(ਰਾਣੀ ਨੇ ਸਫਲ ਨਾ ਹੁੰਦੇ ਵੇਖ ਕੇ ਇਕ ਚਰਿਤ੍ਰ ਕੀਤਾ)। ਧਰਤੀ ਉਤੇ ਡਿਗ ਕੇ 'ਹਾਇ ਹਾਇ' ਕਰਨ ਲਗੀ
(ਅਤੇ ਕਹਿਣ ਲਗੀ ਕਿ) ਮੇਰਾ ਕਲੇਜਾ (ਇਸ) ਡਾਇਣ ਨੇ ਵੇਖਿਆ (ਅਰਥਾਤ ਕਢਿਆ) ਹੈ ॥੭॥
ਉਸ ਨੂੰ (ਰਾਣੀ ਨੇ) ਇਸਤਰੀ ਦੇ ਬਸਤ੍ਰ ਪਵਾਏ ਹੋਏ ਸਨ।
ਡਾਇਣ (ਦਾ ਨਾਂ) ਸੁਣ ਕੇ ਸਭ ਲੋਗ ਉਠ ਕੇ ਆ ਗਏ।
ਜਦ ਉਸ ਨੂੰ ਪਕੜ ਕੇ ਬਹੁਤ ਤਰ੍ਹਾਂ ਨਾਲ ਮਾਰਿਆ,
ਤਾਂ ਉਸ ਨੇ ਮੰਨਿਆ ਜੋ ਰਾਣੀ ਨੇ ਕਿਹਾ ਸੀ ॥੮॥
ਤਦ ਤਕ ਰਾਜਾ ਉਥੇ ਆ ਗਿਆ।
ਇਸਤਰੀ ਨੇ ਕਲੇਜਾ ਚੁਰਾ ਲਿਆ, ਇਹ ਸੁਣ ਕੇ ਕ੍ਰੋਧਿਤ ਹੋਇਆ ਅਤੇ ਕਿਹਾ,
ਇਸ ਡਾਇਣ ਨੂੰ ਮਾਰ ਦਿਓ,
ਜਾਂ ਇਹ ਹੁਣੇ ਰਾਣੀ ਨੂੰ ਜੀਵਿਤ ਕਰ ਦੇਏ (ਭਾਵ-ਕਲੇਜਾ ਵਾਪਸ ਕਰ ਦੇਏ) ॥੯॥
ਤਦ ਉਸ (ਹਾਜੀ ਰਾਇ) ਨੇ ਰਾਜੇ ਨੂੰ ਦੂਰ ਖੜਾ ਕੀਤਾ
ਅਤੇ ਉਸ ਨੇ ਰਾਣੀ ਦੇ ਚੁੰਬਨ ਲਏ।
(ਇਸ ਕ੍ਰਿਆ ਨੂੰ) ਰਾਜਾ ਸਮਝ ਰਿਹਾ ਸੀ ਕਿ (ਰਾਣੀ ਦੇ ਅੰਦਰ) ਕਲੇਜਾ ਪਾ ਰਹੀ ਹੈ।
ਉਹ ਮੂਰਖ ਭੇਦ ਅਭੇਦ ਨੂੰ ਨਹੀਂ ਸਮਝ ਰਿਹਾ ਸੀ ॥੧੦॥
ਤਦ (ਉਸ ਨੇ) ਸਾਰਿਆਂ ਲੋਕਾਂ ਨੂੰ ਹਟਾ ਦਿੱਤਾ
ਅਤੇ ਰਾਣੀ ਨਾਲ ਬਹੁਤ ਭੋਗ ਕੀਤਾ।
(ਫਿਰ ਕਹਿਣ ਲਗੀ) ਹੇ ਪ੍ਰਿਯ! ਤੂੰ ਜੋ ਮੇਰੇ ਪ੍ਰਾਣਾਂ ਦੀ ਰਖਿਆ ਕੀਤੀ ਹੈ,
(ਉਸ ਲਈ) ਮੈਂ ਸਦਾ ਤੇਰੇ ਨਾਲ ਭਿੰਨ ਭਿੰਨ ਢੰਗ ਨਾਲ ਰਮਣ (ਕਰਦੀ ਰਹਾਂਗੀ) ॥੧੧॥
ਉਸ ਨਾਲ ਬਹੁਤ ਭੋਗ ਕਰ ਕੇ
ਰਾਣੀ ਨੇ ਉਸ ਨੂੰ ਦਾਈ ਦਾ ਭੇਸ ਕਰਾ ਕੇ ਕਢ ਦਿੱਤਾ।
(ਰਾਣੀ) ਪਤੀ ਪਾਸ ਜਾ ਕੇ ਇਸ ਤਰ੍ਹਾਂ ਕਹਿਣ ਲਗੀ
ਕਿ ਮੈਨੂੰ ਡਾਇਣ ਕਲੇਜਾ ਦੇ ਗਈ ਹੈ ॥੧੨॥
