ਸ਼੍ਰੀ ਦਸਮ ਗ੍ਰੰਥ

ਅੰਗ - 352


ਸੁ ਗਨੋ ਕਹ ਲਉ ਤਿਨ ਕੀ ਉਪਮਾ ਅਤਿ ਹੀ ਗਨ ਮੈ ਮਨਿ ਤਾ ਕੀ ਛਬੈ ॥

ਉਨ੍ਹਾਂ ਦੀ ਉਪਮਾ ਕਿਥੋਂ ਤਕ ਕਰਾਂ, (ਉਨ੍ਹਾਂ ਦੀ) ਸੁੰਦਰਤਾ ਨੂੰ ਬਹੁਤ ਅਧਿਕ ਸਮਝ ਕੇ ਮਨ ਵਿਚ (ਹੀ ਚੁਪ ਕਰ ਕੇ ਸਮੇਟੀ ਰਖਦਾ ਹਾਂ)।

ਮਨ ਭਾਵਨ ਗਾਵਨ ਕੀ ਚਰਚਾ ਕਛੁ ਥੋਰੀਯੈ ਹੈ ਸੁਨਿ ਲੇਹੁ ਅਬੈ ॥੫੭੬॥

ਮਨ ਨੂੰ ਚੰਗੀ ਲਗਣ ਵਾਲੀ (ਸ੍ਰੀ ਕ੍ਰਿਸ਼ਨ ਦੇ) ਗਾਉਣ ਦੀ ਥੋੜੀ ਜਿਹੀ ਚਰਚਾ ਇਥੇ ਕਰ ਲੈਂਦੇ ਹਾਂ, ਹੁਣ ਧਿਆਨ ਦੇ ਕੇ ਸੁਣੋ ॥੫੭੬॥

ਕਾਨ੍ਰਹ ਜੂ ਬਾਚ ॥

ਕ੍ਰਿਸ਼ਨ ਜੀ ਨੇ ਕਿਹਾ:

ਦੋਹਰਾ ॥

ਦੋਹਰਾ:

ਬਾਤ ਕਹੀ ਤਿਨ ਸੋ ਕ੍ਰਿਸਨ ਅਤਿ ਹੀ ਬਿਹਸਿ ਕੈ ਚੀਤਿ ॥

ਕ੍ਰਿਸ਼ਨ ਨੇ ਚਿਤ ਵਿਚ ਬਹੁਤ ਖ਼ੁਸ਼ ਹੋ ਕੇ ਉਨ੍ਹਾਂ ਨੂੰ (ਇਹ) ਗੱਲ ਕਹੀ,

ਮੀਤ ਰਸਹਿ ਕੀ ਰੀਤਿ ਸੋ ਕਹਿਯੋ ਸੁ ਗਾਵਹੁ ਗੀਤ ॥੫੭੭॥

ਹੇ ਮਿਤਰ (ਭਾਵ ਵਾਲੀਓ!) (ਮੈਂ) ਪ੍ਰੇਮ-ਰਸ ਦੀ ਰੀਤ ਅਨੁਸਾਰ ਹੀ ਕਹਿੰਦਾ ਹਾਂ, (ਤੁਸੀਂ) ਕੋਈ ਗੀਤ ਗਾਉ ॥੫੭੭॥

ਸਵੈਯਾ ॥

ਸਵੈਯਾ:

