ਸ਼੍ਰੀ ਦਸਮ ਗ੍ਰੰਥ

ਅੰਗ - 469


ਇਹ ਭਾਤ ਕਹੈ ਰਨੁ ਮੈ ਸਿਗਰੇ ਮੁਖਿ ਕਾਲ ਕੇ ਜਾਇ ਬਚੇ ਅਬ ਹੀ ॥

ਸਾਰੇ ਰਣ-ਭੂਮੀ ਵਿਚ ਇਸ ਤਰ੍ਹਾਂ ਕਹਿਣ ਲਗੇ ਕਿ ਹੁਣ ਕਾਲ ਦੇ ਮੂੰਹ ਵਿਚੋਂ ਬਚ ਗਏ ਹਾਂ।

ਸਸਿ ਭਾਨੁ ਧਨਾਧਿਪ ਰੁਦ੍ਰ ਬਿਰੰਚ ਸਬੈ ਹਰਿ ਤੀਰ ਗਏ ਜਬ ਹੀ ॥

ਚੰਦ੍ਰਮਾ, ਸੂਰਜ, ਕੁਬੇਰ, ਰੁਦ੍ਰ, ਬ੍ਰਹਮਾ ਆਦਿ ਸਾਰੇ ਜਦੋਂ ਸ੍ਰੀ ਕ੍ਰਿਸ਼ਨ ਕੋਲ ਗਏ,

ਹਰਖੇ ਬਰਖੇ ਨਭ ਤੇ ਸੁਰ ਫੂਲ ਸੁ ਜੀਤ ਕੀ ਬੰਬ ਬਜੀ ਤਬ ਹੀ ॥੧੭੧੭॥

ਤਦੋਂ ਦੇਵਤਿਆਂ ਨੇ ਪ੍ਰਸੰਨ ਹੋ ਕੇ ਆਕਾਸ਼ ਤੋਂ ਫੁਲਾਂ ਦੀ ਬਰਖਾ ਕੀਤੀ ਅਤੇ ਜਿਤ ਦੇ ਨਗਾਰੇ ਵਜਣ ਲਗੇ ॥੧੭੧੭॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਖੜਗ ਸਿੰਘ ਬਧਹਿ ਧਿਆਇ ਸਮਾਪਤੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਯੁੱਧ-ਪ੍ਰਬੰਧ ਵਿਚਲੇ ਖੜਗ ਸਿੰਘ ਦੇ ਬਧ ਦਾ ਅਧਿਆਇ ਸਮਾਪਤ।

ਸਵੈਯਾ ॥

ਸਵੈਯਾ:

ਤਉ ਹੀ ਲਉ ਕੋਪ ਕੀਓ ਮੁਸਲੀ ਅਰਿ ਬੀਰ ਤਬੈ ਸੰਗ ਤੀਰ ਪ੍ਰਹਾਰੇ ॥

ਤਦੋਂ ਹੀ ਬਲਰਾਮ ਨੇ ਕ੍ਰੋਧ ਕੀਤਾ ਅਤੇ ਵੈਰੀ ਦਲ ਦੇ ਸੂਰਮਿਆਂ ਨੂੰ ਤੀਰਾਂ ਨਾਲ ਮਾਰਨ ਲਗਾ।

ਐਚਿ ਲੀਏ ਇਕ ਬਾਰ ਹੀ ਬੈਰਨ ਪ੍ਰਾਨ ਬਿਨਾ ਕਰਿ ਭੂ ਪਰ ਡਾਰੇ ॥

ਇਕੋ ਵਾਰ ਹੀ (ਤੀਰਾਂ ਨੂੰ ਕਮਾਨ ਤੇ) ਖਿਚ ਲਿਆ ਅਤੇ ਵੈਰੀਆਂ ਨੂੰ ਪ੍ਰਾਣਾਂ ਤੋਂ ਹੀਣਾ ਕਰ ਕੇ ਧਰਤੀ ਉਤੇ ਸੁਟ ਦਿੱਤਾ।

ਏਕ ਬਲੀ ਗਹਿ ਹਾਥਨ ਸੋ ਛਿਤ ਪੈ ਕਰਿ ਕੋਪ ਫਿਰਾਇ ਪਛਾਰੇ ॥

ਕਈ ਸੂਰਮਿਆਂ ਨੂੰ ਹੱਥਾਂ ਨਾਲ ਪਕੜ ਕੇ ਅਤੇ ਕ੍ਰੋਧਿਤ ਹੋ ਕੇ ਘੁੰਮਾਉਂਦੇ ਹੋਇਆਂ ਧਰਤੀ ਉਤੇ ਪਛਾੜ ਦਿੱਤਾ।

