ਉਸ ਨੇ ਦੂਜੇ ਕੰਨ ਵਿਚੋਂ ਮੈਲ ਕੱਢੀ,
ਉਸ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ ॥੧੩॥
ਫਿਰ ਕਾਲ ਨੇ ਉਨ੍ਹਾਂ (ਮਧੁ ਅਤੇ ਕੈਟਭ) ਦਾ ਵੱਧ ਕੀਤਾ।
ਉਨ੍ਹਾਂ ਦੀ ਮਿਝ (ਮੇਦ) ਸਮੁੰਦਰ ਵਿਚ ਡਿੱਗੀ,
ਉਸ ਦੀ ਚਿਕਨਾਈ ਜਲ ਉਤੇ ਤਰਦੀ ਰਹੀ,
ਤਦ ਤੋਂ (ਧਰਤੀ ਦਾ) ਨਾਂ 'ਮੇਧਾ' ਕਿਹਾ ਜਾਣ ਲਗਿਆ ॥੧੪॥
ਜੋ ਪੁਰਸ਼ ਭਲੇ ('ਸਾਧ') ਕਰਮ ਕਰਦਾ ਹੈ,
ਉਹ ਦੇਵਤਾ ਨਾਂ ਨਾਲ ਜਾਣਿਆ ਜਾਂਦਾ ਹੈ।
ਜਿਹੜਾ ਸੰਸਾਰ ਵਿਚ ਮਾੜੇ ਕਰਮ ਕਰਦਾ ਹੈ,
ਸਾਰੇ ਉਨ੍ਹਾਂ ਦਾ ਨਾਂ ਦੈਂਤ ('ਅਸੁਰ') ਰਖ ਦਿੰਦੇ ਹਨ ॥੧੫॥
ਵਿਸਤਾਰ ਬਹੁਤ ਹੈ, ਕਿਥੋਂ ਤਕ ਬਖਾਨ ਕਰਾਂ
(ਕਿਉਂਕਿ) ਗ੍ਰੰਥ ਦੇ ਵਧਣ ਦਾ ਬਹੁਤ ਡਰ ਲਗਦਾ ਹੈ।
ਉਨ੍ਹਾਂ ਤੋਂ (ਅਗੇ) ਬਹੁਤ ਰਾਜੇ ਹੋਏ
ਜਿਨ੍ਹਾਂ ਨੇ ਦਕਸ਼ ਪ੍ਰਜਾਪਤੀ ਨੂੰ ਪੈਦਾ ਕੀਤਾ ॥੧੬॥
ਉਸ ਦੇ ਘਰ ਦਸ ਹਜ਼ਾਰ ਲੜਕੀਆਂ ਨੇ ਜਨਮ ਲਿਆ
ਜਿਨ੍ਹਾਂ ਵਰਗੀ (ਸੁੰਦਰ) ਹੋਰ ਕੋਈ ਨਹੀਂ ਲਗਦੀ ਸੀ।
ਉਦੋਂ ਕਾਲ ਨੇ ਅਜਿਹੀ ਖੇਡ ਵਰਤਾਈ
(ਕਿ ਉਸ ਨੇ) ਸਾਰੀਆਂ (ਲੜਕੀਆਂ) ਰਾਜਿਆਂ ਨੂੰ ਵਿਆਹ ਦਿੱਤੀਆਂ ॥੧੭॥
ਦੋਹਰਾ:
ਬਨਿਤਾ, ਕਦਰੂ, ਦਿਤਿ, ਅਦਿਤਿ ਚਾਰੇ (ਕਸ਼ਯਪ) ਰਿਸ਼ੀ ਨੇ ਵਿਆਹ ਲਈਆਂ
(ਜਿਨ੍ਹਾਂ ਤੋਂ) ਸਾਰੇ ਸੱਪ (ਕਦਰੂ ਤੋਂ) ਗਰੁੜ (ਬਨਿਤਾ ਤੋਂ) ਦੇਵਤੇ (ਅਦਿਤਿ ਤੋਂ) ਅਤੇ ਦੈਂਤ (ਦਿਤਿ ਤੋਂ) (ਰਿਸ਼ੀ ਨੇ) ਪੈਦਾ ਕਰ ਲਏ ॥੧੮॥
ਚੌਪਈ:
ਉਨ੍ਹਾਂ (ਬੱਚਿਆਂ) ਵਿਚੋਂ ਕਿਸੇ ਨੇ ਸੂਰਜ ਦਾ ਰੂਪ ਧਾਰਨ ਕੀਤਾ
ਜਿਸ ਤੋਂ ਸੂਰਜ ਬੰਸ ਦਾ ਵਿਸਤਾਰ ਹੋਇਆ।
ਜੇ ਉਨ੍ਹਾਂ ਦੇ (ਬੰਸ਼ ਦੇ ਰਾਜਿਆਂ ਦੇ) ਨਾਂ ਸੁਣਾਵਾਂ
