਾ।

ਧਾਰ ਬਹੀ ਅਰਿ ਕੰਠਿ ਬਿਖੈ ਕਟਿ ਕੈ ਤਿਹ ਕੋ ਸਿਰੁ ਭੂਮਿ ਝਰਿਯੋ ਹੈ ॥

(ਤਲਵਾਰ ਦੀ) ਧਾਰ ਵੈਰੀ ਦੇ ਗਲੇ ਵਿਚ ਵਗ ਗਈ ਅਤੇ ਉਸ ਦਾ ਸਿਰ ਕਟ ਕੇ ਧਰਤੀ ਉਤੇ ਡਿਗ ਪਿਆ।

ਬਜ੍ਰ ਜਰੇ ਰਥ ਤੇ ਗਿਰਿਯੋ ਤਿਹ ਕੋ ਜਸੁ ਯੌ ਕਬਿ ਨੈ ਉਚਰਿਯੋ ਹੈ ॥

ਹੀਰਿਆਂ ਨਾਲ ਜੜ੍ਹੇ ਹੋਏ ਰਥ ਵਿਚੋਂ ਡਿਗ ਪਿਆ, ਉਸ ਦਾ ਯਸ਼ ਕਵੀ ਨੇ ਇਸ ਤਰਾਂਹ ਉਚਾਰਿਆ ਹੈ।

ਮਾਨਹੁ ਤਾਰਨ ਲੋਕ ਹੂੰ ਤੇ ਸੁਰ ਭਾਨੁ ਹਨ੍ਯੋ ਸਿਰ ਭੂਮਿ ਪਰਿਯੋ ਹੈ ॥੧੧੩੪॥

ਮਾਨੋ ਤਾਰਿਆਂ ਦੇ ਲੋਕ ਵਿਚੋਂ, ਦੇਵਤਿਆਂ ਦੁਆਰਾ ਮਾਰਿਆ ਹੋਇਆ ਸੂਰਜ ਰੂਪ ਸਿਰ ਧਰਤੀ ਉਤੇ ਆ ਡਿਗਾ ਹੋਵੇ ॥੧੧੩੪॥

ਮਾਰਿ ਲਯੋ ਗਜ ਸਿੰਘ ਜਬੈ ਤਜਿ ਕੈ ਰਨ ਕੋ ਸਭ ਹੀ ਭਟ ਭਾਗੇ ॥

ਜਦੋਂ ਗਜ ਸਿੰਘ ਨੂੰ ਮਾਰ ਲਿਆ ਗਿਆ, (ਤਦੋਂ ਹੀ) ਸਾਰੇ ਸੂਰਮੇ ਰਣ-ਭੂਮੀ ਨੂੰ ਛਡ ਕੇ ਭਜ ਗਏ।

ਸ੍ਰਉਨ ਭਰੇ ਲਖਿ ਲੋਥ ਡਰੇ ਨਹਿ ਧੀਰ ਧਰੇ ਨਿਸ ਕੇ ਜਨੁ ਜਾਗੇ ॥

ਲਹੂ ਨਾਲ ਲਥ-ਪਥ ਹੋਈਆਂ ਲੋਥਾਂ ਨੂੰ ਵੇਖ ਕੇ ਡਰ ਗਏ, ਧੀਰਜ ਨਾ ਧਰ ਸਕੇ, ਮਾਨੋ ਰਾਤ (ਦਾ ਸੁਪਨਾ ਵੇਖ ਕੇ) ਜਾਗੇ ਹੋਣ।

ਮਾਰਿ ਲਏ ਨ੍ਰਿਪ ਪੰਚ ਭਗੇ ਤਿਨ ਯੌ ਕਹਿਯੋ ਜਾ ਅਪਨੇ ਪ੍ਰਭਿ ਆਗੇ ॥

(ਜਦ) ਪੰਜੇ ਰਾਜੇ ਮਾਰ ਦਿੱਤੇ, (ਤਾਂ) ਭਜ ਕੇ ਗਏ ਹੋਇਆਂ ਨੇ ਆਪਣੇ ਰਾਜੇ (ਜਰਾਸੰਧ) ਨੂੰ ਇਸ ਤਰ੍ਹਾਂ ਕਿਹਾ।