ਬਤੀਆ ਸੁਨਿ ਕੈ ਸਭ ਗ੍ਵਾਰਨੀਯਾ ਸੁਭ ਗਾਵਤ ਸੁੰਦਰ ਗੀਤ ਸਭੈ ॥

(ਸ੍ਰੀ ਕ੍ਰਿਸ਼ਨ ਦੀਆਂ) ਗੱਲਾਂ ਸੁਣ ਕੇ ਸਾਰੀਆਂ ਗੋਪੀਆਂ ਸ਼ੁਭ ਅਤੇ ਸੁੰਦਰ ਗੀਤ ਗਾਉਣ ਲਗੀਆਂ।

ਸਿੰਧੁ ਸੁਤਾ ਰੁ ਘ੍ਰਿਤਾਚੀ ਤ੍ਰੀਯਾ ਇਨ ਸੀ ਨਹੀ ਨਾਚਤ ਇੰਦ੍ਰ ਸਭੈ ॥

ਰੰਭਾ ('ਸਿੰਧ ਸੁਤਾ') ਅਤੇ ਘ੍ਰਿਤਾਚੀ (ਨਾਂ ਦੀਆਂ) ਅਪੱਛਰਾਵਾਂ ਇਨ੍ਹਾਂ ਵਾਂਗ ਇੰਦਰ ਸਭਾ ਵਿਚ ਨਹੀਂ ਨਚ ਸਕਦੀਆਂ।

ਦਿਵਯਾ ਇਨ ਕੇ ਸੰਗਿ ਖੇਲਤ ਹੈ ਗਜ ਕੋ ਕਬਿ ਸ੍ਯਾਮ ਸੁ ਦਾਨ ਅਭੈ ॥

ਕਵੀ ਸ਼ਿਆਮ (ਕਹਿੰਦੇ ਹਨ) ਗਜਰਾਜ ਨੂੰ ਅਭੈਦਾਨ ਦੇਣ ਵਾਲਾ ('ਦਿਵਯਾ', ਸ੍ਰੀ ਕ੍ਰਿਸ਼ਨ) ਇਨ੍ਹਾਂ ਨਾਲ ਖੇਡ ਰਿਹਾ ਹੈ।

ਚੜ ਕੈ ਸੁ ਬਿਵਾਨਨ ਸੁੰਦਰ ਮੈ ਸੁਰ ਦੇਖਨ ਆਵਤ ਤਿਆਗ ਨਭੈ ॥੫੭੮॥

ਆਕਾਸ਼ ਨੂੰ ਤਿਆਗ ਕੇ ਅਤੇ ਸੁੰਦਰ ਵਿਮਾਨਾਂ ਵਿਚ ਚੜ੍ਹ ਕੇ ਦੇਵਤੇ (ਇਨ੍ਹਾਂ ਦਾ) ਨਾਚ ਵੇਖਣ ਲਈ ਆਉਂਦੇ ਹਨ ॥੫੭੮॥

ਤ੍ਰੇਤਹਿ ਹੋ ਜਿਨਿ ਰਾਮ ਬਲੀ ਜਗ ਜੀਤਿ ਮਰਿਯੋ ਸੁ ਧਰਿਯੋ ਅਤਿ ਸੀਲਾ ॥

ਤ੍ਰੇਤਾ ਯੁਗ ਵਿਚ ਜਿਸ ਨੇ ਰਾਮ (ਦਾ ਅਵਤਾਰ ਧਾਰ ਕੇ) ਬਲਵਾਨ ਰਾਵਣ ('ਜਗਜੀਤ') ਨੂੰ ਮਾਰਿਆ ਸੀ ਅਤੇ ਅਤਿ ਅਧਿਕ ਸ਼ਿਸ਼ਟਾਚਾਰ ਧਾਰਨ ਕੀਤਾ ਸੀ।

ਗਾਇ ਕੈ ਗੀਤ ਭਲੀ ਬਿਧਿ ਸੋ ਫੁਨਿ ਗ੍ਵਾਰਿਨ ਬੀਚ ਕਰੈ ਰਸ ਲੀਲਾ ॥

(ਉਹੀ ਹੁਣ ਕ੍ਰਿਸ਼ਨ ਹੋ ਕੇ) ਚੰਗੀ ਤਰ੍ਹਾਂ ਨਾਲ ਗੀਤ ਗਾ ਰਿਹਾ ਹੈ ਅਤੇ ਫਿਰ ਗੋਪੀਆਂ ਵਿਚ ਰਾਸ-ਲੀਲਾ ਕਰ ਰਿਹਾ ਹੈ।

