ਸ਼੍ਰੀ ਦਸਮ ਗ੍ਰੰਥ

ਅੰਗ - 224


ਅਮੁੰਨ ਮੁੰਨੇ ਅਹੇਹ ਹੇਹੇ ॥

ਨ ਮੁੰਨੇ ਜਾਣ ਵਾਲਿਆਂ ਨੂੰ ਮੁੰਨ ਦਿੱਤਾ ਅਤੇ ਨ ਧੱਕੇ ਖਾਣ ਵਾਲਿਆਂ ਨੂੰ ਧੱਕੇ ਖੁਆ ਦਿੱਤੇ,

ਵਿਰਚੰਨ ਨਾਰੀ ਤ ਸੁਖ ਕੇਹੇ ॥੨੩੩॥

(ਜੋ ਇਸ ਪ੍ਰਕਾਰ ਦੇ ਗੁਣਾਂ ਵਾਲੀ) ਇਸਤਰੀ ਦੇ ਮੋਹ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਭਲਾ ਸੁਖ ਕਿਥੇ ॥੨੩੩॥

ਦੋਹਰਾ ॥

ਦੋਹਰਾ

ਇਹ ਬਿਧਿ ਕੇਕਈ ਹਠ ਗਹਯੋ ਬਰ ਮਾਗਨ ਨ੍ਰਿਪ ਤੀਰ ॥

ਇਸ ਤਰ੍ਹਾਂ ਕੈਕਈ ਨੇ ਰਾਜੇ ਕੋਲੋਂ ਵਰ ਮੰਗਣ ਲਈ ਹਠ ਫੜਿਆ ਹੋਇਆ ਹੈ।

ਅਤਿ ਆਤਰ ਕਿਆ ਕਹਿ ਸਕੈ ਬਿਧਯੋ ਕਾਮ ਕੇ ਤੀਰ ॥੨੩੪॥

ਕਾਮ ਦੇ ਤੀਰ ਨਾਲ ਵਿੰਨਿਆ ਹੋਇਆ ਰਾਜਾ ਦਸ਼ਰਥ ਬਹੁਤ ਦੁਖੀ ਹੋ ਰਿਹਾ ਹੈ, ਪਰ ਕਹਿ ਹੀ ਕੀ ਸਕਦਾ ਹੈ ॥੨੩੪॥

ਦੋਹਰਾ ॥

ਦੋਹਰਾ:

ਬਹੁ ਬਿਧਿ ਪਰ ਪਾਇਨ ਰਹੇ ਮੋਰੇ ਬਚਨ ਅਨੇਕ ॥

ਬਹੁਤ ਤਰ੍ਹਾਂ ਨਾਲ (ਰਾਜਾ ਰਾਣੀ ਦੇ) ਪੈਰੀਂ ਪੈ ਕੇ ਅਨੇਕਾਂ ਵਾਰੀ ਬਚਨ ਨੂੰ ਟਾਲਣ ਦਾ ਵੀ ਯਤਨ ਕਰਦਾ ਹੈ,

