ਜਿਵੇਂ ਹੱਥ ਨਾਲ ਝਟਕਾ ਦੇ ਕੇ ਪੱਥਰ ਚਲਾਈਦਾ ਹੈ ॥੧੦੭॥
ਸਵੈਯਾ:
ਤ੍ਰਿਣਾਵਰਤ ਕੰਸ ਨੂੰ ਪ੍ਰਣਾਮ ('ਤਸਲੀਮ') ਕਰ ਕੇ ਤੁਰਿਆ ਅਤੇ ਛੇਤੀ ਨਾਲ ਗੋਕਲ ਆਇਆ।
ਉਸ ਨੇ ਵਾਵਰੋਲੇ ਦਾ ਰੂਪ ਧਾਰਨ ਕੀਤਾ ਅਤੇ ਧਰਤੀ ਉਤੇ ਜ਼ੋਰ ਦੀ ਹਵਾ ਚਲਾ ਦਿੱਤੀ।
(ਤ੍ਰਿਣਾਵਰਤ ਦਾ) ਆਉਣਾ ਜਾਣ ਕੇ ਕ੍ਰਿਸ਼ਨ ਭਾਰੀ ਹੋ ਗਏ ਅਤੇ ਉਸ ਨੂੰ ਧਰਤੀ ਉਤੇ ਪਟਕਾ ਕੇ ਮਾਰਿਆ।
(ਘੱਟੇ ਨਾਲ) ਲੋਕਾਂ ਦੀਆਂ ਅੱਖਾਂ ਭਰ ਗਈਆਂ, ਜਿਸ ਕਰ ਕੇ ਲੋਕਾਂ (ਨੇ ਅੱਖਾਂ) ਬੰਦ ਕਰ ਲਈਆਂ, (ਤਦੋਂ ਤ੍ਰਿਣਾਵਰਤ) ਕ੍ਰਿਸ਼ਨ ਨੂੰ ਲੈ ਕੇ ਆਕਾਸ਼ ਦੇ ਰਸਤੇ ਭਜ ਗਿਆ ॥੧੦੮॥
ਜਦੋਂ ਕ੍ਰਿਸ਼ਨ ਜੀ ਆਕਾਸ਼ ਵਿਚ ਚਲੇ ਗਏ ਤਦ (ਉਨ੍ਹਾਂ ਨੇ) ਆਪਣੇ ਸ਼ਰੀਰ ਦੇ ਬਲ ਨੂੰ ਝਟਕਾ ਦਿੱਤਾ
ਅਤੇ ਭਿਆਨਕ ਰੂਪ ਧਾਰ ਕੇ ਚੰਗੀ ਤਰ੍ਹਾਂ ਯੁੱਧ ਕੀਤਾ ਅਤੇ ਰਾਖਸ਼ ਨੂੰ ਘਾਇਲ ਕਰ ਦਿੱਤਾ।
ਫਿਰ ਆਪਣੇ ਦਸਾਂ ਨੌਹਾਂ ਨੂੰ ਸੰਭਾਲ ਕੇ ਸ਼ੀਘਰਤਾ ਨਾਲ ਵੈਰੀ ਦਾ ਸਿਰ ਕਟ ਦਿੱਤਾ।
(ਤ੍ਰਿਣਾਵਰਤ ਦਾ) ਧੜ (ਇਸ ਤਰ੍ਹਾਂ) ਡਿਗ ਪਿਆ ਮਾਨੋ ਬ੍ਰਿਛ ਡਿਗਿਆ ਹੋਵੇ ਅਤੇ ਸਿਰ ਇਸ ਤਰ੍ਹਾਂ ਆਣ ਡਿੱਗਾ ਹੈ, ਮਾਨੋ ਡਾਲ ਨਾਲੋਂ ਖੱਟਾ ਟੁਟ ਕੇ ਡਿੱਗਾ ਹੋਵੇ ॥੧੦੯॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ ਤ੍ਰਿਣਵਰਤ ਬੱਧ ਦੀ ਸਮਾਪਤੀ।
ਸਵੈਯਾ:
ਆਕਾਸ਼ ਵਿਚ ਚਲੇ ਜਾਣ ਕਾਰਨ ਕਾਨ੍ਹ ਤੋਂ ਬਿਨਾ ਗੋਕਲ ਦੇ ਲੋਕੀਂ ਬਹੁਤ ਆਜਿਜ਼ ਹੋਏ ਅਤੇ ਇਕੱਠੇ ਹੋ ਕੇ ਢੂੰਢਣ ਲਗੇ।