ਰਾਜਤ ਹੈ ਜਿਹ ਕੋ ਤਨ ਸ੍ਯਾਮ ਬਿਰਾਜਤ ਊਪਰ ਕੋ ਪਟ ਪੀਲਾ ॥

ਜਿਸ ਦਾ ਸਾਂਵਲਾ ਸ਼ਰੀਰ ਸ਼ੋਭਾ ਪਾ ਰਿਹਾ ਹੈ ਅਤੇ ਜਿਸ ਉਤੇ ਪੀਲਾ ਬਸਤ੍ਰ ਸ਼ੋਭ ਰਿਹਾ ਹੈ।

ਖੇਲਤ ਸੋ ਸੰਗਿ ਗੋਪਿਨ ਕੈ ਕਬਿ ਸ੍ਯਾਮ ਕਹੈ ਜਦੁਰਾਇ ਹਠੀਲਾ ॥੫੭੯॥

ਕਵੀ ਸ਼ਿਆਮ ਕਹਿੰਦੇ ਹਨ, (ਉਹੀ ਹੁਣ) ਹਠੀਲੇ ਕ੍ਰਿਸ਼ਨ ਦੇ ਰੂਪ ਵਿਚ ਗੋਪੀਆਂ ਨਾਲ ਖੇਡ ਰਿਹਾ ਹੈ ॥੫੭੯॥

ਬੋਲਤ ਹੈ ਜਹ ਕੋਕਿਲਕਾ ਅਰੁ ਸੋਰ ਕਰੈ ਚਹੂੰ ਓਰ ਰਟਾਸੀ ॥

ਜਿਥੇ ਕੋਇਲਾਂ ਬੋਲ ਰਹੀਆਂ ਹਨ ਅਤੇ ਚੌਹਾਂ ਪਾਸੇ ਮੋਰ ('ਰਟਾਸੀ') ਸ਼ੋਰ ਮਚਾ ਰਹੇ ਹਨ।

ਸ੍ਯਾਮ ਕਹੈ ਤਿਹ ਸ੍ਯਾਮ ਕੀ ਦੇਹ ਰਜੈ ਅਤਿ ਸੁੰਦਰ ਮੈਨ ਘਟਾ ਸੀ ॥

(ਕਵੀ) ਸ਼ਿਆਮ ਕਹਿੰਦੇ ਹਨ, ਉਥੇ ਸ੍ਰੀ ਕ੍ਰਿਸ਼ਨ ਦੀ ਦੇਹ ਕਾਮਦੇਵ ਵਰਗੀ ਸ਼ੋਭਾ ਪਾ ਰਹੀ ਹੈ।

ਤਾ ਪਿਖਿ ਕੈ ਮਨ ਗ੍ਵਾਰਿਨ ਤੇ ਉਪਜੀ ਅਤਿ ਹੀ ਮਨੋ ਘੋਰ ਘਟਾ ਸੀ ॥

ਉਸ ਨੂੰ ਵੇਖ ਕੇ ਗੋਪੀਆਂ ਦੇ ਮਨ ਵਿਚ ਅਤਿ ਅਧਿਕ (ਪ੍ਰੀਤ) ਪੈਦਾ ਹੋ ਗਈ ਹੈ, ਮਾਨੋ ਕਾਲੀਆਂ ਘਟਾਵਾਂ (ਛਾ ਗਈਆਂ ਹੋਣ)।

ਤਾ ਮਹਿ ਯੌ ਬ੍ਰਿਖਭਾਨ ਸੁਤਾ ਦਮਕੈ ਮਨੋ ਸੁੰਦਰ ਬਿਜੁ ਛਟਾ ਸੀ ॥੫੮੦॥

ਉਨ੍ਹਾਂ (ਸਾਰੀਆਂ) ਵਿਚ ਰਾਧਾ ਇੰਜ ਚਮਕ ਰਹੀ ਸੀ ਮਾਨੋ (ਕਾਲੇ ਬਦਲਾਂ ਵਿਚ) ਬਿਜਲੀ (ਚਮਕ ਰਹੀ ਹੋਵੇ) ॥੫੮੦॥