ਜੀਵਤ ਜੋਊ ਬਚੇ ਬਲ ਤੇ ਰਨ ਤ੍ਯਾਗ ਸੋਊ ਨ੍ਰਿਪ ਤੀਰ ਸਿਧਾਰੇ ॥੧੭੧੮॥

ਜੋ ਬਲਰਾਮ ਤੋਂ ਜੀਉਂਦੇ ਬਚੇ, ਉਹ ਯੁੱਧ-ਖੇਤਰ ਨੂੰ ਛਡ ਕੇ ਰਾਜੇ (ਜਰਾਸੰਧ) ਕੋਲ ਚਲੇ ਗਏ ॥੧੭੧੮॥

ਚੌਪਈ ॥

ਚੌਪਈ:

ਜਰਾਸੰਧਿ ਪੈ ਜਾਇ ਪੁਕਾਰੇ ॥

(ਉਨ੍ਹਾਂ ਨੇ) ਜਰਾਸੰਧ ਪਾਸ ਜਾ ਕੇ ਪੁਕਾਰ ਕੀਤੀ

ਖੜਗ ਸਿੰਘ ਰਨ ਭੀਤਰ ਮਾਰੇ ॥

ਕਿ ਖੜਗ ਸਿੰਘ ਯੁੱਧ ਵਿਚ ਮਾਰਿਆ ਗਿਆ ਹੈ।

ਇਉ ਸੁਨਿ ਕੈ ਤਿਨ ਕੇ ਮੁਖ ਬੈਨਾ ॥

ਉਨ੍ਹਾਂ ਦੇ ਮੁਖ ਵਿਚੋਂ ਇਸ ਪ੍ਰਕਾਰ ਦੇ ਬੋਲ ਸੁਣ ਕੇ

ਰਿਸਿ ਕੇ ਸੰਗ ਅਰੁਨ ਭਏ ਨੈਨਾ ॥੧੭੧੯॥

(ਰਾਜੇ ਦੀਆਂ) ਅੱਖਾਂ ਕ੍ਰੋਧ ਨਾਲ ਲਾਲ ਹੋ ਗਈਆਂ ॥੧੭੧੯॥

ਅਪੁਨੇ ਮੰਤ੍ਰੀ ਸਬੈ ਬੁਲਾਏ ॥

(ਰਾਜੇ ਨੇ) ਆਪਣੇ ਸਾਰੇ ਮੰਤਰੀ ਬੁਲਾ ਲਏ

ਤਿਨ ਪ੍ਰਤਿ ਭੂਪਤਿ ਬਚਨ ਸੁਨਾਏ ॥

ਅਤੇ ਉਨ੍ਹਾਂ ਪ੍ਰਤਿ ਰਾਜੇ ਨੇ (ਇਹ) ਬਚਨ ਸੁਣਾਏ।

ਖੜਗ ਸਿੰਘ ਜੂਝੇ ਰਨ ਮਾਹੀ ॥

ਖੜਗ ਸਿੰਘ ਯੁੱਧ ਵਿਚ ਮਾਰਿਆ ਗਿਆ ਹੈ।

ਅਉਰ ਸੁਭਟ ਕੋ ਤਿਹ ਸਮ ਨਾਹੀ ॥੧੭੨੦॥

ਉਸ ਵਰਗਾ ਹੋਰ ਕੋਈ ਸੂਰਮਾ ਨਹੀਂ ਹੈ ॥੧੭੨੦॥

ਖੜਗ ਸਿੰਘ ਸੋ ਸੂਰੋ ਨਾਹੀ ॥

ਖੜਗ ਸਿੰਘ ਜਿਹਾ (ਕੋਈ) ਸੂਰਮਾ ਨਹੀਂ ਹੈ

ਤਿਹ ਸਮ ਜਾਇ ਲਰੈ ਰਨ ਮਾਹੀ ॥

ਜੋ ਜਾ ਕੇ ਉਸ ਵਾਂਗ ਰਣ-ਭੂਮੀ ਵਿਚ ਯੁੱਧ ਕਰ ਸਕੇ।

ਅਬ ਤੁਮ ਕਹੋ ਕਉਨ ਬਿਧਿ ਕੀਜੈ ॥

ਹੁਣ ਤੁਸੀਂ ਦਸੋ ਕਿਹੜੀ ਜੁਗਤ ਕੀਤੀ ਜਾਵੇ?