ਯੌ ਸੁਨਿ ਕੈ ਦਲਿ ਧੀਰ ਛੁਟਿਯੋ ਨ੍ਰਿਪ ਹੀਯੋ ਫਟਿਯੋ ਰਿਸ ਮੈ ਅਨੁਰਾਗੇ ॥੧੧੩੫॥

ਇਸ ਤਰ੍ਹਾਂ ਸੁਣ ਕੇ ਸੈਨਾ ਦਲ ਦਾ ਧੀਰਜ ਖਤਮ ਹੋ ਗਿਆ, ਰਾਜੇ ਦਾ ਹਿਰਦਾ ਫਟ ਗਿਆ ਅਤੇ ਕ੍ਰੋਧ ਵਿਚ ਮਗਨ ਹੋ ਗਿਆ ॥੧੧੩੫॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਗਜ ਸਿੰਘ ਬਧਹ ਧਯਾਇ ਸਮਾਪਤੰ ॥

ਇਥੇ ਕ੍ਰਿਸ਼ਨਾਵਤਾਰ ਦੇ ਯੁਧ-ਪ੍ਰਬੰਧ ਦੇ ਗਜ ਸਿੰਘ ਬਧ ਨਾਂ ਦਾ ਅਧਿਆਇ ਸਮਾਪਤ।

ਅਥ ਅਮਿਤ ਸਿੰਘ ਸੈਨਾ ਸਹਿਤ ਬਧਹਿ ਕਥਨੰ ॥

ਹੁਣ ਅਮਿਤ ਸਿੰਘ ਦੇ ਸੈਨਾ ਸਮੇਤ ਬਧ ਦਾ ਕਥਨ।

ਦੋਹਰਾ ॥

ਦੋਹਰਾ:

ਅਣਗ ਸਿੰਘ ਅਉ ਅਚਲ ਸੀ ਅਮਿਤ ਸਿੰਘ ਨ੍ਰਿਪ ਤੀਰ ॥

ਰਾਜਾ (ਜਰਾਸੰਧ) ਪਾਸ ਅਣਗ ਸਿੰਘ, ਅਚਲ ਸਿੰਘ, ਅਮਿਤ ਸਿੰਘ,

ਅਮਰ ਸਿੰਘ ਅਰ ਅਨਘ ਸੀ ਮਹਾਰਥੀ ਰਨਧੀਰ ॥੧੧੩੬॥

ਅਮਰ ਸਿੰਘ ਅਤੇ ਅਨਘ ਸਿੰਘ (ਨਾਂ ਦੇ) ਮਹਾਨ ਰਥੀ ਅਤੇ ਰਣਧੀਰ ਹਨ ॥੧੧੩੬॥

ਸਵੈਯਾ ॥

ਸਵੈਯਾ:

ਦੇਖਿ ਤਿਨੈ ਨ੍ਰਿਪ ਸੰਧਿ ਜਰਾ ਹਥੀਆਰ ਧਰੇ ਲਖਿ ਬੀਰ ਪਚਾਰੇ ॥

ਉਨ੍ਹਾਂ (ਪੰਜਾਂ) ਨੂੰ ਵੇਖ ਕੇ ਰਾਜਾ ਜਰਾਸੰਧ ਨੇ ਸ਼ਸਤ੍ਰ ਧਾਰਨ ਕੀਤੇ ਅਤੇ ਤਕ ਕੇ ਸੂਰਮਿਆਂ ਨੂੰ ਵੰਗਾਰਿਆ।