ਅੰਜਨ ਹੈ ਜਿਹ ਆਖਨ ਮੈ ਅਰੁ ਬੇਸਰ ਕੋ ਜਿਹ ਭਾਵ ਨਵੀਨੋ ॥

ਜਿਸ ਦੀਆਂ ਅੱਖੀਆਂ ਵਿਚ ਸੁਰਮਾ (ਪਿਆ ਹੋਇਆ) ਹੈ ਅਤੇ ਜਿਸ ਦੀ ਨੱਥ ਤੋਂ ਨਵੇਂ ਭਾਵ (ਪ੍ਰਗਟ ਹੁੰਦੇ ਹਨ)।

ਜਾ ਮੁਖ ਕੀ ਸਮ ਚੰਦ ਪ੍ਰਭਾ ਜਸੁ ਤਾ ਛਬਿ ਕੋ ਕਬਿ ਨੇ ਲਖਿ ਲੀਨੋ ॥

ਜਿਸ ਦੇ ਮੂੰਹ ਦੀ ਚਮਕ ਚੰਦ੍ਰਮਾ ਸਮਾਨ ਹੈ, ਉਸ ਦੀ ਛਬੀ ਦੇ ਯਸ਼ ਨੂੰ ਕਵੀ ਨੇ ਇਸ ਤਰ੍ਹਾਂ ਵਿਚਾਰਿਆ ਹੈ।

ਸਾਜ ਸਭੈ ਸਜ ਕੈ ਸੁਭ ਸੁੰਦਰ ਭਾਲ ਬਿਖੈ ਬਿੰਦੂਆ ਇਕ ਦੀਨੋ ॥

ਉਸ (ਰਾਧਾ) ਨੇ ਸਭ ਤਰ੍ਹਾਂ ਦੇ ਸ਼ਿੰਗਾਰ ਕਰ ਕੇ ਅਤੇ ਮੱਥੇ ਉਤੇ ਇਕ ਬਿੰਦੀ ਲਾ ਲਈ ਹੈ।

ਦੇਖਤ ਹੀ ਹਰਿ ਰੀਝ ਰਹੇ ਮਨ ਕੋ ਸਬ ਸੋਕ ਬਿਦਾ ਕਰ ਦੀਨੋ ॥੫੮੧॥

(ਉਸ ਨੂੰ) ਵੇਖਦਿਆਂ ਹੀ ਸ੍ਰੀ ਕ੍ਰਿਸ਼ਨ ਰੀਝ ਗਏ ਹਨ ਅਤੇ ਆਪਣੇ ਮਨ ਦੇ ਸਾਰੇ ਗ਼ਮਾਂ ਨੂੰ ਦੂਰ ਕਰ ਦਿੱਤਾ ਹੈ ॥੫੮੧॥

