ਉਥੇ ਰੂਪ ਕੇਤੁ ਨਾਂ ਦਾ ਇਕ ਰਾਜਾ ਸੀ,
ਜੋ ਬਹੁਤ ਰੂਪਵਾਨ ਅਤੇ ਸੂਰਮਾ ਸੀ।
ਜਿਸ ਦੇ ਡਰ ਦੇ ਮਾਰੇ ਵੈਰੀ ਥਰ ਥਰ ਕੰਬਦੇ ਸਨ।
(ਇੰਜ ਲਗਦਾ ਸੀ) ਮਾਨੋ ਦੂਜਾ ਚੰਦ੍ਰਮਾ ਪੈਦਾ ਹੋ ਗਿਆ ਹੋਵੇ ॥੨॥
ਉਸ ਦੇ (ਘਰ) ਇਕ ਸੁਪੁੱਤਰ ਪੁੱਤਰ ਪੈਦਾ ਹੋਇਆ
ਜਿਸ ਵਰਗਾ ਜਗਤ ਵਿਚ ਹੋਰ ਕੋਈ ਨਹੀਂ ਸੀ।
ਝਿਲਮਿਲ ਦੇਈ ਨੇ ਉਸ ਨੂੰ ਵੇਖ ਲਿਆ।
ਤਦ ਤੋਂ ਹੀ ਦੀਵਾਨੀ ਜਿਹੀ ਹੋ ਗਈ ॥੩॥
ਉਸ ਨਾਲ (ਉਸ ਨੇ) ਬਹੁਤ ਸਨੇਹ ਵਧਾ ਲਿਆ,
ਮਾਨੋ ਦੋ ਤੋਂ ਇਕ ਸ਼ਰੀਰ ਕਰ ਦਿੱਤਾ ਹੋਵੇ।
ਜਦੋਂ (ਉਸ ਨੂੰ ਮਿਲ ਸਕਣ ਦਾ) ਕੋਈ ਹੋਰ ਉਪਾ ਨਾ ਚਲਿਆ,
ਤਦ ਅਬਲਾ ਨੇ ਮਰਦ ਦਾ ਭੇਸ ਬਣਾਇਆ ॥੪॥
ਦੋਹਰਾ:
(ਉਹ) ਸ਼ਿਕਾਰੀ ਦਾ ਭੇਸ ਧਾਰ ਕੇ ਉਸ ਦੇ ਘਰ ਗਈ।
ਉਸ ਨੂੰ ਸਭ ਮਰਦ ਹੀ ਸਮਝਦੇ ਸਨ, ਕੋਈ ਵੀ ਇਸਤਰੀ ਨਹੀਂ ਸਮਝਦਾ ਸੀ ॥੫॥
ਚੌਪਈ:
ਉਹ ਕੁਮਾਰ ਨੂੰ ਰੋਜ਼ ਸ਼ਿਕਾਰ ਖਿਡਾਉਂਦੀ ਸੀ
ਅਤੇ (ਉਸ ਤੋਂ) ਤਰ੍ਹਾਂ ਤਰ੍ਹਾਂ ਦੇ ਮ੍ਰਿਗ (ਜੰਗਲੀ ਪਸ਼ੂ) ਮਰਵਾਉਂਦੀ ਸੀ।
ਸ਼ਰੀਰ ਉਤੇ ਮਰਦਾਵਾਂ ਭੇਸ ਪਾ ਕੇ
ਇਕੱਲੀ ਹੀ ਮਿਤਰ ਨਾਲ ਫਿਰਦੀ ਸੀ ॥੬॥
ਇਕ ਦਿਨ ਉਹ ਘਰ ਨੂੰ ਨਾ ਪਰਤੀ
ਅਤੇ ਪਿਤਾ ਨੂੰ ਅਖਵਾ ਭੇਜਿਆ ਕਿ (ਤੁਹਾਡੀ) ਪੁੱਤਰੀ ਮਰ ਗਈ ਹੈ।
ਆਪਣੀ ਥਾਂ ਤੇ ਇਕ ਬਕਰੀ ਨੂੰ ਸਾੜ ਦਿੱਤਾ
ਅਤੇ ਕਿਸੇ ਹੋਰ ਪੁਰਸ਼ ਨੂੰ ਭੇਦ ਨਾ ਸਮਝਿਆ ॥੭॥
ਸ਼ਾਹ ਨੇ ਸਮਝ ਲਿਆ ਕਿ ਪੁੱਤਰੀ ਮਰ ਗਈ ਹੈ।