ਪੇਖਹੁ ਆਜ ਅਯੋਧਨ ਮੈ ਨ੍ਰਿਪ ਪੰਚ ਬਲੀ ਜਦੁਬੀਰ ਸੰਘਾਰੇ ॥

ਅਤੇ ਕਿਹਾ, ਵੇਖੋ, ਅਜ ਕ੍ਰਿਸ਼ਨ ਨੇ ਯੁੱਧ-ਭੂਮੀ ਵਿਚ ਪੰਜ ਬਲਵਾਨ ਰਾਜੇ ਮਾਰ ਦਿੱਤੇ ਹਨ।

ਤਾ ਸੰਗਿ ਜਾਇ ਭਿਰੋ ਤੁਮ ਹੂੰ ਤਜਿ ਸੰਕ ਨਿਸੰਕ ਬਜਾਇ ਨਗਾਰੇ ॥

ਹੁਣ ਤੁਸੀਂ ਉਸ ਨਾਲ ਜਾ ਕੇ ਲੜੋ, ਸੰਗ ਸੰਕੋਚ ਨੂੰ ਛਡ ਦਿਓ, ਨਿਸੰਗ ਹੋ ਕੇ ਨਗਾਰੇ ਵਜਾਓ।

ਯੌ ਸੁਨਿ ਕੈ ਪ੍ਰਭ ਕੀ ਬਤੀਯਾ ਅਤਿ ਕੋਪ ਭਰੇ ਰਨ ਓਰਿ ਪਧਾਰੇ ॥੧੧੩੭॥

(ਆਪਣੇ) ਸੁਆਮੀ ਦੀ ਇਸ ਤਰ੍ਹਾਂ ਗੱਲ ਸੁਣ ਕੇ ਕ੍ਰੋਧ ਨਾਲ ਭਰੇ ਹੋਏ (ਰਾਜੇ) ਰਣ-ਭੂਮੀ ਵਲ ਚਲ ਪਏ ॥੧੧੩੭॥

ਆਵਤ ਹੀ ਜਦੁਬੀਰ ਤਿਨੋ ਰਨ ਭੂਮਿ ਬਿਖੈ ਜਮ ਰੂਪ ਨਿਹਾਰਿਯੋ ॥

ਉਨ੍ਹਾਂ ਨੇ ਆਉਂਦਿਆਂ ਹੀ ਰਣ-ਭੂਮੀ ਵਿਚ ਕ੍ਰਿਸ਼ਨ ਨੂੰ ਯਮ ਦੇ ਰੂਪ ਵਿਚ ਵੇਖਿਆ।

ਪਾਨਿ ਗਹੇ ਧਨੁ ਬਾਨ ਸੋਊ ਰਨ ਬੀਚ ਤਿਨੋ ਬਲਿਦੇਵ ਹਕਾਰਿਯੋ ॥

ਹੱਥ ਵਿਚ ਧਨੁਸ਼ ਬਾਣ ਲੈ ਕੇ ਉਨ੍ਹਾਂ ਨੇ ਰਣ-ਭੂਮੀ ਵਿਚ ਬਲਰਾਮ ਨੂੰ ਵੰਗਾਰਿਆ।

ਖਗ ਕਸੇ ਕਟਿ ਮੈ ਅੰਗ ਕੌਚ ਲੀਏ ਬਰਛਾ ਅਣਗੇਸ ਪੁਕਾਰਿਯੋ ॥

ਤਲਵਾਰ ਲਕ ਨਾਲ ਕਸ ਕੇ (ਬੰਨ੍ਹੀ ਹੋਈ ਹੈ) ਸ਼ਰੀਰ ਉਤੇ ਕਵਚ ਪਾ ਕੇ ਅਤੇ ਬਰਛਾ ਲੈ ਕੇ ਅਣਗ ਸਿੰਘ ਨੇ ਲਲਕਾਰਿਆ ਹੈ।