ਗਹਿਅਉ ਹਠਿ ਅਬਲਾ ਰਹੀ ਮਾਨਯੋ ਬਚਨ ਨ ਏਕ ॥੨੩੫॥

ਪਰ ਇਸਤਰੀ ਨੇ ਵੱਡੇ ਹਠ ਨੂੰ ਫੜਿਆ ਹੋਇਆ ਹੈ, ਉਸ ਨੇ ਇਕ ਗੱਲ ਵੀ ਨਹੀਂ ਮੰਨੀ ॥੨੩੫॥

ਬਰ ਦਯੋ ਮੈ ਛੋਰੇ ਨਹੀ ਤੈਂ ਕਰਿ ਕੋਟਿ ਉਪਾਇ ॥

(ਕੈਕਈ ਕਹਿ ਰਹੀ ਹੈ-) ਤੁਸੀਂ ਵਰ ਦਿਓ, ਮੈਂ ਛੱਡਦੀ ਨਹੀਂ (ਭਾਵੇਂ) ਤੁਸੀਂ ਕਰੋੜਾਂ ਉਪਾ ਕਰੋ।

ਘਰ ਮੋ ਸੁਤ ਕਉ ਦੀਜੀਐ ਬਨਬਾਸੈ ਰਘੁਰਾਇ ॥੨੩੬॥

(ਮੇਰੇ) ਪੁੱਤਰ ਨੂੰ ਘਰ ਵਿੱਚ ਰਾਜ ਦਿਓ ਅਤੇ ਰਾਮ ਚੰਦਰ ਨੂੰ ਬਨਵਾਸ (ਦਿਓ) ॥੨੩੬॥

ਭੂਪ ਧਰਨਿ ਬਿਨ ਬੁਧਿ ਗਿਰਯੋ ਸੁਨਤ ਬਚਨ ਤ੍ਰਿਯ ਕਾਨ ॥

ਇਸਤਰੀ ਦੇ ਬਚਨ ਕੰਨਾਂ ਨਾਲ ਸੁਣਦਿਆਂ ਹੀ ਰਾਜਾ ਬੇਸੁੱਧ ਹੋ ਕੇ ਡਿੱਗ ਪਿਆ,

ਜਿਮ ਮ੍ਰਿਗੇਸ ਬਨ ਕੇ ਬਿਖੈ ਬਧਯੋ ਬਧ ਕਰਿ ਬਾਨ ॥੨੩੭॥

ਜਿਵੇਂ ਬਣ ਵਿੱਚ ਸ਼ਿਕਾਰੀ ਦੇ ਤੀਰ ਨਾਲ ਵਿੰਨ੍ਹੇ ਜਾਣ ਤੇ ਸ਼ੇਰ ਡਿੱਗ ਪੈਂਦਾ ਹੈ ॥੨੩੭॥

ਤਰਫਰਾਤ ਪ੍ਰਿਥਵੀ ਪਰਯੋ ਸੁਨਿ ਬਨ ਰਾਮ ਉਚਾਰ ॥

ਰਾਮ ਨੂੰ ਬਣ ਵਿੱਚ ਭੇਜਣ ਦੀ ਗੱਲ ਸੁਣ ਕੇ (ਰਾਜਾ) ਤੜਫਦਾ ਹੋਇਆ ਧਰਤੀ ਉਤੇ ਡਿੱਗਿਆ

ਪਲਕ ਪ੍ਰਾਨ ਤਯਾਗੇ ਤਜਤ ਮਧਿ ਸਫਰਿ ਸਰ ਬਾਰ ॥੨੩੮॥

ਅਤੇ ਪਲਕ ਮਾਰਨ ਦੀ ਦੇਰ ਵਿੱਚ ਪ੍ਰਾਣ ਤਿਆਗ ਦਿੱਤੇ ਜਿਵੇਂ ਪਾਣੀ ਵਿਚੋਂ ਨਿਕਲਦਿਆਂ ਮੱਛਲੀ (ਪ੍ਰਾਣ) ਤਿਆਗ ਦਿੰਦੀ ਹੈ ॥੨੩੮॥