ਬ੍ਰਿਖਭਾਨੁ ਸੁਤਾ ਸੰਗ ਖੇਲਨ ਕੀ ਹਸਿ ਕੈ ਹਰਿ ਸੁੰਦਰ ਬਾਤ ਕਹੈ ॥

ਰਾਧਾ ਨਾਲ ਖੇਡਣ ਲਈ ਸ੍ਰੀ ਕ੍ਰਿਸ਼ਨ ਨੇ ਹਸ ਕੇ (ਇਕ) ਸੁੰਦਰ ਗੱਲ ਕਹੀ।

ਸੁਨਏ ਜਿਹ ਕੇ ਮਨਿ ਆਨੰਦ ਬਾਢਤ ਜਾ ਸੁਨ ਕੈ ਸਭ ਸੋਕ ਦਹੈ ॥

ਜਿਸ ਦੇ ਸੁਣਦਿਆਂ ਹੀ ਮਨ ਵਿਚ ਆਨੰਦ ਵਧ ਗਿਆ ਅਤੇ ਜਿਸ ਨੂੰ ਸੁਣ ਕੇ ਸਾਰੇ ਗ਼ਮ ਨਸ਼ਟ ਹੋ ਗਏ।

ਤਿਹ ਕਉਤੁਕ ਕੌ ਮਨ ਗੋਪਿਨ ਕੋ ਕਬਿ ਸਯਾਮ ਕਹੈ ਦਿਖਬੋ ਈ ਚਹੈ ॥

ਕਵੀ ਸ਼ਿਆਮ ਕਹਿੰਦੇ ਹਨ, ਉਸ ਕੌਤਕ ਨੂੰ ਗੋਪੀਆਂ ਦਾ ਮਨ ਵੇਖਣਾ ਹੀ ਚਾਹੁੰਦਾ ਹੈ।

ਨਭਿ ਮੈ ਪਿਖਿ ਕੈ ਸੁਰ ਗੰਧ੍ਰਬ ਜਾਇ ਚਲਿਯੋ ਨਹਿ ਜਾਇ ਸੁ ਰੀਝ ਰਹੈ ॥੫੮੨॥

ਆਕਾਸ਼ ਵਿਚ ਜਾਂਦੇ ਹੋਇਆਂ ਦੇਵਤਿਆਂ ਅਤੇ ਗੰਧਰਬਾਂ ਨੇ (ਉਸ ਕੌਤਕ ਨੂੰ) ਵੇਖ ਲਿਆ, (ਤਾਂ ਉਨ੍ਹਾਂ ਤੋਂ) ਤੁਰਿਆਂ ਨਹੀਂ ਗਿਆ, ਪ੍ਰਸੰਨ ਹੋ ਕੇ ਉਥੇ ਹੀ ਖੜੋ ਗਏ ॥੫੮੨॥

ਕਬਿ ਸ੍ਯਾਮ ਕਹੈ ਤਿਹ ਕੀ ਉਪਮਾ ਜਿਹ ਕੇ ਫੁਨਿ ਉਪਰ ਪੀਤ ਪਿਛਉਰੀ ॥

ਕਵੀ ਸ਼ਿਆਮ ਉਸ ਦੀ ਉਪਮਾ ਕਹਿੰਦੇ ਹਨ, ਜਿਸ ਦੇ ਸਿਰ ਉਪਰ ਪੀਲੇ ਰੰਗ ਦਾ ਦੁਪੱਟਾ ਹੈ।

ਤਾਹੀ ਕੇ ਆਵਤ ਹੈ ਚਲਿ ਕੈ ਢਿਗ ਸੁੰਦਰ ਗਾਵਤ ਸਾਰੰਗ ਗਉਰੀ ॥

ਉਸ ਕੋਲ ਸੁੰਦਰ ਗੋਪੀਆਂ ਸਾਰੰਗ ਅਤੇ ਗੌੜੀ (ਰਾਗਾਂ ਨੂੰ) ਗਾਉਂਦੀਆਂ ਹੋਈਆਂ ਚਲ ਕੇ ਆ ਗਈਆਂ ਹਨ।

ਸਾਵਲੀਆ ਹਰਿ ਕੈ ਢਿਗ ਆਇ ਰਹੀ ਅਤਿ ਰੀਝ ਇਕਾਵਤ ਦਉਰੀ ॥

ਸਾਂਵਲੇ ਕ੍ਰਿਸ਼ਨ ਦੇ ਨੇੜੇ ਆ ਕੇ ਪ੍ਰਸੰਨ ਹੋ ਰਹੀਆਂ ਹਨ ਅਤੇ ਇਕ ਦੌੜਦੀਆਂ ਆ ਰਹੀਆਂ ਹਨ।

ਇਉ ਉਪਮਾ ਉਪਜੀ ਲਖਿ ਫੂਲ ਰਹੀ ਲਪਟਾਇ ਮਨੋ ਤ੍ਰੀਯ ਭਉਰੀ ॥੫੮੩॥

(ਇਸ ਦ੍ਰਿਸ਼ ਨੂੰ ਵੇਖ ਕੇ ਕਵੀ ਦੇ ਮਨ ਵਿਚ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ ਮਾਨੋ (ਕ੍ਰਿਸ਼ਨ ਨੂੰ) ਫੁਲ ਸਮਝ ਕੇ ਇਸਤਰੀ ਰੂਪ ਭੌਰੀ ਲਿਪਟ ਰਹੀ ਹੋਵੇ ॥੫੮੩॥