ਆਇ ਭਿਰੋ ਹਰਿ ਜੂ ਹਮ ਸਿਉ ਅਬ ਠਾਢੋ ਕਹਾ ਇਹ ਭਾਤ ਉਚਾਰਿਯੋ ॥੧੧੩੮॥

ਹੇ ਕ੍ਰਿਸ਼ਨ! ਮੇਰੇ ਨਾਲ ਆ ਕੇ ਲੜੋ, ਹੁਣ ਖੜੋਤੇ ਕਿਉਂ ਹੋ, ਇਸ ਤਰ੍ਹਾਂ ਕਿਹਾ ॥੧੧੩੮॥

ਦੇਖਿ ਤਬੈ ਤਿਨ ਕੋ ਹਰਿ ਜੂ ਤਬ ਹੀ ਰਨ ਮੈ ਪੰਚ ਬੀਰ ਹਕਾਰੇ ॥

ਉਸੇ ਵੇਲੇ ਕ੍ਰਿਸ਼ਨ ਜੀ ਨੇ ਉਨ੍ਹਾਂ ਨੂੰ ਵੇਖਿਆ ਅਤੇ ਤਦ ਹੀ ਰਣ ਵਿਚ ਉਨ੍ਹਾਂ ਪੰਜਾਂ ਨੂੰ ਲਲਕਾਰਿਆਂ।

ਸ੍ਯਾਮ ਸੁ ਸੈਨ ਚਲਿਯੋ ਇਤ ਤੇ ਉਤ ਤੇਊ ਚਲੇ ਸੁ ਬਜਾਇ ਨਗਾਰੇ ॥

ਇਧਰੋ ਸ੍ਰੀ ਕ੍ਰਿਸ਼ਨ, ਸੈਨਾ ਸਮੇਤ ਚਲ ਪਏ ਅਤੇ ਉਧਰੋਂ ਉਹ ਧੌਂਸੇ ਵਜਾਉਂਦੇ ਹੋਏ ਚਲ ਪਏ।

ਪਟਸਿ ਲੋਹ ਹਥੀ ਪਰਸੇ ਅਗਨਾਯੁਧ ਲੈ ਕਰਿ ਕੋਪ ਪ੍ਰਹਾਰੇ ॥

ਜੋ ਹੱਥਾਂ ਵਿਚ ਪੱਟੇ, ਤਲਵਾਰਾਂ, ਕੁਹਾੜੀਆਂ ਅਤੇ ਬੰਦੂਕਾਂ ਲੈ ਕੇ ਕ੍ਰੋਧਵਾਨ ਹੋ ਕੇ ਪ੍ਰਹਾਰ ਕਰਦੇ ਹਨ।

ਜੂਝਿ ਗਿਰੇ ਇਤ ਕੇ ਉਤ ਕੇ ਭਟ ਭੂਮਿ ਗਿਰੇ ਸੁ ਮਨੋ ਮਤਵਾਰੇ ॥੧੧੩੯॥

ਇਧਰੋਂ ਅਤੇ ਉਧਰੋਂ ਸੂਰਮੇ ਮਾਰੇ ਜਾ ਕੇ ਧਰਤੀ ਉਤੇ ਇਸ ਤਰ੍ਹਾਂ ਡਿਗੇ ਪਏ ਹਨ, ਮਾਨੋ ਨਸ਼ਈ ਹੋਣ ॥੧੧੩੯॥

ਜੁਧ ਭਯੋ ਤਿਹ ਠਉਰ ਬਡੋ ਚਢਿ ਕੈ ਸਭ ਦੇਵ ਬਿਵਾਨਨਿ ਆਏ ॥

ਉਸ ਥਾਂ ਉਤੇ ਬਹੁਤ ਭਾਰਾ ਯੁੱਧ ਹੋਇਆ, ਸਾਰੇ ਦੇਵਤੇ (ਯੁੱਧ ਵੇਖਣ ਲਈ) ਬਿਮਾਨਾਂ ਉਤੇ ਚੜ੍ਹ ਆਏ।

ਕਉਤਕ ਦੇਖਨ ਕਉ ਰਨ ਕੋ ਕਬਿ ਸ੍ਯਾਮ ਕਹੈ ਮਨ ਮੋਦ ਬਢਾਏ ॥

ਕਵੀ ਸ਼ਿਆਮ ਕਹਿੰਦੇ ਹਨ, ਰਣ-ਭੂਮੀ ਦੇ ਕੌਤਕ ਦੇਖਣ ਲਈ (ਆਏ ਹਨ ਅਤੇ) ਮਨ ਵਿਚ ਆਨੰਦ ਨੂੰ ਵਧਾਇਆ ਹੈ।