(ਪਰ ਉਸ ਨੇ) ਇਹ ਨਾ ਸਮਝਿਆ (ਕਿ ਪੁੱਤਰੀ) ਸ਼ਿਕਾਰਨ ਹੋ ਗਈ ਹੈ।
(ਉਹ) ਰੋਜ਼ ਰਾਜੇ ਦੇ ਪੁੱਤਰ ਨੂੰ ਨਾਲ ਲੈ ਕੇ ਜਾਂਦੀ
ਅਤੇ ਬਨ, ਉਪਬਨ ਵਿਚ ਘੁੰਮ ਫਿਰ ਕੇ ਆ ਜਾਂਦੀ ॥੮॥
ਇਸ ਤਰ੍ਹਾਂ ਉਸ ਨੇ ਬਹੁਤ ਸਮਾਂ ਬਿਤਾ ਦਿੱਤਾ
ਅਤੇ ਰਾਜ ਕੁਮਾਰ ਨੂੰ ਬਹੁਤ ਪ੍ਰਸੰਨ ਕੀਤਾ।
ਉਹ ਉਸ ਨੂੰ ਇਸਤਰੀ ਵਜੋਂ ਨਹੀਂ ਪਛਾਣਦਾ ਸੀ।
ਉਸ ਨੂੰ ਚੰਗਾ ਸ਼ਿਕਾਰੀ ਹੀ ਮੰਨਦਾ ਸੀ ॥੯॥
ਇਕ ਦਿਨ ਦੋਵੇਂ ਸੰਘਣੇ ਬਨ ਵਿਚ ਚਲੇ ਗਏ।
(ਉਥੇ ਉਨ੍ਹਾਂ ਕੋਲ) ਕੋਈ ਹੋਰ ਸਾਥੀ ਨਾ ਪਹੁੰਚ ਸਕਿਆ।
ਦਿਨ ਗੁਜ਼ਰ ਗਿਆ ਅਤੇ ਰਾਤ ਹੋ ਗਈ।
ਇਕ ਬ੍ਰਿਛ ਹੇਠਾਂ (ਥਾਂ) ਬਣਾ ਕੇ ਠਹਿਰ ਗਏ ॥੧੦॥
ਉਥੇ ਇਕ ਵੱਡਾ ਸ਼ੇਰ ਆ ਗਿਆ।
ਉਸ ਨੇ ਭਿਆਨਕ ਦੰਦ ਕਢੇ ਹੋਏ ਸਨ।
ਉਸ ਨੂੰ ਵੇਖ ਕੇ ਰਾਜੇ ਦਾ ਪੁੱਤਰ ਡਰ ਗਿਆ।
ਸ਼ਾਹ ਦੀ ਪੁੱਤਰੀ ਨੇ ਉਸ ਨੂੰ ਧੀਰਜ ਬੰਨ੍ਹਾਇਆ ॥੧੧॥
ਤਦ ਉਸ ਨੂੰ ਵੇਖ ਕੇ (ਸ਼ਿਕਾਰਨ ਨੇ) ਬੰਦੂਕ ਨਾਲ ਮਾਰ ਦਿੱਤਾ
ਅਤੇ ਰਾਜ ਕੁਮਾਰ ਦੇ ਦੇਖਦੇ ਹੋਇਆਂ ਸ਼ੇਰ ਨੂੰ ਸੰਘਾਰ ਦਿੱਤਾ।
(ਤਦ) ਰਾਜ ਕੁਮਾਰ ਨੇ ਇਹ ਕਿਹਾ, (ਹੇ ਸ਼ਿਕਾਰੀ!)
ਜੋ ਤੇਰੇ ਜੀ ਆਏ, ਮੰਗ ਲਵੋ ॥੧੨॥
ਤਦ ਉਸ (ਸ਼ਿਕਾਰੀ ਬਣੀ ਲੜਕੀ) ਨੇ ਉਸ ਨੂੰ ਸਾਰੀ ਬਿਰਥਾ ਸੁਣਾਈ
ਕਿ ਹੇ ਰਾਜ ਕੁਮਾਰ! ਮੈਂ ਸ਼ਾਹ ਦੀ ਬੇਟੀ ਹਾਂ।
ਮੇਰਾ ਤੇਰੇ ਨਾਲ ਪ੍ਰੇਮ ਹੋ ਗਿਆ ਹੈ।
ਇਸ ਲਈ ਇਹ ਭੇਸ ਧਾਰਨ ਕੀਤਾ ਹੈ ॥੧੩॥