ਕਉਨ ਸੁਭਟ ਕੋ ਆਇਸ ਦੀਜੈ ॥੧੭੨੧॥

ਅਤੇ ਕਿਹੜੇ ਯੋਧੇ ਨੂੰ ਆਗਿਆ ਦੇਈਏ ॥੧੭੨੧॥

ਜਰਾਸੰਧਿ ਨ੍ਰਿਪ ਸੋ ਮੰਤ੍ਰੀ ਬਾਚ ॥

ਜਰਾਸੰਧ ਪ੍ਰਤਿ ਮੰਤਰੀਆਂ ਨੇ ਕਿਹਾ:

ਦੋਹਰਾ ॥

ਦੋਹਰਾ:

ਤਬ ਬੋਲਿਓ ਮੰਤ੍ਰੀ ਸੁਮਤਿ ਜਰਾਸੰਧਿ ਕੇ ਤੀਰ ॥

ਤਦ 'ਸੁਮਤਿ' ਮੰਤਰੀ ਰਾਜਾ ਜਰਾਸੰਧ ਕੋਲ ਬੋਲਣ ਲਗਿਆ,

ਸਾਝ ਪਰੀ ਹੈ ਅਬ ਨ੍ਰਿਪਤਿ ਕਉਨ ਲਰੈ ਰਨਿ ਬੀਰ ॥੧੭੨੨॥

ਹੇ ਰਾਜਨ! ਸੰਝ ਹੋ ਗਈ ਹੈ, ਇਸ ਵਕਤ ਕਿਹੜਾ ਯੁੱਧਵੀਰ ਯੁੱਧ ਕਰੇਗਾ ॥੧੭੨੨॥

ਉਤ ਰਾਜਾ ਚੁਪ ਹੋਇ ਰਹਿਓ ਮੰਤ੍ਰਿ ਕਹੀ ਜਬ ਗਾਥ ॥

ਉਧਰ ਜਦੋ ਮੰਤਰੀ ਨੇ (ਇਹ) ਗੱਲ ਕਹੀ (ਤਾਂ) ਰਾਜਾ ਚੁਪ ਹੋ ਰਿਹਾ।

ਇਤ ਮੁਸਲੀਧਰ ਤਹ ਗਯੋ ਜਹਾ ਹੁਤੇ ਬ੍ਰਿਜਨਾਥ ॥੧੭੨੩॥

ਇਧਰ ਬਲਰਾਮ ਉਥੇ ਚਲਾ ਗਿਆ ਜਿਥੇ ਸ੍ਰੀ ਕ੍ਰਿਸ਼ਨ (ਬੈਠੇ) ਸਨ ॥੧੭੨੩॥

ਮੁਸਲੀ ਬਾਚ ਕਾਨ੍ਰਹ ਸੋ ॥

ਬਲਰਾਮ ਨੇ ਕ੍ਰਿਸ਼ਨ ਨੂੰ ਕਿਹਾ:

ਦੋਹਰਾ ॥

ਦੋਹਰਾ:

ਕ੍ਰਿਪਾਸਿੰਧ ਇਹ ਕਉਨ ਸੁਤ ਖੜਗ ਸਿੰਘ ਜਿਹ ਨਾਮ ॥

ਹੇ ਕ੍ਰਿਪਾ ਨਿਧਾਨ! ਇਹ ਕਿਸ ਦਾ ਪੁੱਤਰ ਸੀ ਜਿਸ ਦਾ ਨਾਂ ਖੜਗ ਸਿੰਘ ਸੀ।

ਐਸੋ ਅਪੁਨੀ ਬੈਸ ਮੈ ਨਹਿ ਦੇਖਿਓ ਬਲ ਧਾਮ ॥੧੭੨੪॥

ਮੈਂ ਆਪਣੀ ਆਯੂ ਵਿਚ ਇਸ ਵਰਗਾ ਸ਼ਕਤੀ ਦਾ ਪੁੰਜ (ਹੋਰ ਕੋਈ) ਨਹੀਂ ਵੇਖਿਆ ॥੧੭੨੪॥

ਚੌਪਈ ॥

ਚੌਪਈ:

ਤਾ ਤੇ ਯਾ ਕੀ ਕਥਾ ਪ੍ਰਕਾਸੋ ॥

ਇਸ ਲਈ ਇਸ ਦੀ ਕਥਾ ਉਤੇ ਪ੍ਰਕਾਸ਼ ਪਾਓ

ਮੇਰੇ ਮਨ ਕੋ ਭਰਮੁ ਬਿਨਾਸੋ ॥

ਅਤੇ ਮੇਰੇ ਮਨ ਦਾ ਭਰਮ ਨਿਵਾਰਣ ਕਰੋ।

ਐਸੀ ਬਿਧਿ ਸੋ ਬਲਿ ਜਬ ਕਹਿਓ ॥

ਇਸ ਢੰਗ ਨਾਲ ਜਦੋਂ ਬਲਰਾਮ ਨੇ ਕਿਹਾ

ਸੁਨਿ ਸ੍ਰੀ ਕ੍ਰਿਸਨਿ ਮੋਨ ਹ੍ਵੈ ਰਹਿਓ ॥੧੭੨੫॥

(ਤਾਂ) ਸ੍ਰੀ ਕ੍ਰਿਸ਼ਨ ਸੁਣ ਕੇ ਚੁਪ ਹੋ ਰਹੇ ॥੧੭੨੫॥

ਕਾਨ੍ਰਹ ਬਾਚ ॥

ਕਾਨ੍ਹ ਨੇ ਕਿਹਾ:

ਸੋਰਠਾ ॥

ਸੋਰਠਾ:

ਪੁਨਿ ਬੋਲਿਓ ਬ੍ਰਿਜਨਾਥ ਕ੍ਰਿਪਾਵੰਤ ਹ੍ਵੈ ਬੰਧੁ ਸਿਉ ॥

ਫਿਰ ਸ੍ਰੀ ਕ੍ਰਿਸ਼ਨ ਕ੍ਰਿਪਾ ਪੂਰਵਕ ਆਪਣੇ ਭਰਾ ਨੂੰ ਕਹਿਣ ਲਗੇ,

ਸੁਨਿ ਬਲਿ ਯਾ ਕੀ ਗਾਥ ਜਨਮ ਕਥਾ ਭੂਪਤਿ ਕਹੋ ॥੧੭੨੬॥

ਹੇ ਬਲਰਾਮ! ਇਸ ਦੀ ਗਾਥਾ ਸੁਣੋ; (ਮੈਂ) ਰਾਜਾ (ਖੜਗ ਸਿੰਘ) ਦੀ ਜਨਮ-ਕਥਾ ਕਹਿੰਦਾ ਹਾਂ ॥੧੭੨੬॥

ਦੋਹਰਾ ॥

ਦੋਹਰਾ:

ਖਟਮੁਖ ਰਮਾ ਗਨੇਸ ਪੁਨਿ ਸਿੰਗੀ ਰਿਖਿ ਘਨ ਸ੍ਯਾਮ ॥

ਖਟ ਮੁਖ (ਸੁਆਮੀ ਕਾਰਤਿਕੇ) ਰਮਾ (ਲੱਛਮੀ) ਗਣੇਸ਼, ਸਿੰਗੀ ਰਿਸ਼ੀ ਅਤੇ ਘਨਸ਼ਿਆਮ (ਕਾਲੇ ਬਦਲ)

ਆਦਿ ਬਰਨ ਬਿਧਿ ਪੰਚ ਲੈ ਧਰਿਓ ਖੜਗ ਸਿੰਘ ਨਾਮ ॥੧੭੨੭॥

ਇਨ੍ਹਾਂ ਪੰਜਾਂ ਦੇ ਪਹਿਲੇ ਅੱਖਰ ਲੈ ਕੇ ਬ੍ਰਹਮਾ ਨੇ (ਇਸ ਦਾ) ਨਾਂ 'ਖੜਗ ਸਿੰਘ' ਰਖਿਆ ਹੈ ॥੧੭੨੭॥

ਖੜਗ ਰਮਯ ਤਨ ਗਰਮਿਤਾ ਸਿੰਘ ਨਾਦ ਘਮਸਾਨ ॥

ਖੜਗ (ਤਲਵਾਰ) 'ਰਮਯਤਨ' (ਸੁੰਦਰ ਸ਼ਰੀਰ) 'ਗਰਮਿਤਾ' (ਗਰਿਮਾ ਸਿੱਧੀ) 'ਸਿੰਘ ਨਾਦ' (ਸ਼ੇਰ ਦੀ ਗਰਜ) ਅਤੇ 'ਘਮਸਾਨ' (ਘੋਰ ਯੁੱਧ)

ਪੰਚ ਬਰਨ ਕੋ ਗੁਨ ਲੀਓ ਇਹ ਭੂਪਤਿ ਬਲਵਾਨ ॥੧੭੨੮॥

-ਇਨ੍ਹਾਂ ਪੰਜਾਂ ਅੱਖਰਾਂ ਦੇ ਗੁਣ ਗ੍ਰਹਿਣ ਕਰ ਕੇ ਇਹ ਰਾਜਾ ਬਲਵਾਨ (ਹੋਇਆ ਹੈ) ॥੧੭੨੮॥

ਛਪੈ ਛੰਦ ॥

ਛਪੈ ਛੰਦ:

ਖਰਗ ਸਕਤਿ ਸਵਿਤਾਤ ਦਈ ਤਿਹ ਹੇਤ ਜੀਤ ਅਤਿ ॥

ਖੜਗ (ਤਲਵਾਰ) ਦੀ ਸ਼ਕਤੀ ਸ਼ਿਵ ਦੇ ਪੁੱਤਰ (ਸੁਆਮੀ ਕਾਰਤਿਕੇ) ਨੇ ਦਿੱਤੀ ਹੈ, ਇਸ ਲਈ (ਉਸ ਨੇ) ਅਤਿ ਜਿਤ (ਪ੍ਰਾਪਤ ਕੀਤੀ ਹੈ)।