ਲਾਗਤ ਸਾਗਨ ਕੇ ਭਟ ਯੌ ਗਿਰ ਅਸਵਨ ਤੇ ਧਰਨੀ ਪਰ ਆਏ ॥

ਸਾਂਗਾਂ ਦੇ ਲਗਣ ਨਾਲ ਸੂਰਮੇ ਘੋੜਿਆਂ ਤੋਂ ਡਿਗ ਕੇ ਧਰਤੀ ਉਤੇ ਆ ਪੈਂਦੇ ਹਨ

ਸੋ ਫਿਰ ਕੈ ਉਠਿ ਜੁਧ ਕਰੈ ਤਿਹ ਕੇ ਗੁਨ ਕਿੰਨ ਗੰਧ੍ਰਬ ਗਾਏ ॥੧੧੪੦॥

ਅਤੇ ਫਿਰ ਉਠ ਕੇ ਯੁੱਧ ਕਰਦੇ ਹਨ। ਉਨ੍ਹਾਂ ਦੇ ਗੁਣ ਕਿੰਨਰ ਅਤੇ ਗੰਧਰਬ ਗਾਂਦੇ ਹਨ ॥੧੧੪੦॥

ਕਬਿਤੁ ॥

ਕਬਿੱਤ:

ਕੇਤੇ ਬੀਰ ਭਾਜੇ ਕੇਤੇ ਗਾਜੇ ਪੁਨਿ ਆਇ ਆਇ ਧਾਇ ਧਾਇ ਹਰਿ ਜੂ ਸੋ ਜੁਧ ਵੇ ਕਰਤ ਹੈ ॥

ਕਿਤਨੇ ਹੀ ਸੂਰਮੇ ਭਜ ਗਏ ਹਨ, ਕਿਤਨੇ ਫਿਰ ਆ ਆ ਕੇ (ਰਣ-ਭੂਮੀ ਵਿਚ) ਗਜਦੇ ਹਨ, ਅਤੇ ਉਹ ਭਜ ਭਜ ਕੇ ਕ੍ਰਿਸ਼ਨ ਜੀ ਨਾਲ ਯੁੱਧ ਕਰਦੇ ਹਨ।

ਕੇਤੇ ਭੂਮਿ ਗਿਰੇ ਕੇਤੇ ਭਿਰੇ ਗਜ ਮਤਨ ਸੋ ਲਰੇ ਤੇਤੋ ਮ੍ਰਿਤਕ ਹ੍ਵੈ ਕੈ ਛਿਤਿ ਮੈ ਪਰਤ ਹੈ ॥

ਕਿਤਨੇ ਹੀ ਧਰਤੀ ਉਤੇ ਡਿਗ ਪਏ ਹਨ, ਕਿਤਨੇ ਹੀ ਮਸਤ ਹਾਥੀਆਂ ਨਾਲ ਲੜ ਰਹੇ ਹਨ, ਕਿਤਨੇ ਹੀ ਲੜੇ ਹਨ, ਉਹ ਸਾਰੇ ਮਰ ਕੇ ਧਰਤੀ ਉਤੇ ਪਏ ਹਨ।