ਸ੍ਯਾਮ ਕਹੈ ਤਿਹ ਕੀ ਉਪਮਾ ਜੋਊ ਦੈਤਨ ਕੋ ਰਿਪੁ ਬੀਰ ਜਸੀ ਹੈ ॥

(ਕਵੀ) ਸ਼ਿਆਮ ਉਸ ਦੀ ਉਪਮਾ ਕਹਿੰਦੇ ਹਨ ਜੋ ਦੈਂਤਾਂ ਦਾ ਵੈਰੀ ਯਸ਼ ਵਾਲਾ ਸ਼ੂਰਵੀਰ ਹੈ।

ਜੇ ਤਪ ਬੀਚ ਬਡੋ ਤਪੀਆ ਰਸ ਬਾਤਨ ਮੈ ਅਤਿ ਹੀ ਜੁ ਰਸੀ ਹੈ ॥

ਜੋ ਤਪਸਵੀਆਂ ਵਿਚ ਵੱਡਾ ਤਪਸਵੀ ਅਤੇ (ਪ੍ਰੇਮ) ਰਸ ਦੀਆਂ ਗੱਲਾਂ ਦਾ ਬਹੁਤ ਰਸੀਆ ਹੈ।

ਜਾਹੀ ਕੋ ਕੰਠ ਕਪੋਤ ਸੋ ਹੈ ਜਿਹ ਭਾ ਮੁਖ ਕੀ ਸਮ ਜੋਤਿ ਸਸੀ ਹੈ ॥

ਜਿਸ ਦਾ ਗਲਾ ਕਬੂਤਰ ਵਰਗਾ ਹੈ ਅਤੇ ਜਿਸ ਦੇ ਮੁਖ ਦੀ ਚਮਕ ਚੰਦ੍ਰਮਾ ਦੀ ਜੋਤਿ ਵਰਗੀ ਹੈ।

ਤਾ ਮ੍ਰਿਗਨੀ ਤ੍ਰੀਯ ਮਾਰਨ ਕੋ ਹਰਿ ਭਉਹਨਿ ਕੀ ਅਰੁ ਪੰਚ ਕਸੀ ਹੈ ॥੫੮੪॥

ਉਸ ਨੇ ਇਸਤਰੀ ਰੂਪ ਹਿਰਨੀ ਨੂੰ ਮਾਰਨ ਲਈ ਭੌਆਂ ਰੂਪ ਕਮਾਨ ਦਾ ਚਿੱਲਾ ਚੜ੍ਹਾਇਆ ਹੈ ॥੫੮੪॥

ਫਿਰਿ ਕੈ ਹਰਿ ਗ੍ਵਾਰਿਨ ਕੇ ਸੰਗ ਹੋ ਫੁਨਿ ਗਾਵਤ ਸਾਰੰਗ ਰਾਮਕਲੀ ਹੈ ॥

ਸ੍ਰੀ ਕ੍ਰਿਸ਼ਨ ਗੋਪੀਆਂ ਦੇ ਨਾਲ ਨਾਲ ਫਿਰਦਾ ਹੈ ਅਤੇ ਫਿਰ ਸਾਰੰਗ ਅਤੇ ਰਾਮਕਲੀ (ਰਾਗਾਂ ਨੂੰ ਬੰਸਰੀ ਉਤੇ) ਗਾਉਂਦਾ ਹੈ।