ਤਾਂ ਕਥਾ ਦੇ ਵਧਣ ਦਾ ਬਹੁਤ ਡਰ ਲਗਦਾ ਹੈ ॥੧੯॥
ਉਸ (ਸੂਰਜ) ਦੇ ਬੰਸ ਵਿਚ ਰਘੂ (ਨਾਂ ਦਾ ਰਾਜਾ) ਹੋਇਆ
ਜਿਸ ਤੋਂ ਜਗਤ ਵਿਚ ਰਘੂਬੰਸ ਚਲਿਆ।
ਉਸਦਾ 'ਅਜ' ਨਾਂ ਦਾ ਸ੍ਰੇਸ਼ਠ ਪੁੱਤਰ ਪੈਦਾ ਹੋਇਆ
ਜੋ ਮਹਾਰਥੀ ਅਤੇ ਮਹਾਨ ਧਨੁਸ਼ਧਾਰੀ ਸੀ ॥੨੦॥
ਜਦੋਂ ਉਸ ਨੇ ਯੋਗ ਦਾ ਭੇਖ ਲਿਆ
ਤਾਂ ਰਾਜ-ਪਾਟ (ਆਪਣੇ ਪੁੱਤਰ) ਦਸ਼ਰਥ ਨੂੰ ਸੌਂਪ ਦਿੱਤਾ।
ਉਹ ਵੀ ਮਹਾਨ ਧਨੁਸ਼ਧਾਰੀ ਸੀ,
ਉਸ ਨੇ ਆਪਣੀ ਖੁਸ਼ੀ ਨਾਲ ਤਿੰਨ ਇਸਤਰੀਆਂ ਨਾਲ ਵਿਆਹ ਕੀਤਾ ॥੨੧॥
ਪਹਿਲੀ (ਰਾਣੀ ਕੌਸ਼ਲਿਆ) ਨੇ ਰਾਮ ਨਾਂ ਦੇ ਕੁਮਾਰ ਨੂੰ ਜਨਮ ਦਿੱਤਾ।
(ਬਾਕੀ ਦੋ ਰਾਣੀਆਂ ਕੈਕਈ ਅਤੇ ਸੁਮਿਤ੍ਰਾ ਨੇ) ਭਰਤ, ਲੱਛਮਣ ਅਤੇ ਸ਼ਤਰੂਘਨ (ਨੂੰ ਜਨਮ ਦਿੱਤਾ)।
ਉਨ੍ਹਾਂ ਨੇ ਬਹੁਤ ਚਿਰ ਤਕ ਰਾਜ ਕਮਾਇਆ,
(ਪਰ) ਸਮਾਂ ਆਉਣ ਤੇ ਦੇਵਲੋਕ ਨੂੰ ਚਲੇ ਗਏ ॥੨੨॥
ਫਿਰ ਸੀਤਾ ਦੇ ਦੋਵੇਂ ਪੁੱਤਰ (ਲਵ ਅਤੇ ਕੁਸ਼) ਰਾਜਾ ਬਣੇ
ਅਤੇ ਰਾਜ-ਪਾਟ ਉਨ੍ਹਾਂ ਨੂੰ ਬਹੁਤ ਫਬਿਆ।
ਜਦੋਂ ਉਨ੍ਹਾਂ ਨੇ ਮਦ੍ਰ ਦੇਸ਼ (ਪੰਜਾਬ) ਦੀਆਂ ਰਾਜਕੁਮਾਰੀਆਂ ਵਿਆਹੀਆਂ
ਤਾਂ ਭਾਂਤ ਭਾਂਤ ਦੇ ਯੱਗ ਕੀਤੇ ॥੨੩॥
ਉਥੇ (ਪੰਜਾਬ ਵਿਚ) ਉਨ੍ਹਾਂ ਨੇ ਦੋ ਨਗਰ ਵਸਾਏ
(ਜਿਨ੍ਹਾਂ ਵਿਚੋਂ) ਇਕ ਦਾ ਨਾਂ ਕਸੂਰ ਅਤੇ ਦੂਜੇ ਦਾ ਨਾਂ ਲਾਹੌਰ (ਲਵਪੁਰਾ-ਲਹੁਰਵਾ) ਪਿਆ।
ਉਹ ਦੋਵੇਂ ਨਗਰ ਬਹੁਤ ਸ਼ੋਭਾਸ਼ਾਲੀ ਸਨ
(ਜਿਨ੍ਹਾਂ ਨੂੰ) ਵੇਖ ਕੇ ਲੰਕਾ ਅਤੇ ਅਮਰਾਵਤੀ (ਇੰਦਰਪੁਰੀ) ਵੀ ਲਜਾਂਦੀਆਂ ਸਨ ॥੨੪॥
ਉਨ੍ਹਾਂ ਦੋਹਾਂ ਨੇ ਬਹੁਤ ਸਮੇਂ ਤਕ ਰਾਜ ਕੀਤਾ,
(ਪਰ) ਅੰਤ ਵਿਚ ਕਾਲ ਨੇ (ਉਨ੍ਹਾਂ ਨੂੰ ਆਪਣੇ) ਜਾਲ ਵਿਚ ਫਸਾ ਲਿਆ।