ਅਉਰ ਦਉਰ ਪਰੇ ਮਾਰ ਮਾਰ ਹੀ ਉਚਰੇ ਹਥਿਯਾਰਨ ਉਘਰੇ ਪਗੁ ਏਕ ਨ ਟਰਤ ਹੈ ॥

ਹੋਰ ਦੌੜ ਕੇ ਪੈਂਦੇ ਹਨ, 'ਮਾਰੋ' 'ਮਾਰੋ' ਕਹਿੰਦੇ ਹਨ, ਹਥਿਆਰਾਂ ਨੂੰ ਉਲਾਰਦੇ ਹਨ, ਅਤੇ (ਰਣ-ਭੂਮੀ ਤੋਂ) ਇਕ ਕਦਮ ਵੀ ਪਿਛੇ ਨਹੀਂ ਹਟਦੇ ਹਨ।

ਸ੍ਰਉਣਤ ਉਦਧਿ ਲੋਹ ਆਂਚ ਬੜਵਾਨਲ ਸੀ ਪਉਨ ਬਾਨ ਚਲੈ ਬੀਰ ਤ੍ਰਿਣ ਜਿਉ ਜਰਤ ਹੈ ॥੧੧੪੧॥

('ਰਣ ਭੂਮੀ') ਲਹੂ ਦਾ ਸਮੁੰਦਰ ਹੈ, ਹਥਿਆਰ ਬੜਵਾਨਲ ਦੀ ਅੱਗ ਹੈ, ਤੀਰਾਂ ਦਾ ਚਲਣਾ ਹਵਾ ਹੈ ਅਤੇ (ਉਸ ਵਿਚ) ਸੂਰਮੇ ਕੱਖਾਂ ਵਾਂਗ ਸੜਦੇ ਹਨ ॥੧੧੪੧॥

ਸਵੈਯਾ ॥

ਸਵੈਯਾ:

ਅਣਗੇਸ ਬਲੀ ਤਬ ਕੋਪਿ ਭਰਿਯੋ ਮਨਿ ਜਾਨ ਨਿਦਾਨ ਕੀ ਮਾਰ ਮਚੀ ਜਬ ॥

ਬਲਵਾਨ ਅਣਗ ਸਿੰਘ ਤਦ ਕ੍ਰੋਧ ਨਾਲ ਭਰ ਗਿਆ, (ਜਦ) ਮਨ ਵਿਚ ਜਾਣ ਲਿਆ ਕਿ ਓੜਕ ਦੀ ਮਾਰ ਮਚ ਗਈ ਹੈ।

ਸ੍ਯੰਦਨ ਪੈ ਚਢਿ ਕੈ ਕਢਿ ਕੈ ਕਸਿ ਬਾਨ ਕਮਾਨ ਤਨਾਇ ਲਈ ਤਬ ॥

ਰਥ ਉਤੇ ਚੜ੍ਹ ਕੇ, (ਤੀਰ) ਕਢ ਕੇ ਅਤੇ ਧਨੁਸ਼ ਵਿਚ ਬਾਣ ਕਸ ਕੇ ਤਦ (ਕੰਨ ਤਕ) ਖਿਚ ਲਿਆ।

ਸ੍ਰੀ ਹਰਿ ਕੀ ਪ੍ਰਿਤਨਾ ਹੂ ਕੇ ਊਪਰਿ ਆਇ ਪਰਿਯੋ ਤਿਨ ਬੀਰ ਹਨੇ ਸਬ ॥

ਸ੍ਰੀ ਕ੍ਰਿਸ਼ਨ ਦੀ ਸੈਨਾ ਉਤੇ ਆ ਪਿਆ ਅਤੇ ਉਸ ਦੇ ਸਾਰੇ ਸੂਰਮੇ ਮਾਰ ਦਿੱਤੇ।

ਭਾਜਿ ਗਏ ਤਮ ਸੇ ਅਰਿ ਯੌ ਨ੍ਰਿਪ ਪਾਵਤ ਭਯੋ ਰਨਿ ਸੂਰਜ ਕੀ ਛਬਿ ॥੧੧੪੨॥

ਰਾਜੇ ਨੂੰ ਵੇਖ ਕੇ ਵੈਰੀ ਰਣ-ਭੂਮੀ ਵਿਚੋਂ (ਇਸ ਤਰ੍ਹਾਂ) ਭਜ ਗਏ ਜਿਵੇਂ ਸੂਰਜ ਦੀ ਜੋਤਿ ਨੂੰ ਵੇਖ ਕੇ ਹਨੇਰਾ ਭਜ ਜਾਂਦਾ ਹੈ ॥੧੧੪੨॥