ਉਸ ਨੇ ਮੈਨੂੰ ਪਹਿਲਾਂ ਕਲੇਜਾ ਦਿੱਤਾ।
ਫਿਰ ਉਹ ਅੰਤਰ ਧਿਆਨ ਹੋ ਗਈ।
ਹੇ ਸ੍ਰੇਸ਼ਠ ਰਾਜੇ! (ਫਿਰ) ਉਹ ਮੇਰੀ ਨਜ਼ਰ ਨਹੀਂ ਪਈ।
ਕੀ ਪਤਾ, ਕਿਹੜੇ ਦੇਸ਼ ਵਲ ਚਲੀ ਗਈ ਹੈ ॥੧੩॥
ਰਾਜੇ ਨੇ ਤਦ 'ਸਤਿ ਸਤਿ' ਕਿਹਾ,
ਪਰ ਮੂਰਖ ਨੇ ਭੇਦ ਅਭੇਦ ਨੂੰ ਨਾ ਪਛਾਣਿਆ।
(ਸਭ ਦੇ) ਦੇਖਦੇ ਹੋਇਆਂ, ਯਾਰ ਨੇ ਇਸਤਰੀ ਨਾਲ ਕਾਮ-ਕ੍ਰੀੜਾ ਕੀਤੀ
ਅਤੇ ਇਹ ਚਰਿਤ੍ਰ ਕਰ ਕੇ ਅੱਖ ਬਚਾ ਕੇ ਨਿਕਲ ਗਿਆ ॥੧੪॥
ਪਹਿਲਾਂ ਇਸਤਰੀ ਨੇ ਮਿਤਰ ਨੂੰ ਬੁਲਵਾਇਆ।
(ਜਦ) ਉਸ ਨੇ ਕਿਹਾ ਨਾ ਮੰਨਿਆ (ਤਦ) ਇਸਤਰੀ ਨੇ (ਉਸ ਨੂੰ) ਡਰਾਇਆ।
ਇਹ ਚਰਿਤ੍ਰ ਵਿਖਾ ਕੇ ਕਾਮ-ਕੇਲ ਕੀਤੀ।
ਰਾਜੇ ਨੇ ਖੜੇ ਖੜੋਤੇ ਆਪਣਾ ਸਿਰ ਮੁੰਨਵਾਇਆ (ਭਾਵ-ਖੜੇ ਖੜੋਤੇ ਠਗਿਆ ਗਿਆ) ॥੧੫॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੮॥੫੯੦੦॥ ਚਲਦਾ॥
ਚੌਪਈ:
ਜਿਥੇ ਕਰਨਾਟਕ ਦਾ ਦੇਸ ਵਸਦਾ ਸੀ,
ਉਥੇ ਕਰਨਾਟਕ ਸੈਨਾ ਨਾਂ ਦਾ ਰਾਜਾ (ਰਾਜ ਕਰਦਾ) ਸੀ।
(ਉਸ ਦੇ) ਘਰ ਕਰਨਾਟਕ ਦੇਈ ਨਾਂ ਦੀ ਇਸਤਰੀ ਸੀ
ਜਿਸ ਤੋਂ ਸੂਰਜ ਅਤੇ ਚੰਦ੍ਰਮਾ ਪ੍ਰਕਾਸ਼ ਲੈਂਦੇ ਸਨ ॥੧॥
ਉਥੇ ਇਕ ਸੁੰਦਰ ਸ਼ਾਹ ਵਸਦਾ ਸੀ,
ਜਿਸ ਨੂੰ ਵੇਖ ਕੇ ਮਨ ਪ੍ਰਸੰਨ ਹੁੰਦਾ ਸੀ।
ਉਸ ਦੇ ਘਰ ਇਕ ਬੇਟੀ ਸੀ,
ਜਿਸ ਨੂੰ ਵੇਖਦਿਆਂ ਇਸਤਰੀਆਂ ਥਕ ਜਾਂਦੀਆਂ ਸਨ ॥੨॥
ਉਸ ਦੀ ਪੁੱਤਰੀ ਦਾ ਨਾਂ ਅਪੂਰਬ ਦੇ (ਦੇਈ) ਸੀ।
ਉਸ ਵਰਗੀ ਕੋਈ ਇਸਤਰੀ ਨਹੀਂ ਸੀ।
(ਉਹ) ਇਕ ਸ਼ਾਹ ਦੇ ਪੁੱਤਰ ਨੂੰ ਵਿਆਹੀ ਹੋਈ ਸੀ
ਜਿਸ ਦਾ ਨਾਂ ਬੀਰਜ ਕੇਤੁ ਸੀ ॥੩॥