ਬਾਰ੍ਹਾਂ ਕੋਹਾਂ ਉਤੇ ਜਾ ਕੇ ਡਿਗੇ (ਕ੍ਰਿਸ਼ਨ ਨੂੰ) ਢੂੰਢਦਿਆਂ ਢੂੰਢਦਿਆਂ ਲਭ ਲਿਆ।
ਸਾਰਿਆਂ ਨੇ ਉਸੇ ਵੇਲੇ ਗਲ ਨਾਲ ਲਾ ਲਿਆ ਅਤੇ ਫਿਰ ਇਕੱਠੇ ਹੋ ਕੇ ਮੰਗਲ ਗੀਤ ਗਾਣ ਲਗੇ।
ਉਸ ਦ੍ਰਿਸ਼ ਦੇ ਯਸ਼ ਦੀ ਮਹਾਨਤਾ ਨੂੰ ਕਵੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਸੁਣਾਇਆ ॥੧੧੦॥
ਦੈਂਤ ਦੇ ਭਿਆਨਕ ਰੂਪ ਨੂੰ ਵੇਖ ਕੇ ਸਾਰਿਆਂ ਗਵਾਲਿਆਂ ਨੇ ਮਨ ਵਿਚ ਡਰ ਅਨੁਭਵ ਕੀਤਾ।
ਮਨੁੱਖਾਂ ਦੀ ਕੀ ਗਿਣਤੀ ਹੈ, (ਉਸ ਦੈਂਤ ਨੂੰ) ਵੇਖ ਕੇ ਇੰਦਰ ਦਾ ਹਿਰਦਾ ਵੀ ਫਟਣ ਲਗਿਆ।
ਅਜਿਹੇ ਡਰੌਣੇ ਰੂਪ ਵਾਲੇ ਦੈਂਤ ਨੂੰ ਕ੍ਰਿਸ਼ਨ ਨੇ (ਇਕ) ਛਿਣ ਵਿਚ ਮਾਰ ਲਿਆ।
(ਇਸ ਤਰ੍ਹਾਂ ਗ੍ਵਾਲੇ ਕ੍ਰਿਸ਼ਨ ਨੂੰ ਲੈ ਕੇ ਜਦੋਂ ਘਰ ਪਰਤੇ ਤਾਂ) ਆਪਣੇ ਘਰ ਵਿਚ ਆਇਆ ਸੁਣ ਕੇ (ਲੋਕੀਂ ਪੁਛਣ ਆਏ)। ਕ੍ਰਿਸ਼ਨ ਨੇ ਉਨ੍ਹਾਂ ਨੂੰ ਸਾਰਾ ਬ੍ਰਿੱਤਾਂਤ ਕਹਿ ਦਿੱਤਾ ॥੧੧੧॥
ਤਦੋਂ ਮਾਤਾ (ਜਸੋਧਾ) ਬਹੁਤ ਸਾਰੇ ਸ੍ਰਾਹਮਣਾਂ ਨੂੰ ਦਾਨ ਦੇ ਕੇ ਪੁੱਤਰ ਨਾਲ ਖੇਡਣ ਲਗੀ।
ਮੂੰਹ ਦੇ ਸਾਹਮਣੇ ਪਿਆਰ ਨਾਲ ਉਂਗਲ ਦੀ ਓਟ ਕਰ ਕੇ ਕ੍ਰਿਸ਼ਨ ਜੀ ਨੂੰ ਹਸਾ ਲੈਂਦੀ ਹੈ।
(ਇਸ ਨਾਲ) ਜਸੋਧਾ ਦਾ ਮਨ ਬਹੁਤ ਹੀ ਪ੍ਰਸੰਨ ਹੋ ਰਿਹਾ ਹੈ, (ਹੇ ਜਸੋਧਾ!) ਤੇਰੀ ਹੋਰ ਕੀ ਵਡਿਆਈ ਕਹਾਂ?
ਉਸ ਦ੍ਰਿਸ਼ ਦੀ ਉਪਮਾ ਬਹੁਤ ਅਧਿਕ ਹੈ। ਕਵੀ ਦੇ ਮਨ ਅਤੇ ਤਨ ਨੂੰ ਬਹੁਤ ਚੰਗੀ ਲਗ ਰਹੀ ਹੈ ॥੧੧੨॥