ਪ੍ਰੇਰਿ ਤੁਰੰਗ ਸੁ ਆਗੇ ਭਯੋ ਕਰਿ ਲੈ ਅਸਿ ਢਾਰ ਬਡੀ ਧਰ ਕੈ ॥

ਹੱਥ ਵਿਚ ਵਡੀ ਸਾਰੀ ਤਲਵਾਰ ਅਤੇ ਢਾਲ ਲੈ ਕੇ ਅਤੇ ਘੋੜੇ ਨੂੰ ਪ੍ਰੇਰ ਕੇ (ਸਾਰੀ ਸੈਨਾ ਦੇ) ਅਗੇ ਹੋ ਗਿਆ।

ਕਛੁ ਜਾਦਵ ਸੋ ਤਿਨਿ ਜੁਧੁ ਕਰਿਯੋ ਨ ਟਰਿਯੋ ਤਿਨ ਸੋ ਪਗ ਦੁਇ ਡਰ ਕੈ ॥

ਕੁਝ ਯਾਦਵਾਂ ਨਾਲ ਯੁੱਧ ਕੀਤਾ, ਪਰ ਉਨ੍ਹਾਂ ਤੋਂ ਡਰ ਕੇ ਦੋ ਕਦਮ ਵੀ ਪਿਛੇ ਨਹੀਂ ਹਟਿਆ।

ਜਦੁਬੀਰ ਕੇ ਸਾਮੁਹੇ ਆਇ ਅਰਿਯੋ ਬਹੁ ਬੀਰਨ ਪ੍ਰਾਨ ਬਿਦਾ ਕਰਿ ਕੈ ॥

ਬਹੁਤ ਸੂਰਮਿਆਂ ਦੇ ਪ੍ਰਾਣਾਂ ਨੂੰ ਵਿਦਾ ਕਰ ਕੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆ ਕੇ ਡਟ ਗਿਆ।

ਗ੍ਰਿਹੁ ਕੋ ਨ ਚਲੋ ਇਹ ਮੋ ਪ੍ਰਨ ਹੈ ਕਿਧੋ ਪ੍ਰਾਨ ਤਜਉ ਕਿ ਤ੍ਵੈ ਮਰਿ ਕੈ ॥੧੧੪੩॥

(ਅਤੇ ਕਹਿਣ ਲਗਾ) ਘਰ ਨਹੀਂ ਜਾਵਾਂਗਾ, ਮੇਰਾ ਪ੍ਰਣ ਹੈ, ਜਾਂ ਤਾਂ ਪ੍ਰਾਣ ਤਿਆਗ ਦਿਆਂਗਾ ਜਾਂ ਤੈਨੂੰ ਮਾਰ ਦਿਆਂਗਾ ॥੧੧੪੩॥

ਯੌ ਕਹਿ ਕੈ ਅਸਿ ਕੋ ਗਹਿ ਕੈ ਜਦੁਬੀਰ ਚਮੂ ਕਹੁ ਜਾਇ ਹਕਾਰਾ ॥

ਇਸ ਤਰ੍ਹਾਂ ਕਹਿ ਕੇ ਅਤੇ ਤਲਵਾਰ ਨੂੰ ਪਕੜ ਕੇ ਸ੍ਰੀ ਕ੍ਰਿਸ਼ਨ ਦੀ ਸੈਨਾ ਨੂੰ ਜਾ ਕੇ ਲਲਕਾਰਿਆ।