ਰਾਮ ਨਾਮ ਸ੍ਰਵਨਨ ਸੁਣਯੋ ਉਠਿ ਥਿਰ ਭਯੋ ਸੁਚੇਤ ॥

(ਰਾਜੇ ਨੇ) ਜਦੋਂ ਰਾਮ ਦਾ ਨਾਂ ਕੰਨਾਂ ਨਾਲ ਸੁਣਿਆ, ਉਸੇ ਵੇਲੇ ਸੁਚੇਤ ਹੋ ਕੇ ਉੱਠ ਬੈਠਾ,

ਜਨੁ ਰਣ ਸੁਭਟ ਗਿਰਯੋ ਉਠਯੋ ਗਹਿ ਅਸ ਨਿਡਰ ਸੁਚੇਤ ॥੨੩੯॥

ਮਾਨੋ ਲੜਾਈ ਵਿੱਚ ਡਿੱਗਾ ਹੋਇਆ ਸੂਰਮਾ ਖੜਾ ਹੋ ਕੇ ਤਲਵਾਰ ਨੂੰ ਫੜਦਾ ਹੋਵੇ। ॥੨੩੯॥

ਪ੍ਰਾਨ ਪਤਨ ਨ੍ਰਿਪ ਬਰ ਸਹੋ ਧਰਮ ਨ ਛੋਰਾ ਜਾਇ ॥

ਪ੍ਰਾਣਾਂ ਦਾ ਨਾਸ ਤਾਂ ਰਾਜੇ ਨੇ ਸਹਾਰ ਲਿਆ ਪਰ ਧਰਮ ਨਹੀਂ ਛੱਡਿਆ ਜਾ ਸਕਦਾ।

ਦੈਨ ਕਹੇ ਜੋ ਬਰ ਹੁਤੇ ਤਨ ਜੁਤ ਦਏ ਉਠਾਇ ॥੨੪੦॥

ਜਿਹੜੇ ਵਰ ਦੇਣੇ ਕਹੇ ਹੋਏ ਸਨ, ਤਨ ਸਮੇਤ ਚੁੱਕਾ ਦਿੱਤੇ ਹਨ ॥੨੪੦॥

ਕੇਕਈ ਬਾਚ ਨ੍ਰਿਪੋ ਬਾਚ ॥

ਰਾਜੇ ਦਸ਼ਰਥ ਅਤੇ ਕੈਕਈ ਨੇ

ਬਸਿਸਟ ਸੋਂ ॥

ਵਸ਼ਿਸ਼ਟ ਨੂੰ ਕਿਹਾ-

ਦੋਹਰਾ ॥

ਦੋਹਰਾ

ਰਾਮ ਪਯਾਨੋ ਬਨ ਕਰੈ ਭਰਥ ਕਰੈ ਠਕੁਰਾਇ ॥

ਰਾਮ ਬਣ ਨੂੰ ਜਾਏ ਅਤੇ ਭਰਤ ਰਾਜ ਕਰੇ।

ਬਰਖ ਚਤਰ ਦਸ ਕੇ ਬਿਤੇ ਫਿਰਿ ਰਾਜਾ ਰਘੁਰਾਇ ॥੨੪੧॥

ਚੌਦਾਂ ਬਰਸਾਂ ਦੇ ਬੀਤਣ ਤੋਂ ਬਾਅਦ ਰਾਮ ਚੰਦਰ ਫਿਰ ਰਾਜਾ ਹੋਵੇਗਾ ॥੨੪੧॥

ਕਹੀ ਬਸਿਸਟ ਸੁਧਾਰ ਕਰਿ ਸ੍ਰੀ ਰਘੁਬਰ ਸੋ ਜਾਇ ॥

ਇਹ (ਗੱਲ) ਸੁਧਾਰ ਕੇ ਵਸ਼ਿਸ਼ਟ ਨੇ ਸ੍ਰੀ ਰਾਮ ਚੰਦਰ ਨੂੰ ਜਾ ਕੇ ਕਹੀ

ਬਰਖ ਚਤੁਰਦਸ ਭਰਥ ਨ੍ਰਿਪ ਪੁਨਿ ਨ੍ਰਿਪ ਸ੍ਰੀ ਰਘੁਰਾਇ ॥੨੪੨॥

ਕਿ ਚੌਦਾਂ ਸਾਲ ਭਰਥ ਰਾਜ ਕਰੇਗਾ, ਮਗਰੋਂ ਸ੍ਰੀ ਰਾਮ ਰਾਜਾ ਹੋਵੇਗਾ ॥੨੪੨॥

ਸੁਨਿ ਬਸਿਸਟ ਕੋ ਬਚ ਸ੍ਰਵਣ ਰਘੁਪਤਿ ਫਿਰੇ ਸਸੋਗ ॥

'ਵਸ਼ਿਸ਼ਟ ਦੇ ਬਚਨ ਕੰਨੀ ਸੁਣ ਕੇ, ਰਾਮ ਚੰਦਰ ਸੋਗ ਨਾਲ (ਘਰ ਨੂੰ) ਮੁੜ ਆਏ।

ਉਤ ਦਸਰਥ ਤਨ ਕੋ ਤਜਯੋ ਸ੍ਰੀ ਰਘੁਬੀਰ ਬਿਯੋਗ ॥੨੪੩॥

ਉਧਰ ਦਸ਼ਰਥ ਰਾਜੇ ਨੇ ਸ੍ਰੀ ਰਾਮ ਚੰਦਰ ਦੇ ਵਿਯੋਗ ਵਿਚ ਸਰੀਰ ਤਿਆਗ ਦਿੱਤਾ ॥੨੪੩॥

ਸੋਰਠਾ ॥

ਸੋਰਠਾ:

ਗ੍ਰਹਿ ਆਵਤ ਰਘੁਰਾਇ ਸਭੁ ਧਨ ਦੀਯੋ ਲੁਟਾਇ ਕੈ ॥

ਘਰ ਆਉਂਦਿਆਂ ਹੀ ਰਾਮ ਚੰਦਰ ਨੇ ਸਾਰਾ ਧਨ ਲੁਟਾ ਦਿੱਤਾ

ਕਟਿ ਤਰਕਸੀ ਸੁਹਾਇ ਬੋਲਤ ਭੇ ਸੀਅ ਸੋ ਬਚਨ ॥੨੪੪॥

ਅਤੇ (ਜਿਸ ਰਾਮ ਦੇ) ਲੱਕ ਨਾਲ ਭੱਥਾ ਸ਼ੋਭ ਰਿਹਾ ਸੀ, (ਉਹ) ਸੀਤਾ ਪ੍ਰਤਿ ਬਚਨ ਕਹਿਣ ਲੱਗੇ ॥੨੪੪॥

ਸੁਨਿ ਸੀਅ ਸੁਜਸ ਸੁਜਾਨ ਰਹੌ ਕੌਸਲਿਆ ਤੀਰ ਤੁਮ ॥

ਹੇ ਯਸ਼ ਵਾਲੀ ਅਤੇ ਸੁਜਾਨ (ਸੀਤਾ) ਸੁਣ, ਤੂੰ (ਮਾਤਾ) ਕੁਸ਼ਲਿਆ ਕੋਲ ਰਹਿ,

ਰਾਜ ਕਰਉ ਫਿਰਿ ਆਨ ਤੋਹਿ ਸਹਿਤ ਬਨਬਾਸ ਬਸਿ ॥੨੪੫॥

(ਮੈਂ ਚੌਦਾਂ ਵਰ੍ਹੇ) ਬਨਵਾਸ ਕੱਟ ਤੇ ਫਿਰ ਆ ਕੇ ਤੇਰੇ ਸਹਿਤ ਰਾਜ ਕਰਾਂਗਾ ॥੨੪੫॥

ਸੀਤਾ ਬਾਚ ਰਾਮ ਸੋਂ ॥

ਸੀਤਾ ਨੇ ਰਾਮ ਪ੍ਰਤਿ ਕਿਹਾ-

ਸੋਰਠਾ ॥

ਸੋਰਠਾ

ਮੈ ਨ ਤਜੋ ਪੀਅ ਸੰਗਿ ਕੈਸੋਈ ਦੁਖ ਜੀਅ ਪੈ ਪਰੋ ॥

(ਹੇ ਸੁਆਮੀ) ਮੈਂ ਆਪਣੇ ਪ੍ਰੀਤਮ ਦਾ ਸਾਥ ਨਹੀਂ ਛੱਡਾਂਗੀ, ਭਾਵੇਂ ਕਿਹੋ ਜਿਹਾ ਵੀ ਦੁਖ ਮੇਰੇ ਸਰੀਰ ਉੱਤੇ ਪੈ ਜਾਵੇ।

ਤਨਕ ਨ ਮੋਰਉ ਅੰਗਿ ਅੰਗਿ ਤੇ ਹੋਇ ਅਨੰਗ ਕਿਨ ॥੨੪੬॥

ਛਿਣ ਭਰ ਲਈ ਵੀ ਮੂੰਹ ('ਅੰਗ') ਨਹੀਂ ਮੋੜਾਂਗੀ ਭਾਵੇਂ ਸਰੀਰ 'ਤੋਂ ਰਹਿਤ ਕਿਉਂ ਨ ਹੋ ਜਾਵਾਂ ॥੨੪੬॥

ਰਾਮ ਬਾਚ ਸੀਤਾ ਪ੍ਰਤਿ ॥

ਰਾਮ ਨੇ ਸੀਤਾ ਪ੍ਰਤਿ ਕਿਹਾ-

ਮਨੋਹਰ ਛੰਦ ॥

ਮਨੋਹਰ ਛੰਦ

ਜਉ ਨ ਰਹਉ ਸਸੁਰਾਰ ਕ੍ਰਿਸੋਦਰ ਜਾਹਿ ਪਿਤਾ ਗ੍ਰਿਹ ਤੋਹਿ ਪਠੈ ਦਿਉ ॥

ਹੇ ਪਤਲੇ ਲੱਕ ਵਾਲੀਏ! ਜੇ (ਤੂੰ ਇਥੋਂ) ਸਹੁਰੇ ਘਰ ਰਹਿਣਾ ਪਸੰਦ ਨ ਕਰੇਂ ਤਾਂ ਪਿਤਾ ਦੇ ਘਰ ਚਲੀ ਜਾ। (ਮੈਂ ਹੁਣੇ ਹੀ) ਤੈਨੂੰ ਭੇਜ ਦਿੰਦਾ ਹਾਂ।

ਨੈਕ ਸੇ ਭਾਨਨ ਤੇ ਹਮ ਕਉ ਜੋਈ ਠਾਟ ਕਹੋ ਸੋਈ ਗਾਠ ਗਿਠੈ ਦਿਉ ॥

ਤੂੰ ਆਪਣੇ ਮੁਖ ਤੋਂ ਥੋੜ੍ਹਾ ਜਿਹਾ (ਸੰਕੇਤ ਕਰ ਦੇ), ਜਿਵੇਂ ਕਹੇਂ ਮੈਂ ਉਵੇਂ ਪ੍ਰਬੰਧ ਕਰ ਦਿਆਂਗਾ।