ਗਾਵਤ ਹੈ ਮਨ ਆਨੰਦ ਕੈ ਬ੍ਰਿਖਭਾਨੁ ਸੁਤਾ ਸੰਗਿ ਜੂਥ ਅਲੀ ਹੈ ॥

ਰਾਧਾ ਆਪਣੀਆਂ ਸਹੇਲੀਆਂ ਦੀ ਟੋਲੀ ਲੈ ਕੇ ਅਤੇ ਮਨ ਵਿਚ ਆਨੰਦਿਤ ਹੋ ਕੇ ਗਾਉਂਦੀ ਹੈ।

ਤਾ ਸੰਗ ਡੋਲਤ ਹੈ ਭਗਵਾਨ ਜੋਊ ਅਤਿ ਸੁੰਦਰਿ ਰਾਧੇ ਭਲੀ ਹੈ ॥

ਜੋ ਬਹੁਤ ਹੀ ਸੁੰਦਰ ਅਤੇ ਚੰਗੀ ਹੈ, ਉਸ ਰਾਧਾ ਨਾਲ ਸ੍ਰੀ ਕ੍ਰਿਸ਼ਨ ਡੋਲਦੇ ਫਿਰਦੇ ਹਨ

ਰਾਜਤ ਹੈ ਜਿਹ ਕੋ ਸਸਿ ਸੋ ਮੁਖ ਛਾਜਤ ਭਾ ਦ੍ਰਿਗ ਕੰਜ ਕਲੀ ਹੈ ॥੫੮੫॥

ਜਿਸ ਦਾ ਮੁਖ ਚੰਦ੍ਰਮਾ ਵਾਂਗ ਸ਼ੋਭਦਾ ਹੈ ਅਤੇ (ਜਿਸ ਦੇ) ਨੈਣਾਂ ਦੀ ਸ਼ੋਭਾ ਕਮਲ ਦੀ ਕਲੀ ਵਰਗੀ ਹੈ ॥੫੮੫॥

ਬ੍ਰਿਖਭਾਨੁ ਸੁਤਾ ਸੰਗ ਬਾਤ ਕਹੀ ਕਬਿ ਸ੍ਯਾਮ ਕਹੈ ਹਰਿ ਜੂ ਰਸਵਾਰੇ ॥

ਕਵੀ ਸ਼ਿਆਮ ਕਹਿੰਦੇ ਹਨ, ਰਾਧਾ ਨੇ ਰਸੀਏ ਸ੍ਰੀ ਕ੍ਰਿਸ਼ਨ ਨੂੰ (ਇਹ) ਗੱਲ ਕਹੀ।

ਜਾ ਮੁਖ ਕੀ ਸਮ ਚੰਦ ਪ੍ਰਭਾ ਜਿਹ ਕੇ ਮ੍ਰਿਗ ਸੇ ਦ੍ਰਿਗ ਸੁੰਦਰ ਕਾਰੇ ॥

ਜਿਸ ਦੇ ਮੂੰਹ ਦੀ ਚਮਕ ਚੰਦ੍ਰਮਾ ਵਰਗੀ ਹੈ ਅਤੇ ਜਿਸ (ਦੀਆਂ ਅੱਖੀਆਂ) ਹਿਰਨ ਦੀਆਂ ਅੱਖੀਆਂ ਦੇ ਸਮਾਨ ਕਾਲੀਆਂ ਹਨ।