ਜੇ ਕਿਛੁ ਚਾਹ ਕਰੋ ਧਨ ਕੀ ਟੁਕ ਮੋਹ ਕਹੋ ਸਭ ਤੋਹਿ ਉਠੈ ਦਿਉ ॥

ਜੇ ਧਨ ਦੀ ਕੁਝ ਚਾਹ ਹੈ, ਤਾਂ ਜ਼ਰਾ ਜਿੰਨਾ ਕਹਿ, ਸਭ ਕੁਝ ਤੈਨੂੰ ਚੁਕਵਾ ਦਿਆਂ।

ਕੇਤਕ ਅਉਧ ਕੋ ਰਾਜ ਸਲੋਚਨ ਰੰਕ ਕੋ ਲੰਕ ਨਿਸੰਕ ਲੁਟੈ ਦਿਉ ॥੨੪੭॥

ਹੇ ਸੁਲੋਚਨੀ! ਅਯੁੱਧਿਆ ਦਾ ਰਾਜ ਕੀ ਹੈ, ਜੇ ਤੂੰ ਕਹੇਂ ਤਾਂ ਨਿਸੰਗ ਹੋ ਕੇ ਲੰਕਾਂ ਦਾ ਰਾਜ ਕੰਗਾਲਾਂ ਤੋਂ ਲੁਟਵਾ ਦਿਆਂ ॥੨੪੭॥

ਘੋਰ ਸੀਆ ਬਨ ਤੂੰ ਸੁ ਕੁਮਾਰ ਕਹੋ ਹਮ ਸੋਂ ਕਸ ਤੈ ਨਿਬਹੈ ਹੈ ॥

ਹੇ ਸੀਤਾ! ਜੰਗਲ ਡਰਾਉਣਾ ਹੈ, ਤੂੰ ਕੋਮਲ ਹੈਂ, ਮੈਨੂੰ ਦਸ, ਤੂੰ ਕਿਸ ਤਰ੍ਹਾਂ ਨਿਭੇਗੀ?

ਗੁੰਜਤ ਸਿੰਘ ਡਕਾਰਤ ਕੋਲ ਭਯਾਨਕ ਭੀਲ ਲਖੈ ਭ੍ਰਮ ਐਹੈ ॥

ਸ਼ੇਰ ਬੁਕਦੇ ਹਨ, ਸੂਰ ਡਕਾਰਦੇ ਹਨ, ਡਰੌਣੇ ਭੀਲਾਂ ਨੂੰ ਵੇਖ ਕੇ ਡਰ ਲੱਗਦਾ ਹੈ।

ਸੁੰਕਤ ਸਾਪ ਬਕਾਰਤ ਬਾਘ ਭਕਾਰਤ ਭੂਤ ਮਹਾ ਦੁਖ ਪੈਹੈ ॥

ਸੱਪ ਸ਼ੂਕਦੇ ਹਨ, ਬਾਘ ਘੁਰਾਂਦੇ ਹਨ, ਭੂਤ ਭਕਾਰਦੇ ਹਨ, (ਇਸ ਲਈ) ਬਹੁਤ ਦੁਖ ਪਾਏਂਗੀ।

ਤੂੰ ਸੁ ਕੁਮਾਰ ਰਚੀ ਕਰਤਾਰ ਬਿਚਾਰ ਚਲੇ ਤੁਹਿ ਕਿਉਾਂ ਬਨਿ ਐਹੈ ॥੨੪੮॥

ਤੈਨੂੰ ਕਰਤਾਰ ਨੇ ਬਹੁਤ ਕੋਮਲ ਬਣਾਇਆ ਹੈ, ਵਿਚਾਰ ਕਰਕੇ ਵੇਖ ਕਿ (ਬਣ ਵੱਲ) ਜਾਣ ਨਾਲ ਤੇਰੀ ਕਿਵੇਂ ਬਣ ਆਏਗੀ ॥੨੪੮॥

ਸੀਤਾ ਵਾਚ ਰਾਮ ਸੋਂ ॥

ਸੀਤਾ ਰਾਮ ਪ੍ਰਤਿ ਕਹਿੰਦੀ ਹੈ-

ਮਨੋਹਰ ਛੰਦ ॥

ਮਨੋਹਰ ਛੰਦ


Flag Counter