ਕੇਹਰਿ ਸੀ ਜਿਹ ਕੀ ਕਟਿ ਹੈ ਤਿਨ ਹੂੰ ਬਚਨਾ ਇਹ ਭਾਤਿ ਉਚਾਰੇ ॥

ਜਿਸ ਦਾ ਲਕ ਸ਼ੇਰ ਵਰਗਾ ਪਤਲਾ ਹੈ, ਉਹ (ਸ੍ਰੀ ਕ੍ਰਿਸ਼ਨ ਨੂੰ) ਇਸ ਤਰ੍ਹਾਂ ਬਚਨ ਕਹਿੰਦੀ ਹੈ।

ਸੋ ਸੁਨਿ ਕੈ ਸਭ ਗ੍ਵਾਰਨੀਯਾ ਮਨ ਕੇ ਸਭਿ ਸੋਕ ਬਿਦਾ ਕਰਿ ਡਾਰੇ ॥੫੮੬॥

ਉਨ੍ਹਾਂ ਨੂੰ ਸੁਣ ਕੇ ਸਾਰੀਆਂ ਗੋਪੀਆਂ ਮਨ ਦੇ ਸੋਗ ਮਿਟਾ ਦਿੰਦੀਆਂ ਹਨ ॥੫੮੬॥

ਹਸਿ ਕੈ ਤਿਹ ਬਾਤ ਕਹੀ ਰਸ ਕੀ ਸੁ ਪ੍ਰਭਾ ਜਿਨ ਹੂੰ ਬੜਵਾਨਲ ਲੀਲੀ ॥

ਜਿਸ ਨੇ ਸਮੁੰਦਰ ਦੀ ਅੱਗ ('ਬੜਵਾਨਲ') ਦੀ ਚਮਕ ਨੂੰ ਨਿਗਲ ਲਿਆ ਸੀ, ਉਸ ਨੇ ਹਸ ਕੇ ਬੜੇ (ਪ੍ਰੇਮ) ਰਸ ਦੀ ਗੱਲ ਕਹਿ ਦਿੱਤੀ।

ਜੋ ਜਗ ਬੀਚ ਰਹਿਯੋ ਰਵਿ ਕੈ ਨਰ ਕੈ ਤਰੁ ਕੈ ਗਜ ਅਉਰ ਪਪੀਲੀ ॥

ਜੋ ਜਗਤ ਵਿਚ, ਸੂਰਜ ਵਿਚ, ਨਰਾਂ ਵਿਚ, ਬ੍ਰਿਛਾਂ ਵਿਚ ਅਤੇ ਹਾਥੀ ਤੋਂ ਲੈ ਕੇ ਕੀੜੀ ਵਿਚ ਵਿਆਪਤ ਹੈ।

ਮੁਖ ਤੇ ਤਿਨ ਸੁੰਦਰ ਬਾਤ ਕਹੀ ਸੰਗ ਗ੍ਵਾਰਨਿ ਕੇ ਅਤਿ ਸਹੀ ਸੁ ਰਸੀਲੀ ॥

ਉਸ ਨੇ (ਆਪਣੇ) ਮੂੰਹ ਤੋਂ ਗੋਪੀਆਂ ਨਾਲ ਸੁੰਦਰ ਗੱਲ ਕੀਤੀ ਜੋ ਬਹੁਤ ਹੀ ਰਸੀਲੀ ਸੀ।

ਤਾ ਸੁਨਿ ਕੈ ਸਭ ਰੀਝ ਰਹੀ ਸੁਨਿ ਰੀਝ ਰਹੀ ਬ੍ਰਿਖਭਾਨੁ ਛਬੀਲੀ ॥੫੮੭॥

ਉਸ ਨੂੰ ਸੁਣ ਕੇ ਸਾਰੀਆਂ (ਗੋਪੀਆਂ) ਖ਼ੁਸ਼ ਹੋ ਰਹੀਆਂ ਹਨ ਅਤੇ ਛਬੀਲੀ ਰਾਧਾ ਵੀ ਸੁਣ ਕੇ ਰੀਝ ਰਹੀ ਹੈ ॥੫੮੭॥

ਗ੍ਵਾਰਨੀਯਾ ਸੁਨਿ ਸ੍ਰਉਨਨ ਮੈ ਬਤੀਆ ਹਰਿ ਕੀ ਅਤਿ ਹੀ ਮਨ ਭੀਨੋ ॥

ਕ੍ਰਿਸ਼ਨ ਦੀਆਂ ਗੱਲਾਂ ਨੂੰ ਕੰਨਾਂ ਨਾਲ ਸੁਣ ਕੇ ਗੋਪੀਆਂ ਦਾ ਮਨ (ਪ੍ਰੇਮ ਨਾਲ) ਬਹੁਤ ਭਿਜ ਗਿਆ ਹੈ।


Flag Counter